ਪਾਠ 3 : ਪੰਜਾਬ ਦੀ ਲੋਕ ਗਾਇਕਾ: ਸੁਰਿੰਦਰ ਕੌਰ (ਲੇਖਕ: ਡਾ. ਹਰਿੰਦਰ ਕੌਰ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਸੁਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
ਉੱਤਰ : ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈ. ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਤਾ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ ।
(ਅ) ਸੁਰਿੰਦਰ ਕੌਰ ਨੇ ਕਿਹੜੇ-ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ ?
ਉੱਤਰ : ਸੰਗੀਤ ਦੇ ਖੇਤਰ ਵਿੱਚ ਉਸ ਦੇ ਬਹੁਤ ਉਸਤਾਦ ਸਨ। ਸੁਰਿੰਦਰ ਕੌਰ ਨੇ ਬੜੇ ਗੁਲਾਮ ਅਲੀ ਖਾਂ ਦੇ ਭਾਣਜੇ ਅਨਾਇਤ ਹੁਸੈਨ ਤੋਂ ਸ਼ਾਸਤਰੀ-ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਪਟਿਆਲੇ ਘਰਾਣੇ ਦੇ ਸੰਗੀਤ-ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ-ਸੰਗੀਤ, ਅਤੇ ਠੁਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਕਾਫ਼ੀਆਂ ਗਾਉਣ ਦਾ ਹੁਨਰ ਚੰਦਨ ਲਾਲ ਸ਼ਰਮਾ ਤੋਂ ਸਿੱਖਿਆ। ਉਸ ਨੂੰ ਸਿੱਖਿਆ ਦੀ ਏਨੀ ਪ੍ਰਬਲ ਇੱਛਾ ਸੀ ਕਿ ਜਿੱਥੋਂ ਵੀ ਕਿਧਰੇ ਸਿੱਖਣ ਦਾ ਮੌਕਾ ਮਿਲਿਆ ਉਸ ਨੂੰ ਹੱਥੋਂ ਨਹੀਂ ਗੁਆਇਆ।
(ੲ) ‘ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਵਧੀ ਦੱਸੋ ਕਿਵੇਂ?
ਉੱਤਰ : ਸੁਰਿੰਦਰ ਕੌਰ ਨੂੰ ਬਾਰਾਂ-ਤੇਰਾਂ ਸਾਲ ਦੀ ਉਮਰ ਵਿਚ ਹੀ ਲਾਹੌਰ ਰੇਡੀਓ ਸਟੇਸ਼ਨ ਤੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉੱਥੇ ਉਸ ਨੇ ਪਹਿਲਾਂ ਗੀਤ ਗਾਇਆ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਪ੍ਰਬੰਧਕਾਂ ਨੇ ਸੁਰਿੰਦਰ ਕੌਰ ਨੂੰ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਸ ਦੀ ਪ੍ਰਸਿੱਧੀ ਏਨੀ ਵਧ ਗਈ ਕਿ ‘ਹਿਜ਼ ਮਾਸਟਰਜ਼ ਵਾਇਸ’ ਕੰਪਨੀ ਵਾਲਿਆਂ ਨੇ ਤੇ ਫਿਲਮ ਇੰਡਸਟਰੀ ਵਾਲ਼ਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ । ਨਵੰਬਰ 1943 ਵਿੱਚ ਉਸ ਦਾ ਪਹਿਲਾ ਗੀਤ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਰਿਕਾਰਡ ਹੋਇਆ ।
(ਸ) ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ ?
ਉੱਤਰ : ਉਹ ਆਪਣੀ ਗਾਇਕੀ ਬਾਰੇ ਦੱਸਦੀ ਹੈ, “ਗਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ । ਮੈਂ ਤਾਂ ਏਨਾ ਕਹਾਂਗੀ ਕਿ ਇਹ ਸ਼ੌਕ ਮੈਨੂੰ ਰੱਬ ਨੇ ਹੀ ਲਾਇਆ ਹੈ । ਰੱਬ ਦੀ ਹੀ ਅਪਾਰ ਕਿਰਪਾ ਨਾਲ਼ ਇਹ ਸ਼ੌਕ ਪੂਰਾ ਹੋਇਆ ਅਤੇ ਹੁੰਦਾ ਰਹੇਗਾ ………..!”
