3. ਪ੍ਰੋ: ਪੂਰਨ ਸਿੰਘ
1. ਜਵਾਨ ਪੰਜਾਬ ਦੇ
(ੳ) ਇਹ ਬੇਪਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ਼ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ :
ਪਰ ਟੈਂ ਨਾ ਮੰਨਣ ਕਿਸੀ ਦੀ,
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਪੰਜਾਬ ਦੇ ਨੌਜਵਾਨ ਬੜੇ ਬੇਪ੍ਰਵਾਹ ਸੁਭਾਅ ਦੇ ਮਾਲਕ ਅਤੇ ਜਾਨ ਜੋਖਮ ਵਿੱਚ ਪਾ ਕੇ ਮੌਤ ਨੂੰ ਵੀ ਮਖੌਲਾਂ ਕਰਨ ਵਾਲ਼ੇ ਹਨ। ਇਹ ਮੌਤ ਤੋਂ ਨਹੀਂ ਡਰਦੇ। ਪਿਆਰ ਨਾਲ਼ ਭਾਵੇਂ ਕੋਈ ਇਹਨਾਂ ਤੋਂ ਗੁਲਾਮੀ ਕਰਵਾ ਲਵੇ। ਉਸ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੇ ਹਨ। ਪਰ ਜੇਕਰ ਕੋਈ ਇਨ੍ਹਾਂ ਉੱਪਰ ਰੋਹਬ ਪਾਵੇ, ਤਾਂ ਇਹ ਉਸ ਦੀ ਪਰਵਾਹ ਨਹੀਂ ਕਰਦੇ ਅਤੇ ਉਸ ਦੇ ਖਿਲਾਫ ਮੋਢੇ ਉੱਪਰ ਡਾਂਗ ਰੱਖ ਕੇ ਖੜ ਜਾਂਦੇ ਹਨ।
(ਅ) ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ‘ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਧਰਮ ਤੇ ਜਾਤ-ਪਾਤ ਦੇ ਭੇਦ-ਭਾਵ ਤੋਂ ਰਹਿਤ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੰਜਾਬ ਦੇ ਜਵਾਨ ਕੇਵਲ ਆਪਣੀ ਹੀ ਜਵਾਨੀ ਦੇ ਜ਼ੋਰ ਨੂੰ ਮੰਨਦੇ ਹਨ। ਇਹ ਸ਼ੁਰੂ ਤੋਂ ਹੀ ਸਤਿਗੁਰਾਂ ਦੇ ਅਜ਼ਾਦ ਕੀਤੇ ਹੋਏ ਅੱਖੜਖਾਂਦ ਅਤੇ ਅਲਬੇਲੇ ਸੁਭਾਅ ਦੇ ਮਾਲਕ ਹਨ। ਇਹ ਆਪਣੀ ਆਜ਼ਾਦੀ ਦੀ ਖਾਤਰ ਸਭ ਕੁਝ ਕੁਰਬਾਨ ਕਰ ਦਿੰਦੇ ਹਨ। ਪੰਜਾਬ ਵਿੱਚ ਹਿੰਦੂਆਂ ਜਾਂ ਮੁਸਲਮਾਨਾਂ ਦੇ ਨਾਮ ਤੇ ਕੋਈ ਧਾਰਮਿਕ ਭੇਦ-ਭਾਵ ਨਹੀਂ ਹੈ , ਸਗੋਂ ਸਾਰਾ ਪੰਜਾਬ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਜਿਉਂਦਾ ਹੈ। ਭਾਵ ਸਾਰੇ ਪੰਜਾਬੀ ਗੁਰੂ ਸਾਹਿਬਾਂ ਨੂੰ ਸਾਂਝੇ ਮੰਨਦੇ ਹਨ ਤੇ ਉਨ੍ਹਾਂ ਦੀ ਸਿੱਖਿਆ ਅਨੁਸਾਰ ਆਪਣੀ ਜ਼ਿੰਦਗੀ ਜਿਉਂਦੇ ਹਨ।
(ੲ) ਜਵਾਨ ਖੁੱਲ੍ਹੇ ਖੇਲੇ ਪਿਆਰਿਆਂ,
ਆਜ਼ਾਦੀ ਦੇ ਪਿਆਰ ਵਿਚ,
ਦੁਨੀਆਂ ਥੀਂ ਵਿਹਲੇ,
ਦੀਨ ਥੀਂ ਵੀ ਵਿਹਲੇ,
ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ।
ਮੰਨੇ ਨਾ ਮਨੀਂਦੇ ਕਦੀ, ਕੁੱਦ ਕੁੱਦ, ਉੱਛਲਦੇ ਡੁੱਲ੍ਹਦੇ,
ਮਰਜ਼ੀ ਦੇ ਮਾਲਕ ਇਹ,
ਦਿਲ ਦੇ ਚਾਅ ਉੱਤੇ ਉੱਲਰਦੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਪੰਜਾਬ ਦੇ ਜਵਾਨਾਂ ਨੂੰ ਪਿਆਰੇ ਸਤਿਗੁਰਾਂ ਨੇ ਸਿੱਖਿਆ ਦੇ ਆਜ਼ਾਦੀ ਪਸੰਦ ਸੁਭਾਅ ਵਾਲ਼ੇ ਬਣਾਇਆ ਹੈ। ਇਹ ਆਜ਼ਾਦੀ ਨੂੰ ਪਿਆਰ ਕਰਦੇ ਹਨ ਅਤੇ ਆਜ਼ਾਦੀ ਦੇ ਪਿਆਰ ਵਿੱਚ ਦੁਨੀਆਂ ਦੇ ਕੰਮਾਂ ਅਤੇ ਧਰਮ ਦੇ ਬੰਧਨਾਂ ਦੀ ਪ੍ਰਵਾਹ ਵੀ ਨਹੀਂ ਕਰਦੇ। ਪੰਜਾਬ ਦੇ ਜਵਾਨ ਦੀ ਦਿੱਖ ਵੱਖਰੀ ਹੈ। ਇਹ ਕਿਸੇ ਨਾਲ਼ ਨਹੀਂ ਰਲਦੇ। ਇਹ ਆਪਣੀ ਹੀ ਮਰਜ਼ੀ ਦੇ ਮਾਲਕ ਹਨ। ਇਨ੍ਹਾਂ ਨੂੰ ਕੋਈ ਆਪਣੀ ਮਰਜ਼ੀ ਮੁਤਾਬਕ ਚੱਲਣ ਲਈ ਮਜਬੂਰ ਨਹੀਂ ਕਰ ਸਕਦਾ। ਇਹ ਆਪਣੀ ਬੇਪਰਵਾਹੀ ਤੇ ਮੌਜ ਵਿੱਚ ਹੀ ਉੱਛਲਦੇ ਤੇ ਕੁੱਦਦੇ ਹਨ। ਇਹ ਆਪਣੀ ਮਰਜ਼ੀ ਦੇ ਮਾਲਕ ਆਪਣੇ ਦਿਲ ਦੇ ਚਾਅ ਅਨੁਸਾਰ ਹੀ ਚਲਦੇ ਹਨ।
(ਸ) ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ‘ਤੇ ਰੀਝਣ ਤੇ ਪਸੀਜਣ ਸਾਰੇ,
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ।
ਇਨ੍ਹਾਂ ਦਾ ਕੁਝ ਥਹੁ ਨਹੀਂ ਲੱਗਦਾ।
ਹੱਥਾਂ ਵਿਚ ਗੋਹਲੇ ਕੀਤੀ ਕਿਸੀ ਵੀ ਪਾਤਸ਼ਾਹ ਨੇ,
ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ ਅਤੇ ਕਹਿੰਦਾ ਹੈ ਕੇ ਇਹਨਾਂ ਦੇ ਕਰਕੇ ਪੰਜਾਬ ਅਜ਼ਾਦੀ ਵਿੱਚ ਜੀ ਰਿਹਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੰਜਾਬੀ ਨੌਜਵਾਨ ਪਿਆਰ ਨਾਲ਼ ਹਰ ਗੱਲ ਮੰਨਦੇ ਹਨ। ਪਿਆਰ ਦੇ ਨਿੱਕੇ–ਨਿੱਕੇ ਕਿਣਕਿਆਂ ਤੇ ਰੀਝਦੇ ਤੇ ਪਸੀਜਦੇ ਹਨ, ਪਰ ਪਿਆਰ ਤੋਂ ਬਿਨਾਂ ਹੋਰ ਵੱਡੀਆਂ-ਵੱਡੀਆਂ ਗੱਲਾਂ ਨੂੰ ਲੱਤ ਮਾਰ ਕੇ ਚਲੇ ਜਾਂਦੇ ਹਨ। ਇਨ੍ਹਾਂ ਦੇ ਇਸ ਵੱਖਰੇ ਸੁਭਾ ਦਾ ਕੋਈ ਪਤਾ ਨਹੀਂ ਲਗਦਾ। ਇਨ੍ਹਾਂ ਨੂੰ ਜੇ ਕਿਸੇ ਬਾਦਸ਼ਾਹ ਨੇ ਆਪਣੇ ਹੱਥਾਂ ਵਿੱਚ ਗੁਲਾਮ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਵੀ ਇਨ੍ਹਾਂ ਨੇ ਉਸ ਦੀ ਪ੍ਰਵਾਹ ਨਹੀਂ ਕੀਤੀ ਅਤੇ ਇਹਨਾਂ ਵਿੱਚ ਆਜ਼ਾਦੀ ਹੀ ਠਾਠਾਂ ਮਾਰਦੀ ਰਹੀ ਹੈ।
(ਹ) ਪਿਆਰ ਦਾ ਨਾਮ ਇਨ੍ਹਾਂ ਸਿੱਖਿਆ,
ਦਿਲ ਜਾਨ ਵਾਰਨ, ਇਹ ਪਿਆਰ ‘ਤੇ,
ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ,
ਰਾਂਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ,
ਬੇਲਿਆਂ ਤੇ ਰੱਖਾਂ ਵਿਚ ਕੂਕਾਂ ਮਾਰਦੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ , ਰਾਂਝੇ ਦੇ ਨਿੱਕੇ-ਵੱਡੇ ਭਰਾ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੰਜਾਬ ਦੇ ਜਵਾਨਾਂ ਨੇ ਤਾਂ ਸਿਰਫ ਪਿਆਰ ਕਰਨਾ ਹੀ ਸਿੱਖਿਆ ਹੈ ਅਤੇ ਪਿਆਰ ਦੇ ਲਈ ਆਪਣੀ ਜਿੰਦ-ਜਾਨ ਵੀ ਕੁਰਬਾਨ ਕਰ ਦਿੰਦੇ ਹਨ। ਅਸਲ ਵਿੱਚ ਸਭ ਨਾਲ਼ ਪਿਆਰ ਨਾਲ਼ ਵਿਚਰਨਾ ਪੰਜਾਬ ਦੇ ਹਰ ਇੱਕ ਵਾਸੀ ਦਾ ਸੱਚਾ ਧਰਮ ਹੈ। ਸਾਰੇ ਨਿੱਕੇ ਵੱਡੇ ਪੰਜਾਬੀ ਪ੍ਰੀਤ ਦੇ ਨਾਇਕ ਰਾਂਝੇ ਦੇ ਭਰਾ ਹਨ। ਇਹ ਜੰਗਲਾਂ ਤੇ ਰੁੱਖਾਂ ਵਿੱਚ ਖੁੱਲ੍ਹੇ ਫਿਰਦੇ ਤੇ ਕੂਕਾਂ ਮਾਰਦੇ ਹੋਏ ਆਪਣੀ ਖੁੱਲ੍ਹ-ਡੁਲ ਤੇ ਆਜ਼ਾਦੀ ਦਾ ਆਨੰਦ ਮਾਣਦੇ ਹਨ।
(ਕ) ਬਾਲ ਨਾਥ ਪਛੁਤਾਇਆ ਰਾਂਝੇ ਨੂੰ ਜੋਗ ਦੇ ਕੇ ,
ਸਤਿਗੁਰਾਂ ਦੇ ਸਿੱਖ ਨੂੰ ਪਾ ਹੱਥ ਰੋਇਆ।
ਇਸ ਜੱਟ-ਮੱਤ ਵਿਚ ਜੋਰਾਂ ਦਾ ਜੋਗ ਸੀ,
ਦੇਖ ਹੈਰਾਨ ਪਸ਼ੇਮਾਨ ਹੋਇਆ, ਬਖ਼ਸ਼ਿਆ,
ਟੋਰਿਆ, ਟਿੱਲੇ ਥੀਂ ਅਸੀਸ ਦੇ, ਹਾਰਿਆ,
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ, ਜੱਟ ਮੱਤ ਵਾਲ਼ੇ, ਸਤਿਗੁਰਾਂ ਦੇ ਸਿੱਖ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਜੋਗੀ ਬਾਲ ਨਾਥ ਨੇ ਰਾਂਝੇ ਨੂੰ ਜੋਗ ਦੇ ਕੇ ਯੋਗ ਸਾਧਨਾ ਸਿਖਾਈ, ਪਰ ਬਾਲ ਨਾਥ ਰਾਂਝੇ ਨੂੰ ਜੋਗੀ ਬਣਾ ਕੇ ਪਛਤਾਇਆ ਕਿਉਂਕਿ ਉਸ ਨੇ ਇੱਕ ਸਤਿਗੁਰਾਂ ਦੇ ਸਿੱਖ ਨੂੰ ਜੋਗੀ ਬਣਾਇਆ। ਇਹ ਜੱਟ ਮੱਤ ਵਾਲ਼ੇ ਕਿਸੇ ਚੀਜ ਦੀ ਪ੍ਰਵਾਹ ਨਾ ਕਰਨ ਵਾਲ਼ੇ ਰਾਂਝੇ ਵਿੱਚ ਇਸ਼ਕ ਰੂਪੀ ਜੋਗ ਦਾ ਜ਼ੋਰ ਸੀ। ਰਾਂਝੇ ਦੇ ਅਲਬੇਲੇਪਨ ਤੇ ਅੱਥਰੇਪਨ ਨੂੰ ਦੇਖ ਕੇ ਬਾਲ ਨਾਥ ਹੈਰਾਨ ਰਹਿ ਗਿਆ ਅਤੇ ਅੰਤ ਹਾਰ ਕੇ ਉਸ ਨੂੰ ਆਪਣੇ ਪਿਆਰ ਦੇ ਰਸਤੇ ਤੇ ਟਿੱਲੇ ਤੋਂ ਅਸੀਂਸ ਦੇ ਕੇ ਤੋਰ ਦਿੱਤਾ।
(ਖ) ਤੇ ਮਚਲਾ ਜੱਟ ਆਖੇ-
“ਮੁੰਦਰਾਂ ਲੈ ਆਪਣੀਆਂ ਮੋੜ ਬਾਵਾ !
ਤੇ ਕੰਨ ਮੇਰੇ ਮੁੜ ਸਬੂਤ ਕਰ ਤੂੰ ਭਲੇ ਮਾਣਸਾ
ਕੰਨਾਂ ਨੂੰ ਕਾਹਨੂੰ ਚਾ ਪਾੜਿਆ?
ਜੋਗ ਦੀ ਮੈਨੂੰ ਕੀ ਲੋੜ ਸੀ? ਨਾਥਾ ਦੱਸ ਖਾਂ?
