6. ਸਭ ਦਾ ਪਿਆਰਾ ‘ਸਿੰਬਾ’ (ਖ਼ੁਸ਼ਵੰਤ ਸਿੰਘ)
ਅਭਿਆਸ
(ੳ) ਵਸਤੂਨਿਸ਼ਠ ਪ੍ਰਸ਼ਨ:
ਪ੍ਰਸ਼ਨ 1. ਤੁਹਾਡੀ ਪੁਸਤਕ ਵਿੱਚ ਦਰਜ ‘ਸਭ ਦਾ ਪਿਆਰਾ ਸਿੰਬਾ’ ਸ੍ਵੈਜੀਵਨੀ-ਅੰਸ਼ ਦਾ ਲੇਖਕ ਕੌਣ ਹੈ?
ਉੱਤਰ: ਖ਼ੁਸ਼ਵੰਤ ਸਿੰਘ।
ਪ੍ਰਸ਼ਨ 2. ਜਦੋਂ ਲੇਖਕ ਦਿੱਲੀ ਵਾਪਸ ਆਇਆ ਉਦੋਂ ਸਿੰਬਾ ਦੀ ਉਮਰ ਕਿੰਨੀ ਸੀ?
ਉੱਤਰ: ਇੱਕ ਮਹੀਨੇ ਦੀ।
ਪ੍ਰਸ਼ਨ 3. ‘ਸਿੰਬਾ’ ਜਰਮਨ ਸ਼ੈਫ਼ਰਡ ਕੁੱਤਾ ਸੀ। (ਸਹੀ/ਗ਼ਲਤ)
ਉੱਤਰ: ਸਹੀ।
ਪ੍ਰਸ਼ਨ 4. ਲੇਖਕ ਦੀ ਬੇਟੀ ਨੇ ਸਿੰਬਾ ਨੂੰ ਦਿੱਲੀ ਤੋਂ ਖ਼ਰੀਦਿਆ ਸੀ। (ਸਹੀ/ਗ਼ਲਤ)
ਉੱਤਰ: ਗ਼ਲਤ।
ਖ਼ਾਲੀ ਸਥਾਨ ਭਰੋ
ਪ੍ਰਸ਼ਨ 5. ਸਿੰਬਾ ਮਨੁੱਖਾਂ ਨੂੰ ਸਮਝਣ ਵਾਲਾ ਕੁੱਤਾ ਸੀ। ਇਸੇ ਕਰਕੇ ਉਹ ਲੇਖਕ ਦੀਆਂ……………..ਵਿੱਚ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਸੀ।
ਉੱਤਰ: ਖ਼ੁਸ਼ੀਆਂ ਅਤੇ ਗ਼ਮੀਆਂ।
ਪ੍ਰਸ਼ਨ 6. ……………..ਵਿੱਚ ਰਹਿੰਦਿਆਂ ਲੇਖਕ ਨੇ ਸਿੰਬਾ ਨਾਂ ਦੀ ਬਿੱਲੀ ਰੱਖੀ ਹੋਈ ਸੀ।
ਉੱਤਰ: ਪੈਰਿਸ।
ਪ੍ਰਸ਼ਨ 7. ਲੇਖਕ ਦੇ ਰੋਕਣ ਦੇ ਬਾਵਜੂਦ ਸਿੰਬਾ ਮਾਰਨ ਤੋਂ ਨਹੀਂ ਸੀ ਹਟਦਾ .
(i) ਚਿੜੀਆਂ ਨੂੰ (ii) ਗਲਹਿਰੀਆਂ ਨੂੰ (iii) ਬਿੱਲੀਆਂ ਨੂੰ (iv) ਖ਼ਰਗੋਸ਼ਾਂ ਨੂੰ
ਉੱਤਰ: ਗਲਹਿਰੀਆਂ ਨੂੰ
(ਅ) ਦੱਸੋ:
ਪ੍ਰਸ਼ਨ 1. ਜਦੋਂ ਲੇਖਕ ਤੇ ਉਸ ਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਤਾਂ ‘ਸਿੰਬਾ‘ ਦੀ ਕੀ ਪ੍ਰਤਿਕਿਰਿਆ ਹੁੰਦੀ ਸੀ?
