ਪਾਠ-10 ਲੋਕਤੰਤਰ ਦਾ ਅਰਥ ਅਤੇ ਮਹੱਤਵ
ੳ) ਖਾਲੀ ਥਾਂਵਾਂ ਭਰੋ:
1. ਸੀਲੇ ਅਨੁਸਾਰ ਲੋਕਤੰਤਰ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਹਰ ਇੱਕ ਦਾ ਹਿੱਸਾ ਹੁੰਦਾ ਹੈ।
2.ਡੈਮੋਕ੍ਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ Cratia ਤੇ ਮਿਲ ਕੇ ਬਣਿਆ ਹੈ।
ਅ) ਠੀਕ/ ਗ਼ਲਤ ਦੱਸੋ
1.ਲੋਕਤੰਤਰ ਵਿੱਚ ਵੱਖ- ਵੱਖ ਵਿਚਾਰ ਰੱਖਣ ਦੀ ਖੁੱਲ੍ਹ ਨਹੀਂ ਹੁੰਦੀ।(ਗਲਤ)
2.ਲੋਕਤੰਤਰ ਸਪੱਸ਼ਟ ਤੌਰ ‘ਤੇ ਹਿੰਸਾਤਮਕ ਸਾਧਨਾਂ ਦੇ ਵਿਰੁੱਧ ਹੈ ਭਾਵੇਂ ਇਹ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਵਰਤੇ ਜਾਣ? (ਠੀਕ)
3.ਲੋਕਤੰਤਰ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ।(ਠੀਕ)
4.ਨਾਗਰਿਕਾਂ ਦਾ ਚੇਤੰਨ ਹੋਣਾ ਲੋਕਤੰਤਰ ਲਈ ਜ਼ਰੂਰੀ ਹੈ।(ਠੀਕ)
ੲ) ਬਹੁ ਵਿਕਲਪੀ ਪ੍ਰਸ਼ਨ
1.ਲੋਕਤੰਤਰ ਦੀ ਸਫ਼ਲਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਜ਼ਰੂਰੀ ਹੈ
a) ਪੜ੍ਹੇ-ਲਿਖੇ ਲੋਕ
b) ਸੁਚੇਤ ਨਾਗਰਿਕ
c) ਬਾਲਗ-ਮਤ ਅਧਿਕਾਰ
d) ਉਕਤ ਸਾਰੀਆਂ
ਉੱਤਰ: ਉਕਤ ਸਾਰੇ |
2.ਲੋਕਤੰਤਰ (ਡੈਮੋਕ੍ਰੇਸੀ) ਦਾ ਸ਼ਾਬਦਿਕ ਅਰਥ ਹੈ
a) ਇੱਕ ਵਿਅਕਤੀ ਦਾ ਸ਼ਾਸਨ
b) ਨੌਕਰਸ਼ਾਹਾਂ ਦਾ ਸ਼ਾਸਨ
c) ਸੈਨਿਕ ਤਾਨਾਸ਼ਾਹੀ
d) ਲੋਕਾਂ ਦਾ ਸ਼ਾਸਨ
ਉੱਤਰ:ਲੋਕਾਂ ਦਾ ਸ਼ਾਸਨ।
2.ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਡੈਮੋਕ੍ਰੇਸੀ’ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ? ਉਨ੍ਹਾਂ ਦੋਨੋਂ ਸ਼ਬਦਾਂ ਦੇ ਅਰਥ ਲਿਖੋ।
ਉੱਤਰ: ਡੈਮੋਕਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ Cratia ਤੋਂ ਮਿਲ ਕੇ ਬਣਿਆ ਹੈ। Demos ਦਾ ਅਰਥ ਹੈ ਲੋਕ ਅਤੇ Cratia ਦਾ ਅਰਥ ਹੈ ਸ਼ਾਸਨ ਅਰਥਾਤ ਲੋਕਾਂ ਦਾ ਸ਼ਾਸਨ।
ਪ੍ਰਸ਼ਨ 2.ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਹਰਮਨ ਪਿਆਰਾ ਹੋਣ ਦੇ ਦੋ ਕਾਰਨ ਲਿਖੋ।
ਉੱਤਰ:1.ਇਸ ਵਿੱਚ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ ਅਤੇ ਆਲੋਚਨਾ ਕਰਨ ਦਾ ਅਧਿਕਾਰ ਹੁੰਦਾ ਹੈ ।
2.ਲੋਕਤੰਤਰ ਇਕ ਅਜਿਹੀ ਸਰਕਾਰ ਹੈ ਜਿਸ ਵਿਚ ਪ੍ਰਭੂਸੱਤਾ ਜਨਤਾ ਕੋਲ ਹੁੰਦੀ ਹੈ।
