ਇਕਾਂਗੀ ਗਊਮੁਖਾ – ਸ਼ੇਰਮੁਖਾ
ਇਕਾਂਗੀਕਾਰ – ਗੁਰਚਰਨ ਸਿੰਘ ਜਸੂਜਾ
••• ਸ਼ਰਨ ਸਿੰਘ ਦਾ ਪਾਤਰ-ਚਿਤਰਨ •••
1. ਜਾਣ ਪਛਾਣ – ਸ਼ਰਨ ਸਿੰਘ ‘ਗਊਮੁਖਾ-ਸ਼ੇਰਮੁਖਾ’ ਇਕਾਂਗੀ ਦਾ ਮੁੱਖ ਪਾਤਰ ਹੈ। ਉਹ ਇੱਕ ਦਲਾਲ ਹੈ। ਉਸ ਦੀ ਦਾੜ੍ਹੀ ਕਰੜ-ਬਰੜੀ, ਕੱਪੜੇ ਸਾਦੇ, ਪੱਗ ਜ਼ਰਾ ਕੁ ਮੈਲ਼ੀ ਤੇ ਕਮੀਜ਼ ਤੇ ਪਜਾਮਾ ਜ਼ਰਾ ਕੁ ਖੁੱਲ੍ਹੇ ਹਨ। ਇਕਾਂਗੀ ਵਿੱਚ ਉਹ ਚੁਸਤ-ਚਲਾਕ, ਗੱਲਾਂ ਦਾ ਜਾਦੂਗਰ, ਝੂਠੀ ਅਪਣੱਤ ਜ਼ਾਹਰ ਕਰਨ ਵਾਲ਼ਾ , ਢੀਠ, ਬੇਸ਼ਰਮ ਤੇ ਆਪਣਾ ਉੱਲੂ ਸਿੱਧਾ ਕਰਨ ਵਾਲ਼ੇ ਚਰਿੱਤਰ ਵਾਲ਼ਾ ਪਾਤਰ ਹੈ।
2. ਢੀਠ ਤੇ ਬੇਸ਼ਰਮ – ਸ਼ਰਨ ਸਿੰਘ ਵਿੱਚ ਇੱਕ ਦਲਾਲ ਵਾਲ਼ੀਆਂ ਸਾਰੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ। ਉਹ ਬੜਾ ਢੀਠ ਤੇ ਬੇਸ਼ਰਮ ਹੈ। ਉਹ ਲੋਕਾਂ ਦੇ ਘਰ ਬੜੀ ਢੀਠਤਾਈ ਤੇ ਬੇਸ਼ਰਮੀ ਨਾਲ਼ ਚੱਕਰ ਮਾਰਦਾ ਹੈ। ਉਹ ਕਿਸ਼ਨ ਦੇਈ ਦੇ ਰੋਕਣ ਦੇ ਬਾਵਜੂਦ ਵੀ ਉਸ ਦੇ ਘਰ ਮਕਾਨ ਵਕਾਉਣ ਲਈ ਗੇੜੇ ਮਾਰਦਾ ਹੈ। ਆਪਣੇ ਢੀਠਪੁਣੇ ਨੂੰ ਇਕਾਂਗੀ ਦੇ ਅੰਤ ਵਿੱਚ ਜ਼ਾਹਰ ਕਰਦਾ ਉਹ ਆਪ ਹੀ ਕਹਿੰਦਾ ਹੈ, “ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ।”
3. ਚੁਸਤ-ਚਲਾਕ – ਉਹ ਬੜੀ ਚਲਾਕੀ ਨਾਲ਼ ਦੂਜਿਆਂ ਨੂੰ ਆਪਣੇ ਮਤਲਬ ਦੀ ਗੱਲ ਲਈ ਤਿਆਰ ਕਰ ਲੈਂਦਾ ਹੈ । ਉਹ ਚੁਸਤ-ਚਲਾਕੀ ਨਾਲ਼ ਇੱਕ ਗਾਹਕ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਦੂਜੇ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਹੈ।
4. ਗੱਲਾਂ ਦਾ ਜਾਦੂਗਰ – ਉਹ ਗੱਲਾਂ ਦਾ ਜਾਦੂਗਰ ਹੈ। ਉਹ ਆਪਣੀ ਕਹੀ ਗੱਲ ਨੂੰ ਸਹੀ ਠਹਿਰਾਉਣ ਲਈ ਅਗਲੇ ਨੂੰ ਆਪਣੀਆਂ ਗੱਲਾਂ ਨਾਲ਼ ਹੀ ਤਿਆਰ ਕਰ ਲੈਂਦਾ ਹੈ। ਉਸ ਦੀਆਂ ਚੋਪੜੀਆਂ ਤੇ ਪ੍ਰਭਾਵਸ਼ਾਲੀ ਗੱਲਾਂ ਸੁਣ ਕੇ ਹੀ ਚੋਪੜਾ ਸਾਹਿਬ ਕਹਿੰਦੇ ਹਨ, “ਮਰਹੱਬਾ ਸਰਦਾਰ ਸਾਹਿਬ ਮਰਹੱਬਾ, ਤਹਾਨੂੰ ਗੱਲਾਂ ਤਾਂ ਖੂਬ ਆਉਂਦੀਆਂ ਨੇ।”
5. ਦੂਜਿਆਂ ਨਾਲ਼ ਝੂਠੀ ਅਪਣੱਤ ਜ਼ਾਹਰ ਕਰਨ ਵਾਲ਼ਾ – ਉਹ ਕਿਸ਼ਨ ਦੇਈ ਨਾਲ਼ ਅਪਣੱਤ ਜ਼ਾਹਰ ਕਰਦਾ ਹੋਇਆ ਝੂਠ ਬੋਲਦਾ ਹੈ ਕਿ ਉਸ ਦਾ ਪਤੀ ਉਸ ਦਾ ਸਹਿਪਾਠੀ ਸੀ ਤੇ ਉਸ ਦਾ ਮਿੱਤਰ ਸੀ। ਜਦ ਕਿ ਉਹਨਾਂ ਵਿੱਚ ਆਪਸੀ ਕੋਈ ਜਾਣ-ਪਹਿਚਾਣ ਨਹੀਂ ਸੀ। ਉਹ ਚੋਪੜਾ ਸਾਹਿਬ ਨਾਲ਼ ਝੂਠੀ ਮਿੱਤਰਤਾ ਜ਼ਾਹਰ ਕਰਦਾ ਹੈ। ਉਹ ਇੱਕ ਧਿਰ ਨੂੰ ਕੁਝ ਕਹਿੰਦਾ ਹੈ ਤੇ ਦੂਜੀ ਧਿਰ ਨੂੰ ਕੁਝ ਹੋਰ ਕਹਿੰਦਾ ਹੈ।
6. ਆਪਣਾ ਉੱਲੂ ਸਿੱਧਾ ਕਰਨ ਵਾਲ਼ਾ – ਸ਼ਰਨ ਸਿੰਘ ਦੀ ਝੂਠੀ ਅਪਣੱਤ ਤੇ ਹਮਦਰਦੀ ਵਿੱਚ ਫਸ ਕੇ ਕਿਸ਼ਨ ਦੇਈ ਆਪਣਾ ਮਕਾਨ ਵੇਚ ਦਿੰਦੀ ਹੈ ਅਤੇ ਚੋਪੜਾ ਸਾਹਿਬ ਨਾ ਚਾਹੁੰਦਾ ਵੀ ਖਰੀਦ ਲੈਂਦਾ ਹੈ। ਇਸ ਤਰਾਂ ਉਹ ਆਪਣੀ ਦਲਾਲੀ ਲਈ ਆਪਣਾ ਉੱਲੂ ਸਿੱਧਾ ਕਰਦਾ ਹੋਇਆ ਦੋਹਾਂ ਧਿਰਾਂ ਨੂੰ ਇਧਰ-ਉਧਰ ਦੀਆਂ ਗੱਲਾ ਵਿੱਚ ਲਾ ਕੇ ਮਕਾਨ ਵੇਚਣ ਅਤੇ ਖਰੀਦਣ ਲਈ ਤਿਆਰ ਕਰ ਲੈਂਦਾ ਹੈ।
••• ਕਿਸ਼ਨ ਦੇਈ ਦਾ ਪਾਤਰ-ਚਿਤਰਨ •••
1. ਜਾਣ–ਪਛਾਣ – ਕਿਸ਼ਨ ਦੇਈ ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਅੱਧਖੜ ਉਮਰ ਦੀ ਵਿਧਵਾ ਔਰਤ ਹੈ। ਉਸ ਦਾ ਪਹਿਰਾਵਾ ਸਾਦਾ ਹੈ। ਉਹ ਆਰਥਿਕ ਤੰਗੀ ਦਾ ਸ਼ਿਕਾਰ ਹੈ। ਇਕਾਂਗੀਕਾਰ ਨੇ ਉਸ ਦੇ ਪਾਤਰ ਰਾਹੀਂ ਸ਼ਰਨ ਸਿੰਘ ਦਲਾਲ ਦੇ ਚੁਸਤ-ਚਲਾਕ, ਢੀਠ, ਬੇਸ਼ਰਮ, ਖੁਦਗਰਜ਼, ਝੂਠੀ ਅਪਣੱਤ ਰੱਖਣ ਵਾਲ਼ੇ ਤੇ ਗੱਲਾਂ ਦਾ ਖੱਟਿਆ ਖਾਣ ਵਾਲ਼ੇ ਚਰਿੱਤਰ ਨੂੰ ਸਫ਼ਲਤਾ ਪੂਰਵਕ ਉਘਾੜਿਆ ਹੈ।