ਉੱਤਰ: ਲੇਖਕ ਅਤੇ ਉਸਦਾ ਪਰਿਵਾਰ ਜਦੋਂ ਕਦੀ ਸਿੰਬਾ ਸਾਮ੍ਹਣੇ ਰੋਣ ਦਾ ਬਹਾਨਾ ਕਰਦੇ ਤਾਂ ਸਿੰਬਾ ਉਹਨਾਂ ਦੇ ਕੰਨਾਂ ਨੂੰ ਸੁੰਘਦਾ ਅਤੇ ਫਿਰ ਆਪ ਵੀ ਉਹਨਾਂ ਦੇ ਰੋਣ ਵਿੱਚ ਸ਼ਾਮਲ ਹੋ ਜਾਂਦਾ ਸੀ।
ਪ੍ਰਸ਼ਨ 2. ਲੇਖਕ ਦੀ ਧੀ ਮਾਲਾ ਦੀ ਆਇਆ ਨਾਲ਼ ਸਿੰਬਾ ਦਾ ਵਿਸ਼ੇਸ਼ ਰਿਸ਼ਤਾ ਸੀ। ਦੱਸੋ ਕਿਵੇਂ?
ਉੱਤਰ: ਸਿੰਬਾ ਦਾ ਮਾਲਾ ਦੀ ਆਇਆ ਨਾਲ਼ ਇੱਕ ਵਿਸ਼ੇਸ਼ ਕਿਸਮ ਦਾ ਰਿਸ਼ਤਾ ਸੀ। ਉਹ 75 ਕੁ ਸਾਲ ਦੀ ਬੁੱਢੀ ਮਾਈ ਸੀ। ਉਹ ਸਿੰਬਾ ਨੂੰ ‘ਵੇ ਸ਼ਾਂਬਿਆ’ ਕਹਿ ਕੇ ਬੁਲਾਉਂਦੀ ਅਤੇ ਦਰਵਾਜ਼ਾ ਖੋਲ੍ਹ ਦਿੰਦੀ ਤਾਂਕਿ ਉਹ ਬਾਹਰ ਬਾਗ਼ ਵਿੱਚ ਚਲਾ ਜਾਵੇ। ਉਹ ਚਾਹੁੰਦੀ ਸੀ ਕਿ ਉਹ ਆਪਣਾ ਹੱਗਣ-ਮੂਤਣ ਬਾਗ਼ ਵਿੱਚ ਹੀ ਕਰ ਆਵੇ ਅਤੇ ਉਸ ਤੋਂ ਬਾਅਦ ਉਹ ਲਾਗਲੇ ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦੀ। ਉਹਨੂੰ ਪਤਾ ਸੀ ਕਿ ਕੁੱਤੇ ਨੂੰ ਗੁਰਦੁਆਰੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ ਇਸ ਲਈ ਸਿੰਬਾ ਬਾਹਰ ਬੈਠਾ ਉਸਦੀਆਂ ਜੁੱਤੀਆਂ ਦੀ ਰਾਖੀ ਕਰਦਾ ਰਹਿੰਦਾ। ਜਿਉਂ ਹੀ ਸਵੇਰ ਦਾ ਕੀਰਤਨ ਖ਼ਤਮ ਹੋਣ ਲੱਗਦਾ ਤਾਂ ਸਿੰਬਾ ਮਾਈ ਦੀਆਂ ਜੁੱਤੀਆਂ ਦਾ ਇੱਕ ਪੈਰ ਆਪਣੇ ਮੂੰਹ ਵਿੱਚ ਫੜਕੇ ਘਰ ਵੱਲ ਨੂੰ ਭੱਜਦਾ ਅਤੇ ਉਹਨੂੰ ਮੰਜੇ ਦੇ ਹੇਠਾਂ ਲਕੋ ਦਿੰਦਾ। ਮਾਈ ਰੌਲ਼ਾ ਪਾਉਂਦੀ ਹੋਈ ਉਸ ਦੇ ਪਿੱਛੇ ਭੱਜੀ ਆਉਂਦੀ, ‘ਵੇ ਸ਼ਾਂਬਿਆਂ, ਤੂੰ ਮੇਰੇ ਸਲੀਪਰ ਕਿੱਥੇ ਲੁਕੋ ਦਿੱਤੇ ਨੇ? ਜਿੰਨੀ ਦੇਰ ਤੱਕ ਉਹ ਆਪਣੀ ਗੁੰਮੀ ਹੋਈ ਜੁੱਤੀ ਲੱਭਦੀ ਰਹਿੰਦੀ, ਸਿੰਬਾ ਵੀ ਉਹਦੇ ਮਗਰ-ਮਗਰ ਕਮਰਿਆਂ ਵਿੱਚ ਤੁਰਿਆ ਫਿਰਦਾ ਰਹਿੰਦਾ।
ਪ੍ਰਸ਼ਨ 3. ਸਿੰਬਾ ਲੇਖਕ ਨੂੰ ਸ਼ਾਮ ਦੀ ਸੈਰ ’ਤੇ ਲਿਜਾਣ ਲਈ ਕਹਿਣ ਸਮੇਂ ਕਿਹੋ-ਜਿਹੀਆਂ ਹਰਕਤਾਂ ਕਰਦਾ ਸੀ?
