ਪਾਠ 4. ਖੇਤੀ ਉਤਪਾਦਾਂ ਦਾ ਮੰਡੀਕਰਨ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1 . ਸੁਚੱਜਾ ਮੰਡੀਕਰਨ ਫ਼ਸਲ ਕੱਟਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਾਂ ਪਹਿਲਾਂ ?
ਉੱਤਰ-ਪਹਿਲਾਂ ਬਿਜਾਈ ਤੋਂ।
ਪ੍ਰਸ਼ਨ 2 . ਜੇਕਰ ਕਿਸਾਨ ਸਮਝਣ ਕਿ ਉਹਨਾਂ ਦੀ ਜਿਣਸ ਦਾ ਮੰਡੀ ਵਿੱਚ ਠੀਕ ਭਾਅ ਨਹੀਂ ਦਿੱਤਾ ਜਾ ਰਿਹਾ ਤਾਂ ਉਹਨਾਂ ਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ-ਮਾਰਕੀਟਿੰਗ ਇੰਸਪੈਕਟਰ ਨਾਲ ।
ਪ੍ਰਸ਼ਨ 3 . ਜੇਕਰ ਬੋਰੀ ਵਿੱਚ ਮਿਥੇ ਵਜ਼ਨ ਤੋਂ ਵੱਧ ਜਿਣਸ ਤੋਲੀ ਗਈ ਹੋਵੇ ਤਾਂ ਇਸ ਦੀ ਸ਼ਿਕਾਇਤ ਕਿਸ ਨੂੰ ਕਰਨੀ ਚਾਹੀਦੀ ਹੈ ?
ਉੱਤਰ-ਮਾਰਕੀਟ ਕਮੇਟੀ ਦੇ ਉੱਚ-ਅਧਿਕਾਰੀ ਨੂੰ ।
ਪ੍ਰਸ਼ਨ 4. ਜਿਣਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਕਿਹੜੀਆਂ ਦੋ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-ਜਿਣਸ ਦੀ ਸਫ਼ਾਈ, ਨਮੀ ਦੀ ਮਾਤਰਾ ।
ਪ੍ਰਸ਼ਨ 5 . ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਬਲਕ ਹੈਂਡਲਿੰਗ ਇਕਾਈਆਂ ਕਿਸ ਨੇ ਸਥਾਪਿਤ ਕੀਤੀਆਂ ਹਨ?
ਉੱਤਰ-ਭਾਰਤੀ ਖੁਰਾਕ ਨਿਗਮ ਨੇ ।
ਪ੍ਰਸ਼ਨ 6. ਕਿਸਾਨਾਂ ਨੂੰ ਫ਼ਸਲ ਦੀ ਤੁਲਾਈ ਤੋਂ ਬਾਅਦ ਆੜ੍ਹਤੀਏ ਕੋਲੋਂ ਕਿਹੜਾ ਫ਼ਾਰਮ ਲੈਣਾ ਜ਼ਰੂਰੀ ਹੈ ?
ਉੱਤਰ—ਫ਼ਾਰਮ ਜੋ (J) |
ਪ੍ਰਸ਼ਨ 7. ਵੱਖਰੀਆਂ-ਵੱਖਰੀਆਂ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਕਿਹੜੇ ਸਾਧਨਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ—ਰੇਡੀਓ, ਟੀ. ਵੀ ਤੇ ਅਖ਼ਬਾਰਾਂ ਤੋਂ।
ਪ੍ਰਸ਼ਨ 8 . ਸਰਕਾਰੀ ਖ਼ਰੀਦ ਏਜੰਸੀਆਂ ਜਿਣਸ ਦਾ ਭਾਅ ਕਿਸ ਆਧਾਰ ਤੇ ਲਾਉਦੀਆਂ ਹਨ ?
ਉੱਤਰ—ਨਮੀ ਦੀ ਮਾਤਰਾ ਵੇਖ ਕੇ
ਪ੍ਰਸ਼ਨ 9. ਸ਼ੱਕ ਦੇ ਆਧਾਰ ਤੇ ਮੰਡੀਕਰਨ ਐਕਟ ਦੇ ਮੁਤਾਬਿਕ ਕਿੰਨੇ ਪ੍ਰਤੀਸ਼ਤ ਤੱਕ ਜਿਣਸ ਦੀ ਤੁਲਾਈ ਬਿਨਾਂ ਪੈਸੇ ਦਿੱਤਿਆਂ ਕਰਵਾਈ ਜਾ ਸਕਦੀ ਹੈ?
