1. ਸ਼ੇਖ਼ ਫ਼ਰੀਦ

1. ਸ਼ੇਖ਼ ਫ਼ਰੀਦ

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੀਆਂ ਕਾਵਿ-ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ॥

ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ।।

ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ॥

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸ਼ੇਖ਼ ਫ਼ਰੀਦ ਜੀ ਦੇ ‘ਸਲੋਕ’ ਹੇਠ ਦਰਜ ਬਾਣੀ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਫ਼ਰੀਦ ਜੀ ਨੇ ਸੰਸਾਰਿਕ ਨਾਸ਼ਵਾਨਤਾ ਦਾ ਜ਼ਿਕਰ ਕੀਤਾ ਹੈ।

ਵਿਆਖਿਆ: ਫ਼ਰੀਦ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ। ਹੇ ਫ਼ਰੀਦ! ਜੋ ਹਾਲਤ ਕਪਾਹ ਦੀ ਹੁੰਦੀ ਹੈ ਭਾਵ ਵੇਲਣੇ ਵਿੱਚ ਵੇਲੀ ਜਾਂਦੀ ਹੈ, ਜੋ ਤਿਲਾਂ ਦੇ ਸਿਰ ’ਤੇ ਬੀਤਦੀ ਹੈ ਭਾਵ ਕੋਹਲੂ ਵਿੱਚ ਪੀੜੇ ਜਾਂਦੇ ਹਨ, ਜੋ ਕਮਾਦ, ਕਾਗ਼ਜ਼, ਮਿੱਟੀ ਦੀ ਹਾਂਡੀ ਅਤੇ ਕੋਲ਼ਿਆਂ ਨਾਲ਼ ਵਰਤਦੀ ਹੈ, ਇਹੋ-ਜਿਹਾ ਹਾਲ ਆਪਣੇ ਲੋਭ-ਲਾਲਚ ਦੀ ਖ਼ਾਤਰ ਮਾੜੇ ਕੰਮ ਕਰਨ ਵਾਲ਼ੇ ਲੋਕਾਂ ਦਾ ਹੁੰਦਾ ਹੈ ਭਾਵ ਉਹ ਇਸ ਤਰ੍ਹਾਂ ਦੀ ਸਜ਼ਾ ਭੁਗਤਦੇ ਹਨ।

(ਅ) ਫਰੀਦਾ ਮੈਂ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚੋਂ ਸ਼ੇਖ਼ ਫ਼ਰੀਦ ਜੀ ਦੇ ‘ਸਲੋਕ’ ਹੇਠ ਦਰਜ ਬਾਣੀ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਫ਼ਰੀਦ ਜੀ ਨੇ ਸੰਸਾਰਿਕ ਨਾਸ਼ਵਾਨਤਾ ਦਾ ਜ਼ਿਕਰ ਕੀਤਾ ਹੈ।

ਵਿਆਖਿਆ: ਹੇ ਫ਼ਰੀਦ! ਮੈਂ ਪਹਿਲਾਂ ਆਪਣੇ ਮਨ ਦੇ ਦੁੱਖ ਤੋਂ ਘਬਰਾ ਕੇ ਇਹ ਸਮਝਿਆ ਕਿ ਦੁੱਖ ਸਿਰਫ਼ ਮੈਨੂੰ ਹੀ ਹੈ ਭਾਵ ਸਿਰਫ਼ ਮੈਂ ਹੀ ਦੁਖੀ ਹਾਂ ਪਰ ਇਹ ਦੁੱਖ ਤਾਂ ਸਾਰੇ ਜਗਤ ਵਿੱਚ ਵਾਪਰ ਰਿਹਾ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਉੱਚਾ ਉੱਠ ਕੇ ਧਿਆਨ ਮਾਰਿਆ ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿੱਚ ਇਹੀ ਅੱਗ ਬਲ਼ ਰਹੀ ਹੈ ਭਾਵ ਹਰੇਕ ਜੀਵ ਹੀ ਦੁਖੀ ਹੈ।

ਪ੍ਰਸ਼ਨ 2. (ੳ) ਸ਼ੇਖ ਫ਼ਰੀਦ ਜੀ ਦੇ ਦਿਲਹੁ ਮੁਹਬਤਿ ਜਿਨ ਸੇਈ ਸਚਿਆ ਸ਼ਬਦ ਦਾ ਕੇਂਦਰੀ ਭਾਵ ਲਿਖੋ।

ਉੱਤਰ: ਸ਼ੇਖ਼ ਫ਼ਰੀਦ ਜੀ ਸੂਫ਼ੀ ਕਾਵਿ-ਧਾਰਾ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ। ਫ਼ਰੀਦ ਜੀ ਦੀ ਇਹ ਰਚਨਾ ਅਧਿਆਤਮਿਕ ਵਿਸ਼ੇ ਨਾਲ਼ ਸੰਬੰਧਿਤ ਹੈ। ਫ਼ਰੀਦ ਜੀ ਕਹਿੰਦੇ ਹਨ ਜੋ ਜੀਵ ਪਰਮਾਤਮਾ ਦੇ ਸੱਚੇ ਰੰਗ ਵਿੱਚ ਰੰਗੇ ਹੋਏ ਹਨ, ਉਹ ਹੀ ਅਸਲੀ ਜੀਵ ਹਨ। ਇਸ ਲਈ ਜੀਵ ਨੂੰ ਹਰ ਸਮੇਂ ਪਰਮਾਤਮਾ ਕੋਲ਼ੋਂ ਬੰਦਗੀ ਦੀ ਖ਼ੈਰਾਤ ਹੀ ਮੰਗਣੀ ਚਾਹੀਦੀ ਹੈ।