2. ਸਫ਼ਾਈ ਪਸੰਦ – ਇਕਾਂਗੀ ਦੇ ਆਰੰਭ ਹੋਣ ਸਮੇਂ ਹੀ ਉਹ ਸਟੇਜ ਉੱਪਰ ਸਫ਼ਾਈ ਕਰਦੀ ਨਜ਼ਰ ਆਉਂਦੀ ਹੈ। ਉਹ ਆਪਣੇ ਪੁੱਤਰ ਸੁਦਰਸ਼ਨ ਨੂੰ ਕਹਿੰਦੀ ਹੈ ਕਿ ਉਸ ਨੇ ਆਪਣਾ ਕਮਰਾ ਸਾਫ਼ ਕਿਉਂ ਨਹੀਂ ਕੀਤਾ, ਜਦ ਉਸ ਦੇ ਕਮਰੇ ਵਿੱਚ ਉਸ ਦੀਆਂ ਕਿਤਾਬਾਂ ਮਿੱਟੀ-ਘੱਟੇ ਨਾਲ਼ ਭਰੀਆਂ ਹੋਈਆਂ ਸਨ। ਸੁਦਰਸ਼ਨ ਵੀ ਉਸ ਨੂੰ ਕਹਿੰਦਾ ਹੈ ਕਿ ਉਹ ਸਾਰਾ ਦਿਨ ਸਫ਼ਾਈ ਕਰਨ ਵਿੱਚ ਹੀ ਲੱਗੀ ਰਹਿੰਦੀ ਹੈ।
3. ਸੋਹਜਵਾਦੀ ਰੁਚੀ ਵਾਲ਼ੀ – ਉਹ ਸੋਹਜਵਾਦੀ ਰੁਚੀ ਵਾਲ਼ੀ ਹੈ । ਉਸ ਨੇ ਆਪਣਾ ਮਕਾਨ ਬੜੀ ਰੀਝ ਨਾਲ਼ ਬਣਾਇਆ ਹੈ। ਉਸ ਦਾ ਪਤੀ ਵੀ ਅਜਿਹੀ ਹੀ ਰੁਚੀ ਦਾ ਮਾਲਕ ਸੀ। ਉਹ ਸੋਹਜਵਾਦੀ ਹੋਣ ਕਰਕੇ ਘਰ ਦੇ ਫ਼ਰਸ਼ਾਂ ਦੀ ਸਫ਼ਾਈ ਵੀ ਕਰਕੇ ਰੱਖਦੀ ਹੈ।
4. ਕੰਮ ਦੀ ਰੁਚੀ ਰੱਖਣ ਵਾਲ਼ੀ – ਉਹ ਸਫ਼ਾਈ ਤੋਂ ਬਿਨਾਂ ਘਰ ਦੇ ਹੋਰ ਕੰਮਾਂ ਨੂੰ ਕਰਨ ਦੀ ਵੀ ਰਚੀ ਰੱਖਦੀ ਹੈ। ਉਹ ਆਪਣੇ ਬਾਰੇ ਆਪ ਆਖਦੀ ਹੈ ਕਿ ਉਹ ਕਿਸੇ ਦੇ ਸਿਰ ਅਹਿਸਾਨ ਨਹੀਂ ਕਰਦੀ ਆਪਣਾ ਕੰਮ ਕਰਦੀ ਹੈ।
5. ਪ੍ਰਸੰਸਾ ਸੁਣ ਕੇ ਖੁਸ਼ ਹੋਣ ਵਾਲ਼ੀ – ਉਹ ਪਹਿਲਾਂ ਤਾਂ ਸ਼ਰਨ ਸਿੰਘ ਦਲਾਲ ਨੂੰ ਘਰ ਨਹੀਂ ਸੀ ਵੜਨ ਦੇਣਾ ਚਾਹੁੰਦੀ, ਪਰ ਜਦੋਂ ਉਹ ਉਸ ਅੱਗੇ ਉਸ ਦੇ ਮਕਾਨ ਦੇ ਫ਼ਰਸ਼ਾਂ ਦੀ ਪ੍ਰਸੰਸਾ ਕਰਦਾ, ਤਾਂ ਉਹ ਖ਼ੁਸ਼ ਹੋ ਕੇ ਉਸ ਨੂੰ ਸਰਬਤ ਵੀ ਪਲਾਉਂਦੀ ਹੈ।
6. ਨਿੱਡਰ – ਉਹ ਭੂਤ-ਪ੍ਰੇਤ ਤੋਂ ਡਰਨ ਵਾਲ਼ੀ ਨਹੀਂ ਹੈ । ਉਹ ਆਪਣੇ ਪੁੱਤਰ ਨੂੰ ਵੀ ਕਹਿੰਦੀ ਹੈ ਕਿ ਉਹ ਜਵਾਨ ਪੁੱਤ ਹੋ ਕੇ ਵੀ ਕਿਉਂ ਡਰ ਰਿਹਾ ਹੈ।
7. ਕਿਸਮਤ ਵਿੱਚ ਵਿਸ਼ਵਾਸ ਰੱਖਣ ਵਾਲ਼ੀ – ਉਹ ਆਪਣੇ ਪਤੀ ਦੀ ਮੌਤ ਬਾਰੇ ਸ਼ਰਨ ਸਿੰਘ ਨੂੰ ਹੌਂਕਾ ਭਰ ਕੇ ਦੱਸਦੀ ਹੈ ਕਿ “ਅੱਛਾ ਭਰਾਵਾ, ਕਿਸਮਤ ਦੀ ਲਿਖੀ ਨੂੰ ਕੌਣ ਮੋੜ ਸਕਦਾ ਹੈ, ਅਖੇ ਰਾਈ ਘਟੇ ਨਾ ਤਿਲ ਵਧੇ, ਜੋ ਲਿਖਿਆ ਕਰਤਾਰ।”
