ਪਾਠ 6 ਪਸ਼ੂ ਪਾਲਣ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਪੰਜਾਬ ਵਿੱਚ ਗਾਵਾਂ ਅਤੇ ਮੱਝਾਂ ਦੀ ਗਿਣਤੀ ਦੱਸੋ।
ਉੱਤਰ-ਪੰਜਾਬ ਵਿੱਚ ਕੁੱਲ 17 ਲੱਖ ਗਾਵਾਂ ਅਤੇ 50 ਲੱਖ ਮੱਝਾਂ ਹਨ।
ਪ੍ਰਸ਼ਨ 2. ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਕਿੰਨੇ ਦੁੱਧ ਦੀ ਲੋੜ ਹੁੰਦੀ ਹੈ ?
ਉੱਤਰ-250 ਗ੍ਰਾਮ
ਪ੍ਰਸ਼ਨ 3 . ਦੁੱਧ ਦੇਣ ਵਾਲੀ ਉੱਤਮ ਗਾਂ ਦੀ ਨਸਲ ਦਾ ਨਾਂ ਦੱਸੋ
ਉੱਤਰ—ਹੋਲਸਟੀਨ-ਫਰੀਜੀਅਨ ਨਸਲ ਜੋਕਿ ਵਿਦੇਸ਼ੀ ਨਸਲ ਹੈ।
ਪ੍ਰਸ਼ਨ 4 . ਲਾਲ ਸਿੰਧੀ ਗਾਂ ਇੱਕ ਸੂਏ ਵਿੱਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ–ਔਸਤਨ 1800 ਕਿਲੋ।
ਪ੍ਰਸ਼ਨ 5 . ਸੂਣ ਵਾਲੀ ਲਵੇਰੀ ਨੂੰ ਕਿੰਨੇ ਦਿਨ ਪਹਿਲਾਂ ਦੁੱਧ ਤੋਂ ਹਟਾ ਲੈਣਾ ਚਾਹੀਦਾ ਹੈ ?
ਉੱਤਰ–60 ਦਿਨ ਪਹਿਲਾਂ
ਪ੍ਰਸ਼ਨ 6 . 400 ਕਿਲੋ ਭਾਰੀ ਗਾਂ ਜਾਂ ਮੱਝ ਨੂੰ ਰੋਜ਼ਾਨਾ ਕਿੰਨੇ ਚਾਰੇ ਦੀ ਲੋੜ ਹੁੰਦੀ ਹੈ ?
ਉੱਤਰ-45 ਕਿਲੋ ਹਰਾ ਚਾਰਾ
ਪ੍ਰਸ਼ਨ 7. ਵਹਿੜ ਦਾ 300 ਕਿਲੋਗ੍ਰਾਮ ਭਾਰ ਕਿੰਨੇ ਚਿਰ ਵਿੱਚ ਹੋ ਜਾਂਦਾ ਹੈ ?
ਉੱਤਰ-18 ਮਹੀਨੇ ਦੀ ਉਮਰ ਵਿੱਚ।
ਪ੍ਰਸ਼ਨ 8 . ਮੁੱਰ੍ਹਾ ਨਸਲ ਦੀ ਮੱਝ ਦਾ ਇਕ ਸੂਏ ਦਾ ਦੁੱਧ ਕਿੰਨਾ ਹੁੰਦਾ ਹੈ ?
ਉੱਤਰ-ਔਸਤਨ 1700-1800
ਪ੍ਰਸ਼ਨ 9. ਡੇਅਰੀ ਫਾਰਮ ਦੀ ਸਿਖਲਾਈ ਲਈ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ—ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕਰੋ।
ਪ੍ਰਸ਼ਨ 10. ਪੰਜਾਬ ਵਿਚ ਮੱਝਾਂ ਦੀਆਂ ਕਿਹੜੀਆਂ ਕਿਹੜੀਆਂ ਨਸਲਾਂ ਹਨ?