ਉੱਤਰ-ਦਸ ਪ੍ਰਤੀਸ਼ਤ
ਪ੍ਰਸ਼ਨ 10 . ਕਿਹੜਾ ਐਕਟ ਕਿਸਾਨਾਂ ਨੂੰ ਤੁਲਾਈ ਪੜਚੋਲਣ ਦਾ ਹੱਕ ਦਿੰਦਾ ਹੈ ?
ਉੱਤਰ—ਮੰਡੀਕਰਨ ਐਕਟ 1961 ਦੇ ਅਧੀਨ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1 . ਖੇਤੀ ਸੰਬੰਧੀ ਕਿਹੜੇ-ਕਿਹੜੇ ਕੰਮ ਕਰਦੇ ਸਮੇਂ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ ?
ਉੱਤਰ—ਖੇਤੀ ਸੰਬੰਧੀ ਕਾਰਜ ਜਿਵੇਂ ਗੋਡੀ, ਦਵਾਈਆਂ ਦੀ ਵਰਤੋਂ, ਖਾਦ, ਪਾਣੀ, ਕਟਾਈ ਅਤੇ ਗਹਾਈ ਦੇ ਕੰਮ ਕਰਦੇ ਸਮੇਂ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ।
ਪ੍ਰਸ਼ਨ 2. ਕਾਸ਼ਤ ਲਈ ਫ਼ਸਲਾਂ ਦੀ ਚੋਣ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-ਕਾਸ਼ਤ ਲਈ ਫਸਲ ਦੀ ਚੋਣ ਕਰਦੇ ਸਮੇਂ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਸੇ ਫ਼ਸਲ ਦੀ ਕਾਸ਼ਤ ਕੀਤੀ ਜਾਵੇ, ਜਿਹੜੀ ਚੰਗੇ ਪੈਸੇ ਵਟਾ ਸਕਦੀ ਹੋਵੇ। ਫਿਰ ਉਸ ਫ਼ਸਲ ਦੀ ਕਿਹੜੀ ਕਿਸਮ ਸਭ ਤੋਂ ਚੰਗੀ ਹੈ, ਉਸਦਾ ਪਤਾ ਕਰਨਾ ਚਾਹੀਦਾ ਹੈ।
ਪ੍ਰਸ਼ਨ 3. ਜਿਣਸ ਵੇਚਣ ਲਈ ਮੰਡੀ ਵਿੱਚ ਲੈ ਜਾਣ ਤੋਂ ਪਹਿਲਾਂ ਕਿਸ ਗੱਲ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ?
ਉੱਤਰ—ਵੇਚਣ ਲਈ ਜਿਣਸ ਮੰਡੀ ਵਿੱਚ ਲੈ ਕੇ ਜਾਣ ਤੋਂ ਪਹਿਲਾਂ ਕਿਸਾਨਾਂ ਨੂੰ – ਮੰਡੀ ਵਿੱਚ ਸਥਿਤੀ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਭੀੜ ਕਾਰਨ ਮੰਡੀ ਵਿੱਚ ਜਿਣਸ ਰੱਖਣ ਲਈ ਥਾਂ ਨਹੀਂ ਹੁੰਦੀ ਜਾਂ ਸਰਕਾਰੀ ਏਜੰਸੀਆਂ ਵੱਲੋਂ ਅਜੇ ਖ਼ਰੀਦ ਸ਼ੁਰੂ ਨਹੀਂ ਹੁੰਦੀ ਜਾਂ ਫਿਰ ਸਰਕਾਰੀ ਏਜੰਸੀ ਦੀ ਸੰਬੰਧਿਤ ਦੁਕਾਨ ਤੇ ਵਾਰੀ ਨਹੀਂ ਹੁੰਦੀ
ਪ੍ਰਸ਼ਨ 4. ਮੰਡੀ ਵਿੱਚ ਜਿਣਸ ਦੀ ਵਿਕਰੀ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ—(i) ਸਫ਼ਾਈ, ਤੁਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਆਪਣੀ ਢੇਰੀ ਕੋਲ ਖਨਾ ਚਾਹੀਦਾ ਹੈ।
(ii) ਤੁਲਾਈ ਸਮੇਂ ਕੰਡੇ ਨੂੰ ਚੈੱਕ ਕਰਨਾ ਚਾਹੀਦਾ ਹੈ ਅਤੇ ਵੱਟੇ ਵੀ ਵੇਖ ਲੈਣੇ ਚਾਹੀਦੇ ਹਨ ਕਿ ਉਨ੍ਹਾਂ ਤੇ ਸਰਕਾਰੀ ਮੋਹਰਾਂ ਲੱਗੀਆਂ ਹਨ ਕਿ ਨਹੀਂ।
ਪ੍ਰਸ਼ਨ 5. ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕੀ ਲਾਭ ਹੁੰਦੇ ਹਨ ?