8. ਆਰਥਿਕ ਤੰਗੀ ਦਾ ਸ਼ਿਕਾਰ – ਉਹ ਆਰਥਿਕ ਤੌਰ ਤੇ ਤੰਗੀ ਦਾ ਸ਼ਿਕਾਰ ਹੈ। ਉਸ ਨੂੰ ਆਪਣੇ ਬੱਚੇ ਦੀ ਪੜ੍ਹਾਈ ਦੇ ਖਰਚੇ ਦਾ ਫਿਕਰ ਹੈ। ਉਸ ਕੋਲ ਆਪਣੇ ਪੁੱਤਰ ਨੂੰ ਕੋਈ ਕੰਮ ਸ਼ੁਰੂ ਕੇ ਦੇਣ ਲਈ ਵੀ ਪੈਸੇ ਨਹੀਂ ਹਨ। ਇਸ ਲਈ ਹੀ ਉਹ ਸ਼ਰਨ ਸਿੰਘ ਦੇ ਕਹਿਣ ਤੇ ਮਕਾਨ ਵੇਚਣ ਲਈ ਤਿਆਰ ਹੋ ਜਾਂਦੀ ਹੈ।
9. ਗੱਲਾਂ ਵਿੱਚ ਆ ਜਾਣ ਵਾਲ਼ੀ – ਉਹ ਆਪਣਾ ਮਕਾਨ ਵੇਚਣਾ ਨਹੀਂ ਚਾਹੁੰਦੀ ਸੀ ਅਤੇ ਸ਼ਰਨ ਸਿੰਘ ਨਾਲ਼ ਇਸ ਬਾਰੇ ਗੱਲ ਵੀ ਨਹੀਂ ਕਰਨੀ ਚਾਹੁੰਦੀ ਸੀ। ਪਰ ਹੌਲ਼ੀ-ਹੌਲ਼ੀ ਉਹ ਸ਼ਰਨ ਸਿੰਘ ਦੀਆਂ ਝੂਠੀਆਂ ਤੇ ਅਪਣੱਤ ਨਾਲ਼ ਭਰੀਆਂ ਗੱਲਾਂ ਵਿੱਚ ਆ ਕੇ ਮਕਾਨ ਵੇਚ ਦਿੰਦੀ ਹੈ ।
10. ਭਵਿੱਖ ਦੇ ਸੁਪਨੇ ਲੈਣ ਵਾਲ਼ੀ – ਉਹ ਆਪਣੇ ਪੁੱਤਰ ਦੇ ਭਵਿੱਖ ਬਾਰੇ ਸੁਪਨੇ ਸੋਚਦੀ ਹੈ ਕਿ ਮਕਾਨ ਵੇਚ ਕੇ ਜੇਕਰ ਉਸ ਦਾ ਪੁੱਤਰ ਦਰਸ਼ਨ ਕੋਈ ਕੰਮ ਚਲਾ ਲਵੇ ਤਾਂ ਫਿਰ ਬਹੁਤ ਮਕਾਨ ਬਣ ਜਾਣਗੇ ਨਾਲ਼ ਹੀ ਘਰ ਵਿੱਚ ਉਸ ਦੀ ਸੋਹਣੀ ਵਹੁਟੀ ਆਵੇਗੀ। ਫਿਰ ਉਸ ਦੇ ਘਰ ਪੋਤਰਾ ਹੋਵੇਗਾ, ਜਿਸ ਨੂੰ ਉਹ ਰਾਤ-ਦਿਨ ਖਿਡਾਉਂਦੀ ਨਹੀਂ ਥੱਕਗੀ। ਇਸ ਤਰ੍ਹਾਂ ਪਰਮਾਤਮਾ ਉਸ ਨੂੰ ਸੁੱਖ ਦਾ ਸਾਹ ਦੇਵੇਗਾ।
••• ਸੁਦਰਸ਼ਨ ਦਾ ਪਾਤਰ-ਚਿਤਰਨ •••
1. ਜਾਣ–ਪਛਾਣ – ਸੁਦਰਸ਼ਨ ‘ਗਊਮੁਖਾ-ਸ਼ੇਰਮੁਖਾ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਕਿਸ਼ਨ ਦੇਈ ਦਾ ਪੁੱਤਰ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਉਮਰ ਸਤਾਰਾਂ-ਅਠਾਰਾਂ ਸਾਲ ਦੀ ਹੈ। ਉਸ ਨੇ ਦਸਵੀਂ ਜਮਾਤ ਪਾਸ ਕਰ ਲਈ ਹੈ। ਉਹ ਇੱਕ ਆਰਥਿਕ ਤੰਗੀ ਦਾ ਸ਼ਿਕਾਰ ਪਰਿਵਾਰ ਵਿੱਚੋਂ ਹੈ। ਉਸ ਦੇ ਪਾਤਰ ਰਾਹੀਂ ਇਕਾਂਗੀਕਾਰ ਨੇ ਕਿਸ਼ਨ ਦੇਈ ਦੀਆਂ ਉਹਨਾਂ ਮਜ਼ਬੂਰੀਆਂ ਨੂੰ ਸਾਹਮਣੇ ਲਿਆਂਦਾ ਹੈ, ਜਿਨ੍ਹਾਂ ਦਾ ਫਾਇਦਾ ਉਠਾ ਕੇ ਸ਼ਰਨ ਸਿੰਘ ਉਸ ਨੂੰ ਮਕਾਨ ਵੇਚਣ ਲਈ ਤਿਆਰ ਕਰਦਾ ਹੈ।
2. ਹੋਣਹਾਰ ਤੇ ਪੜ੍ਹਨ ਵਿੱਚ ਹੁਸ਼ਿਆਰ – ਸੁਦਰਸ਼ਨ ਇੱਕ ਹੋਣਹਾਰ ਲੜਕਾ ਹੈ। ਉਹ ਪੜ੍ਹਨ ਵਿੱਚ ਹੁਸ਼ਿਆਰ ਹੈ। ਉਸਨੇ ਦਸਵੀਂ ਜਮਾਤ ਪਹਿਲੇ ਦਰਜੇ ਨਾਲ਼ ਪਾਸ ਕੀਤੀ ਹੈ ।
3. ਮਾਂ ਦਾ ਆਗਿਆਕਾਰ – ਉਹ ਮਾਂ ਦਾ ਆਗਿਆਕਾਰ ਬੱਚਾ ਹੈ। ਜਦੋਂ ਉਸ ਦੀ ਮਾਂ ਉਸ ਨੂੰ ਪੁੱਛਦੀ ਹੈ ਕਿ ਉਹ ਆਪਣੇ ਕਿਸੇ ਕੰਮ-ਕਾਰ ਉੱਤੇ ਲੱਗਣ ਬਾਰੇ ਕੀ ਵਿਚਾਰ ਰੱਖਦਾ ਹੈ, ਤਾਂ ਉਹ ਕਹਿੰਦਾ ਹੈ, “ਜਿਵੇਂ ਤੁਸੀਂ ਆਖੋ।”
3. ਸਫ਼ਾਈ ਵੱਲ ਘੱਟ ਧਿਆਨ ਦੇਣ ਵਾਲ਼ਾ – ਉਹ ਆਪਣੇ ਕਮਰੇ ਅਤੇ ਘਰ ਦੀ ਸਫ਼ਾਈ ਵੱਲ ਘੱਟ ਧਿਆਨ ਦਿੰਦਾ ਹੈ। ਉਸ ਦੀ ਮਾਂ ਨੂੰ ਉਸ ਬਾਰੇ ਸ਼ਿਕਾਇਤ ਹੈ ਕਿ ਉਸ ਨੇ ਆਪਣਾ ਕਮਰਾ ਸਾਫ਼ ਨਹੀਂ ਕੀਤਾ। ਉਸ ਦੀਆਂ ਕਿਤਾਬਾਂ ਵੀ ਮਿੱਟੀ-ਘੱਟੇ ਨਾਲ਼ ਭਰੀਆਂ ਹੋਈਆਂ ਹਨ।
4. ਵਹਿਮਾਂ-ਭਰਮਾਂ ਦਾ ਸ਼ਿਕਾਰ – ਸੁਦਰਸ਼ਨ ਸ਼ਰਨ ਸਿੰਘ ਦੇ ਮੂੰਹੋਂ ਉਸ ਦੀ ਮਨਘੜਤ ਗੱਲ ਰਾਹੀਂ ਆਪਣੇ ਘਰ ਨੇੜੇ ਬੰਦ ਕੀਤੇ ਜਾ ਚੁੱਕੇ ਖੂਹ ਬਾਰੇ ਅਤੇ ਖੂਹ ਉੱਤੇ ਆਉਂਦੀਆਂ ਭੂਤਾਂ ਬਾਰੇ ਸੁਣ ਕੇ ਡਰ ਜਾਂਦਾ ਹੈ। ਉਹ ਸ਼ਰਨ ਸਿੰਘ ਦੇ ਮੂੰਹੋਂ ਆਪਣੇ ਮਕਾਨ ਦੇ ਸ਼ੇਰਮੁਖਾ ਹੋਣ ਨਾਲ਼ ਹੋਣ ਵਾਲ਼ੇ ਨੁਕਸਾਨ ਬਾਰੇ ਸੁਣ ਕੇ ਵੀ ਡਰ ਜਾਂਦਾ ਹੈ।
5. ਮਾਂ ਦਾ ਖ਼ਿਆਲ ਰੱਖਣ ਵਾਲ਼ਾ – ਉਹ ਆਪਣੀ ਮਾਂ ਦਾ ਖ਼ਿਆਲ ਰੱਖਦਾ ਹੈ। ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਉਹ ਸਾਰਾ ਦਿਨ ਘਰ ਦੀ ਸਾਫ਼-ਸਫ਼ਾਈ ਵਿੱਚ ਹੀ ਲੱਗੀ ਰਹਿੰਦੀ ਹੈ।
6. ਇੱਕ ਜ਼ੁੰਮੇਵਾਰ ਪੁੱਤਰ – ਉਸ ਦਾ ਪੜ੍ਹਾਈ ਵਿੱਚ ਹੁਸ਼ਿਆਰ ਹੋਣਾ ਅਤੇ ਆਪਣੀ ਮਾਂ ਦੁਆਰਾ ਉਸ ਦੇ ਭਵਿੱਖ ਬਾਰੇ ਪੁੱਛੇ ਜਾਣ ਤੇ ਉਸਦਾ ਇਹ ਆਖਣਾ ਕਿ, “ਜਿਵੇਂ ਤੁਸੀਂ ਆਖੋਂ।” ਉਸ ਦੇ ਇੱਕ ਜ਼ੁੰਮੇਵਾਰ ਪੁੱਤਰ ਹੋਣ ਦੇ ਸਬੂਤ ਹਨ।
