3. ਮੁਰਕੀਆਂ
ਕਹਾਣੀਕਾਰ – ਨੌਰੰਗ ਸਿੰਘ
••• ਸਾਰ •••
ਕਰੀਮੂ ਤੇ ਰਹੀਮੂ ਦੋਵੇਂ ਭਰਾਵਾਂ ਦੀ ਉਮਰ ਸੋਲ਼ਾਂ ਤੇ ਚੌਦਾਂ ਸਾਲ ਦੀ ਹੀ ਸੀ, ਜਦੋਂ ਉਹਨਾਂ ਦਾ ਐਬੀ ਪਿਤਾ ਜੂਏ ਵਿੱਚ ਘਰ ਦੇ ਸਾਰੇ ਪਸ਼ੂ–ਡੰਗਰ ਅਤੇ ਜ਼ਮੀਨ ਹਾਰ ਕੇ ਮਰ ਚੁੱਕਾ ਸੀ। ਉਨ੍ਹਾਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੀਹਣ–ਦਲਣ ਕਰ ਕੇ ਖਾਣ ਜੋਗੇ ਦਾਣੇ ਇਕੱਠੇ ਕਰ ਲਿਆਉਂਦੀ। ਇਸ ਨਾਲ਼ ਹੀ ਘਰ ਦਾ ਗੁਜ਼ਾਰਾ ਚੱਲਦਾ। ਕਰੀਮੂ ਤੇ ਰਹੀਮੂ ਘਰ ਦੇ ਕੰਮਾਂ ਤੋਂ ਬੇਪਰਵਾਹ ਹਨ। ਉਹ ਸਾਰਾ ਦਿਨ ਅਖਰੋਟ ਜਾਂ ਕੌਡੀਆਂ ਖੇਡਦੇ ਰਹਿੰਦੇ, ਨੰਗੇ ਪੈਰੀਂ ਪਿੰਡ ਦੀਆਂ ਗਲ਼ੀਆਂ ਵਿਚ ਘੁੰਮਦੇ ਰਹਿੰਦੇ, ਹੱਟੀਆਂ ਉੱਤੇ ਜਾ ਬੈਠਦੇ ਜਾਂ ਗੁਲੇਲਾਂ ਚੁੱਕ ਕੇ ਬਾਹਰ ਸ਼ਿਕਾਰ ਖੇਡਣ ਚਲੇ ਜਾਂਦੇ। ਪਿੰਡ ਦੇ ਲੋਕ ਉਨ੍ਹਾਂ ਨੂੰ ਗੰਵਾਰ ਤੇ ਚੋਰ ਸਮਝਦੇ ਹਨ। ਉਹ ਬੀਤ ਚੁੱਕੇ ਸਮੇਂ ਨੂੰ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਦਾ ਪਿਓ ਜਿਊਂਦਾ ਸੀ, ਉਨ੍ਹਾਂ ਕੋਲ਼ ਵਹਿੜਕੀ, ਦੋ ਝੋਟੀਆਂ ਅਤੇ ਜ਼ਮੀਨ ਸੀ ਅਤੇ ਉਹ ਕੰਮ ਵੀ ਕਰਦੇ ਸਨ। ਪਰ ਉਨ੍ਹਾਂ ਨੂੰ ਇਸ ਸਭ ਕੁੱਝ ਦੇ ਖੁੱਸਣ ਦਾ ਕੋਈ ਦੁੱਖ ਨਹੀਂ, ਸਗੋਂ ਉਹ ਇਸ ਨੂੰ ਟੰਟਾ ਮੁੱਕਾ ਹੀ ਸਮਝਦੇ ਹਨ। ਉਨ੍ਹਾਂ ਦੀ ਮਾਂ ਨੂੰ ਬਿਮਾਰ ਪਿਆਂ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਉਹ ਬਿਮਾਰੀ ਦੀ ਤਕਲੀਫ਼ ਕਾਰਨ ‘ਹਾਏ ਹਾਏ‘ ਕਰਦੀ ਰਹਿੰਦੀ, ਪਰ ਪੈਸਿਆਂ ਦੀ ਤੰਗੀ ਕਾਰਨ ਉਹ ਕਿਸੇ ਹਕੀਮ–ਡਾਕਟਰ ਨੂੰ ਨਹੀਂ ਬੁਲਾ ਸਕਦੀ। ਕਰੀਮੂ ਤੇ ਰਹੀਮੂ ਕੋਲ਼ ਮਾਂ ਲਈ ਸਰਕਾਰੀ ਹਸਪਤਾਲ ਤੋਂ ਮੁਫ਼ਤ ਦਵਾਈਆਂ ਲਿਆ ਕੇ ਦੇਣ ਦਾ ਵੀ ਵਕਤ ਨਹੀਂ। ਉਹਨਾਂ ਕੋਲ਼ ਤਾਂ ਮਾਂ ਨੂੰ ਪਾਣੀ ਦੀ ਘੁੱਟ ਦੇਣ ਦੀ ਵਿਹਲ ਵੀ ਨਹੀਂ ਹੈ। ਮਾਂ ਦੇ ਕਾਫ਼ੀ ਸਮੇਂ ਤੋਂ ਬਿਮਾਰ ਪੈਣ ਕਰਕੇ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ। ਇਕ ਰਾਤ ਮਾਂ ਨੇ ਕਰੀਮੂ ਤੇ ਰਹੀਮੂ ਨੂੰ ਕੋਲ਼ ਬੁਲਾ ਕੇ ਉਹਨਾਂ ਦੇ ਪਿਓ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਉਹ ਨੇ ਉਸ ਨੂੰ ਇਹ ਮੁਰਕੀਆਂ ਵਿਆਹ ਵੇਲੇ ਬਣਵਾ ਕੇ ਦਿੱਤੀਆਂ ਸਨ, ਜੋ ਕਿ ਉਸ ਦੇ ਕੰਨਾਂ ਵਿੱਚ ਪਾਈਆਂ ਹੋਈਆਂ ਹਨ। ਉਹਨਾਂ ਦੇ ਅੱਬਾ ਨੇ ਸਭ ਕੁਝ ਵਿਕਣ ਤੋਂ ਬਾਅਦ ਔਖੇ ਸਮੇਂ ਵਿੱਚ ਵੀ ਇਹ ਮੁਰਕੀਆਂ ਨਹੀਂ ਵੇਚੀਆਂ, ਕਿਉਂਕਿ ਉਹ ਇਹਨਾਂ ਨੂੰ ਹਮੇਸ਼ਾ ਉਸ ਦੇ ਕੰਨਾਂ ਵਿੱਚ ਪਾਈਆਂ ਵੇਖਣੀਆਂ ਚਾਹੁੰਦਾ ਸੀ। ਇਸ ਕਰਕੇ ਉਹ ਆਪਣੇ ਪੁੱਤਰਾਂ ਨੂੰ ਕਹਿੰਦੀ ਹੈ ਕਿ ਉਹ ਵੀ ਉਸ ਦੇ ਮਰਨ ਮਗਰੋਂ ਮੁਰਕੀਆਂ ਉਸਦੇ ਨਾਲ਼ ਹੀ ਦਬਾ ਦੇਣ। ਜਦੋਂ ਕੁਝ ਦਿਨ ਬਾਅਦ ਕਰੀਮੂ ਤੇ ਰਹੀਮ ਦੀ ਮਾਂ ਮਰ ਗਈ, ਤਾਂ ਦੋਵੇਂ ਭਰਾ ਆਪਣੀ ਮਾਂ ਨੂੰ ਮੁਰਕੀਆਂ ਸਮੇਤ ਕਬਰ ਵਿੱਚ ਦਬਾ ਦਿੰਦੇ ਹਨ। ਉਹ ਦੋਵੇਂ ਭਰਾ ਘਰ ਵਿੱਚ ਭੁੱਖ ਨਾਲ਼ ਬੇਹਾਲ ਹੋਏ ਬੈਠੇ ਹਨ। ਪਿੰਡ ਵਿਚੋਂ ਕੋਈ ਵੀ ਦੁੱਖ ਵੰਡਾਉਣ ਉਹਨਾਂ ਕੋਲ਼ ਨਾ ਆਇਆ। ਰਾਤ ਨੂੰ ਜਦੋਂ ਰਹੀਮੂ ਨੇ ਕਰੀਮੂ ਨੂੰ ਭੁੱਖ ਲੱਗੀ ਹੋਣ ਬਾਰੇ ਦੱਸਦਿਆਂ ਅਖਰੋਟ ਭੰਨ ਕੇ ਖਾਣ ਲਈ ਪੁੱਛਿਆ, ਤਾਂ ਉਸ ਨੇ ਉਸ ਨੂੰ ਅਖਰੋਟ ਭੰਨ ਕੇ ਖਾਣ ਤੋਂ ਰੋਕਿਆ ਕਿਉਂਕਿ ਉਨ੍ਹਾਂ ਕੋਲ਼ ਖੇਡਣ ਲਈ ਕੁੱਝ ਨਹੀਂ ਸੀ ਬਚਣਾ। ਦੋਵੇਂ ਭਰਾ ਭੁੱਖ ਅੱਗੇ ਬੇਵੱਸ ਹੋ ਕੇ ਮਾਂ ਦੀ ਕਬਰ ਪੁੱਟ ਕੇ ਉਸਦੀਆਂ ਮੁਰਕੀਆਂ ਕੱਢਣ ਲਈ ਤਿਆਰ ਹੋ ਜਾਂਦੇ ਹਨ। ਪਰ ਜਦੋਂ ਉਹ ਕਬਰ ਪੁੱਟਣ ਲੱਗਦੇ ਹਨ, ਤਾਂ ਉਹਨਾਂ ਦੇ ਅੰਦਰੋਂ ਇਨਸਾਨੀਅਤ ਦੀ ਅਵਾਜ਼ ਵਿੱਚ ਮਾਂ ਦੇ ਮੁਰਕੀਆਂ ਬਾਰੇ ਕਹੇ ਸ਼ਬਦ ਸੁਣਾਈ ਦਿੰਦੇ ਹਨ। ਉਹਨਾਂ ਦੇ ਕਬਰ ਪੁੱਟਣ ਵਾਲ਼ੇ ਸੰਦ ਹੱਥਾਂ ਵਿੱਚੋਂ ਡਿੱਗ ਪੈਂਦੇ ਹਨ ਅਤੇ ਉਹ ਚੁਪ–ਚਾਪ ਹੰਝੂ ਭਰੀਆਂ ਅੱਖਾਂ ਨਾਲ਼ ਘਰ ਮੁੜ ਆਉਂਦੇ ਹਨ।
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਕਰੀਮੂ ਅਤੇ ਰਹੀਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਕਰਦੇ?
ਉੱਤਰ – ਕਰੀਮੂ ਤੇ ਰਹੀਮੂ ਸਾਰਾ ਦਿਨ ਅਖਰੋਟ ਤੇ ਕੌਡੀਆਂ ਨਾਲ਼ ਖੇਡਦੇ, ਗੁਲੇਲਾਂ ਫੜ ਕੇ ਸ਼ਿਕਾਰ ਕਰਦੇ ਜਾਂ ਗਲ਼ੀਆਂ ਵਿੱਚ ਵਿਹਲੇ ਲੜਾਈ–ਝਗੜਾ ਕਰਦੇ ਫਿਰਦੇ ਰਹਿੰਦੇ। ਉਹ ਬੁਰੀ ਤਰ੍ਹਾਂ ਨੈਤਿਕ ਗਿਰਾਵਟ ਦੇ ਸ਼ਿਕਾਰ ਹੋ ਚੁੱਕੇ ਸਨ। ਇਸ ਕਰਕੇ ਹੀ ਉਹ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਨਹੀਂ ਕਰਦੇ ਸਨ।
ਪ੍ਰਸ਼ਨ 2. ਆਥਣ ਸਮੇਂ ਘਰਾਂ ਨੂੰ ਮੁੜਦੇ ਵਾਗੀਆਂ ਨੂੰ ਵੇਖ ਕੇ ਕਰੀਮੂ ਅਤੇ ਰਹੀਮੂ ਕੀ ਸੋਚਦੇ ਸਨ?