ਮੈਂ ਸਿੱਖਿਆ ਸੀ ਨਾਮ ਪਿਆਰ ਦਾ
ਤੇ ਹੱਡਾਂ ਵਿਚ ਪਿਆਰ ਪਿਆ ਖੜਕਦਾ,
ਨਾਮ ਪਿਆ ਵੱਜਦਾ,
ਜੋਗ ਤੇਰਾ ਹੋੜਦਾ ਇਸ਼ਕ ਥੀਂ ਕਮਲਿਆ।
ਮੋੜ ਮੇਰੇ ਕੰਨ, ਲੈ ਮੋੜ ਆਪਣੀਆਂ ਮੁੰਦਰਾਂ।”
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ,ਮਚਲੇ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਜਦੋਂ ਬਾਲ ਨਾਥ ਨੇ ਰਾਂਝੇ ਨੂੰ ਜੋਗ ਸਾਧਨਾਂ ਲਈ ਨਿਯਮ ਸਮਝਾਏ ਤਾਂ ਰਾਂਝੇ ਦੀ ਬੇਪ੍ਰਵਾਹੀ ਦੇਖ ਕੇ ਉਸ ਨੂੰ ਝੁਕਣਾ ਪਿਆ ਤੇ ਉਸ ਨੇ ਰਾਂਝੇ ਨੂੰ ਆਪਣੇ ਟਿੱਲੇ ਤੋਂ ਅਸੀਸ ਦੇ ਕੇ ਤੋਰ ਦਿੱਤਾ। ਪਰ ਮਚਲਾ ਜੱਟ ਰਾਂਝਾ ਉਸ ਨੂੰ ਆਖਦਾ ਹੈ ਕਿ ਬਾਬਾ ਜੇ ਤੂੰ ਮੈਨੂੰ ਇਸ਼ਕ ਤੋਂ ਰੋਕਣਾ ਸੀ ਤਾਂ ਮੇਰੇ ਕੰਨ ਕਿਉਂ ਪਾੜੇ ਹਨ? ਆਪਣੀਆਂ ਮੁੰਦਰਾਂ ਲੈ ਲਾ ਅਤੇ ਮੇਰੇ ਕੰਨ ਭਲਾਮਾਣਸ ਬਣ ਕੇ ਮੁੜ ਤੋਂ ਸਾਬਤ ਕਰਦੇ। ਮੈਂ ਇਹੋ ਜਿਹਾ ਯੋਗ ਕੀ ਕਰਨਾ ਸੀ ਜੋ ਮੈਨੂੰ ਪਿਆਰ ਤੋਂ ਰੋਕਦਾ ਹੈ। ਮੈਂ ਤਾਂ ਸਿਰਫ ਪਿਆਰ ਕਰਨਾ ਹੀ ਸਿੱਖਿਆ ਹੈ ਤੇ ਮੇਰੇ ਹੱਡਾਂ ਵਿੱਚ ਪਿਆਰ ਵਸਿਆ ਹੈ ਤੇ ਪਿਆਰ ਦਾ ਨਾਮ ਹੀ ਮੇਰੇ ਸਰੀਰ ਵਿੱਚ ਧੜਕਦਾ ਹੈ। ਮੈਨੂੰ ਤੇਰਾ ਜੋ ਜੋਗ ਇਸ਼ਕ ਤੋਂ ਰੋਕਦਾ ਹੈ ਅਜਿਹੇ ਜੋਗ ਦੀ ਲੋੜ ਨਹੀਂ ਹੈ। ਇਸ ਲਈ ਮੇਰੇ ਕੰਨ ਸਾਬਤ ਕਰਦੇ ਤੇ ਆਪਣੀਆਂ ਮੁੰਦਰਾਂ ਵਾਪਸ ਰੱਖ ਲੈ।
(ਗ) ਇਹੋ ਜਿਹੀ ਜਿੰਦ ਤੇ ਖੁੱਲ੍ਹ ਦਾ ਸੁਭਾ,
ਜਿਹੜਾ ਚਾਬਕ ਨਹੀਂ ਸਹਾਰਦਾ,
ਕੋਤਲ ਘੋੜੇ ਵਾਂਗ ਸੰਵਾਰੇ ਕੋਈ ਨਿੱਤ ਨਵਾਂ,
ਤੇ ਵਹੇ ਇਨ੍ਹਾਂ ਜਵਾਨਾਂ ਦੀ ਮੌਜ ਨਾਲ਼,
ਤਦ ਤਾਂ ਪਲ ਛਿਨ, ਰੁਮਕ ਰੁਮਕ ਤੁਰਨ ਇਹ,
ਪਰ ਫਿਰ ਵੀ ਖ਼ਤਰਾ ਇਹਨਾਂ ਦੇ ਅਥਰੇਪਨ ਦਾ ਹਰਦਮ ਰਹਿੰਦਾ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜੀ ਦੇ ਮਾਲਕ, ਅੱਥਰੇਪਨ ਵਾਲ਼ੇ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੰਜਾਬੀਆਂ ਦਾ ਸੁਭਾਅ ਅਜਿਹਾ ਜ਼ਿੱਦੀ ਤੇ ਖੁੱਲ੍ਹ-ਡੁੱਲ੍ਹ ਨਾਲ਼ ਭਰਿਆ ਹੈ, ਜਿਹੜਾ ਕਿਸੇ ਦਾ ਦਬਕਾ ਨਹੀਂ ਸਹਿ ਸਕਦਾ। ਇਨ੍ਹਾਂ ਨੂੰ ਕੋਤਲ ਘੋੜੇ ਵਾਂਗ ਜੇ ਕੋਈ ਹਰ-ਰੋਜ਼ ਪਿਆਰ ਨਾਲ਼ ਸ਼ਿੰਗਾਰਦਾ ਰਹੇ ਤਾਂ ਉਨ੍ਹਾਂ ਦੀ ਮਰਜ਼ੀ ਨਾਲ਼ ਚੱਲਦਾ ਹੈ। ਉਸ ਸਮੇਂ ਤਾਂ ਇਹ ਘੜੀ ਪਲ ਮਸਤੀ ਵਿੱਚ ਰੁਮਕ-ਰੁਮਕ ਕੇ ਨਾਲ਼ ਚੱਲਦੇ ਹਨ, ਪਰ ਫਿਰ ਵੀ ਇਨ੍ਹਾਂ ਦੇ ਅੱਥਰੇਪਨ ਦਾ ਖਤਰਾ ਬਣਿਆ ਹੀ ਰਹਿੰਦਾ ਹੈ। ਭਾਵ ਇਨ੍ਹਾਂ ਦਾ ਪਤਾ ਨਹੀਂ ਕਿ ਇਹ ਕਿਹੜੇ ਵੇਲੇ ਚਲਦੇ ਹੋਏ ਵਿਗੜ ਕੇ ਬੈਠ ਜਾਣ।
(ਘ) ਬਾਂਕੇ ਛਬੀਲੇ ਪੰਜਾਬ-ਪਿਆਰ ਦੇ ਰਹਿਣ ਵਾਲ਼ੇ,
ਪੰਜਾਬੀ ਮਾਵਾਂ ਦੇ ਪੁੱਤਰ,
ਰੱਖਣ ਨਾ ਜਾਨ ਸੰਭਾਲ ਇਹ,
ਜਾਨ ਵਾਰਨ ਨੂੰ ਇਹ ਜਾਣਦੇ,
ਲਹੂ ਵੀਟਣ ਥੀਂ ਨਾ ਡਰਨ ਇਹ,
ਤੇ ਜੰਗ ਮੈਦਾਨ ਵਿਚ ਨੱਸਣਾ ਨਾ ਇਹ ਪਛਾਣਦੇ।
ਕਰਨ ਕੀ ਇਹ?