ਉੱਤਰ—ਬਲਕ ਹੈਂਡਲਿੰਗ ਇਕਾਈਆਂ ਰਾਹੀਂ ਕਿਸਾਨ ਸਿੱਧੀ ਕਣਕ ਵੇਚ ਸਕਦੇ ਹਨ। ਇਸ ਦੇ ਕਿਸਾਨ ਨੂੰ ਕਈ ਲਾਭ ਹਨ ਜਿਵੇਂ ਕਿ ਉਸੇ ਦਿਨ ਪੈਸੇ ਦਾ ਭੁਗਤਾਨ ਹੋ ਜਾਂਦਾ ਹੈ, ਮੰਡੀ ਦਾ ਕੋਈ ਖ਼ਰਚਾ ਨਹੀਂ ਦੇਣਾ ਪੈਂਦਾ ਅਤੇ ਜਿਣਸ ਉਸੇ ਦਿਨ ਵਿਕਣ ਨਾਲ ਹੋਰਨਾਂ ਕੁਦਰਤੀ ਕਿਆਮਤਾਂ ਜਿਵੇਂ ਕਿ ਮੀਂਹ, ਹਨੇਰੀ ਆਦਿ ਤੋਂ ਬਚ ਜਾਂਦੀ ਹੈ। ਇਸ ਲਈ ਇਹਨਾਂ ਇਕਾਈਆਂ ਦੇ ਨੇੜੇ ਦੇ ਕਿਸਾਨਾਂ ਨੂੰ ਇਹਨਾਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੀ ਜਿਣਸ ਤੋਂ ਵੱਧ ਪੈਸਾ ਕਮਾਉਣਾ ਚਾਹੀਦਾ ਹੈ।
ਪ੍ਰਸ਼ਨ 6 . ਮੰਡੀ ਵਿੱਚ ਜਿਣਸ ਦੀ ਨਿਗਰਾਨੀ ਕਿਉਂ ਜ਼ਰੂਰੀ ਹੈ ?
ਉੱਤਰ—ਜਿੰਨਾ ਜ਼ਰੂਰੀ ਫ਼ਸਲ ਦੀ ਕਟਾਈ ਅਤੇ ਗਹਾਈ ਦੇ ਦੌਰਾਨ ਨਿਗਰਾਨੀ ਕਰਨ ਦੀ ਲੋੜ ਹੈ, ਉਸ ਤੋਂ ਕਿਤੇ ਵੱਧ ਜਿਣਸ ਦੀ ਨਿਗਰਾਨੀ ਮੰਡੀ ਵਿੱਚ ਕਰਨ ਦੀ ਜ਼ਰੂਰਤ ਹੈ।ਜਿਣਸ ਨੂੰ ਮੰਡੀ ਵਿੱਚ ਢੇਰੀ ਕਰਨ ਤੋ ਲੈ ਕੇ ਜਿਣਸ ਦੀ ਤੁਲਾਈ ਤੱਕ ਢੇਰੀ ਲਾਗੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਇਹ ਆਮ ਦੇਖਣ ਵਿੱਚ ਆਇਆ ਹੈ ਕਿ ਮੰਡੀ ਦੇ ਕਾਮੇ ਕਈ ਵਾਰ ਜਿਣਸ ਨੂੰ ਇੱਕ-ਦੂਜੀ ਢੇਰੀ ਵਿੱਚ ਮਿਲਾ ਦਿੰਦੇ ਹਨ ਜਾਂ ਕਈ ਵਾਰ ਜਿਣਸ ਨੂੰ ਬਚੇ ਛਾਣ ਵਿੱਚ ਮਿਲਾ ਦਿੰਦੇ ਹਨ ਅਤੇ ਬਾਅਦ ਵਿੱਚ ਸਾਫ਼ ਕਰ ਲੈਂਦੇ ਹਨ ਜਿਸ ਨਾਲ ਕਿਸਾਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਨੁਕਸਾਨ ਤੋਂ ਬਚਣ ਲਈ ਕਿਸਾਨ ਨੂੰ ਚਾਹੀਦਾ ਹੈ ਕਿ ਆਪਣੀ ਢੇਰੀ ਦੀ ਤੁਲਾਈ ਹੋਣ ਤੱਕ ਨਿਗਰਾਨੀ ਰੱਖੇ।
ਪ੍ਰਸ਼ਨ 7 . ਵੱਖ-ਵੱਖ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਦੇ ਕੀ ਫ਼ਾਇਦੇ ਹਨ ?