ਉੱਤਰ – ਆਥਣ ਸਮੇਂ ਘਰਾਂ ਨੂੰ ਮੁੜਦੇ ਵਾਗੀਆਂ ਨੂੰ ਵੇਖ ਕੇ ਕਰੀਮੂ ਤੇ ਰਹੀਮੂ ਉਸ ਸਮੇਂ ਬਾਰੇ ਸੋਚਦੇ, ਜਦੋਂ ਉਨ੍ਹਾਂ ਦਾ ਪਿਓ ਜਿਊਂਦਾ ਸੀ। ਉਨ੍ਹਾਂ ਦੇ ਘਰ ਵਹਿੜਕੀ ਤੇ ਦੋ ਝੋਟੀਆਂ ਸਨ। ਉਹ ਤਿੰਨਾਂ ਨੂੰ ਚਾਰਦੇ ਹੁੰਦੇ ਸਨ ਤੇ ਵਾਗੀਆਂ ਵਾਂਗ ਹੀ ਹੇਕਾਂ ਲਾਉਂਦੇ ਘਰ ਮੁੜਦੇ ਹੁੰਦੇ ਸਨ।
ਪ੍ਰਸ਼ਨ 3. ਕਰੀਮੂ ਤੇ ਰਹੀਮੂ ਆਪਣੀ ਭੌਂ ਤੇ ਡੰਗਰ–ਵੱਛਾ ਖੁੱਸਣ ‘ਤੇ ਆਪਣੇ–ਆਪ ਨੂੰ ਕਿਵੇਂ ਧਰਵਾਸ ਦਿੰਦੇ ਸਨ?
ਉੱਤਰ – ਕਰੀਮੂ ਤੇ ਰਹੀਮੂ ਆਪਣੀ ਭੌਂ ਤੇ ਡੰਗਰ–ਵੱਛਾ ਖੁੱਸਣ ਤੇ ਇੰਨੀ ਨੈਤਿਕ ਗਿਰਾਵਟ ਦਾ ਸ਼ਿਕਾਰ ਹੋ ਚੁੱਕੇ ਸਨ ਕਿ ਉਹ ਅੰਦਰੋਂ ਦੁਖੀ ਤਾਂ ਬਹੁਤ ਸਨ, ਪਰੰਤੂ ਆਪਣੇ–ਆਪ ਨੂੰ ਹੌਸਲਾ ਦੇ ਕੇ ਸਾਰ ਦਿੰਦੇ ਸਨ ਕਿ ਚਲੋ ਚੰਗਾ ਹੋਇਆ ਇਹ ਟੰਟਾ ਗਲੋਂ ਲੱਥ ਗਿਆ।
ਪ੍ਰਸ਼ਨ 4. ਕਰੀਮੂ ਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਰਾਏ ਕੀ ਸੀ?
ਉੱਤਰ – ਪਿੰਡ ਦੇ ਲੋਕ ਕਰੀਮੂ ਤੇ ਰਹੀਮੂ ਤੋਂ ਦੂਰ ਰਹਿੰਦੇ ਸਨ। ਪਿੰਡ ਦਾ ਕੋਈ ਵੀ ਮੁੰਡਾ ਉਨ੍ਹਾਂ ਦੇ ਨਾਲ਼ ਨਹੀਂ ਖੇਡਦਾ ਸੀ। ਲੋਕ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਅਤੇ ਉਨ੍ਹਾਂ ਨੂੰ ਗੰਵਾਰ ਤੇ ਚੋਰ ਸਮਝਦੇ ਸਨ। ਪਿੰਡ ਵਿੱਚ ਕਿਸੇ ਦੇ ਕੋਈ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ, ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਅਤੇ ਰਹੀਮੂ ਉੱਤੇ ਹੀ ਹੁੰਦਾ, ਭਾਵੇਂ ਤਲਾਸ਼ੀ ਲੈਣ ਤੇ ਕਦੇ ਉਨ੍ਹਾਂ ਦੇ ਘਰੋਂ ਕੁੱਝ ਵੀ ਨਹੀਂ ਮਿਲ਼ਿਆ ਸੀ।
ਪ੍ਰਸ਼ਨ 5. ਮਾਂ ਨੂੰ ਆਪਣੀਆਂ ਮੁਰਕੀਆਂ ਬਾਰੇ ਪੁੱਤਰਾਂ ‘ ਤੇ ਕੀ ਸ਼ੱਕ ਸੀ?