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜੀ ਦੇ ਮਾਲਕ, ਜੰਗ ਵਿੱਚ ਨਾ ਨੱਸਣ ਵਾਲ਼ੇ, ਛੈਲ-ਛਬੀਲੇ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਪੰਜਾਬ ਦੇ ਰਹਿਣ ਵਾਲ਼ੇ ਪੰਜਾਬੀ ਮਾਵਾਂ ਦੇ ਪੁੱਤਰ ਬਾਂਕੇ ਤੇ ਛੈਲ-ਛਬੀਲੇ ਗੱਭਰੂ ਜਵਾਨ ਹਨ। ਇਹ ਜਵਾਨ ਆਪਣੀ ਜਾਨ ਨੂੰ ਸੰਭਾਲ ਕੇ ਰੱਖਣਾ ਨਹੀਂ ਜਾਣਦੇ। ਇਹ ਤਾਂ ਜਾਨ ਨੂੰ ਕੁਰਬਾਨ ਕਰਨਾ ਜਾਣਦੇ ਹਨ। ਇਹ ਲਹੂ ਵਹਾਉਣ ਤੋਂ ਨਹੀਂ ਡਰਦੇ ਤੇ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਵੀ ਨਹੀਂ ਜਾਣਦੇ। ਇਹ ਇੰਨੇ ਖੁੱਲ੍ਹੇ ਤੇ ਅਣਖੀਲੇ ਸੁਭਾਅ ਵਾਲ਼ੇ ਹਨ ਕਿ ਇਨ੍ਹਾਂ ਦਾ ਕੁਝ ਪਤਾ ਨਹੀਂ ਲੱਗਦਾ ਕਿ ਇਹ ਕਦੋਂ ਕੀ ਕਰਨ ਲੱਗ ਪੈਣ।
(ਙ) ਓੜਕ ਦਾ ਰੂਹ ਜ਼ੋਰ ਆਇਆ ਪੰਜਾਬ ਵਿਚ,
ਸਤਿਗੁਰਾਂ ਦੇ ਕਦਮਾਂ ਤੇ ਰਾਹਾਂ ਦੇ ਸਦਕੇ,
ਹੜ੍ਹ ਆਏ ਰੱਬ ਦੇ ਪ੍ਰਕਾਸ਼ ਦੇ,
ਤੇ ਠਿਲ੍ਹਣ ਨਾ ਇਹ ਪੰਜਾਬੀ, ਇਹ ਵੱਸ ਕਿਸ ਦੇ?
ਇਹ ਜੀਣ, ਥੀਣ ਜ਼ੋਰ ਲਾ ਲਾ, ਕੁਝ ਵੱਸ ਨਾਂਹ ਕਿਸੇ ਦੇ,
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਰੱਬੀ ਰੂਹ ਵਾਲ਼ੇ ਅਵਤਾਰ ਆਏ ਹਨ। ਮੈਂ ਸਤਿਗੁਰਾਂ ਦੇ ਜੀਵਨ ਉਪਦੇਸ਼ਾਂ ਤੇ ਕੁਰਬਾਨੀਆਂ ਦੇ ਰਾਹ ਤੋਂ ਕੁਰਬਾਨ ਜਾਂਦਾ ਹਾਂ। ਉਨ੍ਹਾਂ ਸਦਕਾ ਇੱਥੇ ਰੱਬੀ ਗਿਆਨ ਦੇ ਪ੍ਰਕਾਸ਼ ਦੇ ਹੜ੍ਹਾਂ ਵਾਂਗ ਵਿਸ਼ਾਲ ਰੂਪ ਵਿੱਚ ਆਇਆ ਹੈ। ਪੰਜਾਬੀ ਜਵਾਨ ਆਪਣੀ ਮਰਜ਼ੀ ਦੇ ਮਾਲਕ ਹਨ ਅਤੇ ਆਪਣੀ ਮਰਜੀ ਕਰਨ ਤੋਂ ਨਹੀਂ ਟਲਦੇ। ਇਹ ਜ਼ੋਰ ਨਾਲ਼ ਜਿਉਂਦੇ ਹਨ। ਇਨ੍ਹਾਂ ਦਾ ਅਜਿਹਾ ਸੁਭਾਅ ਕਿਸੇ ਦੇ ਕਾਬੂ ਵਿੱਚ ਨਹੀਂ ਹੈ।
(ਚ) ਪੰਜਾਬ ਵਿਚ ਸਤਿਗੁਰਾਂ ਦੀ ਨਿਗਾਹ ਵਿਚੋਂ
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ,
ਝਨਾਂ ਤੇ ਰਾਵੀ ਤੇ ਸਤਲੁਜ ਤੇ ਬਿਆਸ ਤੇ
ਜੇਹਲਮ ਤੇ ਅਟਕ ਸਭ ਬਲ ਉੱਠੇ ;
ਗੁਰੂ ਦਾ ਜਪੁ ਸਾਹਿਬ ਗਾਉਂਦੇ।
ਇਉਂ ਅਥਾਹ ਪ੍ਰਵਾਹ ਹੋਇਆ,
ਸੁੱਕਾ ਨਾਂਹ ਰਿਹਾ ਕੋਈ ਥਾਂ।
ਹਿੰਦੂ, ਮੁਸਲਮਾਨ, ਪੰਛੀ, ਪਸ਼ੂ, ਆਦਮੀ ਸਭ ਭਿੱਜਿਆ,
ਡੁੱਬਿਆ ਅੰਮ੍ਰਿਤ ਉਸ ਨਿਗਾਹ ਵਿਚ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ ਅਤੇ ਕਹਿੰਦਾ ਹੈ ਕਿ ਪੰਜਾਬ ਉੱਤੇ ਸਤਿਗੁਰਾਂ ਦੀ ਮਿਹਰ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਪੰਜਾਬ ਵਿੱਚ ਸਤਿਗੁਰਾਂ ਦੀ ਮਿਹਰ ਸਦਕਾ ਇਥੋਂ ਦਾ ਜੀਵਨ ਬਿਜਲੀਆਂ ਵਾਂਗ ਚਮਕ ਉੱਠਿਆ ਅਤੇ ਦਰਿਆਵਾਂ ਵਾਂਗ ਅਥਾਹ ਰੂਪ ਵਿੱਚ ਵਹਿ ਤੁਰਿਆ। ਭਾਵ ਪੰਜਾਬ ਦੀ ਧਰਤੀ ਤੇ ਜੀਵਨ ਵਿੱਚ ਜ਼ੋਰਦਾਰ ਹਿਲਜੁਲ ਪੈਦਾ ਹੋ ਗਈ ਅਤੇ ਉਹ ਨਵੀਂ ਕਰਵਟ ਲੈਣ ਲੱਗਾ। ਗੁਰੂ ਜੀ ਦਾ ਜਪੁਜੀ ਸਾਹਿਬ ਗਾਉਂਦੇ ਹੋਏ ਪੰਜਾਬ ਦੇ ਦਰਿਆ ਝਨਾਂ, ਰਾਵੀ, ਸਤਲੁਜ, ਬਿਆਸ, ਜੇਹਲਮ ਤੇ ਅਟਕ ਬੋਲ ਉੱਠੇ ਹਨ। ਇਸ ਤਰ੍ਹਾਂ ਪੰਜਾਬ ਦੀ ਧਰਤੀ ਉੱਤੇ ਗੁਰਬਾਣੀ ਦਾ ਅਥਾਹ ਪ੍ਰਵਾਹ ਚੱਲਿਆ ਹੈ। ਕੋਈ ਥਾਂ ਇਸ ਤੋਂ ਸੁੱਕੀ ਨਹੀਂ ਰਹੀ। ਹਿੰਦੂ, ਮੁਸਲਮਾਨ, ਪਸ਼ੂ, ਪੰਛੀ ਅਤੇ ਆਦਮੀ ਸਾਰੇ ਹੀ ਇਸ ਵਿੱਚ ਭਿੱਜ ਗਏ ਹਨ। ਗੁਰੂ ਸਾਹਿਬ ਦੀ ਮਿਹਰ ਵਿੱਚ ਅੰਮ੍ਰਿਤ ਭਰਿਆ ਹੋਇਆ ਸੀ, ਜਿਸ ਨੇ ਇੰਨੀਆਂ ਰਹਿਮਤਾਂ ਕੀਤੀਆਂ ਹਨ।