ਉੱਤਰ-ਮੁੱਰਾ ਤੇ ਨੀਲੀ ਰਾਵੀ। (ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਸਾਹੀਵਾਲ ਗਾਂ ਦੀ ਨਸਲ ਦਾ ਵਿਸਥਾਰਪੂਰਵਕ ਵਰਨਣ ਕਰੋ।
ਉੱਤਰ—ਸਾਹੀਵਾਲ—ਇਹ ਦੁੱਧ ਦੇਣ ਵਾਲੀ ਸਭ ਤੋਂ ਵਧੀਆ ਭਾਰਤੀ ਨਸਲ ਹੈ। ਇਸ ਨਸਲ ਦਾ ਘਰ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਹੈ ਪਰ ਇਸ ਨਸਲ ਦੇ ਪਸ਼ੂ ਫਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਵੀ ਮਿਲ ਜਾਂਦੇ ਹਨ। ਇਸ ਦਾ ਸਰੀਰ ਦਰਮਿਆਨੇ ਤੋਂ ਭਾਰਾ, ਰੰਗ ਭੂਰਾ ਲਾਲ, ਢਿੱਲੀ ਚਮੜੀ, ਵੱਡੀ ਝਾਲਰ ਅਤੇ ਲੱਤਾਂ ਛੋਟੀਆਂ ਹੁੰਦੀਆਂ ਹਨ। ਇਸ ਦੇ ਸਿੰਗ ਛੋਟੇ ਅਤੇ ਲੇਵਾ ਵੱਡਾ ਹੁੰਦਾ ਹੈ। ਇਸ ਨਸਲ ਦੇ ਬਲਦ ਬਹੁਤ ਸੁਸਤ ਅਤੇ ਗੱਠੇ ਹੁੰਦੇ ਹਨ। ਇਹ ਗਾਂ ਸੂਏ ਵਿੱਚ ਔਸਤਨ 1800 ਕਿੱਲੋ ਦੁੱਧ ਦਿੰਦੀ ਹੈ, ਜਿਸ ਵਿੱਚ ਫੈਟ ਦੀ ਮਾਤਰਾ 5.5 ਪ੍ਰਤੀਸ਼ਤ ਹੁੰਦੀ ਹੈ।
ਪ੍ਰਸ਼ਨ 2. ਹੌਲਸਟੀਨ ਫਰੀਜੀਅਨ ਗਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਹੌਲਸਟੀਨ-ਫਰੀਜੀਅਨ (H.F)—ਇਹ ਨਸਲ ਹਾਲੈਂਡ ਦੀ ਹੈ, ਪਰ ਹੁਣ ਇਹ ਦੁਨੀਆਂ ਦੇ ਲਗਪਗ ਸਾਰੇ ਦੇਸ਼ਾਂ ਵਿੱਚ ਪਾਈ ਜਾਂਦੀ ਹੈ। ਇਹ ਨਸਲ ਗਾਵਾਂ ਦੀ ਸਭ ਤੋਂ ਭਾਰੀ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਹੈ। ਇਸ ਦੀ ਵੇਲ ਲੰਮੀ ਅਤੇ ਲੇਵਾ ਵੱਡਾ ਹੁੰਦਾ ਹੈ। ਇਸ ਦਾ ਰੰਗ ਕਾਲਾ ਚਿੱਟਾ ਜਾਂ ਲਾਲ ਹੁੰਦਾ ਹੈ। ਇਹ ਨਸਲ ਔਸਤਨ 5500-6500 ਕਿੱਲੋ ਦੁੱਧ ਦਿੰਦੀ ਹੈ ਅਤੇ ਇਸ ਦੇ ਦੁੱਧ ਵਿੱਚ ਫੈਟ 3.5- 4.0% ਹੁੰਦੀ ਹੈ।