••• ਚੋਪੜਾ ਸਾਹਿਬ ਦਾ ਪਾਤਰ-ਚਿਤਰਨ •••
1. ਜਾਣ–ਪਛਾਣ – ਚੋਪੜਾ ਸਾਹਿਬ ‘ਗਊਮੁਖਾ-ਸ਼ੇਰਮੁਖਾ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਅਧਖੜ ਉਮਰ ਦਾ ਆਦਮੀ ਹੈ। ਉਸ ਨੇ ਪੈਂਟ ਪਾਈ ਹੋਈ ਹੈ। ਉਸ ਦੇ ਹੱਥ ਵਿੱਚ ਟੋਪੀ ਹੈ। ਉਸ ਦੇ ਚਰਿੱਤਰ ਰਾਹੀਂ ਇਕਾਂਗੀਕਾਰ ਨੇ ਸ਼ਰਨ ਸਿੰਘ ਦਲਾਲ ਦੇ ਚੁਸਤ-ਚਲਾਕ, ਢੀਠ, ਬੇਸ਼ਰਮ, ਖੁਦਗਰਜ਼ ਤੇ ਗੱਲਾਂ ਦਾ ਖੱਟਿਆ ਖਾਣ ਵਾਲ਼ੇ ਚਰਿੱਤਰ ਨੂੰ ਪੇਸ਼ ਕੀਤਾ ਹੈ ।
2. ਗੱਲਾਂ ਵਿੱਚ ਆ ਜਾਣ ਵਾਲ਼ਾ – ਇਕਾਂਗੀ ਦੇ ਆਰੰਭ ਵਿੱਚ ਚੋਪੜਾ ਸਾਹਿਬ ਸ਼ਰਨ ਸਿੰਘ ਦਲਾਲ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ ਅਤੇ ਮਕਾਨ ਖਰੀਦਣ ਤੋਂ ਨਾਂਹ ਕਰਦਾ ਹੈ, ਪਰ ਹੌਲ਼ੀ-ਹੌਲ਼ੀ ਸ਼ਰਨ ਸਿੰਘ ਦੀਆਂ ਗੱਲਾਂ ਵਿੱਚ ਆ ਕੇ ਮਕਾਨ ਖਰੀਦਣ ਲਈ ਤਿਆਰ ਹੋ ਜਾਂਦਾ ਹੈ।
3. ਵਹਿਮਾਂ ਦਾ ਸ਼ਿਕਾਰ – ਜਦੋਂ ਉਸ ਨੂੰ ਮਕਾਨ ਦੇ ਸ਼ੇਰਮੁਖਾ ਹੋਣ ਦਾ ਪਤਾ ਲੱਗਦਾ ਤਾਂ ਉਹ ਇਸ ਵਹਿਮ ਬਾਰੇ ਸ਼ਰਨ ਸਿੰਘ ਨਾਲ਼ ਗੱਲ ਕਰਦਾ ਹੈ। ਉਹ ਕਿਸ਼ਨ ਦੇਈ ਦੇ ਪਤੀ ਦੀ ਮੌਤ ਨੂੰ ਵੀ ਸ਼ੇਰਮੁਖੇ ਮਕਾਨ ਨਾਲ਼ ਜੋੜ ਕੇ ਵਹਿਮ ਕਰਦਾ ਹੈ।
4. ਹਾਸ-ਰਸ ਪੈਦਾ ਕਰਨ ਵਾਲ਼ਾ – ਚੋਪੜਾ ਸਾਹਿਬ ਦੀਆਂ ਕੁਝ ਗੱਲਾਂ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਦੀਆਂ ਹਨ। ਉਹ ਸ਼ਰਨ ਸਿੰਘ ਨੂੰ ਕਹਿੰਦਾ ਹੈ , “ਯਾਨੀ ਕਿ ਦਿੱਲੀ ਦੇ ਵਾਸੀ ਜਿਉਂਦੇ ਜੀਅ ,ਸਵਰਗ ਵਾਸੀ ਅਖਵਾਉਣ ਦੇ ਹੱਕਦਾਰ ਹੋ ਗਏ ਹਨ।”