ਉੱਤਰ: ਸਿੰਬਾ ਸ਼ਾਮ ਦੀ ਸੈਰ ਲਈ ਹਮੇਸ਼ਾਂ ਕਾਹਲਾ ਪੈਂਦਾ ਸੀ। ਸਿੰਬਾ ਆਪਣਾ ਸਿਰ ਲੇਖਕ ਦੀ ਗੋਦੀ ਵਿੱਚ ਰੱਖਦਾ ਅਤੇ ਨਜ਼ਰਾਂ ਵਿੱਚ ਬੇਨਤੀ ਕਰਦਾ ਹੋਇਆ ਉਸ ਵੱਲ ਵੇਖਦਾ। ਜਿਵੇਂ ਉਹਦੀਆਂ ਅੱਖਾਂ ਪੁੱਛਦੀਆਂ ਹੋਣ ਕਿ ਹਾਲੇ ਸਮਾਂ ਨਹੀਂ ਹੋਇਆ? ਲੇਖਕ ਜਵਾਬ ਦਿੰਦਾ ਕਿ ਹਾਲੇ ਸਮਾਂ ਨਹੀਂ ਹੋਇਆ। ਫਿਰ ਸਿੰਬਾ ਆਪਣੀ ਸੰਗਲੀ ਚੁੱਕ ਲਿਆਉਂਦਾ ਅਤੇ ਲੇਖਕ ਦੇ ਪੈਰਾਂ ਵਿੱਚ ਰੱਖ ਦਿੰਦਾ। ਉਸ ਸਮੇਂ ਸਿੰਬਾ ਦਾ ਇਸ਼ਾਰਾ ਇਹ ਹੁੰਦਾ ਕਿ ਹੁਣੇ ਚਲਣਾ ਚਾਹੀਦਾ ਹੈ। ਲੇਖਕ ਉਹਨੂੰ ਕਹਿੰਦਾ ਕਿ ਉਹ ਕਾਹਲਾ ਨਾ ਪਵੇ। ਫਿਰ ਉਹ ਲੇਖਕ ਦੀ ਸੋਟੀ ਲੈ ਕੇ ਆਉਂਦਾ ਅਤੇ ਜਿਹੜੀ ਕਿਤਾਬ ਲੇਖਕ ਪੜ੍ਹ ਰਿਹਾ ਹੁੰਦਾ, ਉਹਦੇ ਉੱਪਰ ਸੁੱਟ ਦਿੰਦਾ। ਇਸ ਪਿੱਛੋਂ ਕੋਈ ਚਾਰਾ ਨਹੀਂ ਸੀ ਬਚਦਾ। ਜਦੋਂ ਲੇਖਕ ਅਤੇ ਸਿੰਬਾ ਸੈਰ ਲਈ ਰਵਾਨਾ ਹੁੰਦੇ ਤਾਂ ਉਹ ਬੜੇ ਉਤਸ਼ਾਹ ਨਾਲ ਉੱਛਲਦਾ ਅਤੇ ਆਪਣੇ ਸਰੀਰ ਨੂੰ ਛੰਡਦਾ।
ਪ੍ਰਸ਼ਨ 4. ਲੋਕ ਸਿੰਬਾ ਤੋਂ ਕਿਉਂ ਡਰਦੇ ਸਨ?