(ਛ) ਇੱਥੇ ਜਾਨ ਆਈ, ਰੂਹ ਆਇਆ ਬਖ਼ਸ਼ ਦਾ,
ਇੱਥੇ ਚਾਅ ਦੇ ਅਸਮਾਨ ਟੁੱਟੇ,
ਇੱਥੇ ਹੁਸਨ ਖ਼ੁਦਾਈ ਦਾ ਅਵਤਾਰ ਆਇਆ,
ਇੱਥੇ ਦਿਲ ਚੁਭਵੀਆਂ ਮੂਰਤਾਂ,
ਨਿਗਾਹ ਦੇ ਤੀਰਾਂ ਦੇ ਮੀਂਹ।
ਇੱਥੇ ਦਾਤੇ ਬਲਕਾਰ ਆਏ,
ਇੱਥੇ ਸਾਈਂ ਦੇ ਪਿਆਰੇ ਆਏ,
ਇਸ ਧਰਤੀ ਵਿਚ ਕਲਗੀ ਵਾਲ਼ੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ,
ਇਥੇ ਸਤਿਗੁਰਾਂ, ਸੱਚੇ ਪਾਤਸ਼ਾਹਾਂ ਦਾ ਨਿਵਾਸ ਹੈ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਪੰਜਾਬ ਦੀ ਧਰਤੀ ਉੱਤੇ ਸੂਰਬੀਰਤਾ, ਰੂਹਾਨੀਅਤ ਤੇ ਰੱਬੀ ਗਿਆਨ ਆਇਆ ਹੈ। ਰੱਬ ਦੀਆਂ ਬਖਸ਼ਿਸ਼ਾਂ ਨਾਲ਼ ਇੱਥੇ ਚਾਵਾਂ ਤੇ ਖੁਸ਼ੀਆਂ ਦਾ ਕੋਈ ਅੰਤ ਨਹੀਂ। ਇੱਥੇ ਇਸ਼ਕ ਦੀ ਚੋਟ ਲਾਉਣ ਵਾਲ਼ੇ ਰੱਬੀ ਹੁਸਨ ਨੇ ਆਪ ਜਨਮ ਲਿਆ ਹੈ। ਇੱਥੇ ਨਜਰਾਂ ਦੇ ਤੀਰਾਂ ਦੇ ਮੀਂਹ ਵਰਸਾਉਣ ਵਾਲ਼ੀਆਂ ਤੇ ਦਿਲ ਵਿੱਚ ਖੁੱਭ ਜਾਣ ਵਾਲ਼ੀਆਂ ਸੂਰਤਾਂ ਵਾਲ਼ੇ ਹੁਸਨ ਆਏ ਹਨ। ਇੱਥੇ ਦਾਤਾਂ ਦੇਣ ਵਾਲ਼ੇ ਅਤੇ ਬਹਾਦਰ ਆਏ ਹਨ। ਇੱਥੇ ਰੱਬ ਦੇ ਪਿਆਰੇ ਸੇਵਕ ਆਏ ਹਨ। ਇਸ ਧਰਤੀ ਉੱਤੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਸੁੰਮਾਂ ਦੇ ਨਿਸ਼ਾਨ ਪਏ ਹਨ। ਇਸ ਧਰਤੀ ਉੱਤੇ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਨਿਵਾਸ ਹੈ।
(ਜ) ਗਾਓ ਢੋਲੇ ਯਾਰੋ! ਖੁੱਲ੍ਹ ਵਿਚ ਬੇਸ਼ੱਕ ਹੁਣ,
ਵਜਾਓ ਅਲਗੋਜ਼ੇ ਪੋਠੋਹਾਰ ਦੇ।
ਬਣਨ ਬੈਂਤ, ਉੱਡਣ ਰੰਗ ਗੁਲਾਬ ਦੇ,
ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ, ਪੀੜਾਂ ਮੁੱਢ ਕਦੀਮ ਦੀਆਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ ਅਤੇ ਅਲਬੇਲੇ ਕਹਿ ਕੇ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਮੌਜ ਨਾਲ਼ ਰਹਿਣ ਅਤੇ ਖੁਸ਼ੀਆਂ ਦਾ ਆਨੰਦ ਲੈਣ।
ਵਿਆਖਿਆ – ਕਵੀ ਕਹਿੰਦਾ ਹੈ ਪੰਜਾਬੀ ਦੇ ਜਵਾਨੋਂ ਤੁਸੀਂ ਹੁਣ ਬੇਸ਼ੱਕ ਪੂਰੀ ਖੁੱਲ੍ਹ ਮਾਣਦੇ ਹੋਏ ਢੋਲੇ ਗਾਓ ਤੇ ਪੋਠੋਹਾਰ ਦੇ ਅਲਗੋਜ਼ੇ ਵਜਾ ਕੇ ਖੁਸ਼ੀ ਮਨਾਓ। ਇਸ ਖੁਸ਼ੀ ਨੂੰ ਵਧਾਉਣ ਲਈ ਕਵਿਤਾ ਜੋੜ-ਜੋੜ ਕੇ ਗਾਓ, ਗੁਲਾਲ ਦੇ ਰੰਗ ਉਡਾਓ ਤੇ ਦਿਲ ਦੀਆਂ ਮੌਜਾਂ ਮਾਣੋ। ਤੁਹਾਨੂੰ ਅਲਬੇਲੀਆਂ ਤੇ ਬੇਪਰਵਾਹ ਜੁਆਨੀਆਂ ਰੱਬ ਨੇ ਦਿੱਤੀਆਂ ਹਨ। ਤੁਸੀਂ ਆਪਣੇ ਦਿਲਾਂ ਦੀਆਂ ਮੌਜਾਂ ਮਾਣਦੇ ਹੋਏ ਇਨ੍ਹਾਂ ਵਿੱਚ ਦੱਬੀਆਂ ਪ੍ਰੀਤ ਦੀਆਂ ਮੁੱਢ-ਕਦੀਮ ਦੀਆਂ ਪੀੜਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰੋ।
(ਝ) ਹਾਂ ! ਐਵੇਂ ਜਦ ਦਿਲ ਅੱਕੇ,
ਉੱਠ ਡਾਂਗਾਂ ਵਰਸਾਓ ਵਾਂਗ ਆਂਧੀਆਂ,
ਇਹ ਤੁਸਾਂ ਦੇ ਡੌਲਿਆਂ ਨੂੰ ਵਰਜ਼ਸ਼ ਜ਼ਰੂਰ ਹੈ।
ਖੁੱਲ੍ਹੇ ਖੇਤ ਤੇ ਹਵਾਵਾਂ,
ਵਾਟਾਂ ਲੰਮੀਆਂ ਦੇ ਸੈਰ,
ਪੈਰ ਵਾਹਣਿਆਂ ਟੁਰਨਾ,
ਸ਼ਾਮ ਵੇਲੇ ਘਰ ਆਵਣਾ, ਪੰਜਾਹ ਕੋਹ ਮਾਰ ਕੇ।
ਵਾਹ ਸ਼ੇਰ ਜਵਾਨੀਏ ! ਕੰਮ ਕੁਝ ਨਾਂਹ,
ਪੈਂਡਾ ਮਾਰਨਾ, ਜ਼ਰਾ ਲੱਤਾਂ ਹਿਲਾਨ ਨੂੰ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਜਵਾਨਾਂ ਦੀ ਸਿਫ਼ਤ ਖੁੱਲ੍ਹੇ-ਡੁੱਲ੍ਹੇ ਸੁਭਾ ਵਾਲ਼ੇ, ਪਿਆਰ ਨਾਲ਼ ਗੁਲਾਮੀ ਕਰਨ ਵਾਲ਼ੇ, ਕੁਰਬਾਨੀ ਦੇ ਪੁਤਲੇ, ਅੱਖੜਖਾਂਦ, ਸਤਿਗੁਰਾਂ ਦੇ ਅਜ਼ਾਦ ਕੀਤੇ, ਆਪਣੀ ਮਰਜ਼ੀ ਦੇ ਮਾਲਕ, ਸਰੀਰਕ ਬਲ ਵਾਲ਼ੇ ਅਤੇ ਅਲਬੇਲੇ ਕਹਿ ਕੇ ਕਰਦਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਪੰਜਾਬੀ ਦੇ ਜਵਾਨੋਂ ਜਦੋਂ ਤੁਹਾਡਾ ਦਿਲ ਜ਼ਰਾ ਅੱਕ ਜਾਵੇ, ਤਾਂ ਡਾਂਗਾਂ ਚੁੱਕ ਕੇ ਇੱਕ ਦੂਜੇ ਦੇ ਮਾਰੋ, ਇਹ ਤੁਹਾਡੀ ਬੁਰਾਈ ਨਹੀਂ ਸਗੋਂ ਇਹ ਤੁਹਾਡੇ ਡੌਲਿਆਂ ਦੀ ਕਸਰਤ ਹੈ। ਤੁਸੀਂ ਖੇਤਾਂ ਦੀਆਂ ਖੁੱਲ੍ਹੀਆਂ ਹਵਾਵਾਂ ਵਿੱਚ ਲੰਮੀਆਂ ਸ਼ੈਰਾਂ ਕਰਦੇ ਹੋਏ ਨੰਗੇ ਪੈਰੀਂ ਤੁਰਦੇ ਹੋ। ਪੰਜਾਹ ਕੋਹ ਪੈਂਡਾ ਤੁਰ ਕੇ ਆ ਕੇ ਸ਼ਾਮ ਨੂੰ ਜਦ ਘਰ ਮੁੜਦੇ ਹੋ, ਤਾਂ ਇਹ ਨਹੀਂ ਕਹਿੰਦੇ ਕਿ ਅਸੀਂ ਥੱਕ ਗਏ ਹਾਂ, ਸਗੋਂ ਤੁਹਾਡੀ ਸ਼ੇਰ ਜਵਾਨੀ ਸਮਝਦੀ ਹੈ ਕਿ ਇਹ ਤਾਂ ਕੋਈ ਕੰਮ ਹੀ ਨਹੀਂ ਸੀ। ਇਨ੍ਹਾਂ ਕੁ ਪੈਂਡਾ ਤਾਂ ਕੇਵਲ ਲੱਤਾਂ ਹਿਲਾਉਣ ਲਈ ਹੀ ਮਾਰਿਆ ਸੀ।
••• ਕੇਂਦਰੀ ਭਾਵ •••
ਪੰਜਾਬ ਦੇ ਨੌਜਵਾਨ ਬੇਪ੍ਰਵਾਹ, ਅਲਬੇਲੇ, ਮਰਜੀ ਦੇ ਮਾਲਕ , ਪਿਆਰ ਦੀ ਗੁਲਾਮੀ ਕਰਨ ਵਾਲ਼ੇ ਅਤੇ ਖੁੱਲ੍ਹ-ਡੁੱਲ ਪਸੰਦ ਹਨ। ਉਨ੍ਹਾਂ ਦੇ ਸੁਭਾਅ ਵਿੱਚ ਇਹ ਗੁਣ ਗੁਰੂ ਸਾਹਿਬਾਂ ਦੀ ਬਖਸ਼ਿਸ਼ ਨਾਲ਼ ਪੈਦਾ ਹੋਏ ਹਨ। ਉਹ ਲੜਾਈ-ਭਿੜਾਈ ਤੇ ਤੁਰ ਕੇ ਲੰਮੇ ਪੈਂਡੇ ਤੈਅ ਕਰਨ ਨੂੰ ਵੀ ਮਾਮੂਲੀ ਗੱਲ ਹੀ ਸਮਝਦੇ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਜਵਾਨ ਪੰਜਾਬ ਦੇ’ ਕਵਿਤਾ ਕਿਸਦੀ ਰਚਨਾ ਹੈ?
ਉੱਤਰ – ਪ੍ਰੋ: ਪੂਰਨ ਸਿੰਘ ਦੀ।
ਪ੍ਰਸ਼ਨ 2. ਪੰਜਾਬ ਦੇ ਜਵਾਨਾਂ ਨੂੰ ਵੱਸ ਵਿੱਚ ਕਿਵੇਂ ਕੀਤਾ ਜਾ ਸਕਦਾ ਹੈ?
ਉੱਤਰ – ਪਿਆਰ ਨਾਲ਼।
ਪ੍ਰਸ਼ਨ 3. ਪੰਜਾਬੀ ਜਵਾਨ ਕਿਹੋ ਜਿਹੇ ਹਨ?
ਉੱਤਰ – ਬੇਪ੍ਰਵਾਹ, ਅਣਖੀਲੇ ਤੇ ਅਲਬੇਲੇ।
ਪ੍ਰਸ਼ਨ 4. ਪੰਜਾਬ ਕਿਸ ਦੇ ਨਾਂ ਤੇ ਜਿਉਂਦਾ ਹੈ?
ਉੱਤਰ – ਗੁਰੂ ਨਾਨਕ ਦੇ ਨਾਮ ਤੇ।
ਪ੍ਰਸ਼ਨ 5. ਰਾਂਝੇ ਨੂੰ ਕੌਣ ਜੋਗ ਦੇ ਕੇ ਪਛਤਾਇਆ ਸੀ?
ਉੱਤਰ – ਬਾਲ ਨਾਥ।
ਪ੍ਰਸ਼ਨ 6. ਕਵੀ ਨੇ ਪੰਜਾਬੀਆਂ ਨੂੰ ਕਿਸ ਦੇ ਨਿੱਕੇ ਵੱਡੇ ਭਰਾ ਕਿਹਾ ਹੈ?
ਉੱਤਰ – ਰਾਂਝੇ ਦੇ।
ਪ੍ਰਸ਼ਨ 7. ਪੰਜਾਬੀ ਕਿਸ ਗੱਲ ਤੋਂ ਨਹੀਂ ਡਰਦੇ?
ਉੱਤਰ – ਮਰਨ ਤੋਂ।
ਪ੍ਰਸ਼ਨ 8. ਪੰਜਾਬ ਦੇ ਦਰਿਆ ਕੀ ਗਾਉਂਦੇ ਹਨ?
ਉੱਤਰ – ਜਪੁ ਸਾਹਿਬ।
ਪੰਜਾਬ 9. ਪੰਜਾਬ ਵਿੱਚ ਕਿਸ ਦੇ ਘੋੜੇ ਦੀ ਟਾਪ ਲੱਗੀ ਹੈ?
ਉੱਤਰ – ਗੁਰੂ ਗੋਬਿੰਦ ਸਿੰਘ ਜੀ ਦੇ।
ਪ੍ਰਸ਼ਨ 10. ਪੰਜਾਬੀ ਲੱਤਾਂ ਹਿਲਾਉਣ ਲਈ ਕੀ ਕਰਦੇ ਹਨ?