5. ਸੌਦੇ-ਬਾਜ਼ – ਉਹ ਇੱਕ ਸੌਦੇ-ਬਾਜ਼ ਵੀ ਹੈ। ਉਹ ਪਹਿਲਾਂ ਤਾਂ ਕੀਮਤ ਘੱਟ ਕਰਵਾਉਣ ਲਈ ਮਕਾਨ ਲੈਣ ਲਈ ਤਿਆਰ ਹੀ ਨਹੀਂ ਹੁੰਦਾ, ਫਿਰ ਜਦੋਂ ਤਿਆਰ ਹੁੰਦਾ ਹੈ, ਤਾਂ ਅਗਲੇ ਦੀ ਮੰਗੀ ਕੀਮਤ ਨਾਲੋਂ ਪੰਜ ਹਜ਼ਾਰ ਘੱਟ ਕਹਿ ਕੇ ਮਗਰੋਂ ਕੇਵਲ ਡੇਢ ਹਜ਼ਾਰ ਹੀ ਵਧਦਾ ਹੈ ਤੇ ਇਸ ਤਰ੍ਹਾਂ ਅੰਤ ਤੇ ਸੌਦਾ ਕਰ ਲੈਂਦਾ ਹੈ।
••• ਵਾਰਤਾਲਾਪ ਸੰਬੰਧੀ ਪ੍ਰਸ਼ਨ •••
1. “ਫੇਰ ਆ ਧਮਕਿਐ। ਇਨ੍ਹਾਂ ਦਲਾਲਾਂ ਨੇ ਕਿਹਾ ਜੀਅ ਸਾੜਿਐ। ਕੋਈ ਨਾ ਕੋਈ ਦਿਮਾਗ਼ ਚੱਟਣ ਆਇਆ ਹੀ ਰਹਿੰਦੈ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਦੇ ਹਨ?
2. ਇਸ ਇਕਾਂਗੀ ਦਾ ਲੇਖਕ ਕੌਣ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਕੌਣ ਕਿਸ ਦਾ ਦਿਮਾਗ਼ ਚੱਟਣ ਆਇਆ ਹੈ?
ਉੱਤਰ – 1. ਗਊਮੁਖਾ-ਸ਼ੇਰਮੁਖਾ।
2. ਗੁਰਚਰਨ ਸਿੰਘ ਜਸੂਜਾ।
3. ਇਹ ਵਾਕ ਕ੍ਰਿਸ਼ਨ ਦੇਈ ਨੇ ਆਪਣੇ ਪੁੱਤਰ ਸੁਦਰਸ਼ਨ ਨੂੰ ਕਹੇ।
4. ਦਲਾਲ ਸ਼ਰਨ ਸਿੰਘ ਕਿਸ਼ਨ ਦੇਈ ਦਾ।
2. “ਤਾਂ ਹੁਣ ਤੁਹਾਡਾ ਮਤਲਬ ਏ ਸ਼ੇਰਮੁੱਖੇ ਵੱਲ ਹੱਟੀ ਕਰ ਲਈਏ ਤੇ ਗਊਮੁੱਖੇ ਵੱਲ ਘਰ ਬਣਾ ਲਈਏ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਦੇ ਹਨ?
2. ਇਸ ਇਕਾਂਗੀ ਦਾ ਲੇਖਕ ਕੌਣ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਗਊਮੁਖਾ-ਸ਼ੇਰਮੁਖਾ ਤੋਂ ਕੀ ਭਾਵ ਹੈ?
ਉੱਤਰ – 1. ਗਊਮੁਖਾ-ਸ਼ੇਰਮੁਖਾ।
2. ਗੁਰਚਰਨ ਸਿੰਘ ਜਸੂਜਾ।
3. ਇਹ ਸ਼ਬਦ ਚੋਪੜਾ ਸਾਹਿਬ ਸ਼ਰਨ ਸਿੰਘ ਨੂੰ ਕਹਿੰਦਾ ਹੈ।
4. ਅੱਗਾ ਤੰਗ ਵਾਲ਼ੇ ਮਕਾਨ ਨੂੰ ਗਊਮੁਖਾ ਅਤੇ ਅੱਗਾ ਚੌੜੇ ਵਾਲ਼ੇ ਮਕਾਨ ਨੂੰ ਸ਼ੇਰਮੁਖਾ ਕਹਿੰਦੇ ਹਨ।
3. “ਇਹ ਤਾਂ ਭੈਣ ਜੀ, ਸਾਡਾ ਰੋਜ਼ ਦਾ ਕੰਮ ਹੋਇਆ। ਕਹਿੰਦੇ ਨੇ ਹਕੂਮਤ ਗਰਮੀ ਦੀ, ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਦੇ ਹਨ?