ਉੱਤਰ – ਮਰਨ ਕੰਢੇ ਪਈ ਕਰੀਮੂ ਤੇ ਰਹੀਮੂ ਦੀ ਮਾਂ ਨੂੰ ਸ਼ੱਕ ਸੀ ਕਿ ਵਿਹਲੇ ਰਹਿਣ ਵਾਲ਼ੇ ਉਸ ਦੇ ਪੁੱਤਰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਦੇ ਮਰਨ ਮਗਰੋਂ ਉਸ ਦੇ ਕੰਨਾਂ ਦੀਆਂ ਮੁਰਕੀਆਂ ਵੀ ਲਾਹ ਲੈਣਗੇ ਤੇ ਫਿਰ ਉਨ੍ਹਾਂ ਨੂੰ ਵੇਚ ਦੇਣਗੇ। ਇਸ ਕਰਕੇ ਹੀ ਉਸ ਨੇ ਆਪਣੇ ਪੁੱਤਰਾਂ ਨੂੰ ਮੁਰਕੀਆਂ ਨਾਲ਼ ਆਪਣਾ ਅਤੇ ਉਹਨਾਂ ਦੇ ਅੱਬਾ ਦਾ ਮੋਹ ਭਰਿਆ ਸੰਬੰਧ ਦੱਸ ਕੇ ਮੁਰਕੀਆਂ ਕਬਰ ਵਿੱਚ ਦਬਾ ਦੇਣ ਲਈ ਕਿਹਾ।
ਪ੍ਰਸ਼ਨ 6. ਕਰੀਮੂ ਤੇ ਰਹੀਮੂ ਦੀ ਮਾਂ ਨੂੰ ਆਪਣੀਆਂ ਮੁਰਕੀਆਂ ਨਾਲ਼ ਏਨਾ ਮੋਹ ਕਿਉਂ ਸੀ?
ਉੱਤਰ – ਕਰੀਮੂ ਤੇ ਰਹੀਮ ਦੀ ਮਾਂ ਦਾ ਆਪਣੀਆਂ ਮੁਰਕੀਆਂ ਨਾਲ਼ ਏਨਾ ਮੋਹ ਇਸ ਕਰਕੇ ਸੀ, ਕਿਉਂਕਿ ਇਹ ਉਸ ਦੇ ਪਤੀ ਨੇ ਉਸ ਨੂੰ ਵਿਆਹ ਵੇਲੇ ਬਣਵਾ ਕੇ ਦਿੱਤੀਆਂ ਸਨ। ਜਦੋਂ ਜੂਏ ਵਿੱਚ ਉਹ ਸਭ ਕੁਝ ਹਾਰ ਗਿਆ ਸੀ ਅਤੇ ਬਹੁਤ ਔਖੇ ਦਿਨ ਆ ਗਏ ਸਨ, ਤਾਂ ਵੀ ਉਸ ਨੇ ਮੁਰਕੀਆਂ ਨਹੀਂ ਵੇਚੀਆਂ, ਕਿਉਂਕਿ ਉਹ ਇਹ ਮੁਰਕੀਆਂ ਸਾਰੀ ਉਮਰ ਹੀ ਉਸ ਦੇ ਕੰਨਾਂ ਵਿਚ ਲਮਕਦੀਆਂ ਵੇਖਣੀਆਂ ਚਾਹੁੰਦਾ ਸੀ। ਇਸ ਕਰਕੇ ਹੀ ਕਰੀਮੂ ਤੇ ਰਹੀਮੂ ਦੀ ਮਾਂ ਦਾ ਆਪਣੀਆਂ ਮੁਰਕੀਆਂ ਨਾਲ਼ ਆਪਣੇ ਪਤੀ ਦੀ ਯਾਦ ਵਜੋਂ ਭਾਵਕ ਸੰਬੰਧ ਹੋਣ ਕਰਕੇ ਹੀ ਏਨਾ ਮੋਹ ਸੀ।
ਪ੍ਰਸ਼ਨ 7. “ਕਬਰ ਵਿੱਚ….ਮੇਰੇ ਨਾਲ਼ ਦਬਾ ਦੇਣੀਆਂ…..ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ।” ਕਲਪਨਾ ਵਿੱਚ ਕਬਰ ‘ਚੋਂ ਆਏ ਮਾਂ ਦੇ ਬੋਲਾਂ ਨੇ ਕਰੀਮੂ ਤੇ ਰਹੀਮ ‘ਤੇ ਕੀ ਅਸਰ ਪਾਇਆ?