ਪ੍ਰਸ਼ਨ 3.ਲੋਕਤੰਤਰ ਦੀ ਸਫ਼ਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਲਿਖੋ |
ਉੱਤਰ: 1.ਖੇਤਰਵਾਦ
2. ਜਾਤੀਵਾਦ ਤੇ ਸੰਪਰਦਾਇਕਤਾ
ਪ੍ਰਸ਼ਨ 4.ਲੋਕਤੰਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ ।
ਉੱਤਰ: ਇਬਰਾਹਿਮ ਲਿੰਕਨ ਦੇ ਅਨੁਸਾਰ- “ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਰਾਹੀਂ ਚੁਣੀ ਹੋਈ ਸਰਕਾਰ ਹੈ”।
ਪ੍ਰਸ਼ਨ 5.ਲੋਕਤੰਤਰ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਲਿਖੋ।
ਉੱਤਰ: 1. ਆਰਥਿਕ ਸਮਾਨਤਾ 2.ਸਮਾਜਿਕ ਸਮਾਨਤਾ
ਪ੍ਰਸ਼ਨ 6.ਲੋਕਤੰਤਰ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ:1.ਲੋਕਤੰਤਰ ਵਿੱਚ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਹੁੰਦੀ ਹੈ। ਲੋਕਤੰਤਰ ਸਹਿਣਸ਼ੀਲਤਾ ਦੇ ਸਿਧਾਂਤ ‘ਤੇ ਆਧਾਰਿਤ ਹੈ।
2.ਇਸ ਵਿੱਚ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ ਅਤੇ ਆਲੋਚਨਾ ਕਰਨ ਦਾ ਅਧਿਕਾਰ ਹੁੰਦਾ ਹੈ।
ਪ੍ਰਸ਼ਨ 7.ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸੋਮਾ ਕੌਣ ਹੁੰਦੇ ਹਨ ?
ਉੱਤਰ: ਲੋਕ
ਪ੍ਰਸ਼ਨ 8.ਲੋਕਤੰਤਰ ਦੇ ਦੋ ਰੂਪ ਕਿਹੜੇ ਹਨ?
ਉੱਤਰ: ਪ੍ਰਤੱਖ ਲੋਕਤੰਤਰ ਤੇ ਅਪ੍ਰਤੱਖ ਲੋਕਤੰਤਰ
3. ਛੋਟੇ ਉੱਤਰਾਂ ਵਾਲੇ ਪਸ਼ਨ
ਪ੍ਰਸ਼ਨ 1. ਲੋਕਤੰਤਰ ਦੀ ਸਫ਼ਲਤਾ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਦਾ ਵਰਣਨ ਕਰੋ।
ਉੱਤਰ:1. ਰਾਜਨੀਤਿਕ ਆਜ਼ਾਦੀ:- ਲੋਕਤੰਤਰ ਦੀ ਸਫ਼ਲਤਾ ਲਈ ਲੋਕਾਂ ਨੂੰ ਭਾਸ਼ਨ ਦੇਣ, ਵਿਚਾਰ ਪ੍ਰਗਟਾਉਣ, ਇਕੱਠੇ ਹੋਣ ਤੇ ਸੰਘ ਬਣਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
2. ਪੜ੍ਹੇ ਲਿਖੇ ਨਾਗਰਿਕ:- ਪੜ੍ਹੇ-ਲਿਖੇ ਲੋਕ ਲੋਕਤੰਤਰ ਨੂੰ ਸਫ਼ਲ ਬਣਾਉਂਦੇ ਹਨ ਕਿਉਂਕਿ ਪੜ੍ਹੇ ਲਿਖੇ ਲੋਕ ਹੀ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਨੂੰ ਸਮਝ ਸਕਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਪ੍ਰਸ਼ਨ 2. ਗ਼ਰੀਬੀ ਲੋਕਤੰਤਰ ਦੇ ਰਾਹ ਵਿੱਚ ਕਿਵੇਂ ਰੁਕਾਵਟ ਬਣਦੀ ਹੈ?