ਉੱਤਰ: ਲੋਕ ਸਿੰਬਾ ਤੋਂ ਡਰਦੇ ਬਹੁਤ ਸਨ। ਇੱਕ ਵਾਰ ਲੋਧੀ ਗਾਰਡਨ ਵਿੱਚ ਲੇਖਕ ਆਪ, ਉਸਦੀ ਪਤਨੀ ਅਤੇ ਬੱਚੇ ਜਾ ਰਹੇ ਸਨ ਕਿ ਕਿਸੇ ਸਾਈਕਲ ਸਵਾਰ ਨੇ ਲੇਖਕ ਦੀ ਬੇਟੀ ਦੀ ਪਿੱਠ ’ਤੇ ਹੱਥ ਮਾਰਿਆ ਅਤੇ ਤੇਜ਼ ਰਫ਼ਤਾਰ ਨਾਲ਼ ਚਲਾ ਗਿਆ। ਇਹ ਦੇਖ ਕੇ ਲੇਖਕ ਦੀ ਪਤਨੀ ਚੀਕ ਕੇ ਸਿੰਬਾ ਨੂੰ ਕਿਹਾ ਕਿ ਉਸਨੂੰ ਫੜੇ। ਇਹ ਸੁਣ ਕੇ ਸਿੰਬਾ ਨੇ ਉਸ ਦਾ ਪਿੱਛਾ ਕੀਤਾ, ਉਹਨੂੰ ਸਾਈਕਲ ਤੋਂ ਹੇਠਾਂ ਡੇਗ ਲਿਆ ਅਤੇ ਆਪਣੇ ਦੰਦ ਕੱਢ ਕੇ ਡਰਾਉਂਦਾ ਹੋਇਆ ਉਸ ਦੇ ਉੱਪਰ ਖੜ੍ਹਾ ਰਿਹਾ। ਇੱਕ ਵਾਰੀ ਫਿਰ ਇੰਝ ਹੋਇਆ ਕਿ ਖਾਣੇ ਤੋਂ ਬਾਅਦ ਲੇਖਕ ਆਪਣੇ ਫ਼ਲੈਟ ਵਿੱਚੋਂ ਬਾਹਰ ਨਿਕਲਿਆ ਸੀ ਜਦ ਉਸਨੇ ਕਿਸੇ ਕੁੜੀ ਦੀ ਮਦਦ ਵਾਸਤੇ ਅਵਾਜ਼ ਸੁਣੀ। ਦੋ ਨੌਜਵਾਨ ਮੁੰਡੇ ਉਸ ਨਾਲ਼ ਛੇੜ-ਛਾੜ ਕਰ ਰਹੇ ਸਨ। ਲੇਖਕ ਉਸ ਵੱਲ ਭੱਜਿਆ। ਸਿੰਬਾ ਵੀ ਲੇਖਕ ਦੇ ਪਿੱਛੇ ਸੀ। ਮੁੰਡਿਆਂ ਨੇ ਦੌੜਨ ਦੀ ਬਹੁਤ ਕੋਸ਼ਸ਼ ਕੀਤੀ। ਲੇਖਕ ਨੇ ਸਿੰਬਾ ਨੂੰ ਕਿਹਾ ਕਿ ਉਹ ਉਹਨਾਂ ਬਦਮਾਸ਼ਾਂ ਨੂੰ ਫੜੇ। ਸਿੰਬਾ ਦੌੜਿਆ ਤੇ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਉਹ ਕਾਫ਼ੀ ਵੱਡੇ ਆਕਾਰ ਦਾ ਅਤੇ ਲੇਖਕ ਨਾਲ਼ੋਂ ਸ਼ਕਤੀਸ਼ਾਲੀ ਬੰਦਾ ਸੀ। ਕਿਉਂਕਿ ਲੇਖਕ ਨਾਲ਼ ਸਿੰਬਾ ਸੀ ਇਸ ਲਈ ਲੇਖਕ ਨੇ ਬਿਨਾਂ ਝਿਜਕ ਉਸਦੇ ਮੂੰਹ ’ਤੇ ਕਈ ਚਪੇੜਾਂ ਮਾਰੀਆਂ ਅਤੇ ਗੁੰਡਾ, ਬਦਮਾਸ਼ ਕਹਿ ਕੇ ਉਹਨੂੰ ਗਾਲ਼ਾਂ ਵੀ ਕੱਢੀਆਂ। ਤਦ ਉਸ ਬਦਮਾਸ਼ ਨੇ ਮਾਫ਼ੀ ਮੰਗੀ ਅਤੇ ਸਹੁੰ ਖਾਧੀ ਕਿ ਉਹ ਮੁੜ ਕਿਸੇ ਔਰਤ ਨੂੰ ਨਹੀਂ ਛੇੜੇਗਾ।
ਪ੍ਰਸ਼ਨ 5. ਲੇਖਕ ਸਿੰਬਾ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਕਿਉਂ ਕਹਿੰਦਾ ਹੈ?
ਉੱਤਰ: ਲੇਖਕ ਸਿੰਬਾ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਇਸ ਕਰਕੇ ਕਹਿੰਦਾ ਸੀ, ਕਿਉਂਕਿ ਉਸਦਾ ਸਿੰਬਾ ਨਾਲ਼ ਬਹੁਤ ਪਿਆਰ ਸੀ। ਉਹ ਰਾਤ ਨੂੰ ਲੇਖਕ ਦੇ ਨਾਲ਼ ਹੀ ਸੌਂਦਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਦੀ ