ਸੰਚਾਰ ਦੇ ਸਾਧਨ
- ਜਾਣ – ਪਛਾਣ – ਉਹ ਸਾਧਨ ਜਿਨ੍ਹਾਂ ਰਾਹੀਂ ਮਨੁੱਖ ਵਿਚਾਰਾਂ ਤੇ ਸੂਚਨਾਵਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਆਪਣੇ ਸਾਕ-ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਅਸਾਨੀ ਨਾਲ਼ ਬਹੁਤ ਥੋੜ੍ਹੇ ਸਮੇਂ ਵਿੱਚ ਭੇਜ ਸਕਦਾ ਹੈ, ਉਹਨਾਂ ਨੂੰ ਸੰਚਾਰ ਦੇ ਸਾਧਨ ਕਹਿੰਦੇ ਹਨ। ਡਾਕ-ਤਾਰ, ਰੇਡੀਓ, ਟੈਲੀਵਿਜ਼ਨ, ਫੈਕਸ ਮਸ਼ੀਨ, ਟੈਲੀਫ਼ੋਨ, ਮੋਬਾਈਲ ਫ਼ੋਨ, ਕੰਪਿਊਟਰ, ਇੰਟਰਨੈੱਟ ਅਤੇ ਅਖ਼ਬਾਰਾਂ ਆਦਿ ਮਹੱਤਵਪੂਰਨ ਸੰਚਾਰ ਦੇ ਸਾਧਨ ਹਨ। ਇਹਨਾਂ ਸਾਧਨਾਂ ਨੇ ਮਨੁੱਖ ਦੀ ਜਿੰਦਗੀ ਬਹੁਤ ਸੌਖੀ ਕਰ ਦਿੱਤੀ ਹੈ। ਇੱਕ ਸਮਾਂ ਅਜਿਹਾ ਸੀ, ਜਦੋਂ ਮਨੁੱਖ ਸੰਦੇਸ਼ ਭੇਜਣ ਲਈ ਮਨੁੱਖ ਨੂੰ ਹੀ ਦੂਤ ਬਣਾ ਕੇ ਪੈਦਲ ਜਾਂ ਊਠ-ਘੋੜਿਆਂ ਰਾਹੀਂ ਭੇਜਦਾ ਸੀ। ਪੁਰਾਣੇ ਸਮਿਆਂ ਵਿੱਚ ਮਨੁੱਖ ਕਬੂਤਰ ਵਰਗੇ ਪੰਛੀਆਂ ਰਾਹੀਂ ਵੀ ਸੰਦੇਸ਼ ਭੇਜਣ ਦਾ ਕੰਮ ਲੈਂਦਾ ਰਿਹਾ ਹੈ। ਅੱਜ ਸਾਡੇ ਕੋਲ ਬਹੁਤ ਵਿਕਸਿਤ ਸਾਧਨ ਹਨ।
- ਵਿਗਿਆਨ ਦੀ ਦੇਣ – ਅਜੋਕੇ ਸਮੇਂ ਵਿਗਿਆਨ ਨੇ ਮਨੁੱਖੀ ਸੱਭਿਅਤਾ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਵਿਗਿਆਨਿਕ ਖੋਜਾਂ ਦੁਆਰਾ ਮਨੁੱਖ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਹੈ। ਵਿਗਿਆਨ ਨੇ ਸੰਸਾਰ ਨੂੰ ਇੱਕ ਪਿੰਡ ਜਾਂ ਸ਼ਹਿਰ ਵਾਂਗ ਬਣਾ ਦਿੱਤਾ ਹੈ। ਸੰਚਾਰ ਦੇ ਖੇਤਰ ਵਿੱਚ ਵਿਗਿਆਨ ਨੇ ਹੈਰਾਨੀਜਨਕ ਤਬਦੀਲੀ ਲਿਆਂਦੀ ਹੈ। ਆਧੁਨਿਕ ਸੰਚਾਰ ਦੇ ਸਾਧਨਾਂ ਦੀ ਮਦਦ ਨਾਲ਼ ਮਨੁੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਆਪਣਾ ਸੁਨੇਹਾ ਪਹੁੰਚਾ ਸਕਦਾ ਹੈ।