ਉੱਤਰ – ਮਾਂ ਦੇ ਇਨ੍ਹਾਂ ਬੋਲਾਂ ਨੇ ਕਰੀਮੂ ਤੇ ਰਹੀਮੂ ਦੇ ਮਨ ਉੱਤੇ ਡੂੰਘਾ ਅਸਰ ਪਾਇਆ। ਉਹ ਦੋਵੇਂ ਭਾਵੇਂ ਭੁੱਖ ਨਾਲ਼ ਬੇਹਾਲ ਸਨ, ਪਰ ਉਹਨਾਂ ਨੇ ਮਾਂ ਦੀ ਕਬਰ ਪੁੱਟਕੇ ਉਸਦੀਆਂ ਮੁਰਕੀਆਂ ਕੱਢਣ ਦਾ ਵਿਚਾਰ ਛੱਡ ਦਿੱਤਾ ਅਤੇ ਚੁਪ–ਚਾਪ ਹੰਝੂ ਭਰੀਆਂ ਅੱਖਾਂ ਨਾਲ਼ ਘਰ ਮੁੜ ਆਏ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਮੁਰਕੀਆਂ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਨੌਰੰਗ ਸਿੰਘ।
ਪ੍ਰਸ਼ਨ 2. ਕਰੀਮੂ ਤੇ ਰਹੀਮੂ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ – ਮੁਰਕੀਆਂ।
ਪ੍ਰਸ਼ਨ 3. ਕਰੀਮੂ ਤੇ ਰਹੀਮੂ ਕਿਹੜੀ ਚੀਜ਼ ਦੀ ਖੇਡ ਖੇਡਦੇ ਹਨ?
ਉੱਤਰ – ਅਖਰੋਟ।
ਪ੍ਰਸ਼ਨ 4. ਬਿਮਾਰ ਮਾਂ ਕੀ ਮੰਗ ਰਹੀ ਸੀ?
ਉੱਤਰ – ਪਾਣੀ।
ਪ੍ਰਸ਼ਨ 5. ਕਰੀਮੂ ਤੇ ਰਹੀਮੂ ਦਾ ਬਿਮਾਰ ਮਾਂ ਪ੍ਰਤੀ ਰਵੱਈਆ ਕੀ ਸੀ?
ਉੱਤਰ – ਬੇਪਰਵਾਹ।
ਪ੍ਰਸ਼ਨ 6. ਕਰੀਮੂ ਦੀ ਉਮਰ ਕਿੰਨੀ ਸੀ?
ਉੱਤਰ – ਸੋਲ਼ਾਂ ਸਾਲ।
ਪ੍ਰਸ਼ਨ 7. ਰਹੀਮੂ ਦੀ ਉਮਰ ਕਿੰਨੀ ਸੀ?
ਉੱਤਰ – ਚੌਦਾਂ ਸਾਲ।
ਪ੍ਰਸ਼ਨ 8. ਮਾਂ ਨੂੰ ਬਿਮਾਰ ਪਿਆਂ ਕਿੰਨਾ ਚਿਰ ਹੋ ਗਿਆ ਸੀ?
ਉੱਤਰ – ਮਹੀਨੇ ਤੋਂ ਉੱਪਰ।
ਪ੍ਰਸ਼ਨ 9. ਬਿਮਾਰ ਮਾਂ ਦੇ ਇਲਾਜ ਲਈ ਡਾਕਟਰ ਜਾਂ ਹਕੀਮ ਕਿਉਂ ਨਹੀਂ ਸੀ ਬੁਲਾਇਆ ਗਿਆ?
