9. ਪ੍ਰੋ. ਮੋਹਨ ਸਿੰਘ
1. ਅੱਗਿਉਂ ਅੱਗੇ ਚੱਲਣਾ
(ੳ) ਅਸਾਂ ਤੇ ਹੁਣ ਅੱਗਿਉਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ ਢਲਣਾ।
ਰਿਹਾ ਨਾ ਜਦ ਲਾਂਭ–ਚਾਂਭ ਤੱਕਣਾ, ਸਾਨੂੰ ਕੀ ਫਿਰ ਸੋਨ–ਮ੍ਰਿਗਾਂ ਛਲਣਾ।
ਅਸਾਂ ਤੇ ਸੱਤੇ ਸਾਗਰ ਟੱਪ ਜਾਣਾ, ਅਸਾਂ ਤੇ ਪੈਰੀਂ ਤਾਰਿਆਂ ਨੂੰ ਮਲਣਾ।
ਅਸਾਂ ਤੇ ਅਜੇ ਹੋਰ ਉਤਾਂਹ ਚੜ੍ਹਨਾ। ਅਸਾਂ ਤੇ ਸੀਨਾ ਗਗਨਾਂ ਦਾ ਸੱਲਣਾ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਅੱਗਿਓਂ ਅੱਗੇ ਚਲਣਾ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹਿਣ ਦੀ ਭਾਵਨਾ ਅਤੇ ਜਜਬੇ ਨੂੰ ਅੰਕਿਤ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਦ੍ਰਿੜ ਇਰਾਦੇ ਨਾਲ਼ ਅੱਗੇ ਵਧਦੇ ਸਮੇਂ ਔਕੜਾਂ ਨੂੰ ਪਾਰ ਕਰਨ ਦੀ ਭਾਵਨਾ ਨੂੰ ਵਿਅਕਤ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਅਸੀਂ ਤਾਂ ਹੁਣ ਅੱਗੇ ਤੋਂ ਅੱਗੇ ਹੀ ਚੱਲਦੇ ਰਹਿਣਾ ਹੈ। ਅਸੀਂ ਹੁਣ ਕਿਸੇ ਥਾਂ ਰੁਕੇ ਤੋਂ ਬਿਨਾਂ ਅੱਗੇ ਚੱਲਦੇ ਰਹਿਣਾ ਹੈ। ਜਦੋਂ ਸਾਡੇ ਇਧਰ–ਉਧਰ ਤੱਕਣ ਲਈ ਕੁਝ ਨਾ ਹੋਇਆ ਫਿਰ ਸਾਨੂੰ ਕੋਈ ਵੀ ਭੜਕਣਾ ਸੋਨੇ ਦੇ ਹਿਰਨ ਵੀ ਰਸਤੇ ਤੋਂ ਨਹੀਂ ਭਟਕਾ ਸਕਦੇ। ਇਸ ਤਰ੍ਹਾਂ ਤਾਂ ਅਸੀਂ ਆਪਣੇ ਕਦਮਾਂ ਨਾਲ਼ ਚੱਲਦਿਆਂ ਸੱਤਾਂ ਮਹਾਂਸਾਗਰਾਂ ਨੂੰ ਪਾਰ ਕਰਦਿਆਂ ਅਤੇ ਤਾਰਿਆਂ ਨੂੰ ਪੈਰਾਂ ਹੇਠ ਮਲਦਿਆਂ ਹੀ ਅੱਗੇ ਵਧਦੇ ਜਾਣਾ ਹੈ। ਅਸੀਂ ਤਾਂ ਤਾਰਿਆਂ ਤੋਂ ਵੀ ਹੋਰ ਅੱਗੇ ਜਾਣਾ ਹੈ ਅਤੇ ਅਸਮਾਨਾਂ ਦੇ ਸੀਨੇ ਵਿੱਚ ਛੇਕ ਕਰਦੇ ਹੋਏ ਉਸ ਨੂੰ ਵੀ ਪਾਰ ਕਰ ਜਾਣਾ ਹੈ।
(ਅ) ਅਸਾਂ ਤੇ ਲਾ ਪਿਆਰ–ਖੰਭ ਉੱਡਣਾ। ਸਾਨੂੰ ਕੀ ਇਸ ਧਰਤ–ਅੰਬਰ ਵੱਲਣਾ।
ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ, ਸਾਨੂੰ ਕੀ ਇਸ ਲੋਕ–ਲਾਜ ਠੱਲ੍ਹਣਾ।
ਅਜੇ ਤਾਂ ਇੱਕੋ ਚਿਣਗ ਲੱਗੀ ਸਾਨੂੰ, ਅਜੇ ਤਾਂ ਅਸਾਂ ਭਾਂਬੜ ਬਣ ਬਲਣਾ।
ਅਜੇ ਤਾਂ ਇੱਕੋ ਬੂੰਦ ਮਿਲ਼ੀ ਸਾਨੂੰ, ਅਜੇ ਤਾਂ ਅਸੀਂ ਪਿਆਲਿਆਂ ’ਤੇ ਪਲਣਾ।
ਅਸਾਂ ਤਾਂ ਹੁਣ ਅੱਗਿਉਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ ਢਲਣਾ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਅੱਗਿਓਂ ਅੱਗੇ ਚਲਣਾ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹਿਣ ਦੀ ਭਾਵਨਾ ਅਤੇ ਜਜਬੇ ਨੂੰ ਅੰਕਿਤ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਦ੍ਰਿੜ ਇਰਾਦੇ ਨਾਲ਼ ਅੱਗੇ ਵਧਦੇ ਸਮੇਂ ਔਕੜਾਂ ਨੂੰ ਪਾਰ ਕਰਨ ਦੀ ਭਾਵਨਾ ਨੂੰ ਵਿਅਕਤ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਅਸੀਂ ਪਿਆਰ ਦੇ ਖੰਭ ਲਾ ਅਸਮਾਨ ਵਿੱਚ ਉੱਡਣਾ ਹੈ। ਇਸ ਤਰ੍ਹਾਂ ਉੱਡਦਿਆਂ ਸਾਨੂੰ ਧਰਤੀ ਤੇ ਅਕਾਸ਼ ਵੀ ਰੋਕ ਨਹੀਂ ਸਕਦੇ। ਇਸ ਤਰ੍ਹਾਂ ਅੱਗੇ ਵਧਦੇ ਜਾਂਦਿਆਂ ਨੂੰ ਨਾਂ ਤਾਂ ਕੋਈ ਆਫਤ ਹੀ ਰੋਕ ਸਕਦੀ ਹੈ ਅਤੇ ਨਾ ਹੀ ਸਾਨੂੰ ਅੱਗੇ ਵਧਦਿਆਂ ਨੂੰ ਕੋਈ ਲੋਕ–ਲਾਜ ਰੋਕ ਸਕਦੀ ਹੈ। ਅਜੇ ਤਾਂ ਸਾਨੂੰ ਅੱਗੇ ਵਧਣ ਦੀ ਇੱਕ ਹੀ ਚਿੰਗਿਆੜੀ ਲੱਗੀ ਹੈ ਅਜੇ ਤਾਂ ਅਸੀਂ ਅੱਗੇ ਵਧਦਿਆਂ ਇਸ ਚਿੰਗਿਆੜੀ ਤੋਂ ਭਾਂਬੜ ਬਣ ਕੇ ਬਲਣਾ ਹੈ। ਅਜੇ ਤਾਂ ਸਾਨੂੰ ਅੱਗੇ ਵਧਣ ਦੀ ਲਗਨ ਅਤੇ ਪ੍ਰੇਰਨਾ ਦੀ ਇੱਕ ਹੀ ਬੂੰਦ ਮਿਲੀ ਹੈ, ਅਜੇ ਤਾਂ ਅਸੀਂ ਆਪਣੀ ਸਫਲਤਾ ਦੇ ਪਿਆਲੇ ਭਰ–ਭਰ ਕੇ ਪੀਣੇ ਹਨ। ਇਸ ਤਰ੍ਹਾਂ ਕਵੀ ਕਹਿੰਦਾ ਕਿ ਅਸੀਂ ਹੁਣ ਅੱਗੇ ਤੋਂ ਅੱਗੇ ਵਧਦੇ ਜਾਣਾ ਹੈ ਅਤੇ ਕਿਤੇ ਵੀ ਰੁਕਣਾ ਨਹੀਂ।
ਕੇਂਦਰੀ ਭਾਵ
ਅਸੀਂ ਹੁਣ ਆਪਣੇ ਜੀਵਨ ਵਿੱਚ ਅੱਗੇ ਤੋਂ ਅੱਗੇ ਵਧਦੇ ਹੋਏ ਧਰਤੀ, ਸਮੁੰਦਰਾਂ ਅਤੇ ਅਸਮਾਨਾਂ ਨੂੰ ਵੀ ਪਾਰ ਕਰ ਜਾਣਾ ਹੈ। ਸਾਨੂੰ ਹੁਣ ਕੋਈ ਵੀ ਆਫਤ ਤੇ ਲੋਕ-ਲਾਜ ਰੋਕ ਨਹੀਂ ਸਕਦੀ।
2. ਗੁਰੂ ਨਾਨਕ ਨੂੰ
(ੳ) ਆ ਬਾਬਾ ਤੇਰਾ ਵਤਨ ਹੈ, ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ, ਮੁੜ ਸ਼ੈਤਾਨ ਹੋ ਗਿਆ।
‘ਕਲਯੁਗ’ ਹੈ ਰੱਥ ਅਗਨ ਦਾ, ਤੂੰ ਆਪ ਆਖਿਆ, ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ।
ਜੋ ਖ਼ਾਬ ਸੀ ਤੂੰ ਦੇਖਿਆ, ਵਣ ਥੱਲੇ ਸੁੱਤਿਆਂ, ਸੋਹਣਾ ਉਹ ਤੇਰਾ ਖ਼ਾਬ, ਪਰੇਸ਼ਾਨ ਹੋ ਗਿਆ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਗੁਰੂ ਨਾਨਕ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੁੰਦਿਆਂ 1947 ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਹੋਏ ਦਰਦਨਾਕ ਫ਼ਿਰਕੂ ਘੱਲੂਘਾਰੇ ਉੱਪਰ ਦੁੱਖ ਪ੍ਰਗਟ ਕੀਤਾ ਜ਼ਿਕਰ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਆ ਕੇ ਦੇਖ ਲਵੋ ਤੁਹਾਡਾ ਵਤਨ ਪੰਜਾਬ ਕਿਸ ਤਰ੍ਹਾਂ ਮੁੜ ਵੀਰਾਨ ਹੋ ਗਿਆ ਹੈ। ਰੱਬ ਦੇ ਘਰਾਂ ਦੀ ਰਾਖੀ ਅਤੇ ਸਾਂਭ-ਸੰਭਾਲ਼ ਕਰਨ ਵਾਲ਼ਾ ਖੁਦ ਹੀ ਅੱਜ ਫਿਰ ਸ਼ੈਤਾਨ ਬਣ ਗਿਆ ਹੈ। ਆਪ ਜੀ ਇਹ ਫਰਮਾਇਆ ਸੀ ਕਿ ਕਲਯੁਗ ਅਗਨ ਦਾ ਰੱਥ ਹੈ। ਪਰ ਅੱਜ ਇਸ ਅਗਨ ਦੇ ਰਥ ਦਾ ਰਥਵਾਨ ਕੂੜ ਪ੍ਰਚਾਰ ਕਰਨ ਵਾਲ਼ਾ ਬਣ ਗਿਆ ਹੈ। ਭਾਵ ਮੁੜ ਜ਼ੁਲਮ ਤੇ ਝੂਠ ਪ੍ਰਧਾਨ ਹੋ ਗਿਆ ਹੈ। ਆਪ ਜੀ ਵੱਲੋਂ ਜਿਹੜਾ ਏਕਤਾ ਦਾ ਸੁਪਨਾ ਵਣ ਦੇ ਰੁੱਖ ਹੇਠ ਸੁੱਤਿਆਂ ਦੇਖਿਆ ਸੀ ਅੱਜ ਉਹ ਸੋਹਣਾ ਸੁਪਨਾ ਬਿਖਰ ਕੇ ਪਰੇਸ਼ਾਨ ਹੋ ਗਿਆ ਹੈ।
(ਅ) ਉਹ ਮੱਚੇ ਤੇਰੇ ਦੇਸ ਦੀ, ਹਿੱਕ ‘ਤੇ ਉਲੰਬੜੇ, ਪੰਜ–ਪਾਣੀਆਂ ਦਾ ਪਾਣੀ ਵੀ, ਹੈਰਾਨ ਹੋ ਗਿਆ।
ਉਹ ਝੁੱਲੀਆਂ ਤੇਰੇ ਦੇਸ ‘ਤੇ, ਮਾਰੂ ਹਨੇਰੀਆਂ, ਉੱਡ ਕੇ ਅਸਾਡਾ ਆਹਲਣਾ ਕੱਖ਼–ਕਾਨ ਹੋ ਗਿਆ।