ਪ੍ਰਸਨ 2. (ਅ) ਫ਼ਰੀਦਾ ਥੀਉ ਪਵਾਹੀ ਦਭੁ॥ ਜੇ ਸਾਂਈ ਲੋੜਹਿ ਸਭੁ।। ਸਲੋਕ ਦਾ ਕੇਂਦਰੀ ਭਾਵ ਲਿਖੋ।

ਉੱਤਰ: ਫ਼ਰੀਦ ਜੀ ਅਨੁਸਾਰ ਜੋ ਮਨੁੱਖ ਨਿਮਰ ਹੈ, ਜਿਸਦਾ ਸੁਭਾਅ ਘਾਹ ਵਾਂਗ ਨਿਮਰਤਾ ਭਰਿਆ ਭਾਵ ਸ਼ਹਿਨਸ਼ੀਲਤਾ ਵਾਲ਼ਾ ਹੈ ਉਹੀ ਮਨੁੱਖ ਪ੍ਰਭੂ ਦੇ ਦਰਬਾਰ ਵਿੱਚ ਪਰਵਾਨ ਹੁੰਦਾ ਹੈ।

ਪ੍ਰਸ਼ਨ 3. ਫ਼ਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੈ ਘੜਿਆਲੁ॥ ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥ ਸਲੋਕ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਫ਼ਰੀਦ ਜੀ ਅਨੁਸਾਰ ਪਰਮਾਤਮਾ ਦੇ ਦਰਬਾਰ ਵਿੱਚ ਦੋਸ਼ੀਆਂ ਨੂੰ ਘੋਰ ਸਜ਼ਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਲਈ ਪਰਮਾਤਮਾ ਨੂੰ ਯਾਦ ਰੱਖਦੇ ਹੋਏ ਮਨੁੱਖ ਨੂੰ ਹਮੇਸ਼ਾਂ ਚੰਗੇ ਕੰਮ ਕਰਨੇ ਚਾਹੀਦੇ ਹਨ।

ਪ੍ਰਸ਼ਨ 4. ਨਿਵਣੁ ਸੁ ਅਖਰੁ ਖਵਣੁ ਗੁਣ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ।। ਸਲੋਕ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਫ਼ਰੀਦ ਜੀ ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਹੋਏ; ਨਿਮਰ ਬੋਲ, ਨਿਮਰਤਾ ਅਤੇ ਸਹਿਨਸ਼ੀਲਤਾ ਵਰਗੇ ਗੁਣਾਂ ਨੂੰ ਧਾਰਨ ਕਰਨ ਦੀ ਸਿੱਖਿਆ ਦਿੰਦੇ ਹਨ।

5. ਵਸਤੂਨਿਸ਼ਠ ਪ੍ਰਸ਼ਨ-

ਪ੍ਰਸ਼ਨ 1. ਸ਼ੇਖ਼ ਫ਼ਰੀਦ ਜੀ “ਦਿਲਹੁ ਮੁਹਬਤਿ ਜਿਨ ਸੇਈ ਸਚਿਆ” ਸਲੋਕ ਵਿੱਚ ਪਰਮਾਤਮਾ ਤੋਂ ਖ਼ੈਰ ਵਿੱਚ ਕੀ ਮੰਗਦੇ ਹਨ?

ਉੱਤਰ: ਬੰਦਗੀ।

ਪ੍ਰਸ਼ਨ 2. ਸ਼ੇਖ਼ ਫ਼ਰੀਦ ਜੀ ਦੇ ਸਲੋਕ ਅਨੁਸਾਰ ਜਿਊਂਦੇ ਮਨੁੱਖ ਦੇ ਪੈਰਾਂ ਹੇਠ ਅਤੇ ਮਨੁੱਖ ਦੇ ਮਰਨ ਉਪਰੰਤ ਕਿਹੜੀ ਚੀਜ਼ ਉੱਪਰ ਹੁੰਦੀ ਹੈ?

ਉੱਤਰ: ਮਿੱਟੀ।

ਪ੍ਰਸ਼ਨ 3. “ਫਰੀਦਾ ਏ ਵਿਸੁ ਗੰਦਲਾ ਧਰੀਆ ਖੰਡੁ ਲਿਵਾੜਿ” ਸਲੋਕ ਵਿੱਚ ਫ਼ਰੀਦ ਜੀ ਨੇ ਵਿਸੁ-ਗੰਦਲਾ ਕਿਸ ਨੂੰ ਕਿਹਾ ਹੈ?

ਉੱਤਰ: ਸੰਸਾਰ ਦੇ ਪਦਾਰਥਾਂ ਨੂੰ।

ਪ੍ਰਸ਼ਨ 4. ਫ਼ਰੀਦ ਜੀ ਕਪਾਹ, ਤਿਲ, ਕਮਾਦ, ਕਾਗ਼ਜ਼ ਅਤੇ ਮਿੱਟੀ ਦੀ ਹਾਂਡੀ ਦੀ ਹਾਲਤ ਦੱਸ ਕੇ ਕਿਹੜੇ ਕੰਮਾਂ ਤੋਂ ਸੁਚੇਤ ਕਰਦੇ ਹਨ?

ਉੱਤਰ: ਮਾੜੇ ਕੰਮਾਂ ਤੋਂ।

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

TAGGED:
Share This Article
Leave a Comment

Leave a Reply

Your email address will not be published. Required fields are marked *