2. ਇਸ ਇਕਾਂਗੀ ਦਾ ਲੇਖਕ ਕੌਣ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਦਲਾਲੀ ਕਿਹੋ ਜਿਹੀ ਚੀਜ਼ ਹੈ?
ਉੱਤਰ – 1. ਗਊਮੁਖਾ-ਸ਼ੇਰਮੁਖਾ।
2. ਗੁਰਚਰਨ ਸਿੰਘ ਜਸੂਜਾ।
3. ਇਹ ਸ਼ਬਦ ਸ਼ਰਨ ਸਿੰਘ ਨੇ ਕ੍ਰਿਸ਼ਨ ਦੇਈ ਨੂੰ ਕਹੇ।
4. ਬੇਸ਼ਰਮੀ ਦੀ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਗਊਮੁੱਖਾ-ਸ਼ੇਰਮੁਖਾ’ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ – ਗੁਰਚਰਨ ਸਿੰਘ ਜਸੂਜਾ।
ਪ੍ਰਸ਼ਨ 2. ਸ਼ਰਨ ਸਿੰਘ ਕੀ ਕੰਮ ਕਰਦਾ ਸੀ?
ਉੱਤਰ – ਦਲਾਲੀ ਦਾ।
ਪ੍ਰਸ਼ਨ 3. ਸੁਦਰਸ਼ਨ ਕਿਸ਼ਨ ਦੇਈ ਦਾ ਕੀ ਲੱਗਦਾ ਹੈ?
ਉੱਤਰ – ਪੁੱਤਰ।
ਪ੍ਰਸ਼ਨ 4. ਸੁਦਰਸ਼ਨ ਦੀ ਉਮਰ ਕਿੰਨੀ ਕੁ ਹੈ?
ਉੱਤਰ – ਸਤਾਰਾਂ-ਅਠਾਰਾਂ ਸਾਲ।
ਪ੍ਰਸ਼ਨ 5. ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ ਸੀ?
ਉੱਤਰ – ਦਸਵੀਂ।
ਪ੍ਰਸ਼ਨ 6. ਸੁਦਰਸ਼ਨ ਨੇ ਕਿਹੜੇ ਦਰਜੇ ਵਿੱਚ ਦਸਵੀਂ ਪਾਸ ਕੀਤੀ ਸੀ?
ਉੱਤਰ – ਪਹਿਲੇ ਦਰਜੇ ਵਿੱਚ।
ਪ੍ਰਸ਼ਨ 7. ਸ਼ਰਨ ਸਿੰਘ ਸੁਦਰਸ਼ਨ ਦੇ ਪਿਤਾ ਨਾਲ਼ ਆਪਣੇ ਕੀ ਸੰਬੰਧ ਦੱਸਦਾ ਹੈ?
ਉੱਤਰ – ਜਮਾਤੀ ਦੋਸਤ ਦੇ।
ਪ੍ਰਸ਼ਨ 8. ਕਿਸ਼ਨ ਦੇਈ ਦੇ ਘਰ ਸ਼ਰਨ ਸਿੰਘ ਨੂੰ ਪੀਣ ਲਈ ਕੀ ਦਿੱਤਾ ਜਾਂਦਾ ਹੈ?
ਉੱਤਰ – ਸਰਬਤ।
ਪ੍ਰਸ਼ਨ 9. ਸ਼ਰਨ ਸਿੰਘ ਕਿਸ਼ਨ ਦੇਈ ਨੂੰ ਕਿਸ ਤਰ੍ਹਾਂ ਮਕਾਨ ਵੇਚਣ ਲਈ ਤਿਆਰ ਕਰਦਾ ਹੈ?
ਉੱਤਰ – ਚੁਸਤੀ-ਚਲਾਕੀ ਨਾਲ਼।
ਪ੍ਰਸ਼ਨ 10. ਕਿਸ਼ਨ ਦੇਵੀ ਸ਼ਰਨ ਸਿੰਘ ਤੋਂ ਮਕਾਨ ਬਦਲੇ ਕਿੰਨੇ ਪੈਸੇ ਮੰਗਦੀ ਹੈ?
ਉੱਤਰ – ਪੰਜਾਹ ਹਜ਼ਾਰ।
ਪ੍ਰਸ਼ਨ 11. ਕਿਸ਼ਨ ਦੇਈ ਦਾ ਮਕਾਨ ਦਿੱਲੀ ਦੇ ਕਿਹੜੇ ਇਲਾਕੇ ਵਿੱਚ ਸਥਿਤ ਸੀ?
ਉੱਤਰ – ਚਾਂਦਨੀ ਚੌਂਕ ਵਿੱਚ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037