ਜੁੱਗਾਂ ਦੀ ਸਾਂਝੀ ਸੱਭਿਤਾ ਪੈਰੀਂ ਲਿਤੜ ਗਈ, ਸਦੀਆਂ ਦੇ ਸਾਂਝੇ, ਖ਼ੂਨ ਦਾ ਵੀ ਨ੍ਹਾਣ ਹੋ ਗਿਆ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਗੁਰੂ ਨਾਨਕ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੁੰਦਿਆਂ 1947 ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਹੋਏ ਦਰਦਨਾਕ ਫ਼ਿਰਕੂ ਘੱਲੂਘਾਰੇ ਉੱਪਰ ਦੁੱਖ ਪ੍ਰਗਟ ਕੀਤਾ ਜ਼ਿਕਰ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਤੇਰੇ ਦੇਸ਼ ਪੰਜਾਬ ਦੀ ਹਿੱਕ ‘ਤੇ ਫ਼ਿਰਕੂਪੁਣੇ ਦੀ ਅੱਗ ਦੇ ਜੋ ਭਾਂਬੜ ਬਲੇ ਹਨ, ਉਨ੍ਹਾਂ ਨਾਲ਼ ਤਾਂ ਪੰਜ ਦਰਿਆਵਾਂ ਦਾ ਪਾਣੀ ਵੀ ਹੈਰਾਨ ਹੋ ਗਿਆ। ਤੇਰੇ ਪੰਜਾਬ ਉੱਪਰ ਫ਼ਿਰਕੂਵਾਦ ਦੀਆਂ ਜੋ ਮਾਰੂ ਹਨੇਰੀਆਂ ਚੱਲੀਆਂ ਹਨ, ਉਨ੍ਹਾਂ ਨਾਲ਼ ਸਾਡਾ ਆਲ੍ਹਣਾ (ਭਾਵ ਪੰਜਾਬ) ਉੱਡ ਕੇ ਤੀਲ੍ਹਾ–ਤੀਲ੍ਹਾ ਹੋ ਗਿਆ ਹੈ। ਇਸ ਫ਼ਿਰਕੂਵਾਦ ਦੇ ਘੱਲੂਘਾਰੇ ਨਾਲ਼ ਸਾਡੀ ਜੁਗਾਂ ਦੀ ਧਾਰਮਿਕ ਤੌਰ ’ਤੇ ਸਾਂਝੀ ਸੱਭਿਅਤਾ ਫ਼ਿਰਕੂਵਾਦ ਦੇ ਪੈਰਾਂ ਹੇਠ ਲਿਤੜ ਗਈ ਹੈ ਅਤੇ ਸਾਡੇ ਲੋਕ ਸਦੀਆਂ ਦੇ ਸਾਂਝੇ ਖ਼ੂਨ ਨੂੰ ਭੁੱਲ ਕੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਹਨ।
(ੲ) ਵੰਡ ਬੈਠੇ ਤੇਰੇ ਪੁੱਤ ਨੇ, ਸਾਂਝੇ ਸਵਰਗ ਨੂੰ, ਵੰਡਿਆ ਸਵਰਗ, ਨਰਕ ਦਾ ਸਮਿਆਨ ਹੋ ਗਿਆ।
ਓਧਰ ਧਰਮ–ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ, ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ।
ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪੱਤ ਗਈ, ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਗੁਰੂ ਨਾਨਕ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੁੰਦਿਆਂ 1947 ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਹੋਏ ਦਰਦਨਾਕ ਫ਼ਿਰਕੂ ਘੱਲੂਘਾਰੇ ਉੱਪਰ ਦੁੱਖ ਪ੍ਰਗਟ ਕੀਤਾ ਜ਼ਿਕਰ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਤੇਰੇ ਪੁੱਤਰ ਹਿੰਦੂ ਤੇ ਮੁਸਲਮਾਨ ਆਪਣੇ ਸਾਂਝੇ ਸਵਰਗ ਸਮਾਨ ਪੰਜਾਬ ਨੂੰ ਵੰਡ ਬੈਠੇ ਹਨ ਤੇ ਇਸ ਵੰਡ ਨਾਲ਼ ਇਹ ਸਵਰਗ ਨਰਕ ਵਾਂਗ ਬਣ ਗਿਆ। ਇੱਕ ਪਾਸੇ ਪੱਛਮ ਦੇ ਪੰਜਾਬ(ਪਾਕਿਸਤਾਨ) ਵਿੱਚ ਪਵਿੱਤਰ ਧਾਰਮਿਕ ਗ੍ਰੰਥਾਂ ਤੇ ਮੰਦਰਾਂ ਦਾ ਜਸ ਖ਼ਤਮ ਹੋ ਗਿਆ ਅਤੇ ਦੂਜੇ ਪਾਸੇ ਪੂਰਬ ਵਾਲ਼ੇ ਪੰਜਾਬ(ਭਾਰਤ) ਵਿੱਚ ਵੀ ਮਸੀਤਾਂ ਵਿੱਚੋਂ ਪਵਿੱਤਰ ਕੁਰਾਨ ਬਾਹਰ ਕੱਢ ਦਿੱਤਾ ਗਿਆ ਹੈ। ਇਸ ਘੱਲੂਘਾਰੇ ਵਿੱਚ ਹਿੰਦੂ ਤੇ ਮੁਸਲਮਾਨ ਦੋਹਾਂ ਇਸਤਰੀਆਂ ਦੀ ਇੱਜਤ ਰੋਲ ਕੇ ਬੁਰਕੇ ਤੇ ਸੰਧੂਰ ਦੋਹਾਂ ਦਾ ਅਪਮਾਨ ਕੀਤਾ ਗਿਆ।
(ਸ) ਇੱਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।
ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ, ਦੋਂਹਾਂ ਅੱਖਾਂ ਦਾ, ਹਾਸ ਤੇ ਨੁਕਸਾਨ ਹੋ ਗਿਆ।