ਉੱਤਰ: ਗ਼ਰੀਬੀ ਲੋਕਤੰਤਰ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ। ਗ਼ਰੀਬ ਵਿਅਕਤੀ ਆਪਣੀ ਵੋਟ ਦਾ ਸਹੀ ਪ੍ਰਯੋਗ ਨਹੀਂ ਕਰ ਸਕਦਾ। ਗ਼ਰੀਬ ਵਿਅਕਤੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਖੁੱਲ੍ਹ ਕੇ ਨਹੀਂ ਕਰ ਸਕਦਾ। ਗ਼ਰੀਬੀ ਲੋਕਤੰਤਰ ਲਈ ਖ਼ਤਰਾ ਹੈ। ਅਮੀਰ ਲੋਕ ਗ਼ਰੀਬ ਲੋਕਾਂ ਦੀਆਂ ਵੋਟਾਂ ਖ਼ਰੀਦਣ ਵਿੱਚ ਸਫ਼ਲ ਹੋ ਜਾਂਦੇ ਹਨ।
ਪ੍ਰਸ਼ਨ 3. ਅਨਪੜ੍ਹਤਾ ਲੋਕਤੰਤਰ ਦੇ ਰਾਹ ਵਿੱਚ ਕਿਵੇਂ ਰੁਕਾਵਟ ਬਣਦੀ ਹੈ? ਵਰਣਨ ਕਰੋ।
ਉੱਤਰ :ਅਨਪੜ੍ਹਤਾ ਲੋਕਤੰਤਰ ਦੀ ਵੱਡੀ ਦੁਸ਼ਮਣ ਹੈ। ਅਨਪੜ੍ਹ ਵਿਅਕਤੀ ਲੋਕਤੰਤਰ ਵਿੱਚ ਅਹਿਮ ਭੂਮਿਕਾ ਨਹੀਂ ਨਿਭਾ ਸਕਦਾ। ਉਸ ਨੂੰ ਦੇਸ਼ ਦੀਆਂ ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ। ਉਹ ਚਲਾਕ ਤੇ ਸਵਾਰਥੀ ਨੇਤਾਵਾਂ ਦੇ ਝੂਠੇ ਵਾਅਦਿਆਂ ਵਿੱਚ ਆ ਕੇ ਆਪਣੀ ਵੋਟ ਦੀ ਵਰਤੋਂ ਸਹੀ ਨਹੀਂ ਕਰ ਸਕਦਾ।
ਪ੍ਰਸ਼ਨ 4. ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫ਼ਲਤਾ ਲਈ ਜ਼ਰੂਰੀ ਹੈ ਇਸ ਕਥਨ ਦੀ ਵਿਆਖਿਆ ਕਰੋ।
ਉੱਤਰ: ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫ਼ਲਤਾ ਲਈ ਜ਼ਰੂਰੀ ਸ਼ਰਤ ਹੈ। ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਭਾਸ਼ਣ ਦੇਣ ਅਤੇ ਆਪਣੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਹੋਈ ਚਾਹੀਦੀ ਹੈ। ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਪ੍ਰਸ਼ਨ 5. ਰਾਜਨੀਤਿਕ ਦਲਾਂ ਦੀ ਹੋਂਦ ਲੋਕਤੰਤਰ ਲਈ ਕਿਉਂ ਜ਼ਰੂਰੀ ਹੈ? ਇਸ ਕਥਨ ਦੀ ਵਿਆਖਿਆ ਕਰੋ |
ਜਾਂ
ਰਾਜਨੀਤਿਕ ਦਲ ਲੋਕਤੰਤਰ ਦੀ ਗੱਡੀ ਦੇ ਪਹੀਏ ਹੁੰਦੇ ਹਨ। ਇਸ ਕਥਨ ਦੀ ਵਿਆਖਿਆ ਕਰੋ।
ਉੱਤਰ: ਰਾਜਨੀਤਿਕ ਦਲ ਲੋਕਤੰਤਰ ਦੀ ਗੱਡੀ ਦੇ ਪਹੀਏ ਹੁੰਦੇ ਹਨ। ਵੱਖ-ਵੱਖ ਵਿਚਾਰ ਹੋਣ ਦੇ ਕਾਰਨ ਹੀ ਵੱਖ-ਵੱਖ ਰਾਜਨੀਤਿਕ ਦਲ ਸਮਾਜ ਵਿੱਚ ਹੋਂਦ ਵਿੱਚ ਆਉਂਦੇ ਹਨ। ਰਾਜਨੀਤਿਕ ਪਾਰਟੀਆਂ ਅਜਿਹੇ ਯੰਤਰ ਹਨ ਜਿਨ੍ਹਾਂ ਦੁਆਰਾ ਵੱਖ ਵੱਖ ਵਿਚਾਰਾਂ ਨੂੰ ਸਮਾਜ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਫਿਰ ਇਸ ਨੂੰ ਰਾਜ ਪੱਧਰ ‘ਤੇ ਪ੍ਰਗਟ ਕੀਤਾ ਜਾਂਦਾ ਹੈ। ਰਾਜਨੀਤਕ ਦਲ ਲੋਕਤੰਤਰ ਵਿੱਚ ਲੋਕਾਂ ਅਤੇ ਸਰਕਾਰ ਦੇ ਵਿਚਕਾਰ ਪੁਲ ਦਾ ਕੰਮ ਕਰਦੇ ਹਨ।
ਪ੍ਰਸ਼ਨ 6. ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਲਈ ਕਿਉਂ ਜ਼ਰੂਰੀ ਹੈ?