ਪ੍ਰਸ਼ਨ 3 . ਵਧੀਆ ਗਾਂ ਦੀ ਚੋਣ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਇੱਕ ਵਧੀਆਂ ਗਾਂ ਸਧਾਰਨ ਦੋਗਲੀ ਵਹਿੜ ਵਿੱਚ ਪਹਿਲਾ ਸੂਆ 24- 30 ਮਹੀਨੇ ਦੀ ਉਮਰ ਵਿੱਚ ਦੇਵੇ ਅਤੇ ਪਹਿਲੀ ਵਾਰ ਸੂਣ ਸਮੇਂ ਉਸਦਾ ਭਾਰ 400 ਕਿਲੋ ਹੋਣਾ ਚਾਹੀਦਾ ਹੈ।
ਪ੍ਰਸ਼ਨ 4 . ਸੂਣ ਉਪਰੰਤ ਗਾਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ–ਸੂਣ ਉਪਰੰਤ ਗਾਂ ਨੂੰ 4 ਕਿਲੋਗ੍ਰਾਮ ਦਲੀਂ ਕਣਕ ਅਤੇ ਅੱਧਾ ਕਿਲੋਗ੍ਰਾਮ ਗੁੜ ਦਾ ਦਲੀਆ ਰਿੰਨ ਕੇ ਪਹਿਲੇ ਚਾਰ ਦਿਨ ਹਰ ਰੋਜ਼ ਦੋ ਵਾਰੀ ਦੇਣਾ ਚਾਹੀਦਾ ਹੈ।
ਪ੍ਰਸ਼ਨ 5. ਗਾਵਾਂ ਦੇ ਸ਼ੈੱਡ ਦਾ ਫਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ—ਫਰਸ਼ ਇੱਟਾਂ ਤੇ ਸੀਮਿੰਟ ਦਾ ਪੱਕਾ ਹੋਣਾ ਚਾਹੀਦਾ ਹੈ। ਪਰ ਤਿਲਕਣ ਵਾਲਾ ਨਹੀਂ ਹੋਣਾ ਚਾਹੀਦਾ। ਇਸ ਲਈ ਇਸ ਉੱਤੇ ਡੂੰਘੀਆਂ ਝਰੀਆਂ ਕੱਢਣੀਆਂ ਚਾਹੀਦੀਆਂ ਹਨ।
ਪ੍ਰਸ਼ਨ 6. ਵੰਡ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-ਵੰਡ ਇੱਕ ਮਿਸ਼ਰਣ ਹੈ ਜੋ ਅਨਾਜ, ਤੇਲ ਵਾਲੇ ਬੀਜਾਂ ਦੀ ਖਲ ਆਦਿ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਤਾਂ ਕਿ ਜਾਨਵਰ ਲੋੜੀਂਦੀ ਊਰਜਾ ਤੇ ਖ਼ੁਰਾਕੀ ਤਤਾਂ ਨੂੰ ਸੰਤੁਲਿਤ ਕਰ ਸਕੇ!
ਪ੍ਰਸ਼ਨ 7. ਪਸ਼ੂਆਂ ਦੇ ਗੋਹੇ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ—ਗੋਹਾ ਹਰ ਰੋਜ਼ ਕੱਢ ਕੇ ਸ਼ੈੱਡ ਤੋਂ ਦੂਰ ਟੋਏ ਵਿੱਚ ਸੁੱਟ ਕੇ ਮਿੱਟੀ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਗੋਹੇ ਦੇ ਤੱਤ ਨਸ਼ਟ ਨਾ ਹੋਣ।ਪੂਰੀ ਤਰ੍ਹਾਂ ਗਲੀ ਸੜੀ ਰੂੜੀ ਹੀ ਟੋਏ ਵਿਚੋਂ ਕੱਢ ਕੇ ਖੇਤਾਂ ਵਿੱਚ ਪਾਉ।