ਕੁਝ ਐਸਾ ਕੁਫ਼ਰ ਤੋਲਿਆ, ਈਮਾਨ ਵਾਲ਼ਿਆਂ, ਕਿ ਕੁਫ਼ਰ ਤੋਂ ਵੀ ਹੌਲ਼ਾ, ਹੈ ਈਮਾਨ ਹੋ ਗਿਆ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਗੁਰੂ ਨਾਨਕ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੁੰਦਿਆਂ 1947 ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਹੋਏ ਦਰਦਨਾਕ ਫ਼ਿਰਕੂ ਘੱਲੂਘਾਰੇ ਉੱਪਰ ਦੁੱਖ ਪ੍ਰਗਟ ਕੀਤਾ ਜ਼ਿਕਰ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਤੇਰੇ ਸੋਹਣੇ ਪੰਜਾਬ ਨੂੰ ਵੰਡ ਕੇ ਇੱਕ ਪਾਸੇ ਫ਼ਿਰਕੂਵਾਦ ਦੀ ਉਪਜ ਪਾਕਿਸਤਾਨ ਅਤੇ ਦੂਜੇ ਪਾਸੇ ਹਿੰਦੂਆਂ ਦਾ ਆਪਣਾ ਹਿੰਦੁਸਤਾਨ ਬਣ ਗਿਆ। ਇਹ ਹਿੰਦੂ ਤੇ ਮੁਸਲਮਾਨ ਲੋਕ ਦੋਵੇਂ ਤੇਰੀ ਸੱਜੀ ਤੇ ਖੱਬੀ ਅੱਖ ਵਾਂਗ ਸਨ। ਪਰ ਇਸ ਫ਼ਿਰਕੂ ਘੱਲੂਘਾਰੇ ਦੀ ਹਨੇਰੀ ਨੇ ਤੇਰੀਆਂ ਇਨ੍ਹਾਂ ਦੋਹਾਂ ਅੱਖਾਂ ਦਾ ਹੀ ਨੁਕਸਾਨ ਕੀਤਾ ਹੈ। ਇਹਨਾਂ ਧਰਮ ਦੇ ਸੱਚੇ ਪੁਜਾਰੀਆਂ ਨੇ ਅਜਿਹਾ ਝੂਠ ਦਾ ਪ੍ਰਚਾਰ ਕੀਤਾ ਕਿ ਸੱਚ ਝੂਠ ਤੋਂ ਵੀ ਹੌਲ਼ਾ ਹੋ ਗਿਆ।
(ਹ) ਮੁੜ ਮੈਦੇ ਬਾਸਮਤੀਆਂ ਦਾ, ਆਦਰ ਹੈ ਵਧਿਆ, ਮੁੜ ਕੋਧਰੇ ਦੀ ਰੋਟੀ ਦਾ, ਅਪਮਾਨ ਹੋ ਗਿਆ।
ਮੁੜ ਭਾਗੋਆਂ ਦੀ ਚਾਦਰੀਂ, ਛਿੱਟੇ ਨੇ ਖ਼ੂਨ ਦੇ, ਮੁੜ ਲਾਲੋਆਂ ਦੇ ਖ਼ੂਨ ਦਾ, ਨੁਚੜਾਨ ਹੋ ਗਿਆ।
ਫਿਰ ਉੱਚਿਆਂ ਦੇ ਮਹਿਲਾਂ ‘ਤੇ ਸੋਨਾ ਮੜ੍ਹੀ ਰਿਹਾ, ਫਿਰ ਨੀਵਿਆਂ ਦੀ ਕੁੱਲੀ ਦਾ ਵੀ, ਵਾਹਣ ਹੋ ਗਿਆ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਗੁਰੂ ਨਾਨਕ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੁੰਦਿਆਂ 1947 ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਹੋਏ ਦਰਦਨਾਕ ਫ਼ਿਰਕੂ ਘੱਲੂਘਾਰੇ ਉੱਪਰ ਦੁੱਖ ਪ੍ਰਗਟ ਕੀਤਾ ਜ਼ਿਕਰ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਅੱਜ ਫਿਰ ਮੈਦੇ ਤੇ ਬਾਸਮਤੀਆਂ ਦੇ ਪਕਵਾਨਾਂ ਵਾਲ਼ੇ ਅਮੀਰਾਂ ਦਾ ਸਤਿਕਾਰ ਵਧ ਗਿਆ ਹੈ ਅਤੇ ਗ਼ਰੀਬ ਤੇ ਕਿਰਤੀਆਂ ਦੀ ਕੋਧਰੇ ਦੀ ਰੁੱਖੀ-ਸੁੱਖੀ ਰੋਟੀ ਦਾ ਅਪਮਾਨ ਹੋ ਰਿਹਾ ਹੈ। ਅੱਜ ਦੇ ਮਲਿਕ ਭਾਗੋ ਭਾਵ ਅਮੀਰ ਲੋਕ ਫਿਰ ਲਾਲੋਆਂ ਭਾਵ ਕਿਰਤੀਆਂ ਦਾ ਖ਼ੂਨ ਪੀ ਰਹੇ ਹਨ। ਅੱਜ ਫਿਰ ਅਮੀਰਾਂ ਦੇ ਸੁੰਦਰ ਮਹੱਲਾਂ ਉੱਪਰ ਸੋਨਾ ਚੜ੍ਹਾਇਆ ਜਾ ਰਿਹਾ ਹੈ, ਪਰ ਗ਼ਰੀਬਾਂ ਦੀ ਕੁੱਲੀ ਦਾ ਤੀਲ੍ਹਾ ਵੀ ਖਿੰਡਾਇਆ ਜਾ ਰਿਹਾ ਹੈ।
(ਕ) ‘ਉਸ ਸੂਰ ਓਸ ਗਾਉ’ ਦਾ ਹੱਕ–ਨਾਹਰਾ ਲਾਇਆ ਤੂੰ, ਇਹ ਹੱਕ ਪਰ ਨਿਹੱਕ ਤੋਂ, ਕੁਰਬਾਨ ਹੋ ਗਿਆ।
ਮੁੜ ਗਾਉਣੇ ਪਏ ਨੇ ਮੈਨੂੰ, ਸੋਹਲੇ ਖ਼ੂਨ ਦੇ, ਪਾ–ਪਾ ਕੇ ਕੰਗੂ ਰੱਤ ਦਾ, ਰਤਲਾਣ ਹੋ ਗਿਆ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈਂ, ‘ਆਇਆ ਨਾ ਤੈਂ ਕੀ ਦਰਦ, ਏਨਾ ਘਾਣ ਹੋ ਗਿਆ?’