(ਹ) ਸੁਰਿੰਦਰ ਕੌਰ ਦੇ ਗਾਏ ਗੀਤਾਂ ਵਿੱਚੋਂ ਕਿਹੜੇ-ਕਿਹੜੇ ਗੀਤ ਵੱਧ ਹਰਮਨ-ਪਿਆਰੀ ਹੋਏ ?
ਉੱਤਰ : ਸੁਰਿੰਦਰ ਕੌਰ ਦੇ ਗਾਏ ਗੀਤ ਬਹੁਤ ਹਨ ਪਰ ਉਨ੍ਹਾਂ ਵਿਚੋਂ ਵਧੇਰੇ ਹਰਮਨ ਪਿਆਰੇ ਗੀਤ ਹਨ :
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਭਾ ਤੇਰੇ ਪੈਰ, ਬਾਂਕੀਏ ਨਾਰੇ ਨੀ,
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ ।
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ।
(ਕ) ‘ਸਾਡਾ ਚਿੜੀਆਂ ਦਾ ਚੰਬਾ’ ਗੀਤ ਸੁਰਿੰਦਰ ਕੌਰ ਦੇ ਪਰਿਵਾਰ ਦੇ ਜੀਆਂ ਵਿੱਚੋਂ ਹੋਰ ਕਿਸ-ਕਿਸ ਨੇ ਗਾਇਆ ?
ਉੱਤਰ : ‘ਸਾਡਾ ਚਿੜੀਆਂ ਦਾ ਚੰਬਾ’ ਵਾਲਾ ਗੀਤ ਤਿੰਨੇ ਭੈਣਾਂ ਨੂੰ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਨਰਿੰਦਰ ਕੌਰ ਨੇ ਗਾਇਆ ਅਤੇ ਫਿਰ ਇਹੀ ਗੀਤ ਤਿੰਨ ਪੀੜੀਆਂ ਸੁਰਿੰਦਰ ਕੌਰ, ਉਸ ਦੀ ਧੀ ਡੌਲੀ ਗੁਲੇਰੀਆ ਅਤੇ ਦੋਹਤੀ ਸੁਨੈਨਾ ਨੇ ਵੀ ਗਾਇਆ।
(ਖ) ਸੁਰਿੰਦਰ ਕੌਰ ਦੇ ਪਤੀ ਨੇ ਉਨ੍ਹਾਂ ਦੀ ਗਾਇਕੀ ਵਿੱਚ ਕੀ ਯੋਗਦਾਨ ਪਾਇਆ ?
ਉੱਤਰ : ਉਸ ਦੇ ਸਿਰ ਕੱਢ ਗਾਇਕਾ ਬਣਨ ਵਿੱਚ ਉਸ ਦੇ ਪਤੀ ਸ. ਜੋਗਿੰਦਰ ਸਿੰਘ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ । ਉਹ ਵਧੀਆ ਕਵਿਤਾਵਾਂ ਲਭ ਕੇ ਲਿਆਉਂਦੇ ‘ਤੇ ਫਿਰ ਉਨ੍ਹਾਂ ਬੋਲਾਂ ਨੂੰ ਸੰਗੀਤ ਦੀਆਂ ਧੁਨਾਂ ਉੱਤੇ ਗਾਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ । ਰੋਜ਼ਾਨਾ ਰਿਆਜ਼ ਕਰਨ ਲਈ ਆਖਦੇ ।
(ਗ) ਕੀ ਕਾਰਨ ਸੀ ਕਿ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਆਪਣੇ ਸਰੋਤਿਆਂ ਨੂੰ ਕੀਲ ਲੈਂਦੀ ਸੀ ?