ਪ੍ਰਸ਼ਨ 8 . ਦੁੱਧ ਵਾਲੇ ਬਰਤਨਾਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਦੁੱਧ ਵਾਲੇ ਬਰਤਨਾਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਧੋ ਕੇ ਸਾਫ਼ ਕਰਕੇ ਸੁਕਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੁੱਧ ਫੱਟਦਾ ਨਹੀਂ ਅਤੇ ਬਰਤਨ ਵੀ ਜੰਗਾਲ ਤੋਂ ਬਚ ਜਾਂਦਾ ਹੈ।
ਪ੍ਰਸ਼ਨ 9. ਕੱਟੜੂ ਵੱਛੜੂ ਦੀ ਸੰਭਾਲ ਬਾਰੇ ਲਿਖੋ।
ਉੱਤਰ–ਮੱਝਾਂ ਵਿੱਚ ਕੱਟੜੂਆਂ ਦੀ ਮੌਤ ਦਰ ਵਧੇਰੇ ਹੈ। ਕੱਟੜੂਆਂ ਦੀ ਮੌਤ ਦਰ ਘਟਾਉਣ ਲਈ ਉਹਨਾਂ ਦੀ ਜਨਮ ਤੋਂ ਪਹਿਲਾਂ ਅਤੇ ਮਗਰੋਂ ਚੰਗੇਰੀ ਸੰਭਾਲ ਕਰੋ। ਗਰਭ ਦੇ ਆਖ਼ਰੀ 3 ਮਹੀਨੇ ਲਵੇਰੀ ਦੀ ਸੁਚੱਜੀ ਸੰਭਾਲ ਬਹੁਤ ਹੀ ਜ਼ਰੂਰੀ ਹੈ। ਨਵੇਂ ਜੰਮੇ ਕੱਟੜੂਆਂ ਦੀ ਖ਼ੁਰਾਕ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਕੱਟੜੂਆ ਨੂੰ ਛੋਟੇ ਗਰੁੱਪਾਂ ਵਿੱਚ ਵਧੀਆ ਸੁੱਕ ਵਿਛਾਏ ਕਮਰਿਆਂ ਵਿੱਚ ਰੱਖਣਾ ਚਾਹੀਦਾ ਹੈ। ਜਨਮ ਤੋਂ ਲੈ ਕੇ ਨੇਮਬੱਧ ਤਰੀਕੇ ਨਾਲ ਮਲੱਪ ਰਹਿਤ ਕਰਨ ਵਾਲੀ ਦਵਾਈ ਦਿਉ ਅਤੇ ਬੀਮਾਰੀਆਂ ਤੋਂ ਬਚਾਅ ਲਈ ਸਮੇਂ ਸਿਰ ਟੀਕੇ ਲਗਵਾਉ।
ਪ੍ਰਸ਼ਨ 10. ਚੁਆਈ ਵੇਲੇ ਕਿਹੜੇ ਨੁਕਤੇ ਅਪਣਾਉਣੇ ਚਾਹੀਦੇ ਹਨ ?
ਉੱਤਰ-ਦੁੱਧ ਦੀ ਚੁਆਈ ਸ਼ਾਂਤ ਅਤੇ ਸਾਫ਼ ਸੁਥਰੀ ਥਾਂ ਤੇ ਸਾਫ਼ ਬਰਤਨਾਂ ਵਿੱਚ ਕਰਨੀ ਚਾਹੀਦੀ ਹੈ। ਜੇ ਹੋ ਸਕੇ ਤਾਂ ਵੱਖਰੇ ਕਮਰੇ ਵਿੱਚ ਚੁਆਈ ਕਰੋ। ਦੁੱਧ ਚੋਣ ਤੋਂ ਪਹਿਲਾਂ ਦੀ ਤਿਆਰੀ ਜਿਵੇਂ ਜਾਨਵਰਾਂ ਨੂੰ ਨਹਾਉਣਾ, ਵੰਡ ਪਾਉਣਾ ਆਦਿ ਨੇਮਬੱਧ ਸਮੇਂ ਤੇ ਕਰੋ। ਲੋਵੇ ਅਤੇ ਥਣਾਂ ਨੂੰ ਡੀਟੋਲ ਜਾਂ ਲਾਲ ਦਵਾਈ ਦੇ ਘੋਲ ਵਿੱਚ ਭਿੱਜੇ ਕੱਪੜੇ ਨਾਲ ਪੂੰਝ ਦਿਉ। ਦੁੱਧ ਦੀ ਚੁਆਈ 6-8 ਮਿੰਟਾਂ ਵਿੱਚ ਪੂਰੀ ਮੁੱਠੀ ਨਾਲ ਕਰੋ। ਅੰਗੂਠਾ ਭੰਨ ਕੇ ਚੁਆਈ ਨਾ ਕਰੋ। ਦੁੱਧ ਚੋਣ ਵਾਲੀ ਬਾਲਟੀ ਸਾਫ਼ ਹੋਣੀ ਚਾਹੀਦੀ ਹੈ। ਜੇ ਚੁਆਈ ਦੁੱਧ ਚੋਣ ਵਾਲੀ ਮਸ਼ੀਨ ਨਾਲ ਕਰਨੀ ਹੋਵੇ ਤਾਂ ਥਣਾਂ ਨੂੰ ਬੀਟਾਡੇਨ ਲਾ ਕੇ 50% ਗਲਿਸਰੀਨ ਦੇ ਘੋਲ ਵਿੱਚ ਡੁਬੋ ਦਿਓ।ਦੁੱਧ ਨੂੰ 5 ਡਿਗਰੀ ਸੈਂਟੀਗਰੇਡ ਤੋਂ ਘੱਟ ਤਾਪਮਾਨ ਤੇ ਰੱਖੋ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਦੁਧਾਰੂ ਪਸ਼ੂਆਂ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਆਸ ਵਾਲੀ ਲਵੇਰੀ ਨੂੰ ਲੂਣ ਦੀ ਅੰਦਾਜ਼ਨ ਤਰੀਕ ਤੋਂ 60 ਦਿਨ ਪਹਿਲਾਂ ਦੁੱਧ ਤੋਂ ਹਟਾ ਦਿਉ।ਅਜਿਹਾ ਕਰਨ ਲਈ ਉਸ ਦਾ ਵੰਡ 5-7 ਦਿਨ ਲਈ ਬੰਦ ਕਰ ਦਿਉ ਅਤੇ ਹਰਾ ਚਾਰਾ ਵੀ ਘਟਾ ਦਿਉ। ਥਣਾਂ ਦੀ ਸੋਜ/ ਛਿਛੜਾ ਰੋਗ ਤੋਂ ਬਚਾਅ ਲਈ ਥਣਾਂ ਨੂੰ ਕਿਰਮਨਾਸ਼ਕ ਦਵਾਈ ਲਗਾ ਦਿਉ। ਸੂਣ ਤੋਂ ਦੋ ਹਫ਼ਤੇ ਪਹਿਲਾਂ ਗਾਂ ਨੂੰ ਬਾਕੀ ਵੱਗ ਤੋਂ ਵੱਖ ਕਰ ਲਉ ਅਤੇ ਉਸ ਨੂੰ ਸਾਫ਼ ਕਮਰੇ ਵਿੱਚ ਰੱਖੋ। ਕਮਰੇ ਵਿੱਚ ਅਰਾਮ ਲਈ ਸੁੱਕ ਪਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਲਵੇਰੀ ਦੀ ਢੋ-ਢੁਆਈ ਨਾ ਕਰੋ। ਭੀੜ ਭੜੱਕੇ ਤੋਂ ਗੁਰੇਜ਼ ਕਰੋ ਤਾਂਕਿ ਪਸ਼ੂ ਫਿਸਲਣ ਨਾ । ਇਸ ਸਮੇਂ ਲੇਵਾ ਕਾਫੀ ਵੱਡਾ ਹੁੰਦਾ ਹੈ। ਇਸ ਲਈ ਧਿਆਨ ਰੱਖੋ ਕਿ ਲੇਵੇ ਤੇ ਕੋਈ ਸੱਟ ਜਾਂ ਜ਼ਖ਼ਮ ਨਾ ਲੱਗੇ।
ਪ੍ਰਸ਼ਨ 2. ਦੁਧਾਰੂ ਪਸ਼ੂਆਂ ਨੂੰ ਖ਼ੁਰਾਕ ਖੁਆਉਣ ਲਈ ਕਿਹੜੀਆਂ ਧਿਆਨ ਰੱਖਣ ਯੋਗ ਗੱਲਾਂ ਹਨ ?