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਗੁਰੂ ਨਾਨਕ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੁੰਦਿਆਂ 1947 ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਹੋਏ ਦਰਦਨਾਕ ਫ਼ਿਰਕੂ ਘੱਲੂਘਾਰੇ ਉੱਪਰ ਦੁੱਖ ਪ੍ਰਗਟ ਕੀਤਾ ਜ਼ਿਕਰ ਹੈ।
ਵਿਆਖਿਆ – ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਤੁਸੀਂ ਆਪ ਆਖਿਆ ਸੀ ਕਿ ਪਰਾਇਆ ਹੱਕ ਖਾਣਾ ਹਿੰਦੂਆਂ ਲਈ ਗਊ ਦਾ ਮਾਸ ਤੇ ਮੁਸਲਮਾਨਾਂ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ। ਪਰ ਅੱਜ ਫਿਰ ਹੱਕ ਨਾਹੱਕ ਉੱਤੋਂ ਕੁਰਬਾਨ ਹੋ ਗਿਆ ਹੈ। ਅੱਜ ਫਿਰ ਲੁੱਟ–ਮਾਰ, ਕਤਲੇ–ਆਮ ਅਤੇ ਇਸਤਰੀਆਂ ਦੀ ਬੇਪਤੀ ਨੂੰ ਵੇਖ ਕੇ ਉਸ ਦੇ ਵਿਰੁੱਧ ਅਵਾਜ਼ ਉਠਾਉਂਦਿਆਂ ਖ਼ੂਨ ਦੇ ਸੋਹਿਲੇ ਗਾਉਣੇ ਪੈ ਰਹੇ ਹਨ। ਇਸ ਖ਼ੂਨੀ ਫਸਾਦ ਵਿੱਚ ਖ਼ੂਨ ਡੁੱਲ੍ਹ-ਡੁੱਲ੍ਹ ਕੇ ਹਰ ਪਾਸੇ ਖ਼ੂਨ ਹੀ ਖ਼ੂਨ ਦਿਖਾਈ ਦੇ ਰਿਹਾ ਹੈ। ਬਾਬਾ ਜੀ ਤੁਸੀਂ ਉਸ ਸਮੇਂ ਬਾਬਰ ਦੇ ਜ਼ੁਲਮ ਦੇਖ ਕੇ ਰੱਬ ਨੂੰ ਵੰਗਾਰਿਆ ਸੀ ਤੇ ਉਸ ਨੂੰ ਬੇਦਰਦ ਹੋਣ ਦਾ ਉਲਾਹਮਾ ਦਿੱਤਾ ਸੀ, ਪਰ ਅੱਜ ਮੈਂ ਤੁਹਾਨੂੰ ਉਲਾਹਮਾ ਦਿੰਦਾ ਹਾਂ ਕਿ ਆਪਣੀ ਧਰਤੀ ਪੰਜਾਬ ਉੱਤੇ ਏਨਾ ਦਰਦਨਾਕ ਘਾਣ ਹੁੰਦਾ ਦੇਖ ਤੁਹਾਨੂੰ ਦਰਦ ਕਿਉਂ ਨਹੀਂ ਆਇਆ।
ਕੇਂਦਰੀ ਭਾਵ
ਪੰਜਾਬ ਦੀ ਵੰਡ ਸਮੇਂ ਹੋਏ ਫ਼ਿਰਕੂਵਾਦੀ ਘੱਲੂਘਾਰੇ ਵਿੱਚ ਹੋਏ ਉਜਾੜੇ ਤੇ ਧਾਰਮਿਕ ਬੇਅਦਬੀ ਅਤੇ ਇਸਤਰੀਆਂ ਦੀ ਰੁਲ ਰਹੀ ਇੱਜਤ ਨੂੰ ਦੇਖ ਕੇ ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨੋਹਰਾ ਮਾਰਦਾ ਹੈ ਕਿ ਆਪ ਜੀ ਨੂੰ ਆਪਣਾ ਵਿਰਾਨ ਹੁੰਦਾ ਮੁਲਕ ਦੇਖ ਦਰਦ ਨਹੀਂ ਆਇਆ।
3. ਜੱਟੀਆਂ ਦਾ ਗੀਤ
(ੳ) ਘੋੜੀ ਤੇਰੀ ਗਲ਼ ਚਾਂਦੀ ਦੇ ਘੁੰਗਰੂ, ਸਾਡੀਆਂ ਸੁੱਥਣਾਂ ਨੂੰ ਭੱਖੜਾ ਵੇ ਹੋ,
ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ। ਨਾ ਤਨ ਕੱਜਣੇ ਨੂੰ ਕੱਪੜਾ ਵੇ ਹੋ।
ਗੋਰੀ ਤੇਰੀ ਝੂਟੇ ਪੱਟ ਦੀਆਂ ਲਾਸਾਂ, ਹੇਠ ਸੋਨੇ ਦਾ ਪੱਟੜਾ ਵੇ ਹੋ।
ਪੈਰ–ਨਹੁੰਆਂ ਉੱਤੇ ਚੰਨ ਮਹਿੰਦੀ ਦੇ ਖੁੱਚੀਂ ਅਸਾਡੀ ਘੱਟੜਾ ਵੇ ਹੋ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਜੱਟੀਆਂ ਦਾ ਗੀਤ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਕਿਰਤੀ ਜੱਟੀਆਂ ਦੇ ਆਰਥਿਕ ਤੰਗੀ ਭਰੇ ਜੀਵਨ ਦੀ ਜਗੀਰਦਾਰ ਪਰਿਵਾਰ ਦੇ ਐਸ਼–ਅਰਾਮ ਭਰਪੂਰ ਜੀਵਨ ਨਾਲ਼ ਤੁਲਨਾ ਕਰਦਿਆਂ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਕਿਰਤੀ ਵਰਗ ਦੇ ਇਕਮੁੱਠ ਹੋ ਕੇ ਜਗੀਰਦਾਰੀ ਲੁੱਟ–ਖਸੁੱਟ ਨੂੰ ਖ਼ਤਮ ਕਰਨ ਦਾ ਵਿਚਾਰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਜੱਟੀਆਂ ਦੁਆਰਾ ਜਾਗੀਰਦਾਰ ਵਰਗ ਨੂੰ ਸੰਬੋਧਨ ਹੋ ਕੇ ਲਿਖਦਾ ਹੈ ਕਿ ਤੇਰੀ ਤਾਂ ਘੋੜੀ ਦੇ ਗਲ ਵਿੱਚ ਵੀ ਚਾਂਦੀ ਦੇ ਘੁੰਗਰੂ ਪਾਏ ਹਨ, ਪਰ ਸਾਡੇ ਕੱਪੜਿਆਂ ਵਿੱਚ ਖੇਤਾਂ ਵਿੱਚ ਕੰਮ ਕਰਦਿਆਂ ਭੱਖੜਾ ਲਗ ਗਿਆ ਹੈ। ਸਾਡੇ ਕੋਲ਼ ਤੇਰੇ ਵਾਂਗ ਕੋਈ ਵੀ ਬਾਗ਼–ਬਗ਼ੀਚਾ ਤੇ ਪਸ਼ੂਆਂ ਦਾ ਵਾੜਾ ਵੀ ਨਹੀਂ ਹੈ ਅਤੇ ਨਾਂ ਹੀ ਸਰੀਰ ਨੂੰ ਢੱਕਣ ਲਈ ਕੋਈ ਕੱਪੜਾ ਹੈ। ਤੇਰੀ ਸੋਹਣੀ ਪਤਨੀ ਘਰ ਵਿੱਚ ਬੈਠੀ ਰੇਸ਼ਮ ਦੀਆਂ ਰੱਸੀਆਂ ਪੀਂਘ ਝੂਟ ਰਹੀ ਹੈ ਅਤੇ ਪੀਂਘ ਉੱਤੇ ਬੈਠਣ ਲਈ ਸੋਨੇ ਦਾ ਪਟੜਾ ਹੈ। ਉਸ ਦੇ ਪੈਰਾਂ ਅਤੇ ਨਹੁੰਆਂ ਨੂੰ ਮਹਿੰਦੀ ਨਾਲ਼ ਚੰਦ ਵਾਂਗ ਸ਼ਿੰਗਾਰਿਆ ਹੋਇਆ ਹੈ। ਪਰ ਮਿਹਨਤ ਕਰਦਿਆਂ ਸਾਡੀਆਂ ਖੁੱਚਾਂ ਮਿੱਟੀ ਘੱਟੇ ਨਾਲ਼ ਭਰੀਆਂ ਹੋਈਆਂ ਹਨ।
(ਅ) ਗੋਰੀ ਤੇਰੀ ਬੈਠੀ ਮਹਿਲ ਦੀ ਬਾਰੀ ਬਾਂਹੀਂ ਚੂੜਾ ਰੱਤੜਾ ਵੇ ਹੋ।
ਕੋਠਾ ਇੱਕ ਬਰਾਤ ਅਸਾਡੀ ਉਹ ਵੀ ਕੱਚੜਾ ਤੇ ਢੱਠੜਾ ਵੇ ਹੋ।
ਰੋਹੀਆਂ ਵਿੱਚ ਅਸੀਂ ਨਿੰਮੀਏਂ ਜੰਮੀਏਂ ਦਾਸ ਤੇਰਾ ਸਾਡਾ ਨੱਢੜਾ ਵੇ ਹੋ।
ਮੈਦਾ ਖਾਵੇਂ ਪੱਟ ਹੰਢਾਵੇਂ, ਫਿਰ ਵੀ ਕਰੇਂ ਸੈ ਨਖ਼ਰਾ ਵੇ ਹੋ।
ਜੰਮਦਿਆਂ ਹੀ ਚਾਅ ਮਰਨ ਅਸਾਡੇ ਇੱਕ ਵੀ ਹੋਏ ਨਾ ਵੱਡੜਾ ਵੇ ਹੋ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਜੱਟੀਆਂ ਦਾ ਗੀਤ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਕਿਰਤੀ ਜੱਟੀਆਂ ਦੇ ਆਰਥਿਕ ਤੰਗੀ ਭਰੇ ਜੀਵਨ ਦੀ ਜਗੀਰਦਾਰ ਪਰਿਵਾਰ ਦੇ ਐਸ਼-ਅਰਾਮ ਭਰਪੂਰ ਜੀਵਨ ਨਾਲ਼ ਤੁਲਨਾ ਕਰਦਿਆਂ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਕਿਰਤੀ ਵਰਗ ਦੇ ਇਕਮੁੱਠ ਹੋ ਕੇ ਜਗੀਰਦਾਰੀ ਲੁੱਟ–ਖਸੁੱਟ ਨੂੰ ਖ਼ਤਮ ਕਰਨ ਦਾ ਵਿਚਾਰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਜੱਟੀਆਂ ਦੁਆਰਾ ਜਾਗੀਰਦਾਰ ਵਰਗ ਨੂੰ ਸੰਬੋਧਨ ਹੋ ਕੇ ਲਿਖਦਾ ਹੈ ਕਿ ਕਿ ਤੇਰੀ ਸੋਹਣੀ ਪਤਨੀ ਆਪਣੇ ਮਹੱਲ ਦੀ ਬਾਰੀ ਵਿੱਚ ਬੈਠੀ ਅਤੇ ਬਾਂਹਾਂ ਵਿੱਚ ਲਾਲ ਚੂੜਾ ਪਹਿਨਿਆ ਹੋਇਆ ਹੈ। ਪਰ ਸਾਡੇ ਕੋਲ਼ ਰਹਿਣ ਲਈ ਸਾਡੀ ਪੂੰਜੀ ਸਾਡਾ ਇੱਕ ਕੋਠਾ ਹੀ ਹੈ ਅਤੇ ਉਹ ਵੀ ਕੱਚਾ ਅਤੇ ਢਹਿਣ ਵਾਲ਼ਾ ਹੈ। ਅਸੀਂ ਉਜਾੜਾਂ ਵਿੱਚ ਹੀ ਜੰਮਦੇ ਤੇ ਪਲਦੇ ਹਾਂ ਅਤੇ ਸਾਡਾ ਜਵਾਨ ਪਤੀ ਤੇਰਾ ਗ਼ੁਲਾਮ ਹੈ। ਤੇਰੇ ਕੋਲ਼ ਖਾਣ ਲਈ ਮੈਦੇ ਦੇ ਬਣੇ ਪਕਵਾਨ ਅਤੇ ਪਹਿਨਣ ਲਈ ਰੇਸ਼ਮ ਦੇ ਕੱਪੜੇ ਹਨ, ਪਰ ਫਿਰ ਵੀ ਤੂੰ ਸੌ–ਸੌ ਨਖ਼ਰੇ ਕਰਦਾ ਹੈਂ। ਇਧਰ ਸਾਡੇ ਤਾਂ ਜੰਮਦਿਆਂ ਹੀ ਚਾਅ ਮਰ ਜਾਂਦੇ ਹਨ ਅਤੇ ਕਦੇ ਕੋਈ ਇੱਕ ਵੀ ਚਾਅ ਵੱਡਾ ਨਹੀਂ ਹੋਇਆ ਜਿਸ ਨੂੰ ਅਸੀਂ ਖ਼ੁਸ਼ੀ ਨਾਲ਼ ਪੂਰਾ ਕੀਤਾ ਹੋਵੇ।
(ੲ) ਵਾਹੀਏ, ਬੀਜੀਏ, ਸਿੰਜੀਏ, ਵੱਢੀਏ ਗਾਹੀਏ ਤੇ ਕਰੀਏ ’ਕੱਠੜਾ ਵੇ ਹੋ।