ਉੱਤਰ – ਗਰੀਬੀ ਕਾਰਨ।
ਪ੍ਰਸ਼ਨ 10. ਕਰੀਮੂ ਤੇ ਰਹੀਮੂ ਕਿਹੜੀ ਚੀਜ਼ ਲੈ ਕੇ ਸ਼ਿਕਾਰ ਖੇਡਣ ਜਾਂਦੇ?
ਉੱਤਰ – ਗੁਲੇਲਾਂ ਤੇ ਗੋਲੀਆਂ।
ਪ੍ਰਸ਼ਨ 11. ਕਰੀਮੂ ਤੇ ਰਹੀਮੂ ਦੇ ਪਿਓ ਨੇ ਮੱਝਾਂ ਤੇ ਪੈਲੀਆਂ ਕਿਸ ਕੰਮ ਵਿਚ ਗੁਆਈਆਂ ਸਨ?
ਉੱਤਰ – ਜੂਏ ਵਿਚ।
ਪ੍ਰਸ਼ਨ 12. ਪਿੰਡ ਵਿੱਚ ਜੇਕਰ ਕੋਈ ਚੋਰੀ ਹੁੰਦੀ, ਤਾਂ ਲੋਕਾਂ ਦਾ ਪਹਿਲਾ ਸ਼ੱਕ ਕਿਸ ਉੱਤੇ ਜਾਂਦਾ?
ਉੱਤਰ – ਕਰੀਮੂ ਤੇ ਰਹੀਮੂ ਉੱਤੇ।
ਪ੍ਰਸ਼ਨ 13. ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਕੀ ਖੇਡਣ ਦੀ ਆਦਤ ਸੀ?
ਉੱਤਰ – ਜੂਆ।
ਪ੍ਰਸ਼ਨ 14. ਕਰੀਮੂ ਤੇ ਰਹੀਮ ਦਾ ਬਾਪ ਕਿਹੜੀ ਚੀਜ਼ ਹਮੇਸ਼ਾ ਉਨ੍ਹਾਂ ਦੀ ਮਾਂ ਦੇ ਕੰਨਾਂ ਵਿੱਚ ਵੇਖਣੀ ਚਾਹੁੰਦਾ ਸੀ?
ਉੱਤਰ – ਮੁਰਕੀਆਂ।
ਪ੍ਰਸ਼ਨ 15. ਕਰੀਮੂ ਤੇ ਰਹੀਮੂ ਦੀ ਮਾਂ ਮੁਰਕੀਆਂ ਨੂੰ ਕਿਉਂ ਆਪਣੇ ਕੰਨਾਂ ਨਾਲ਼ੋਂ ਵੱਖ ਨਹੀਂ ਕਰਨਾ ਚਾਹੁੰਦੀ?
ਉੱਤਰ – ਉਨ੍ਹਾਂ ਦੇ ਅੱਬਾ ਦੀ ਯਾਦ ਵਜੋਂ।
ਪ੍ਰਸ਼ਨ 16. ਰਾਤ ਦੀ ਖ਼ਾਮੋਸ਼ੀ ਵਿੱਚ ਕਿਸ ਦੀ ਅਵਾਜ਼ ਕਰੀਮ ਤੇ ਰਹੀਮੂ ਦੇ ਕੰਨਾਂ ਵਿੱਚ ਗੂੰਜੀ?
ਉੱਤਰ – ਮਾਂ ਦੀ।
ਪ੍ਰਸ਼ਨ 17. ਕਿਹੜੀ ਗੱਲ ਨੇ ਕਰੀਮੂ ਤੇ ਰਹੀਮੂ ਨੂੰ ਮਾਂ ਦੀ ਕਬਰ ਪੁੱਟਣ ਦਾ ਰਾਹ ਚੁਣਨ ਲਈ ਮਜਬੂਰ ਕੀਤਾ?
ਉੱਤਰ – ਭੁੱਖ ਤੇ ਗਰੀਬੀ ਨੇ।ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037