- ਡਾਕ ਤੇ ਤਾਰ ਪ੍ਰਬੰਧ – ਡਾਕ ਤੇ ਤਾਰ ਪੁਰਾਣੇ ਸਮੇਂ ਤੋਂ ਵਰਤੇ ਜਾ ਰਹੇ ਸੰਚਾਰ ਦੇ ਸਾਧਨ ਹਨ। ਇਹਨਾਂ ਰਾਹੀਂ ਅਸੀਂ ਘਰ ਬੈਠੇ ਹੀ ਆਪਣਾ ਸੁਨੇਹਾ ਲਿਖਤੀ ਰੂਪ ਵਿੱਚ ਦੂਰ ਰਹਿੰਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਵਰਤਮਾਨ ਸਮੇਂ ਮੋਬਾਈਲ ਤੇ ਇੰਟਰਨੈੱਟ ਵਰਗੇ ਵਿਕਸਿਤ ਸੰਚਾਰ ਦੇ ਸਾਧਨਾਂ ਦੇ ਆਉਣ ਕਰਕੇ ਇਹਨਾਂ ਦੀ ਵਰਤੋਂ ਘਟੀ ਹੈ। ਸਾਡੇ ਦੇਸ ਵਿੱਚ ਤਾਰ ਪ੍ਰਬੰਧ ਨੂੰ ਤਾਂ ਬੰਦ ਕਰ ਦਿੱਤਾ ਗਿਆ ਹੈ, ਪਰ ਡਾਕ ਸੇਵਾ ਚਾਲੂ ਹੈ। ਭਾਰਤੀ ਡਾਕ ਸੇਵਾ ਦੀ ਸ਼ੁਰੂਆਤ 1854 ਈ. ਵਿੱਚ ਹੋਈ।
- ਟੈਲੀਫ਼ੋਨ – ਟੈਲੀਫ਼ੋਨ ਦੇ ਆਉਣ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵਾਂ ਬਦਲਾਵ ਆਇਆ। ਟੈਲੀਫ਼ੋਨ ਦੀ ਖੋਜ 1876 ਈ. ਵਿੱਚ ਗ੍ਰਾਹਮ ਬੈੱਲ ਨੇ ਕੀਤੀ । ਟੈਲੀਫ਼ੋਨ ਦੀ ਸਹਾਇਤਾ ਨਾਲ਼ ਮਨੁੱਖ ਦੂਰ ਬੈਠੇ ਲੋਕਾਂ ਨਾਲ਼ ਸਿੱਧੀ ਗੱਲਬਾਤ ਕਰ ਸਕਦਾ ਹੈ।
- ਫੈਕਸ ਮਸ਼ੀਨ – ਟੈਲੀਫ਼ੋਨ ਦੀ ਮਦਦ ਨਾਲ਼ ਮਨੁੱਖ ਦੂਰ ਬੈਠੇ ਲੋਕਾਂ ਨਾਲ਼ ਗੱਲਬਾਤ ਤਾਂ ਕਰ ਸਕਦਾ ਸੀ, ਪਰ ਕੋਈ ਲਿਖਤੀ ਦਸਤਾਵੇਜ਼ ਭੇਜਣ ਲਈ ਉਸਨੂੰ ਡਾਕ ਦਾ ਹੀ ਸਹਾਰਾ ਲੈਣਾ ਪੈਂਦਾ ਸੀ। ਜਿਸ ਨਾਲ਼ ਸਮਾਂ ਥੋੜ੍ਹਾ ਜ਼ਿਆਦਾ ਲੱਗਦਾ ਸੀ। ਫੈਕਸ ਮਸ਼ੀਨ ਨੇ ਆ ਕੇ ਇਸ ਸਮੱਸਿਆ ਦਾ ਵੀ ਹੱਲ ਕਰ ਦਿੱਤਾ। ਫੈਕਸ ਮਸ਼ੀਨ ਨੂੰ ਟੈਲੀਫੋਨ ਨਾਲ਼ ਜੋੜ ਕੇ ਕੋਈ ਵੀ ਲਿਖਤੀ ਦਸਤਾਵੇਜ਼ ਬਹੁਤ ਘੱਟ ਸਮੇਂ ਵਿੱਚ ਲੋੜੀਂਦੀ ਜਗ੍ਹਾ ਤੇ ਭੇਜਿਆ ਜਾ ਸਕਦਾ ਹੈ।