ਉੱਤਰ-ਫ਼ਸਲ ਦੀ ਮੰਡੀ ਵਿੱਚ ਆਮਦ ਵੱਧ ਜਾਂ ਘਟ ਜਾਣ ਨਾਲ ਜਿਣਸਾਂ ਦੇ ਭਾਅ ਵਧਦੇ ਅਤੇ ਘਟਦੇ ਰਹਿੰਦੇ ਹਨ। ਇਸ ਲਈ ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਬਾਰੇ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਲਾਗਲੀਆਂ ਮੰਡੀਆਂ ਦੇ ਭਾਅ ਦੀ ਚੰਗੀ ਤਰ੍ਹਾਂ ਘੋਖ ਕਰਨ ਤੋਂ ਬਾਅਦ ਹੀ ਆਪਣੀ ਜਿਣਸ ਮੰਡੀ ਵਿੱਚ ਲਿਜਾਣ ਤਾਂ ਜੋ ਫ਼ਸਲ ਦੀ ਵਧੀਆ ਕੀਮਤ ਲੈ ਸਕਣ। ਵੱਖ-ਵੱਖ ਮੰਡੀਆਂ ਦੇ ਭਾਅ ਬਾਰੇ ਜਾਣਕਾਰੀ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਸ਼ਨ 8 . ਮਾਰਕੀਟ ਕਮੇਟੀ ਦੇ ਦੋ ਮੁੱਖ ਕਾਰਜ ਕੀ ਹਨ ?
ਉੱਤਰ-ਮਾਰਕੀਟ ਕਮੇਟੀ ਕਿਸਾਨਾਂ ਦੀ ਸੰਸਥਾ ਹੈ ਜਿਸ ਦੇ ਮੁੱਖ ਕੰਮ ਹੇਠ ਲਿਖੇ ਹਨ:
1. ਮੰਡੀ ਵਿੱਚ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਤੇ ਮਾਰਕੀਟ ਕਮੇਟੀ ਜਿਣਸ ਦੀ ਬੋਲੀ ਕਰਾਉਣ ਵਿੱਚ ਪੂਰਾ-ਪੂਰਾ ਤਾਲਮੇਲ ਕਾਇਮ ਰੱਖਦੀ ਹੈ ਤਾਂ ਜੋ ਜਿਣਸ ਦੀ ਬੋਲੀ ਸਮੇਂ ਸਿਰ ਕੀਤੀ ਜਾਵੇ।
2.ਤੁਲਾਈ ਠੀਕ ਕਰਾਉਣਾ ਵੀ ਮਾਰਕੀਟ ਕਮੇਟੀ ਦਾ ਹੀ ਫ਼ਰਜ਼ ਹੈ। ਪ੍ਰਸ਼ਨ 9. ਦਰਜਾਬੰਦੀ ਤੋਂ ਕੀ ਭਾਵ ਹੈ ?