ਆਵੇਂ ਤੇ ਸਭ ਹੂੰਝ ਲਿਜਾਵੇਂ ਮੁੱਢ ਤੋਂ ਏਹੋ ਝਗੜਾ ਵੇ ਹੋ।
ਦਿਲ ਸਾਡਾ ਹੁਣ ਭਰਦਾ ਸ਼ਾਹਦੀ ਮੁੱਕਣ ਵਾਲ਼ਾ ਇਹ ਝਗੜਾ ਵੇ ਹੋ।
ਤਗੜਿਆਂ ਹੋਣਾ ਖਵਾਰ ਤੇ ਖੱਜਲ ਮਾੜਿਆਂ ਹੋਣਾ ਤਗੜਾ ਵੇ ਹੋ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਜੱਟੀਆਂ ਦਾ ਗੀਤ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਕਿਰਤੀ ਜੱਟੀਆਂ ਦੇ ਆਰਥਿਕ ਤੰਗੀ ਭਰੇ ਜੀਵਨ ਦੀ ਜਗੀਰਦਾਰ ਪਰਿਵਾਰ ਦੇ ਐਸ਼-ਅਰਾਮ ਭਰਪੂਰ ਜੀਵਨ ਨਾਲ਼ ਤੁਲਨਾ ਕਰਦਿਆਂ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਕਿਰਤੀ ਵਰਗ ਦੇ ਇਕਮੁੱਠ ਹੋ ਕੇ ਜਗੀਰਦਾਰੀ ਲੁੱਟ–ਖਸੁੱਟ ਨੂੰ ਖ਼ਤਮ ਕਰਨ ਦਾ ਵਿਚਾਰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਜੱਟੀਆਂ ਦੁਆਰਾ ਜਾਗੀਰਦਾਰ ਵਰਗ ਨੂੰ ਸੰਬੋਧਨ ਹੋ ਕੇ ਲਿਖਦਾ ਹੈ ਅਸੀਂ ਸਾਰਾ ਸਾਲ ਮਿਹਨਤ ਨਾਲ਼ ਜਮੀਨ ਨੂੰ ਵਾਹੁੰਦੇ, ਬੀਜਦੇ, ਪਾਣੀ ਲਾ ਸਿੰਜਦੇ ਤੇ ਪੱਕਣ ’ਤੇ ਵੱਡ ਲੈਂਦੇ ਹਾਂ। ਪਰ ਜਦੋਂ ਪੱਕੀ ਫਸਲ ਨੂੰ ਗਾਹ ਕੇ ਉਸ ਦੇ ਦਾਣੇ ਤੇ ਤੂੜੀ ਤੰਦ ਅਲੱਗ-ਅਲੱਗ ਇਕੱਠਾ ਕਰ ਲੈਂਦੇ ਹਾਂ ਤਾਂ ਤੂੰ ਆਉਣਾ ਤੇ ਆ ਕੇ ਸਭ ਕੁੱਝ ਹੂੰਝ ਕੇ ਲੈ ਜਾਂਦਾ ਹੈਂ। ਤੇਰਾ ਤੇ ਸਾਡਾ ਇਹ ਝਗੜਾ ਮੁੱਢ-ਕਦੀਮ ਤੋਂ ਹੀ ਚਲਦਾ ਆ ਰਿਹਾ ਹੈ। ਪਰ ਹੁਣ ਸਾਡੇ ਦਿਲ ਨੂੰ ਲੱਗ ਰਿਹਾ ਹੈ ਕਿ ਇਹ ਝਗੜਾ ਖ਼ਤਮ ਹੋਣ ਹੀ ਵਾਲ਼ਾ ਹੈ। ਹੁਣ ਤੇਰੇ ਵਰਗੇ ਤਕੜੇ ਅਮੀਰਾਂ ਦੇ ਖੱਜਲ ਖੁਆਰ ਹੋਣ ਅਤੇ ਸਾਡੇ ਵਰਗੇ ਕਮਜ਼ੋਰਾਂ ਦੇ ਤਕੜੇ ਹੋਣ ਦਾ ਵਕਤ ਆ ਗਿਆ ਹੈ।
(ਸ) ਪਾਟੀ ਕਿਰਤ ਨੇ ਇੱਕ ਮੱਠ ਹੋਣਾ ਬਣ ਜਾਣਾ ਇੱਕ ਝੱਖੜਾ ਵੇ ਹੋ।
ਘੋੜੀ ਤੇਰੀ ਦੇ ਉੱਡਣੇ ਘੁੰਗਰੂ ਗੋਰੀ ਦਾ ਚੂੜਾ ਰੱਤੜਾ ਵੇ ਹੋ।
ਤੀਲੀਆਂ ਰਲ਼ ਕੇ ਬਹੁਕਰ ਬਣਨਾ ਹੂੰਝ ਦੇਣਾ ਕੱਖ ਕੰਡੜਾ ਵੇ ਹੋ।
ਖਵਾਰ ਹੋਏ ਸਭ ਮਿਲ਼ਣਗੇ ਆਖ਼ਰ ਆਕੀਆਂ ਨੂੰ ਕਰ ਤਗੜਾ ਵੇ ਹੋ।
ਪ੍ਰਸੰਗ – ਇਹ ਕਾਵਿ–ਟੋਟਾ ਨੌਂਵੀਂ ਜਮਾਤ ਦੀ ਪੁਸਤਕ ‘ਸਾਹਿਤ–ਮਾਲ਼ਾ:9’ ਵਿੱਚ ਦਰਜ ਪ੍ਰੋ. ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ‘ਜੱਟੀਆਂ ਦਾ ਗੀਤ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਕਿਰਤੀ ਜੱਟੀਆਂ ਦੇ ਆਰਥਿਕ ਤੰਗੀ ਭਰੇ ਜੀਵਨ ਦੀ ਜਗੀਰਦਾਰ ਪਰਿਵਾਰ ਦੇ ਐਸ਼-ਅਰਾਮ ਭਰਪੂਰ ਜੀਵਨ ਨਾਲ਼ ਤੁਲਨਾ ਕਰਦਿਆਂ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਕਿਰਤੀ ਵਰਗ ਦੇ ਇਕਮੁੱਠ ਹੋ ਕੇ ਜਗੀਰਦਾਰੀ ਲੁੱਟ–ਖਸੁੱਟ ਨੂੰ ਖ਼ਤਮ ਕਰਨ ਦਾ ਵਿਚਾਰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਜੱਟੀਆਂ ਦੁਆਰਾ ਜਾਗੀਰਦਾਰ ਵਰਗ ਨੂੰ ਸੰਬੋਧਨ ਹੋ ਕੇ ਲਿਖਦਾ ਹੈ ਕਿ ਸਾਨੂੰ ਹੁਣ ਇਹ ਵਿਸ਼ਵਾਸ ਹੋ ਗਿਆ ਕਿ ਕਿਰਤੀ ਨੂੰ ਆਪਣੀ ਹੋ ਰਹੀ ਲੁੱਟ–ਖਸੁੱਟ ਦੀ ਸਮਝ ਆ ਗਈ ਹੈ। ਉਹ ਹੁਣ ਆਪਸ ਵਿੱਚ ਪਾਟੇ ਨਹੀਂ ਰਹਿਣਗੇ, ਸਗੋਂ ਇਕ–ਮੁੱਠ ਹੋ ਕੇ ਇੱਕ ਝੱਖੜ ਦਾ ਰੂਪ ਧਾਰਨ ਕਰ ਲੈਣਗੇ ਅਤੇ ਇਹ ਝੱਖੜ ਤੇਰੀ ਘੋੜੀ ਦੇ ਚਾਂਦੀ ਦੇ ਘੁੰਗਰੂਆਂ ਤੇ ਤੇਰੀ ਪਤਨੀ ਦੇ ਲਾਲ ਚੂੜੇ ਨੂੰ ਉਡਾ ਕੇ ਲੈ ਜਾਵੇਗਾ। ਪਹਿਲਾਂ ਕਾਮੇ ਇੱਕ-ਇੱਕ ਤੀਲੀ ਵਾਂਗ ਖਿੰਡੇ ਹੋਏ ਸੀ ਪਰ ਹੁਣ ਇਹਨਾਂ ਕਾਮਿਆਂ ਨੇ ਬਹੁਕਰ ਦੀਆਂ ਤੀਲੀਆਂ ਵਾਂਗ ਇਕੱਠੇ ਹੋ ਜਾਣਾ ਹੈ ਅਤੇ ਆਪਣੇ ਜੀਵਨ ਦੇ ਦੁੱਖਾਂ-ਤਕਲੀਫ਼ਾਂ ਨੂੰ ਹਰ ਕੱਖ–ਕੰਡੇ ਵਾਂਗ ਹੂੰਝ ਕੇ ਰੱਖ ਦੇਣਾ ਹੈ। ਅੰਤ ਵਿੱਚ ਇਨ੍ਹਾਂ ਖੱਜਲ–ਖ਼ੁਆਰ ਹੋਣ ਵਾਲ਼ੇ ਕਾਮਿਆਂ ਨੇ ਇਕੱਠੇ ਹੋ ਕੇ ਤੇਰੀਆਂ ਵਿਰੋਧੀ ਤਾਕਤਾਂ ਨੂੰ ਤਕੜਾ ਕਰਕੇ ਤੇਰਾ ਖ਼ਾਤਮਾ ਕਰ ਦੇਣਾ ਹੈ।
ਕੇਂਦਰੀ ਭਾਵ
ਕਿਰਤ ਦੀ ਲੁੱਟ-ਘਸੁੱਟ ਕਰਕੇ ਐਸ਼-ਅਰਾਮ ਦਾ ਜੀਵਨ ਭੋਗ ਰਹੇ ਜਾਗੀਰਦਾਰ ਵਰਗ ਸਾਹਮਣੇ ਬਿਖਰਿਆ ਹੋਇਆ ਕਿਰਤੀ ਵਰਗ ਹੁਣ ਇੱਕ-ਮਿੱਕ ਹੋ ਕੇ ਜਾਗੀਰਦਾਰਾਂ ਨੂੰ ਚਣੌਤੀ ਦੇਣ ਵਾਲ਼ਾ ਹੈ, ਜੋ ਆਪਣੀ ਲੁੱਟ-ਘਸੁੱਟ ਕਾਰਨ ਆਰਥਿਕ ਤੰਗੀਆਂ ਭੋਗ ਰਿਹਾ ਹੈ।
ਪ੍ਰਸ਼ਨ 1. ‘ਜੱਟੀਆਂ ਦਾ ਗੀਤ’ ਕਵਿਤਾ ਦਾ ਲੇਖਕ ਕੌਣ ਹੈ?
ਉੱਤਰ – ਪ੍ਰੋ. ਮੋਹਨ ਸਿੰਘ।
ਪ੍ਰਸ਼ਨ 2. ਕਵੀ ਕਿਹੜੇ ਖੰਭ ਲਾ ਕੇ ਉੱਡਣ ਦੀ ਗੱਲ ਕਰਦਾ ਹੈ?
ਉੱਤਰ – ਪਿਆਰ ਦੇ।
ਪ੍ਰਸ਼ਨ 3. ‘ਕਲਯੁਗ ਹੈ ਰਥ ਅਗਨ ਦਾ’ ਕਿਸ ਨੇ ਆਖਿਆ ਹੈ?
ਉੱਤਰ – ਸ੍ਰੀ ਗੁਰੂ ਨਾਨਕ ਦੇਵ ਜੀ ਨੇ।
ਪ੍ਰਸ਼ਨ 4. ਕਵੀ ਅਨੁਸਾਰ ਕਲਯੁਗ ਦੇ ਰਥ ਦਾ ਰਥਵਾਨ ਕੌਣ ਹੈ?
ਉੱਤਰ – ਕੂੜ।
ਪ੍ਰਸ਼ਨ 5. ਹਿੰਦਵਾਣੀਆਂ ਤੇ ਤੁਰਕਾਣੀਆਂ ਦੋਹਾਂ ਦੀ ਪੱਤ ਕਦੋਂ ਗਈ ਸੀ?
ਉੱਤਰ – 1947 ਵਿੱਚ ਪੰਜਾਬ ਦੀ ਵੰਡ ਸਮੇਂ।
ਪ੍ਰਸ਼ਨ 6. ਕੁਫ਼ਰ ਤੋਂ ਵੀ ਹੌਲ਼ਾ ਕੀ ਹੋ ਗਿਆ?
ਉੱਤਰ – ਈਮਾਨ।
ਪ੍ਰਸ਼ਨ 7. ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਜ਼ੁਲਮਾਂ ਵਿਰੁੱਧ ਰੱਬ ਨੂੰ ਵੰਗਾਰਿਆ ਸੀ?
ਉੱਤਰ – ਬਾਬਰ ਦੇ।
ਪ੍ਰਸ਼ਨ 8. ‘ਗੁਰੂ ਨਾਨਕ ਨੂੰ’ ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ – ਸ੍ਰੀ ਗੁਰੂ ਨਾਨਕ ਦੇਵ ਜੀ ਨੂੰ।
ਪ੍ਰਸ਼ਨ 9. ‘ਜੱਟੀਆਂ ਦਾ ਗੀਤ’ ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ – ਜਾਗੀਰਦਾਰ ਨੂੰ।
ਪ੍ਰਸ਼ਨ 10. ਜਾਗੀਰਦਾਰ ਦੀ ਘੋੜੀ ਦੇ ਗਲ ਵਿੱਚ ਕੀ ਹੈ?
ਉੱਤਰ – ਚਾਂਦੀ ਦੇ ਘੁੰਗਰੂ।
ਪ੍ਰਸ਼ਨ 11. ਜਾਗੀਰਦਾਰ ਦੀ ਪਤਨੀ ਕੀ ਝੂਟਦੀ ਹੈ?
ਉੱਤਰ – ਰੇਸ਼ਮੀ ਪੀਂਘ।
ਪ੍ਰਸ਼ਨ 12. ਜਾਗੀਰਦਾਰਾਂ ਦੀ ਲੁੱਟ ਨੂੰ ਕਿਸ ਚੀਜ਼ ਨੇ ਖ਼ਤਮ ਕਰ ਦੇਣਾ ਹੈ?
ਉੱਤਰ – ਕਿਸਾਨਾਂ ਦੀ ਏਕਤਾ ਨੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037