- ਮੋਬਾਈਲ ਫੋਨ – ਮੋਬਾਈਲ ਫ਼ੋਨ ਦੀ ਖੋਜ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਬਹੁਤ ਵੱਡੀ ਤਬਦੀਲੀ ਆਈ। ਮੋਬਾਈਲ ਫ਼ੋਨ ਦੀ ਖੋਜ ਮਾਰਟੀਨ ਕੂਪਰ ਦੁਆਰਾ ਕੀਤੀ ਗਈ। ਮੋਬਾਈਲ ਨਾਲ਼ ਪਹਿਲੀ ਕਾਲ 1973 ਈ: ਵਿੱਚ ਕੀਤੀ ਗਈ। ਮੋਬਾਈਲ ਦੇ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅਸੀਂ ਘਰ ਬੈਠੇ ਹੀ ਗੱਲਬਾਤ ਕਰ ਸਕਦੇ ਹਾਂ ਅਤੇ ਲਿਖਤੀ ਸੁਨੇਹਾ ਵੀ ਭੇਜ ਸਕਦੇ ਹਾਂ। ਮੋਬਾਈਲ ਨੇ ਆ ਕੇ ਟੈਲੀਫ਼ੋਨ ਦੀਆਂ ਤਾਰਾਂ ਦੇ ਜਾਲ਼ ਨੂੰ ਘਟਾ ਦਿੱਤਾ, ਜਿਸ ਕਾਰਨ ਟੈਲੀਫ਼ੋਨ ਦੀ ਮਹੱਤਤਾ ਵੀ ਘਟ ਗਈ।
- ਕੰਪਿਊਟਰ ਨੈੱਟਵਰਕ – ਇੰਟਰਨੈੱਟ ਦੇ ਆਉਣ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵੀਂ ਕ੍ਰਾਂਤੀ ਆ ਗਈ। ਇੰਟਰਨੈੱਟ ਦੀ ਖੋਜ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਹੋਈ। ਅੱਜ ਇੰਟਰਨੈੱਟ ਨੇ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਇੰਟਰਨੈੱਟ ਦੀ ਮਦਦ ਨਾਲ਼ ਵਿਗਿਆਨਿਕ ਖੋਜਾਂ ਵਿੱਚ ਵੀ ਕ੍ਰਾਂਤੀ ਆ ਗਈ। ਇੰਟਰਨੈੱਟ ਦੁਆਰਾ ਹਰ ਆਦਮੀ ਦੀ ਗਿਆਨ ਪ੍ਰਾਪਤੀ ਲਈ ਪਹੁੰਚ ਬਹੁਤ ਅਸਾਨ ਹੋ ਗਈ। ਕੁਝ ਵੀ ਸਿੱਖਣ ਲਈ ਅਸੀਂ ਆਪਣੇ ਹਰ ਸਵਾਲ਼ ਦਾ ਜਵਾਬ ਇੰਟਰਨੈੱਟ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਕੰਪਿਊਟਰ ਨੈੱਟਵਰਕ ਅੱਜ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਹਰਮਨ-ਪਿਆਰਾ, ਤੇਜ਼, ਤੇ ਸਹੂਲਤਾਂ ਨਾਲ਼ ਭਰਪੂਰ ਸੰਚਾਰ ਦਾ ਸਾਧਨ ਹੈ। ਇਸ ਰਾਹੀਂ ਅਸੀਂ ਈ-ਮੇਲ, ਵੈਬ-ਸਾਈਟ ਜਾਂ ਕਿਸੇ ਸੋਸ਼ਲ ਨੈੱਟਵਰਕ ਦੀ ਵਰਤੋਂ ਕਰਕੇ ਆਪਣਾ ਕਿਸੇ ਵੀ ਰੂਪ ਵਿੱਚ ਸੁਨੇਹਾ ਜਾਂ ਦਸਤਾਵੇਜ ਬੜੀ ਅਸਾਨੀ ਨਾਲ਼ ਦੁਨੀਂ ਦੇ ਕਿਸੇ ਵੀ ਕੋਨੇ ਵਿੱਚ ਭੇਜ ਸਕਦੇ ਹਾਂ।
- ਰੇਡੀਓ – ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਦੀ ਵੀ ਅਹਿਮ ਭੂਮਿਕਾ ਰਹੀ ਹੈ। ਰੇਡੀਓ ਦੀ ਖੋਜ ਜੀ ਮਾਰਕੋਨੀ ਦੁਆਰਾ ਕੀਤੀ ਗਈ। ਕੁਝ ਸਮਾਂ ਪਹਿਲਾਂ ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਕਾਫ਼ੀ ਮਹੱਤਵਪੂਰਨ ਰਿਹਾ ਹੈ, ਪਰ ਅਜੋਕੇ ਸਮੇਂ ਉਹ ਥਾਂ ਹੋਰ ਜ਼ਿਆਦਾ ਵਿਕਸਿਤ ਸੰਚਾਰ ਦੇ ਸਾਧਨਾਂ ਨੇ ਲੈ ਲਈ ਹੈ। ਰੇਡੀਓ ਹਰ ਪ੍ਰਕਾਰ ਦੀਆਂ ਖ਼ਬਰਾਂ ਤੇ ਸੂਚਨਾਵਾਂ ਦੇ ਨਾਲ਼-ਨਾਲ਼ ਮਨੋਰੰਜਨ ਦਾ ਵੀ ਸਾਧਨ ਹੈ।
- ਟੈਲੀਵਿਜ਼ਨ – ਟੈਲੀਵਿਜ਼ਨ ਅੱਜ ਦੇ ਸਮੇਂ ਮਹੱਤਵਪੂਰਨ ਸੰਚਾਰ ਦੇ ਸਾਧਨਾਂ ਵਿੱਚੋਂ ਇੱਕ ਹੈ। ਟੈਲੀਵਿਜ਼ਨ ਦੀ ਖੋਜ 1925 ਈ. ਵਿੱਚ ਜੀ. ਐੱਲ. ਬੇਯਾਰਡ ਦੁਆਰਾ ਕੀਤੀ ਗਈ। ਟੈਲੀਵਿਜ਼ਨ ਸੰਚਾਰ ਦਾ ਸਾਧਨ ਹੋਣ ਦੇ ਨਾਲ਼-ਨਾਲ਼ ਸਾਡੇ ਦਿਲ-ਪਰਚਾਵੇ ਦਾ ਵੀ ਸਾਧਨ ਹੈ। ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਸੈਸ਼ਨ 2020-21 ਦੌਰਾਨ ਸਕੂਲ ਭਾਵੇਂ ਲੰਮਾ ਸਮਾਂ ਬੰਦ ਰਹੇ, ਪਰ ਸਕੂਲ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਬੱਚੇ ਘਰ ਬੈਠਿਆਂ ਹੀ ਟੈਲੀਵਿਜ਼ਨ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਰਹੇ। ਇਸ ਪ੍ਰਕਾਰ ਟੈਲੀਵਿਜ਼ਨ ਸੂਚਨਾਵਾਂ ਤੇ ਮਨੋਰੰਜਨ ਦੇ ਨਾਲ਼-ਨਾਲ਼ ਸਿੱਖਿਆ ਦੇ ਖੇਤਰ ਲਈ ਵੀ ਮਹੱਤਵਪੂਰਨ ਸਾਧਨ ਹੈ। ਟੈਲੀਵਿਜ਼ਨ ਰਾਹੀਂ ਅਸੀਂ ਵੱਖ-ਵੱਖ ਖੇਤਰੀ ਭਿੰਨਤਾਵਾਂ ਅਤੇ ਸੱਭਿਆਚਾਰ ਤੋਂ ਵੀ ਜਾਣੂ ਹੁੰਦੇ ਹਾਂ।