ਉੱਤਰ—ਦਰਜਾਬੰਦੀ (Grading) ਤੋਂ ਕੀ ਭਾਵ ਇਹ ਹੈ ਕਿ ਫ਼ਸਲ ਨੂੰ ਉਸਦੇ ਮਿਆਰ ਦੇ ਮੁਤਾਬਕ ਵੱਖਰੇ-ਵੱਖਰੇ ਹਿੱਸਿਆਂ ਵਿਚ ਵੰਡਣਾ।
ਪ੍ਰਸ਼ਨ 10. ਜੇ (J) ਫਾਰਮ ਲੈਣ ਦੇ ਕੀ ਲਾਭ ਹਨ ?
ਉੱਤਰ— ਕਿਸਾਨਾਂ ਨੂੰ ਫ਼ਸਲ ਦੀ ਤੁਲਾਈ ਤੋਂ ਬਾਅਦ ਆਪਣੇ ਆੜ੍ਹਤੀਏ ਕੋਲੋਂ ਫਾਰਮ-ਹ ਜ਼ਰੂਰ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਵਿਕੀ ਹੋਈ ਜਿਣਸ ਮੁਕੰਮਲ ਵੇਰਵਾ ਦਰਜ ਹੁੰਦਾ ਹੈ ਜਿਸ ਤਰ੍ਹਾਂ ਕਿ ਜਿਣਸ ਦੀ ਮਾਤਰਾ, ਵਿਕਰੀ ਕੀਮਤ ਅਤੇ ਵਸੂਲ ਕੀਤੇ ਖ਼ਰਚੇ। ਇਸ ਫ਼ਾਰਮ ਲੈਣ ਦੇ ਕਈ ਹੋਰ ਵੀ ਫਾਇਦੇ ਹਨ ਜਿਵੇਂ ਕਿ ਬਾਅਦ ਵਿੱਚ ਮਿਲਣ ਵਾਲਾ ਬੋਨਸ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੰਡੀ ਫੀਸ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1 . ਮੰਡੀਕਰਨ ਵਿੱਚ ਸਰਕਾਰੀ ਦਖ਼ਲ ਤੇ ਨੋਟ ਲਿਖੋ।
ਉੱਤਰ-ਸਰਕਾਰੀ ਸੰਸਥਾਵਾਂ ਜਾਂ ਸੰਘਾਂ ਦੀ ਮਦਦ ਨਾਲ ਕਿਸਾਨਾਂ ਨੂੰ ਦੇਸ਼ ਵਿੱਚ ਵੱਡੇ-ਵੱਡੇ ਸ਼ਹਿਰਾਂ ਵਿੱਚ ਘਲ ਕੇ ਕਿਸਾਨਾਂ ਨੂੰ ਵਧੇਰੇ ਲਾਭ ਦਿਲਾਇਆ ਜਾ ਸਕਦਾ ਹੈ। ਦੂਜੇ ਦੇਸ਼ਾਂ ਵਿੱਚ ਉਤਪਾਦਨ ਦਾ ਨਿਰਯਾਤ ਕਰਕੇ ਵੀ ਜ਼ਿਆਦਾ ਲਾਭ ਕਮਾਇਆ ਜਾ ਸਕਦਾ ਹੈ। ਇਸ ਕੰਮ ਵਿੱਚ ਸਰਕਾਰੀ ਸੰਸਥਾਵਾਂ ਦਖ਼ਲ ਦਿੰਦੀਆਂ ਹਨ। ਪੰਜਾਬ ਦੇ ਕਿਸਾਨਾਂ ਨੂੰ ਆਪਣੇ ਥੋੜ੍ਹੇ-ਥੋੜ੍ਹੇ ਉਤਪਾਦ ਦੀ ਵਿਕਰੀ ਖ਼ੁਦ ਕਰਨ ਦੀ ਬਜਾਏ ਮੰਡੀਕਰਨ ਦੀਆਂ ਵਿਧੀਆਂ ਨੂੰ ਅਪਨਾਉਣਾ ਚਾਹੀਦਾ ਹੈ।
ਪ੍ਰਸ਼ਨ 2. ਸਹਿਕਾਰੀ ਮੰਡੀਕਰਨ ਦਾ ਸੰਖੇਪ ਵਿੱਚ ਵਿਵਰਣ ਦਿਉ।