ਉੱਤਰ – ਪੰਜਾਹ ਕੋਹ ਦਾ ਪੈਂਡਾ।
2. ਪੰਜਾਬ ਦੇ ਮਜੂਰ
ਉਏ! ਮਜੂਰ ਚੰਗੇ ਲੱਗਦੇ। ਨਿੱਕੇ ਨਿੱਕੇ ਖ਼ਿਆਲ ਇਨ੍ਹਾਂ ਦੇ,
ਉਨ੍ਹਾਂ ਵਿਚ ਢਲੀਆਂ ਇਨ੍ਹਾਂ ਦੀਆਂ ਜ਼ਿੰਦਗੀਆਂ,
ਸਾਦੇ-ਸਾਦੇ ਚਿਹਰੇ, ਬੇਨਿਕਾਬ ਜਿਹੇ, ਨ ਛੁਪਦੇ ਨ ਛੁਪਾਂਦੇ ਕੁਝ ਆਪਣਾ।
ਨੰਗੇ-ਨੰਗੇ ਦਿਲ ਇਹਨਾਂ ਦੇ, ਭੋਲੇ ਭਾਲੇ ਲੋਕ ਤੇ ਆਲੀਆਂ-ਭੋਲੀਆਂ ਗੱਲਾਂ।
ਇਹਨਾਂ ਦੀ ਗ਼ਰੀਬੀ ਨਿੱਕੀ, ਇਨ੍ਹਾਂ ਦਾ ਸੰਤੋਖ ਵੱਡਾ,
ਇਹ ਠੰਢੇ ਪਾਣੀ ਵਾਂਗ, ਮੇਰੇ ਜੀਅ ਨੂੰ ਠਾਰਦੇ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਪੰਜਾਬ ਦੇ ਮਜ਼ੂਰ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਪੰਜਾਬ ਦੇ ਮਜਦੂਰਾਂ ਦੇ ਸੁਭਾਅ, ਸਾਫ ਦਿਲ , ਭੋਲੇ ਮਨ, ਗਰੀਬੀ , ਬੇਪਰਵਾਹੀ ਅਤੇ ਸਬਰ-ਸੰਤੋਖ ਵਰਗੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ ਜੋ ਉਸ ਦੇ ਦਿਲ ਨੂੰ ਠਾਰਦੇ ਹਨ।
ਵਿਆਖਿਆ – ਕਵੀ ਕਹਿੰਦਾ ਹੈ ਕਿ ਮੈਨੂੰ ਪੰਜਾਬ ਦੇ ਮਜ਼ਦੂਰ ਉਹਨਾਂ ਦੇ ਗੁਣਾਂ ਕਰਕੇ ਬਹੁਤ ਚੰਗੇ ਲੱਗਦੇ ਹਨ। ਇਨ੍ਹਾਂ ਦੇ ਜੀਵਨ ਦੇ ਸੁਪਨਿਆਂ ਦੇ ਰੂਪ ਵਿੱਚ ਖ਼ਿਆਲ ਨਿੱਕੇ-ਨਿੱਕੇ ਹਨ। ਇਨ੍ਹਾਂ ਦੇ ਨਿੱਕੇ-ਨਿੱਕੇ ਸੁਪਨਿਆਂ ਵਿੱਚ ਹੀ ਇਨ੍ਹਾਂ ਦੀਆਂ ਜ਼ਿੰਦਗੀਆਂ ਢਲੀਆਂ ਹੋਈਆਂ ਹਨ। ਇਨ੍ਹਾਂ ਦੇ ਚਿਹਰੇ ਸਾਦੇ ਤੇ ਨੰਗੇ ਹਨ। ਭਾਵ ਇਹ ਕੁਝ ਵੀ ਛੁਪਾਉਂਦੇ ਨਹੀਂ ਹਨ। ਇਨ੍ਹਾਂ ਦੇ ਦਿਲ ਵੀ ਸਾਫ-ਸੁਥਰੇ ਹਨ। ਇਹ ਲੋਕ ਭੋਲੇ-ਭਾਲੇ ਹਨ ਤੇ ਇਨ੍ਹਾਂ ਦੀਆਂ ਗੱਲਾਂ ਵੀ ਭੋਲੀਆਂ-ਭਾਲੀਆਂ ਹਨ। ਇਨ੍ਹਾਂ ਦਾ ਗਰੀਬੀ ਵਾਲ਼ਾ ਜੀਵਨ ਬਹੁਤ ਨਿੱਕਾ ਹੈ, ਪਰ ਇਨ੍ਹਾਂ ਦਾ ਸਬਰ-ਸੰਤੋਖ ਬਹੁਤ ਵੱਡਾ ਹੈ। ਇਹਨਾਂ ਦੇ ਇਹ ਸਾਰੇ ਗੁਣ ਮੇਰੇ ਦਿਲ ਨੂੰ ਠੰਢੇ ਪਾਣੀ ਵਾਂਗ ਠਾਰਦੇ ਹਨ।
••• ਕੇਂਦਰੀ ਭਾਵ •••
ਪੰਜਾਬ ਦੇ ਮਜ਼ਦੂਰ ਸਾਦੇ ਸੁਭਾਅ ਤੇ ਸਾਫ਼ ਦਿਲ ਵਾਲ਼ੇ, ਭੋਲੇ-ਭਾਲੇ, ਗਰੀਬ, ਬੇਪ੍ਰਵਾਹ ਤੇ ਸਬਰ ਸੰਤੋਖ ਦੇ ਗੁਣਾਂ ਨਾਲ਼ ਭਰਪੂਰ ਹਨ। ਇਹਨਾਂ ਗੁਣਾਂ ਕਰਕੇ ਇਹ ਕਵੀ ਦੇ ਦਿਲ ਨੂੰ ਚੰਗੇ ਲੱਗਦੇ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਪੰਜਾਬ ਦੇ ਮਜ਼ੂਰ’ ਕਵਿਤਾ ਕਿਸ ਕਵੀ ਦੀ ਰਚਨਾ ਹੈ?
ਉੱਤਰ – ਪ੍ਰੋ ਪੂਰਨ ਸਿੰਘ।
ਪ੍ਰਸ਼ਨ 2. ਪੰਜਾਬ ਦੇ ਮਜ਼ਦੂਰਾਂ ਕੋਲ ਵੱਡੀ ਚੀਜ਼ ਕਿਹੜੀ ਹੈ?
ਉੱਤਰ – ਸੰਤੋਖ।
ਪ੍ਰਸ਼ਨ 3. ਪੰਜਾਬ ਦੇ ਮਜ਼ਦੂਰਾਂ ਦੇ ਖ਼ਿਆਲ ਕਿਹੋ ਜਿਹੇ ਹਨ?
ਉੱਤਰ – ਨਿੱਕੇ-ਨਿੱਕੇ।
ਪ੍ਰਸ਼ਨ 4. ਕਵੀ ਦੇ ਦਿਲ ਨੂੰ ਕੌਣ ਠਾਰਦੇ ਹਨ?