- ਅਖ਼ਬਾਰਾਂ – ਅਜੋਕੇ ਸਮੇਂ ਅਖ਼ਬਾਰ ਵੀ ਕਾਫ਼ੀ ਮਹੱਤਵਪੂਰਨ ਸੰਚਾਰ ਦੇ ਸਾਧਨ ਹਨ। ਸਾਡੇ ਦੇਸ ਵਿੱਚ ਭਾਸ਼ਾ ਦੇ ਅਧਾਰ ਤੇ ਕਈ ਪ੍ਰਕਾਰ ਦੀਆਂ ਅਖ਼ਬਾਰਾਂ ਛਪਦੀਆਂ ਹਨ। ਭਾਰਤ ਵਿੱਚ ਪਹਿਲਾ ਅਖ਼ਬਾਰ 1780 ਈ. ਵਿੱਚ ‘ਬੰਗਾਲ ਗਜ਼ਟ’ ਦੇ ਨਾਂ ਨਾਲ਼ ਛਪਿਆ। ਅਖ਼ਬਾਰ ਸਾਨੂੰ ਹਰ-ਰੋਜ਼ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹਨ। ਪੰਜਾਬੀ ਭਾਸ਼ਾ ਵਿੱਚ ਕਈ ਅਖ਼ਬਾਰਾਂ ਛਪਦੀਆਂ ਹਨ।
- ਸਿੱਟਾ – ਉਪਰੋਕਤ ਜਾਣਕਾਰੀ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸੰਚਾਰ ਦੇ ਸਾਧਨਾਂ ਨੇ ਹੈਰਾਨੀਜਨਕ ਤਰੱਕੀ ਕੀਤੀ ਹੈ। ਇਨ੍ਹਾਂ ਦੇ ਕਰਕੇ ਅੱਜ ਦੇ ਮਨੁੱਖ ਦਾ ਜੀਵਨ ਸੁੱਖ-ਸਹੂਲਤਾਂ ਨਾਲ਼ ਭਰਪੂਰ ਹੋ ਗਿਆ ਹੈ। ਜਿੱਥੇ ਇਹਨਾਂ ਸੰਚਾਰ ਦੇ ਸਾਧਨਾਂ ਨੇ ਮਨੁੱਖ ਲਈ ਹਰ ਕੰਮ ਅਸਾਨ ਕੀਤਾ ਹੈ, ਉੱਥੇ ਕੁਝ ਸ਼ਰਾਰਤੀ ਅਤੇ ਅਪਰਾਧਕ ਬਿਰਤੀ ਵਾਲ਼ੇ ਵਿਅਕਤੀ ਅਣਜਾਣ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਇੰਟਰਨੈੱਟ ਦੀ ਵਰਤੋਂ ਨਾਲ਼ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਇਸ ਲਈ ਸਾਨੂੰ ਮੋਬਾਈਲ ਤੇ ਇੰਟਰਨੈੱਟ ਵਰਗੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਤੇ ਸੁਚੇਤ ਰਹਿਣਾ ਚਾਰੀਦਾ ਹੈ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037