ਉੱਤਰ: ਲੋਕਤੰਤਰ ਦੀ ਸਫ਼ਲਤਾ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਾਂ ਨੂੰ ਪ੍ਰਸ਼ਾਸਨ ਚਲਾਉਣ ਦੀ ਕਲਾ ਵਿੱਚ ਸਿੱਖਿਅਤ ਕਰਦਾ ਹੈ। ਸ਼ਕਤੀਆਂ ਦੇ ਵਿਕੇਂਦਰੀਕਰਨ ਕਾਰਨ ਸਰਕਾਰ ਦਾ ਕੋਈ ਵੀ ਅੰਗ ਜਾਂ ਅਧਿਕਾਰੀ ਤਾਨਾਸ਼ਾਹ ਨਹੀਂ ਬਣ ਸਕਦਾ।
ਪ੍ਰਸ਼ਨ 7. ਲੋਕਤੰਤਰ ਦੇ ਕੋਈ ਦੋ ਸਿਧਾਂਤਾਂ ਦੀ ਵਿਆਖਿਆ ਕਰੋ।
ਉੱਤਰ:1. ਲੋਕਤੰਤਰ ਵਿੱਚ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟ ਕਰਨ, ਆਲੋਚਨਾ ਕਰਨ ਤੇ ਦੂਜਿਆਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਦਿੰਦਾ ਹੈ।
2. ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਵਿੱਚ ਪ੍ਰਭੂਸੱਤਾ ਜਨਤਾ ਕੋਲ ਹੁੰਦੀ ਹੈ।
4. ਵੱਡੇ ਉੱਤਰਾਂ ਵਾਲੇ ਪਸ਼ਨ
ਪ੍ਰਸ਼ਨ 1. ਲੋਕਤੰਤਰ ਦੇ ਮੁੱਢਲੇ ਸਿਧਾਂਤਾਂ ਦਾ ਸੰਖੇਪ ਵਿੱਚ ਵਰਣਨ ਕਰੋ।
ਉੱਤਰ: 1) ਲੋਕਤੰਤਰ ਵਿੱਚ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟ ਕਰਨ, ਆਲੋਚਨਾ ਕਰਨ ਤੇ ਦੂਜਿਆਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਦਿੰਦਾ ਹੈ।
2) ਲੋਕਤੰਤਰ ਨਿਸ਼ਚਿਤ ਤੌਰ ‘ਤੇ ਸ਼ਹਿਣਸ਼ੀਲਤਾ ‘ਤੇ ਆਧਾਰਿਤ ਹੈ।
3) ਲੋਕਤੰਤਰ ਮਨੁੱਖ ਦੀ ਸ਼ਖ਼ਸੀਅਤ ਤੇ ਗੌਰਵ ਨੂੰ ਯਕੀਨੀ ਬਣਾਉਂਦਾ ਹੈ। ਇਸੇ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ।
4) ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਪ੍ਰਭੂਸੱਤਾ ਜਨਤਾ ਕੋਲ ਹੁੰਦੀ ਹੈ।
5) ਲੋਕਤੰਤਰ ਲੋਕਾਂ ਦੇ ਪ੍ਰਤੀਨਿਧਾਂ ਦੀ ਸਰਕਾਰ ਹੁੰਦੀ ਹੈ ਜਿਹੜੇ ਕਿ ਬਾਲਗ ਨਾਗਰਿਕਾਂ ਦੁਆਰਾ ਚੁਣੇ ਜਾਂਦੇ ਹਨ।
6) ਲੋਕਤੰਤਰ ਸਰਕਾਰ ਸੰਵਿਧਾਨ ਅਨੁਸਾਰ ਕੰਮ ਕਰਦੀ ਹੈ ਜਿਹੜਾ ਸੰਵਿਧਾਨ ਲੋਕਾਂ ਦੁਆਰਾ ਪ੍ਰਵਾਨ ਕੀਤਾ ਗਿਆ ਹੋਵੇ।
7) ਲੋਕਤੰਤਰ ਵਿੱਚ ਸਾਰੇ ਲੋਕਾਂ ਦੀ ਭਲਾਈ ਦਾ ਉਦੇਸ਼ ਛੁਪਿਆ ਹੁੰਦਾ ਹੈ।
ਪ੍ਰਸ਼ਨ 2. ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਮੁੱਖ ਰੁਕਾਵਟਾਂ ਦਾ ਸੰਖੇਪ ਵਿੱਚ ਵਰਣਨ ਕਰੋ?