ਉੱਤਰ – ਪੰਜਾਬ ਦੇ ਮਜ਼ਦੂਰ।
3. ਖੂਹ ਉਤੇ
(ੳ) ਕੋਲ ਇਹ ਖੂਹ ਉੱਤੇ ਪਿੱਪਲ ਹੇਠ ਨਿੱਕੀ ਵੱਡੀ ਘੱਗਰੀਆਂ,
ਨਿੱਕੀਆਂ-ਨਿੱਕੀਆਂ ਬਾਹਾਂ, ਵੱਡੀਆਂ-ਵੱਡੀਆਂ ਲੱਜਾਂ,
ਕੁੜੀਆਂ ਪੰਜਾਬ ਦੀਆਂ! ਪਾਣੀ ਪਈਆਂ ਭਰਦੀਆਂ।
ਪਾਣੀ ਖੂਹ ਵਿੱਚੋਂ ਕੱਢਦੀਆਂ, ਕੁਝ ਡੋਲ੍ਹਦੀਆਂ, ਕੁਝ ਭਰਦੀਆਂ,
ਕੁਝ ਛੱਟੇ ਮਾਰ-ਮਾਰ ਵੰਵਾਂਦੀਆਂ,
ਮੂੰਹ ‘ਤੇ ਪਾਂਦੀਆਂ, ਡੋਲ੍ਹ-ਡੋਲ੍ਹ ਹੱਥਾਂ ਨਾਲ਼, ਪੈਰਾਂ ਨੂੰ ਨੁਹਾਲਦੀਆਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਖੂਹ ਉੱਤੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪਿੰਡ ਵਿੱਚ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਮੈਂ ਨੇੜੇ ਹੀ ਪਿੱਪਲ ਹੇਠਾਂ ਇੱਕ ਖੂਹ ਉੱਤੇ ਛੋਟੀਆਂ ਅਤੇ ਵੱਡੀਆਂ ਘੱਗਰੀਆਂ ਵਾਲ਼ੀਆਂ ਪੰਜਾਬ ਦੀਆਂ ਕੁੜੀਆਂ ਨੂੰ ਪਾਣੀ ਭਰਦਿਆਂ ਦੇਖਿਆ। ਉਨ੍ਹਾਂ ਦੀਆਂ ਬਾਹਾਂ ਨਿੱਕੀਆਂ-ਨਿੱਕੀਆਂ ਹਨ, ਪਰ ਉਨ੍ਹਾਂ ਨੇ ਵੱਡੀਆਂ-ਵੱਡੀਆਂ ਖੂਹ ਵਿੱਚੋਂ ਪਾਣੀ ਕੱਢਣ ਵਾਲ਼ੀਆਂ ਰੱਸੀਆਂ ਫੜੀਆਂ ਹੋਈਆਂ ਹਨ। ਉਹ ਕੁਝ ਪਾਣੀ ਘੜਿਆਂ ਵਿਚ ਭਰ ਰਹੀਆਂ ਹਨ ਅਤੇ ਕੁਝ ਬਾਹਰ ਡੋਲ੍ਹ ਰਹੀਆਂ ਹਨ। ਕੁਝ ਪਾਣੀ ਨਾਲ਼ ਉਹ ਆਪਣੇ ਹੱਥਾਂ ਨਾਲ਼ ਛੱਟੇ ਮਾਰ ਕੇ ਰੋੜ੍ਹ ਰਹੀਆਂ ਹਨ। ਉਹ ਆਪਣੇ ਮੂੰਹ ਉੱਪਰ ਪਾਣੀ ਦੇ ਛੱਟੇ ਮਾਰਦੀਆਂ ਹਨ ਅਤੇ ਆਪਣੇ ਹੱਥਾਂ ਨਾਲ਼ ਪਾਣੀ ਡੋਲ੍ਹ-ਡੋਲ੍ਹ ਕੇ ਆਪਣੇ ਪੈਰਾਂ ਨੂੰ ਧੋ ਰਹੀਆਂ ਹਨ।
(ਅ) ਆਏ ਗਏ ਕਵੀ ਕਵੀਸ਼ਰ ਨੂੰ, ਪਾਣੀ ਬੁੱਕਾਂ ਨਾਲ਼ ਪਿਆਲਦੀਆਂ।
ਖੂਹ ਤੇ ਵੀ ਇੱਕ ਜੀਵਨ ਰੰਗ-ਬਰੰਗੀ ਹੈ, ਦੋ ਗੱਲਾਂ ਕਰਨੀਆਂ ਕਰਾਣੀਆਂ,
ਦੋ ਸੁਣਨੀਆਂ ਸੁਣਾਉਣੀਆਂ, ਉਹ ਇੱਕ ਦੂਜੇ ਦਾ ਹੱਥ ਵਟਾਉਣਾ,
ਘੜੇ ਭਰੇ-ਭਰੇ ਚੁੱਕਣੇ ਚੁਕਾਉਣੇ, ਰਲ-ਮਿਲ ਗਾਉਣਾ, ਹੇਕਾਂ ਲਾਉਣੀਆਂ।
ਪ੍ਰਸੰਗ – ਇਹ ਕਾਵਿ-ਟੋਟਾ ਨੌਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ-ਮਾਲਾ’ ਵਿੱਚ ਦਰਜ਼ ਪ੍ਰੋ: ਪੂਰਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ‘ਖੂਹ ਉੱਤੇ’ ਵਿੱਚੋਂ ਲਿਆ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਪਿੰਡ ਵਿੱਚ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ।
ਵਿਆਖਿਆ – ਕਵੀ ਕਹਿੰਦਾ ਹੈ ਕਿ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਕਦੇ-ਕਦੇ ਆਉਂਦੇ ਜਾਂਦੇ ਕਿਸੇ ਰਾਹੀ ਕਵੀ ਨੂੰ ਬੁੱਕਾਂ ਨਾਲ਼ ਪਾਣੀ ਪਿਲਾਉਂਦੀਆਂ ਹਨ। ਕੁੜੀਆਂ ਦੇ ਖੂਹ ਉੱਤੇ ਇਕੱਠੀਆਂ ਹੋਣਾ ਨਾਲ਼ ਖੂਹ ਉੱਤੇ ਇੱਕ ਰੰਗ-ਬਰੰਗਾ ਜੀਵਨ ਹੈ। ਉਹ ਇੱਕ-ਦੂਜੀ ਦੀਆਂ ਦੋ ਗੱਲਾਂ ਸੁਣਦੀਆਂ ਵੀ ਹਨ ਤੇ ਇੱਕ-ਦੂਜੀ ਨੂੰ ਦੋ ਗੱਲਾਂ ਸੁਣਾ ਦਿੰਦੀਆਂ ਹਨ। ਉਹ ਇੱਕ-ਦੂਜੀ ਦੇ ਭਰੇ ਹੋਏ ਘੜੇ ਚੁੱਕਣ ਵਿੱਚ ਮਦਦ ਕਰਦੀਆਂ ਹਨ ਅਤੇ ਇਕੱਠੀਆਂ ਹੋ ਕੇ ਖੁਸ਼ੀ ਵਿੱਚ ਹੱਕਾਂ ਲਾਉਦੀਆਂ ਤੇ ਗਾਉਂਦੀਆਂ ਹਨ।
••• ਕੇਂਦਰੀ ਭਾਵ •••
ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਦਾ ਦ੍ਰਿਸ਼ ਬੜਾ ਰੰਗ-ਬਰੰਗਾ ਤੇ ਦਿਲਖਿੱਚਵਾਂ ਹੁੰਦਾ ਹੈ। ਉਹ ਪਾਣੀ ਨਾਲ਼ ਖੇਡਦੀਆਂ, ਮੂੰਹ-ਹੱਥ ਤੇ ਪੈਰ ਧੋਂਦੀਆਂ ਹਨ। ਉਹ ਆਏ ਗਏ ਰਾਹੀ ਨੂੰ ਪਾਣੀ ਵੀ ਪਿਲਾਉਂਦੀਆਂ ਹਨ। ਉਹ ਇੱਕ ਦੂਜੇ ਨਾਲ਼ ਖੂਬ ਗੱਲਾਂ ਕਰਦੀਆਂ ਹਨ ਅਤੇ ਹੇਕਾਂ ਲਾ-ਲਾ ਕੇ ਗਾਉਂਦੀਆਂ ਹਨ। ਉਹ ਘੜੇ ਚੁਕਾਉਣ ਵਿੱਚ ਇੱਕ-ਦੂਜੀ ਦੀ ਮਦਦ ਵੀ ਕਰਦੀਆਂ ਹਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਖੂਹ ਤੇ ਪਾਣੀ ਕੌਣ ਭਰ ਰਿਹਾ ਹੈ?
ਉੱਤਰ – ਮੁਟਿਆਰ ਕੁੜੀਆਂ।
ਪ੍ਰਸ਼ਨ 2. ਕੁੜੀਆਂ ਕਵੀ-ਕਵੀਸ਼ਰਾਂ ਨੂੰ ਕਾਹਦੇ ਨਾਲ਼ ਪਾਣੀ ਪਲਾਉਂਦੀਆਂ ਹਨ?
ਉੱਤਰ – ਬੁੱਕਾਂ ਨਾਲ਼।
ਪ੍ਰਸ਼ਨ 3. ਖੂਹ ਉੱਤੇ ਜੀਵਨ ਕਿਹੋ ਜਿਹਾ ਹੈ?
ਉੱਤਰ – ਰੰਗ-ਬਰੰਗਾ।
ਪ੍ਰਸ਼ਨ 4. ਖੂਹ ਕਿੱਥੇ ਹੈ?
ਉੱਤਰ – ਪਿੱਪਲ ਹੇਠ।
ਪ੍ਰਸ਼ਨ 5. ‘ਖੂਹ ਉੱਤੇ’ ਕਵਿਤਾ ਕਿਸ ਕਵੀ ਦੀ ਰਚਨਾ ਹੈ?
ਉੱਤਰ – ਪ੍ਰੋ: ਪੂਰਨ ਸਿੰਘ ਦੀ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037