ਉੱਤਰ : ਸੁਰਿੰਦਰ ਕੌਰ ਦਾ ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ‘ਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ ਸੀ । ਉਹ ਸਧਾਰਨ ਲੋਕ-ਸਾਜ਼ਾਂ ਦੀ ਵਰਤੋਂ ਕਰਦੀ ਸੀ । :
(ਘ) ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ‘ਤੇ ਗੀਤ ਪੇਸ਼ ਕੀਤੇ ?
ਉੱਤਰ : ਸੁਰਿੰਦਰ ਕੌਰ ਨੇ ਪੰਜਾਬ ਵਿੱਚ ਹੀ ਨਹੀਂ ਗਾਇਆ ਸਗੋਂ ਉਹ ਵੱਖ-ਵੱਖ ਸਮੇਂ ਭਾਰਤ ਦੇ ਮਹਾਂਨਗਰਾਂ – ਮੁੰਬਈ, ਕਲਕੱਤਾ, ਪੂਨਾ, ਮਦਰਾਸ, ਬੰਗਲੌਰ, ਪਟਨਾ, ਦਿੱਲੀ ਹਰ ਥਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਜਾਂਦੀ ਸੀ । ਉਸ ਨੇ ਹਿੰਦੁਸਤਾਨ ਤੋਂ ਬਾਹਰ ਵੀ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਉਸ ਨੇ ਚੀਨ, ਰੂਸ, ਇੰਗਲੈਂਡ, ਕਨੇਡਾ, ਅਮਰੀਕਾ, ਅਫ਼ਰੀਕਾ ਆਦਿ ਹਰ ਦੇਸ ਵਿੱਚ ਜਾ ਕੇ ਆਪਣੇ ਗੀਤ ਗਾਏ ‘ਤੇ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਕੀਤੀ ।
ਔਖੇ ਸ਼ਬਦਾਂ ਦੇ ਅਰਥ:
ਸੁਰੀਲੀ ਮਿੱਠੀ ਸੁਰ ਵਿੱਚ
ਸ਼ੁਹਰਤ ਪ੍ਰਸਿੱਧੀ, ਮਸ਼ਹੂਰੀ
ਪ੍ਰਬਲ ਇੱਛਾ ਤੀਬਰ ਇੱਛਾ
ਇਲਾਹੀ ਸਰੂਰ ਰੱਬੀ ਮਸਤੀ
ਅਪਾਰ ਕਿਰਪਾ ਅਤਿਅੰਤ ਮਿਹਰ
ਦਹਾਕਾ ਦਸ ਵਰ੍ਹਿਆਂ ਦਾ ਸਮਾਂ
ਉਸਤਾਦ ਸਿੱਖਿਅਕ, ਹੁਨਰ ਸਿਖਾਉਣ ਵਾਲਾ
ਰਿਆਜ਼ ਅਭਿਆਸ, ਮੁਹਾਰਤ
ਸ੍ਰੋਤੇ ਸੁਣਨ ਵਾਲੇ
ਸਮਰੱਥਾ ਯੋਗਤਾ, ਤਾਕਤ, ਬਲ, ਸ਼ਕਤੀ
ਸਮਰਪਿਤ ਅਰਪਨ ਕੀਤਾ ਹੋਇਆ, ਭੇਟਾ ਚੜਿਆ. 6.
ਭਰਪੂਰ ਭਰਿਆ ਹੋਇਆ, ਪੂਰਨ
ਵਾਕਾਂ ਵਿਚ ਵਰਤੋ :
ਕਲਾਕਾਰ :- ਕਲਾਕਾਰ ਕਿਸੇ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ ।
ਅੰਤਰਰਾਸ਼ਟਰੀ :- ਸੁਰਿੰਦਰ ਕੌਰ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਕੁੜੀ ਸੀ ।
ਪ੍ਰਭਾਵਿਤ :- ਸੁਰਿੰਦਰ ਕੌਰ ਦੀ ਸੁਰੀਲੀ ਆਵਾਜ਼ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਹਰਮਨ :-ਪਿਆਰੇ ਸਰਿੰਦਰ ਕੌਰ ਦੇ ਗਾਏ ਗੀਤ ਬਹੁਤ ਹਰਮਨ ਪਿਆਰੇ ਹੋਏ ।
ਸਿਰਕੱਢ :- ਸੁਰਿੰਦਰ ਕੌਰ ਪੰਜਾਬ ਦੀ ਸਿਰਕੱਢ ਗਾਇਕਾ ਹੈ ।
ਹਿੰਦੁਸਤਾਨ :- ਸੁਰਿੰਦਰ ਕੌਰ ਨੇ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧੀ ਹਾਸਲ ਕੀਤੀ।
ਸੱਭਿਆਚਾਰ :- ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ।
ਸੁਹਾਗ :- ਸੁਰਿੰਦਰ ਕੌਰ ਨੇ ਸੁਹਾਗ ਵੀ ਗਾਏ ਅਤੇ ਘੋੜੀਆਂ ਵੀ ।
ਵਿਆਕਰਨ :
ਕਿਰਿਆ:- ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਕਰਨਾ ਜਾਂ ਸਹਿਣਾ ਕਾਲ ਸਹਿਤ ਪਾਇਆ ਜਾਵੇ, ਉਸ ਨੂੰ ਕਿਰਿਆ ਕਿਹਾ ਹੈ, ਜਿਵੇਂ :- ਗਾਉਣਾ, ਖਾਣਾ, ਜਾਣਾ, ਹੱਸਣਾ, ਬੋਲਣਾ ਆਦਿ।
ਕਿਰਿਆ ਦੀਆਂ ਦੋ ਕਿਸਮਾਂ ਹਨ 1. ਅਕਰਮਕ ਕਿਰਿਆ, 2. ਸਕਰਮਕ ਕਿਰਿਆ
1.ਅਕਰਮਕ ਕਿਰਿਆ :- ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਉ) ਸੁਰਿੰਦਰ ਕੌਰ ਗਾਉਂਦੀ ਸੀ ।
ਅ) ਸਰੋਤਾ ਸੁਣਦਾ ਹੈ ।
ਬ) ਸੁਨੈਨਾ ਵੀ ਕਦੇ-ਕਦੇ ਗਾਉਂਦੀ ਹੈ । ।
ਉਪਰੋਕਤ ਵਾਕਾਂ ਵਿੱਚ ਸੁਰਿੰਦਰ ਕੌਰ, ਸਰੋਤਾ ਅਤੇ ਸੁਨੈਨਾ ਸ਼ਬਦ ਕਰਤਾ ਹਨ ਤੇ ਗਾਉਂਦੀ ਸੀ, ਗਾਇਆ ਸੀ ‘ਤੇ ਗਾਉਂਦੀ ਹੈ, ਅਕਰਮਕ ਕਿਰਿਆਵਾਂ ਹਨ।
ਸਕਰਮਕ ਕਿਰਿਆ :- ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਉਦਾਹਰਨ :-
ਉ) ਸੁਰਿੰਦਰ ਕੌਰ ਨੇ ਲਾਹੌਰ ਵਿਖੇ ਵੀ ਗਾਇਆ ।
ਅ) ਉਸ ਨੇ ਵਧੇਰੇ ਕਰਕੇ ਲੋਕ-ਗੀਤ ਗਾਏ ।
ਇ) ਮੈਂ ਅਕਸਰ ਰੇਡੀਓ ਸੁਣਦਾ ਹਾਂ ।
ਉਪਰੋਕਤ ਵਾਕਾਂ ਵਿੱਚ ਸੁਰਿੰਦਰ ਕੌਰ, ਉਸ ਨੇ ਅਤੇ ਮੈਂ ਕਰਤਾ ਸ਼ਬਦ ਹਨ | ਲਾਹੌਰ, ਲੋਕ-ਗੀਤ ਅਤੇ ਰੇਡੀਓ ਕਰਮ ਸ਼ਬਦ ਹਨ। ਇਸ ਲਈ ਗਾਇਆ, ਗਾਏ ਅਤੇ ਸੁਣਦਾ ਹਾਂ ਸ਼ਬਦ ਸਕਰਮਕ ਕਿਰਿਆਵਾਂ ਹਨ।