ਉੱਤਰ—ਕਿਸਾਨਾਂ ਨੂੰ ਜਿੱਥੋਂ ਤੱਕ ਹੋ ਸਕੇ ਆਪਣੀ ਜਿਣਸ ਦਾ ਮੰਡੀਕਰਨ ਸਾਂਝੀਆਂ ਤੇ ਸਹਿਕਾਰੀ ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ। ਇਹ ਸਭਾਵਾਂ ਆਮ ਤੌਰ ਤੇ ਕਮਿਸ਼ਨ ਏਜੰਸੀਆਂ ਦਾ ਕੰਮ ਕਰਦੀਆਂ ਹਨ। ਇਹ ਸਭਾਵਾਂ ਕਿਸਾਨਾਂ ਦੀਆਂ ਹੋਣ ਕਰਕੇ ਉਹਨਾਂ ਦੀ ਜਿਣਸ ਦਾ ਵਧੀਆ ਭਾਵ ਦੁਆਉਣ ਵਿੱਚ ਮਦਦ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਪੈਸੇ ਦਾ ਭੁਗਤਾਨ ਆੜ੍ਹਤੀਏ ਨਾਲੋਂ ਛੇਤੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਭਾਵਾਂ ਕਿਸਾਨਾਂ ਨੂੰ ਹੋਰ ਸਹੂਲਤਾਂ ਵੀ ਮੁਹੱਈਆ ਕਰਦੀਆਂ ਹਨ। ਜਿਵੇਂ ਕਿ ਫ਼ਸਲਾਂ ਲਈ ਕਰਜ਼ਾ ਅਤੇ ਵਾਜਿਬ ਭਾਅ ਤੇ ਖਾਦਾਂ, ਕੀੜੇਮਾਰ ਦਵਾਈਆਂ ਆਦਿ।
ਪ੍ਰਸ਼ਨ 3 . ਖੇਤੀ ਉਤਪਾਦਾਂ ਦੀ ਦਰਜਾਬੰਦੀ ਕਰਨ ਦੇ ਕੀ ਲਾਭ ਹਨ ?
ਉੱਤਰ-ਦਰਜਾਬੰਦੀ ਤੋਂ ਭਾਵ ਇਹ ਹੈ ਕਿ ਫ਼ਸਲ ਨੂੰ ਉਸ ਦੇ ਮਿਆਰ ਦੇ ਮੁਤਾਬਿਕ ਵੱਖਰੇ-ਵੱਖਰੇ ਹਿੱਸਿਆਂ ਵਿੱਚ ਵੰਡਣਾ। ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕਈ ਵਾਰ ਕੁੱਝ ਹਿੱਸਾ ਫ਼ਸਲਾਂ ਦੇ ਡਿੱਗਣ ਨਾਲ ਜਾਂ ਬੀਮਾਰੀ ਨਾਲ ਖ਼ਰਾਬ ਹੋ ਜਾਂਦਾ ਹੈ। ਇਸ ਬਾਬਤ ਦਰਜਾਬੰਦੀ ਸਹਾਇਕ ਦੀ ਸਲਾਹ ਲੈਣੀ ਚਾਹੀਦੀ ਹੈ ਜੋ ਕਿ ਦਾਣਾ ਮੰਡੀ ਵਿੱਚ ਨਿਯੁਕਤ ਹੁੰਦਾ ਹੈ। ਜਿਣਸ ਦੀ ਸਹੀ ਢੰਗ ਨਾਲ ਦਰਜਾਬੰਦੀ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਹੋ ਸਕੇ ਵੱਖ-ਵੱਖ ਕਿਸਮਾਂ ਦਾ ਵੱਖਰਾ-ਵੱਖਰਾ ਹੀ ਮੰਡੀਕਰਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਫ਼ਸਲ ਦੀ ਸਹੀ ਕੀਮਤ ਵਸੂਲ ਕੀਤੀ ਜਾ ਸਕਦੀ ਹੈ।
ਪ੍ਰਸ਼ਨ 4 . ਮਕੈਨੀਕਲ ਹੈਂਡਲਿੰਗ ਇਕਾਈਆਂ ਤੇ ਸੰਖੇਪ ਨੋਟ ਲਿਖੋ