ਉੱਤਰ: 1.ਖੇਤਰਵਾਦ- ਲੋਕਾਂ ਅੰਦਰ ਖੇਤਰਵਾਦ ਦੀ ਭਾਵਨਾ ਲੋਕਤੰਤਰ ਨੂੰ ਖ਼ਤਰੇ ਵਿੱਚ ਪਾ ਦਿੰਦੀ ਹੈ। ਖੇਤਰੀਵਾਦ ਦੀ ਭਾਵਨਾ ਲੋਕਾਂ ਦੀ ਸੋਚ ਨੂੰ ਛੋਟਾ ਬਣਾ ਦਿੰਦੀ ਹੈ। ਉਹ ਰਾਸ਼ਟਰੀ ਹਿੱਤਾਂ ਦੀ ਥਾਂ ‘ਤੇ ਆਪਣੇ ਖੇਤਰੀ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।
2. ਜਾਤੀਵਾਦ ਅਤੇ ਸੰਪਰਦਾਇਕਤਾ- ਜਾਤੀਵਾਦ ਅਤੇ ਸੰਪਰਦਾਇਕਤਾ ਸਮਾਜ ਵਿੱਚ ਨਫ਼ਰਤ ਅਤੇ ਤਣਾਅ ਪੈਦਾ ਕਰਦੇ ਹਨ। ਜਾਤੀਵਾਦ ਅਤੇ ਸੰਪਰਦਾਇਕਤਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਹਨ।
3.ਅਨਪੜ੍ਹਤਾ- ਅਨਪੜ੍ਹ ਵਿਅਕਤੀ ਲੋਕਤੰਤਰ ਵਿੱਚ ਅਹਿਮ ਭੂਮਿਕਾ ਨਹੀਂ ਨਿਭਾ ਸਕਦਾ। ਉਸ ਨੂੰ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ। ਉਹ ਸਵਾਰਥੀ ਨੇਤਾਵਾਂ ਦੇ ਝੂਠੇ ਵਾਅਦਿਆਂ ਵਿੱਚ ਆ ਕੇ ਆਪਣੇ ਵੋਟ ਦੀ ਸਹੀ ਵਰਤੋਂ ਨਹੀਂ ਕਰ ਸਕਦਾ।
4.ਗਰੀਬੀ- ਲੋਕਤੰਤਰ ਦੇ ਰਾਹ ਵਿੱਚ ਗ਼ਰੀਬੀ ਵੀ ਇੱਕ ਵੱਡੀ ਰੁਕਾਵਟ ਹੈ। ਗ਼ਰੀਬ ਵਿਅਕਤੀ ਆਪਣੀ ਵੋਟ ਦਾ ਸਹੀ ਪ੍ਰਯੋਗ ਨਹੀਂ ਕਰ ਸਕਦਾ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਖੁੱਲ੍ਹ ਕੇ ਨਹੀਂ ਕਰ ਸਕਦਾ। ਅਮੀਰ ਵਿਅਕਤੀ ਗ਼ਰੀਬਾਂ ਦੀਆਂ ਵੋਟਾਂ ਖ਼ਰੀਦਣ ਵਿੱਚ ਕਾਮਯਾਬ ਹੋ ਜਾਂਦੇ ਹਨ।
5.ਬਿਮਾਰੀ-ਬਿਮਾਰੀ ਵੀ ਲੋਕਤੰਤਰ ਦੀ ਰਾਹ ਵਿੱਚ ਵੱਡੀ ਰੁਕਾਵਟ ਹੈ ਕਿਉਂਕਿ ਲੰਮੀ ਬੀਮਾਰੀ ਭੋਗ ਰਹੇ ਵਿਅਕਤੀਆਂ ਦੀ ਜਨਤਕ ਮਾਮਲਿਆਂ ਵਿਚ ਕੋਈ ਰੁਚੀ ਨਹੀਂ ਰਹਿੰਦੀ।
ਪ੍ਰਸ਼ਨ 3. ਲੋਕਤੰਤਰ ਦੀ ਸਫ਼ਲਤਾ ਲਈ ਕੋਈ ਪੰਜ ਜ਼ਰੂਰੀ ਸ਼ਰਤਾਂ ਦਾ ਸੰਖੇਪ ਵਰਣਨ ਕਰੋ?
