ਡਾਕੀਆ
ਸਾਰੇ ਸੰਸਾਰ ਵਿੱਚ ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪਹੁੰਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ। 9 ਅਕਤੂਬਰ ਨੂੰ ਸਾਰੇ ਸੰਸਾਰ ਵਿੱਚ ਵਿਸ਼ਵ ਡਾਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅੱਜ ਕੱਲ੍ਹ ਭਾਵੇਂ ਚਿੱਠੀਆਂ ਲਿਖਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਪਰ ਫਿਰ ਵੀ ਸਾਡੇ ਜੀਵਨ ਵਿੱਚ ਡਾਕੀਆ ਮਹੱਤਵਪੂਰਨ ਸਥਾਨ ਰੱਖਦਾ ਹੈ।
ਡਾਕੀਆ, ਡਾਕ ਮਹਿਕਮੇ, ਡਾਕ ਸੇਵਾ ਜਾਂ ਡਾਕਖਾਨੇ ਦੇ ਉਸ ਮੁਲਾਜ਼ਮ ਨੂੰ ਕਿਹਾ ਜਾਂਦਾ ਹੈ, ਜਿਹੜਾ ਚਿੱਠੀਆਂ, ਪਾਰਸਲ ਆਦਿ ਘਰਾਂ ਜਾਂ ਦਫ਼ਤਰਾਂ ਵਿੱਚ ਪਹੁੰਚਾਉਂਦਾ ਹੈ। ਭਾਰਤ ਵਿੱਚ ਡਾਕ- ਵਿਭਾਗ ਦੇ ਮੁਲਾਜ਼ਮ ਡਾਕ ਵੰਡਣ ਦਾ ਕੰਮ ਕਰਦੇ ਹਨ ਹਾਲਾਂਕਿ ਪਿਛਲੇ ਕੁਝ ਅਰਸੇ ਤੋਂ ਪਾਰਸਲ ਅਤੇ ਚਿੱਠੀਆਂ ਕੋਰੀਅਰ ਸੇਵਾ ਰਾਹੀਂ ਵੀ ਭੇਜਣੀਆਂ ਸ਼ੁਰੂ ਹੋ ਗਈਆਂ ਹਨ।
ਡਾਕੀਏ ਦਾ ਨਾਮ ਲੈਂਦਿਆ ਹੀ ਸਾਡੇ ਸਾਹਮਣੇ ਇੱਕ ਅਜਿਹੇ ਵਿਅਕਤੀ ਦੀ ਤਸਵੀਰ ਬਣਦੀ ਹੈ ਜੋ ਖ਼ਾਕੀ ਰੰਗ ਦੇ ਕੱਪੜੇ ਪਾ ਕੇ, ਸਾਈਕਲ ਤੇ ਸਵਾਰ ਹੋ ਕੇ ਘਰ-ਘਰ ਜਾ ਕੇ ਚਿੱਠੀਆਂ, ਰਜਿਸਟਰੀਆਂ, ਮਨੀ-ਆਰਡਰ ਪਾਰਸਲ ਵੰਡਣ ਦਾ ਕੰਮ ਕਰਦਾ ਹੈ। ਡਾਕੀਆ ਸਰਕਾਰੀ ਮੁਲਾਜ਼ਮ ਹੈ। ਉਹ ਦਿਨ ਵਿੱਚ ਦੋ ਵਾਰ ਡਾਕ ਵੰਡਣ ਲਈ ਜਾਂਦਾ ਹੈ। ਡਾਕੀਏ ਦਾ ਕੰਮ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਉਸ ਨੂੰ ਇੱਕ ਗਲ਼ੀ ਤੋਂ ਦੂਜੀ ਗਲ਼ੀ, ਇੱਕ ਮੁਹੱਲੇ ਤੋਂ ਦੂਸਰੇ ਮੁਹੱਲੇ ਅਤੇ ਇੱਕ ਘਰ ਤੋਂ ਦੂਸਰੇ ਘਰ ਜਾ ਕੇ ਚਿੱਠੀਆਂ ਪੱਤਰ ਅਤੇ ਜ਼ਰੂਰੀ ਕਾਗਜ਼ ਵੰਡਣੇ ਪੈਂਦੇ ਹਨ।
ਉਸ ਦੀ ਹਰ ਘਰ, ਹਰ ਦਫ਼ਤਰ ਅਤੇ ਹਰ ਸਥਾਨ ਉੱਤੇ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਉਹ ਸਾਡੇ ਘਰਾਂ ਵਿੱਚ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ। ਉਹ ਘਰਾਂ ਤੇ ਦਫ਼ਤਰਾਂ ਵਿੱਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪਹੁੰਚਾਉਂਦਾ ਹੈ। ਉਸ ਨੂੰ ਦੇਖ ਕੇ ਆਮ ਕਰਕੇ ਹਰ ਇੱਕ ਦਾ ਚਿਹਰਾ ਖਿੜ ਜਾਂਦਾ ਹੈ।
ਸੁਨੇਹਾਂ ਪਹੁੰਚਾਉਣ ਲਈ ਅੱਜ-ਕੱਲ੍ਹ ਟੈਲੀਫੋਨ, ਫੈਕਸ, ਮੋਬਾਇਲ ਫ਼ੋਨ ਤੇ ਇੰਟਰਨੈਟ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤੱਕ ਪਹੁੰਚਾਉਂਦਾ ਹੈ। ਇਸ ਪ੍ਰਕਾਰ ਡਾਕੀਏ ਦਾ ਸਾਡੇ ਜੀਵਨ ਵਿੱਚ ਭਾਰੀ ਤੇ ਸਦੀਵੀ ਮਹੱਤਵ ਹੈ। ਉਹ ਹਰ ਅਮੀਰ-ਗਰੀਬ ਤੇ ਹਰ ਖੁਸ਼ੀ-ਗਮੀ ਵਿੱਚ ਘਿਰੇ ਬੰਦਿਆਂ ਦੀ ਆਸ ਹੈ। ਇਸ ਪ੍ਰਕਾਰ ਉਹ ਹਰ ਥਾਂ ਹਰਮਨ-ਪਿਆਰਾ ਬਣਿਆ ਰਹਿੰਦਾ ਹੈ।