ਉੱਤਰ—ਮਕੈਨੀਕਲ ਹੈਂਡਲਿੰਗ ਇਕਾਈਆਂ ਪੰਜਾਬ ਰਾਜ ਮੰਡੀ ਬੋਰਡ ਵਲੋਂ ਪੰਜਾਬ ਵਿੱਚ ਕੁਝ ਮੰਡੀਆਂ ਵਿੱਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਜਿਣਸ ਦੀ ਸਫ਼ਾਈ, ਭਰਾਈ ਅਤੇ ਤੁਲਾਈ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ। ਜੋ ਕੰਮ ਮੰਡੀ ਮਜ਼ਦੂਰ ਘੰਟਿਆਂ ਵਿੱਚ ਕਰਦੇ ਹਨ, ਇਹ ਇਕਾਈਆਂ ਮਿੰਟਾਂ ਵਿੱਚ ਹੀ ਖਤਮ ਕਰ ਦਿੰਦੀਆਂ ਹਨ। ਇਥੇ ਇਹ ਵਰਨਣਯੋਗ ਹੈ ਕਿ ਇਨ੍ਹਾਂ ਨਾਲ ਕਿਸਾਨਾਂ ਨੂੰ ਖ਼ਰਚੇ ਵੀ ਘੱਟ ਲੱਗਦੇ ਹਨ ਅਤੇ ਜਿਣਸ ਦੀ ਕੀਮਤ ਵੀ ਵੱਧ ਮਿਲਦੀ ਹੈ। ਰਕਮ ਦਾ ਭੁਗਤਾਨ ਨਕਦ ਅਤੇ ਉਸੇ ਵੇਲੇ ਕੀਤਾ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਉਹ ਘੱਟ ਸਮੇਂ ਵਿੱਚ ਆਪਣੀ ਜਿਣਸ ਵੇਚ ਸਕਣ ਅਤੇ ਵਧੇਰੇ ਕੀਮਤ ਪ੍ਰਾਪਤ ਕਰ ਸਕਣ। ਭਾਰਤੀ ਖ਼ੁਰਾਕ ਨਿਗਮ [Food Corporation of India (FCI)] ਵੱਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ (Bulk Handling Units) ਸਥਾਪਿਤ ਕੀਤੀਆਂ ਹਨ। ਇਹਨਾਂ ਬਲਕ ਹੈਂਡਲਿੰਗ ਰਾਹੀਂ ਕਿਸਾਨ ਸਿੱਧੀ ਕਣਕ ਵੇਚ ਸਕਦੇ ਹਨ।
ਪ੍ਰਸ਼ਨ 5 . ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਦੇ ਕੀ ਲਾਭ ਹਨ ?
ਉੱਤਰ—ਫ਼ਸਲਾਂ ਦਾ ਜਦੋਂ ਮੰਡੀਕਰਨ ਕਰਨਾ ਹੁੰਦਾ ਹੈ, ਉਦੋਂ ਇਹ ਜਿਣਸਾਂ ਬਿਲਕੁਲ ਸਾਫ਼, ਮਿੱਟੀ-ਘੱਟੇ ਅਤੇ ਦੂਜੀਆਂ ਕਿਸਮਾਂ ਦੀਆਂ ਮਿਲਾਵਟਾਂ ਅਤੇ ਖ਼ਰਾਬ ਦਾਣਿਆਂ ਤੋਂ ਰਹਿਤ ਹੋਣ। ਮੰਡੀ ਵਿੱਚ ਜਿਣਸ ਲਿਜਾਣ ਤੋਂ ਪਹਿਲਾਂ ਇਸ ਦੀ ਅੰਦਾਜ਼ੇ ਨਾਲ ਤੁਲਾਈ ਕਰ ਲੈਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਮੰਡੀ ਵਿੱਚ ਪੱਲੇਦਾਰ ਕਈ ਵਾਰ ਵੱਧ ਤੋਲਦੇ ਹਨ। ਜਿਣਸ ਵੇਚਣ ਤੋਂ ਪਹਿਲਾਂ ਜ਼ਿਮੀਂਦਾਰਾਂ ਨੂੰ ਮੰਡੀਆਂ ਬਾਰੇ ਜਾਣਕਾਰੀ ਜਿਵੇਂ ਕਿ ਮੰਡੀ ਵਿੱਚ ਜਿਣਸ ਦੀ ਬਹੁਤਾਤ, ਪ੍ਰਚੱਲਤ ਕੀਮਤਾਂ ਅਤੇ ਮੰਡੀ ਵਿੱਚ ਖ਼ਰੀਦ ਏਜੰਸੀਆਂ ਦੀ ਆਮਦ ਆਦਿ ਬਾਰੇ ਘੋਖ ਕਰ ਲੈਣੀ ਚਾਹੀਦੀ ਹੈ। ਇਹ ਹੋਰ ਵੀ ਚੰਗਾ ਹੋਵੇਗਾ ਜੇਕਰ ਜ਼ਿਮੀਂਦਾਰ ਆਪਣੀ ਉਪਜ ਨੂੰ ਦਰਜਾਬੰਦੀ ਕਰਕੇ ਵੇਚਣ। ਇਸ ਨਾਲ ਉਹਨਾਂ ਨੂੰ 10 ਤੋਂ 20 ਫੀਸਦੀ ਕੀਮਤ ਵੱਧ ਮਿਲ ਸਕਦੀ ਹੈ। ਦਰਜਾਬੰਦੀ ਸਰਕਾਰ ਜਾਂ ਏਜੰਸੀਆਂ ਦੇ ਮਿਆਰਾਂ ਅਨੁਸਾਰਂ ਕਰਨੀ ਚਾਹੀਦੀ ਹੈ। ਜਿਣਸ ਵਿੱਚ ਨਮੀ ਦੀ ਮਾਤਰਾ ਪ੍ਰਮਾਣਿਤ ਮਿਆਰਾਂ ਮੁਤਾਬਿਕ ਹੀ ਹੋਣੀ ਚਾਹੀਦੀ ਹੈ। ਦਰਜਾਬੰਦੀ ਤੋਂ ਬਾਅਦ ਜਿਣਸ ਨੂੰ ਸਾਫ ਭੰਡਾਰਾਂ ਵਿੱਚ ਸਟੋਰ ਕਰਨਾ ਚਾਹੀਦਾ ਹੈ।ਮੰਡੀ ਵਿੱਚ ਲਿਜਾਣ ਸਮੇਂ ਇਨ੍ਹਾਂ ਦੀ ਢੋਆ- ਢੁਆਈ ਵੇਲੇ ਘੱਟ ਤੋਂ ਘੱਟ ਨੁਕਸਾਨ ਹੋਣਾ ਚਾਹੀਦਾ ਹੈ। ਮੰਡੀ ਵਿੱਚ ਜਿਣਸ ਸਵੇਰੇ ਹੀ ਢੇਰੀ ਕਰਨੀ ਚਾਹੀਦੀ ਹੈ ਤਾਂ ਕਿ ਜ਼ਿਮੀਂਦਾਰ ਵੇਲੇ ਸਿਰ ਸ਼ਾਮ ਨੂੰ ਘਰ ਪਰਤ ਸਕਣ।ਇਹ ਆਮ ਦੇਖਿਆ ਗਿਆ ਹੈ ਕਿ ਜ਼ਿਮੀਂਦਾਰ ਫ਼ਸਲ ਦੀ ਕਟਾਈ ਤੋਂ ਤੁਰੰਤ ਬਾਅਦ ਮੰਡੀ ਵਿੱਚ ਜਿਣਸ ਢੇਰੀ ਕਰ ਦਿੰਦੇ ਹਨ ਜਿਸ ਨਾਲ ਮੰਡੀ ਵਿੱਚ ਬਹੁਤਾਤ ਹੋ ਜਾਂਦੀ ਹੈ ਤੇ ਜ਼ਿਮੀਂਦਾਰ ਦੀ ਜਿਣਸ ਦਾ ਮੁੱਲ ਘੱਟ ਲਗਦਾ ਹੈ। ਇਸ ਲਈ ਜ਼ਿਮੀਦਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਣਸਾਂ ਦੀ ਕੁਝ ਮਾਤਰਾ ਆਪਣੇ ਸਟੋਰਾਂ ਵਿੱਚ ਜਾਂ ਗੋਦਾਮ ਵਿੱਚ ਭੰਡਾਰ ਕਰ ਲੈਣ ਤੇ ਬਾਅਦ ਵਿੱਚ ਕੀਮਤਾਂ ਵਧਣ ਤੇ ਵੇਚਣ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।