ਉੱਤਰ- 1) ਰਾਜਨੀਤਕ ਆਜ਼ਾਦੀ- ਲੋਕਤੰਤਰ ਦੀ ਸਫ਼ਲਤਾ ਲਈ ਲੋਕਾਂ ਨੂੰ ਭਾਸ਼ਨ ਦੇਣ, ਵਿਚਾਰ ਪ੍ਰਗਟਾਉਣ, ਇਕੱਠੇ ਹੋਣ ਤੇ ਸੰਘ ਬਣਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ।
2. ਸਮਾਜਿਕ ਸਮਾਨਤਾ- ਸਮਾਜਿਕ ਸਮਾਨਤਾ ਲੋਕਤੰਤਰ ਦੀ ਸਫ਼ਲਤਾ ਲਈ ਜ਼ਰੂਰੀ ਹੈ। ਸਮਾਜ ਵਿਚ ਲੋਕਾਂ ਨਾਲ ਨਸਲ, ਧਰਮ, ਲਿੰਗ, ਜਨਮ, ਜਾਤੀ ਦੇ ਆਧਾਰ’ ‘ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।
3.ਪੜ੍ਹੇ ਲਿਖੇ ਨਾਗਰਿਕ- ਪੜ੍ਹੇ ਲਿਖੇ ਨਾਗਰਿਕ ਲੋਕਤੰਤਰ ਨੂੰ ਸਫ਼ਲ ਬਣਾਉਂਦੇ ਹਨ। ਕੇਵਲ ਪੜ੍ਹੇ ਲਿਖੇ ਲੋਕ ਹੀ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
4. ਨੈਤਿਕ ਆਚਰਣ- ਉੱਚੇ ਨੈਤਿਕ ਆਚਰਣ ਵਾਲੇ ਲੋਕ ਲੋਕਤੰਤਰ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭ੍ਰਿਸ਼ਟ ਰਾਜਨੀਤਿਕ ਨੇਤਾ ਅਤੇ ਸ਼ਾਸਕ ਲੋਕਤੰਤਰ ਦੇ ਰਸਤੇ ਵਿੱਚ ਵੱਡੀ ਰੁਕਾਵਟ ਹੁੰਦੇ ਹਨ।
5. ਚੇਤੰਨ ਨਾਗਰਿਕ- ਲੋਕਤੰਤਰ ਦੀ ਸਫ਼ਲਤਾ ਲਈ ਨਾਗਰਿਕਾਂ ਦਾ ਚੇਤੰਨ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ ਕਿਉਂਕਿ ਚੇਤੰਨ ਅਤੇ ਜਾਗਰੂਕ ਨਾਗਰਿਕ ਕਿਸੇ ਵੀ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਦੇ ਹਨ।
ਪ੍ਰਸ਼ਨ 4.ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਕੋਈ ਇੱਕ ਪਰਿਭਾਸ਼ਾ ਦਿਓ ਅਤੇ ਲੋਕਤੰਤਰ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ?