ਉੱਤਰ—ਪਸ਼ੂਆਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਨੂੰ ਮੋਟੇ ਤੌਰ ਤੇ ਚਾਰ ਭਾਗਾਂ ਵਿੱ ਵੰਡ ਸਕਦੇ ਹਾਂ, ਜਿਵੇਂ ਕਿ ਊਰਜਾ ਦੇਣ ਵਾਲੇ ਪਦਾਰਥ, ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ। ਵਧੀਆ ਖ਼ੁਰਾਕ ਜਾਨਵਰ ਦੀ ਮੁਢਲੀ ਲੋੜ ਹੈ ਅਤੇ ਸਰੀਰ ਦੇ ਕੰਮ-ਕਾਜ ਅਤੇ ਪੈਦਾਵਾਰ ਵਾਸਤੇ ਲੋੜੀਂਦੀ ਹੈ। ਸਾਰੇ ਜਾਨਵਰ ਇਸ ਊਰਜਾ ਦੀ ਲੋੜ ਨੂੰ ਖ਼ੁਰਾਕੀ ਤੱਤ ਜਿਵੇਂ ਕਿ ਨਿਸ਼ਾਸ਼ਤਾ, ਪ੍ਰੋਟੀਨ ਅਤੇ ਚਿਕਨਾਈ ਤੋਂ ਪ੍ਰਾਪਤ ਕਰਦੇ ਹਨ। ਡੇਅਰੀ ਜਾਨਵਰਾਂ ਦੀ 80% ਊਰਜਾ ਦੀ ਲੋੜ ਨਿਸ਼ਾਸਤਾ ਪੂਰੀ ਕਰਦਾ ਹੈ।ਪੌਦਿਆਂ ਵਿਚਲੀ ਸੈਲੂਲੋਜ਼ ਅਤੇ ਸਟਾਰਚ ਨਿਸ਼ਾਸ਼ਤੇ ਦੇ ਮੁੱਖ ਸੋਮੇ ਹਨ ਅਤੇ ਡੇਅਰੀ ਜਾਨਵਰਾਂ ਨੂੰ ਇਹ ਚਾਰੇ ਅਤੇ ਦਾਣੇ ਦੇ ਰੂਪ ਵਿੱਚ ਮੁਹੱਈਆ ਕੀਤੇ ਜਾਂਦੇ ਹਨ।ਚਾਰ ਸੌ ਕਿਲੋ ਭਾਰ ਦੀ ਗਾਂ ਜਾਂ ਮੱਝ ਦੇ ਸਰੀਰ ਸੰਚਾਲਨ ਦੀ ਲੋੜ ਨੂੰ ਤਕਰੀਬਨ 35 ਕਿਲੋ ਹਰਾ ਚਾਰਾ (ਬਰਸੀਮ, ਲੂਸਣ, ਮੱਕੀ, ਜਵਾਰ ਜਾਂ ਬਾਜਰਾ) ਪੂਰਾ ਕਰਦਾ ਹੈ। ਇਸ ਵਿੱਚ 2-3 ਕਿਲੋਗਰਾਮ ਤੱਕ ਤੂੜੀ ਮਿਲਾਉਣਾ ਠੀਕ ਹੋਵੇਗਾ, ਕਿਉਂਕਿ ਹਰੇ ਬਰਸੀਮ ਜਾਂ ਲੂਸਣ ਵਿੱਚ ਨਮੀ ਅਤੇ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਅਤੇ ਸੁੱਕਾ ਮਾਦਾ ਘੱਟ ਹੁੰਦਾ ਹੈ। ਦੁੱਧ ਦੀ ਪੈਦਾਵਾਰ ਲਈ ਜਾਂ ਵਾਧੇ ਪਏ ਵੱਛੇ ਤੇ ਵੱਛੀਆਂ ਦੀ ਲੋੜ ਹਰੇ ਚਾਰੇ ਅਤੇ ਸੰਤੁਲਿਤ ਖ਼ੁਰਾਕੀ ਮਿਸ਼ਰਣ ਨਾਲ ਪੂਰੀ ਕੀਤੀ ਜਾਂਦੀ ਹੈ।
ਪ੍ਰਸ਼ਨ 3. ਚੁਆਈ ਤੋਂ ਬਾਅਦ ਦੁੱਧ ਦੀ ਸੰਭਾਲ ਤੇ ਨੋਟ ਲਿਖੋ।
ਉੱਤਰ—ਦੁੱਧ ਦੀ ਸੰਭਾਲ ਲਈ ਹੇਠ ਲਿਖਿਆਂ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ—
1.ਚੋਏ ਦੁੱਧ ਦੀ ਸੰਭਾਲ– ਦੁੱਧ ਚੋਣ ਵਾਲੇ ਸ਼ੈੱਡ ਦੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪਸ਼ੂਆਂ ਨੂੰ ਦੁੱਧ ਚੋਣ ਤੋਂ ਤੁਰੰਤ ਬਾਅਦ ਸੈੱਡ ਵਿੱਚੋਂ ਬਾਹਰ ਕੱਢ ਦਿਉ। ਦੁੱਧ ਪੁਣਨ ਨਾਲ ਉਸ ਵਿਚੋਂ ਤੂੜੀ ਜਾਂ ਚਾਰੇ ਦੇ ਤਿਣਕੇ, ਵਾਲ, ਧੂੜਾ, ਪਤੰਗੇ ਆਦਿ ਕੱਢੇ ਜਾ ਸਕਦੇ ਹਨ। ਦੁੱਧ ਲੋਹੇ ਜਾਂ ਪਲਾਸਟਿਕ ਦੀ ਪੌਣੀ ਜਾਂ ਮਲਮਲ ਦੇ ਕੱਪੜੇ ਨਾਲ ਪੁਣਿਆ ਜਾ ਸਕਦਾ ਹੈ।ਹਰ ਵਾਰੀ ਪੁਣਨ ਤੋਂ ਬਾਅਦ ਪੋਣੀ ਨੂੰ ਚੰਗੀ ਤਰ੍ਹਾਂ ਧੋ ਦਿਉ ਅਤੇ ਕਿਰਮ ਰਹਿਤ ਕਰੋ। ਇਸ ਨਾਲ ਦੁੱਧ ਵਿੱਚ ਬੈਕਟੀਰੀਆ ਘੱਟ ਹੋਣਗੇ ਅਤੇ ਦੁੱਧ ਦੇਰ ਤੱਕ ਸੰਭਾਲਿਆ ਜਾ ਸਕਦਾ ਹੈ।
2. ਦੁੱਧ ਠੰਡਾ ਕਰਨਾ—ਦੁੱਧ ਠੀਕ ਢੰਗ ਨਾਲ ਠੰਡਾ ਨਾ ਕਰਨ ਦੀ ਹਾਲਤ ਵਿੱਚ 60 ਇਹ ਫਟ ਜਾਂਦਾ ਹੈ। ਇਸ ਨੂੰ 5 ਡਿਗਰੀ ਸੈਂਟੀਗਰੇਡ ਤੱਕ ਠੰਡਾ ਰੱਖਣ ਨਾਲ ਬੈਕਟੀਰੀਆ ਦੀ ਮਾਤਰਾ ਘੱਟ ਰਹਿੰਦੀ ਹੈ। ਦੁੱਧ ਨੂੰ ਗਰਮੀਆਂ ਦੇ ਸਮੇਂ 2-3 ਘੰਟੇ ਵਿੱਚ ਦੁੱਧ ਇਕੱਠਾ ਕਰਨ ਦੇ ਕੇਂਦਰ ਜਾਂ ਵੇਚਣ ਦੀ ਥਾਂ ਤੇ ਡਰੰਮ ਵਿੱਚ ਪਾ ਕੇ ਪਹੁੰਚਦਾ ਕਰੋ।
3. ਦੁੱਧ ਵਾਲੇ ਭਾਂਡੇ--ਇਹ ਬਰਤਨ ਕਈ ਤਰ੍ਹਾਂ ਦੀਆਂ ਧਾਤਾਂ ਤੋਂ ਬਣਾਏ ਜਾਂਦੇ ਹਨ, ਪਰ ਲੋਹੇ ਜਾਂ ਤਾਂਬੇ ਆਦਿ ਦੀਆਂ ਧਾਤਾਂ ਨਹੀਂ ਵਰਤਣੀਆਂ ਚਾਹੀਦੀਆਂ ਕਿਉਂਕਿ ਇਹ ਕੁਝ ਮਾਤਰਾ ਵਿੱਚ ਦੁੱਧ ਵਿੱਚ ਘੁਲ ਜਾਂਦੀਆਂ ਹਨ ਅਤੇ ਅਣਚਾਹੀ ਰਸਾਇਣਿਕ ਕਿਰਿਆ ਨਾਲ ਦੁੱਧ ਵਿੱਚ ਮਿਲ ਕੇ ਘਟੀਆ ਸਵਾਦ ਅਤੇ ਬੂਅ ਪੈਦਾ ਕਰਦੀਆਂ ਹਨ। ਚੰਗੀ ਤਰ੍ਹਾਂ ਕਲੀ ਕੀਤੇ ਤਾਂਬੇ, ਗੈਲਵੇਨਾਈਜ਼ਡ ਲੋਹੇ ਅਤੇ ਕਰੋਮ ਨਿੱਕਲ ਦੇ ਬਰਤਨ ਬਹੁਤ ਤਸੱਲੀਬਖਸ਼ ਹੁੰਦੇ ਹਨ, ਪਰ ਇਹ ਬਹੁਤ ਮਹਿੰਗੇ ਪੈਂਦੇ ਹਨ। ਐਲੂਮੀਨੀਅਮ ਦੇ ਬਰਤਨ ਵਧੀਆ, ਸਸਤੇ ਅਤੇ ਜ਼ਿਆਦਾ ਦੇਰ ਚੱਲਣ ਵਾਲੇ ਹੁੰਦੇ ਹਨ। ਇਹ ਦੁੱਧ ਤੇ ਮਾੜਾ ਅਸਰ ਨਹੀਂ ਪਾਉਂਦੇ। ਇਹਨਾਂ ਨੂੰ ਅਸਾਨੀ ਨਾਲ ਸਾਫ਼ ਅਤੇ ਕਿਰਮ ਰਹਿਤ ਕੀਤਾ ਜਾ ਸਕਦਾ ਹੈ ਜਿਹੜਾ ਕਿ ਇੱਕ ਮਹੱਤਵਪੂਰਨ ਪਹਿਲੂ ਹੈ।
ਪ੍ਰਸ਼ਨ 4 . ਸਿੰਗ ਦਾਗਣ ਤੇ ਨੋਟ ਲਿਖੋ।
ਉੱਤਰ—ਸਿੰਗ ਦਾਗਣ-ਕੱਟੀਆਂ ਦੇ 7-10 ਦਿਨ ਦੀ ਉਮਰ ਵਿੱਚ ਅਤੇ ਵੱਛੀਆਂ ਦੇ 15-20 ਦਿਨ ਦੀ ਉਮਰ ਵਿੱਚ ਲਾਲ ਸੂਹੇ ਗਰਮ ਲੋਹੇ ਦੀ ਦਾਗਣੀ ਨਾਲ ਸਿੰਗ ਦਾਗੋ 1 ਜ਼ਖ਼ਮਾਂ ਤੇ ਕਿਰਮਨਾਸ਼ਕ ਮਲ੍ਹਮ ਲਗਾਉਂਦੇ ਰਹੋ। ਸਿੰਗ ਰਹਿਤ ਪਸ਼ੂ ਸੁਨੱਖੇ ਲੱਗਦੇ ਹਨ ਅਤੇ ਭਿੜਦੇ ਨਹੀਂ। ਇਨ੍ਹਾਂ ਨੂੰ ਥੋੜ੍ਹੀ ਜਗ੍ਹਾ ਦੀ ਲੋੜ ਪੈਂਦੀ ਹੈ ਅਤੇ ਵਾੜਿਆਂ ਵਿੱਚ ਖੁੱਲ੍ਹੇ ਰੱਖੇ ਜਾ ਸਕਦੇ ਹਨ।
ਪ੍ਰਸ਼ਨ 5. ਲਵੇਰੇ ਦੀ ਖ਼ਰੀਦ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਲਵੇਰੇ ਦੀ ਖਰੀਦ–ਪੰਜਾਬ ਵਿੱਚ ਮੁੱਖ ਤੌਰ ਤੇ ਦੁੱਧ ਲਈ ਗਾਵਾਂ ਅਤੇ ਮੱਝਾਂ ਨੂੰ ਹੀ ਪਾਲਿਆ ਜਾਂਦਾ ਹੈ। ਲਵੇਰਾ ਖ਼ਰੀਦਣ ਸਮੇਂ ਲਗਾਤਾਰ ਤਿੰਨ ਡੰਗ ਚੋਅ ਕੇ ਖਰੀਦੋ। ਇਸ ਲਈ ਕਿਹਾ ਜਾਂਦਾ ਹੈ ਕਿ ‘ਲਵੇਰੀ ਲਉ ਚੋਅ ਕੇ ਹਾਲੀ ਲਉ ਜੋਅ ਕੇ ਲਵੇਰਾ ਪਤਲੀ ਚਮੜੀ ਦਾ ਹੋਵੇ ਅਤੇ ਅੱਗੋਂ, ਪਿੱਛੋਂ ਤੇ ਉੱਪਰੋਂ ਵੇਖਣ ਨੂੰ ਤਿਕੋਣਾ ਲੱਗੇ। ਲੇਵੇ ਵਿੱਚ ਕੋਈ ਗਿਲਟੀ ਵਗੈਰਾ ਨਾ ਹੋਵੇ ਅਤੇ ਢੁਆਈ ਬਾਅਦ ਲੇਵਾ ਪੂਰਾ ਖਾਲੀ ਹੋ ਜਾਵੇ। ਲਵੇਰਾ ਹਮੇਸ਼ਾ ਦੂਜੇ-ਤੀਜੇ ਸੂਏ ਖਰੀਦੋ ਅਤੇ ਜੇ ਲਵੇਰੇ ਦੀ ਵੱਛੀ/ਕੱਟੀ ਹੋਵੇ ਤਾਂ ਹੋਰ ਵੀ ਚੰਗਾ ਹੈ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।