ਉੱਤਰ- ਲੋਕਤੰਤਰ ਦੀ ਪਰਿਭਾਸ਼ਾ
1.ਐਬਰਾਹਿਮ ਲਿੰਕਨ -“ਲੋਕਤੰਤਰ ਦੀ ਸਭ ਤੋਂ ਸੁੰਦਰ ਪਰਿਭਾਸ਼ਾ, ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਰਾਹੀਂ ਚੁਣੀ ਹੋਈ ਸਰਕਾਰ ਹੈ”।
ਲੋਕਤੰਤਰ ਦਾ ਮਹੱਤਵ
1. ਦੇਸ਼ ਭਗਤੀ ਦੀ ਭਾਵਨਾ ਵਿੱਚ ਵਾਧਾ- ਲੋਕਤੰਤਰ ਸ਼ਾਸਨ ਪ੍ਰਣਾਲੀ ਲੋਕਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੀ ਹੈ। ਜਨਤਾ ਜਦੋਂ ਆਪਏ ਪ੍ਰਤਨਿਧੀ ਚੁਣਦੀ ਹੈ ਤਾਂ ਉਹਨਾਂ ਅੰਦਰ ਇਹ ਭਾਵਨਾ ਆਉਂਦੀ ਹੈ ਕਿ ਉਹਨਾਂ ਦੀ ਵੀ ਦੇਸ਼ ਦੇ ਸ਼ਾਸਨ ਨੂੰ ਚਲਾਉਣ ਵਿੱਚ ਭਾਗੀਦਾਰੀ ਹੈ।
2. ਲੋਕਤੰਤਰ ਸਮਾਨਤਾ ‘ਤੇ ਆਧਾਰਿਤ ਹੈ- ਲੋਕਤੰਤਰ ਨੈਤਿਕ ਸਰੂਪ ਦੀ ਪ੍ਰਣਾਲੀ ਹੈ ਕਿਉਂਕਿ ਇਸ ਵਿੱਚ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ।
3. ਲੋਕ ਮੱਤ ਦੀ ਪ੍ਰਤੀਨਿਧਤਾ- ਲੋਕਤੰਤਰੀ ਸਰਕਾਰ ਲੋਕਾਂ ਦੀ ਅਸਲੀ ਪ੍ਰਤੀਨਿਧ ਸਰਕਾਰ ਹੁੰਦੀ ਹੈ। ਲੋਕਤੰਤਰ ਸਰਕਾਰ ਸ਼ਾਸਤ ਲੋਕਾਂ ਦੀ ਸਾਧਾਰਨ ਇੱਛਾ ਅਨੁਸਾਰ ਕਾਨੂੰਨ ਬਣਾਉਂਦੀ ਹੈ।
4. ਲੋਕਤੰਤਰ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਂਦਾ ਹੈ- ਕੇਵਲ ਲੋਕਤੰਤਰ ਸਰਕਾਰ ਵਿੱਚ ਹੀ ਵਿਅਕਤੀਆਂ ਦੀ ਆਜ਼ਾਦੀ ਅਤੇ ਅਧਿਕਾਰਾਂ ਨੂੰ ਕਾਇਮ ਰੱਖਿਆ ਜਾਂਦਾ ਹੈ। ਲੋਕਤੰਤਰ ਵਿੱਚ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਅਤੇ ਸ਼ਾਂਤੀਪੂਰਵਕ ਢੰਗ ਨਾਲ ਇੱਕਠੇ ਹੋਣ ਦੀ ਆਜ਼ਾਦੀ ਹੁੰਦੀ ਹੈ।
5. ਲੋਕਤੰਤਰ ਵਿੱਚ ਜਨਤਾ ਅੰਦਰ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ ਹੈ – ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਦੇ ਮੁਕਾਬਲੇ ਲੋਕਾਂ ਅੰਦਰ ਵਧੇਰੇ ਚੰਗੇ ਗੁਣ ਪੈਦਾ ਕਰਦੀ ਹੈ। ਇਹ ਲੋਕਾਂ ਨੂੰ ਸਹਿਣਸ਼ੀਲਤਾ, ਸਹਿਯੋਗ ਤੇ ਆਤਮ ਬਲੀਦਾਨ ਦੇ ਗੁਣ ਸਿਖਾਉਂਦੀ ਹੈ।
ਤਿਆਰ ਕਰਤਾ: ਬਲਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਮਗਰਮੂਧੀਆਂ (ਗੁਰਦਾਸਪੁਰ)
Vetted by: ਰਣਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਤਿੱਬੜ (ਗੁਰਦਾਸਪੁਰ)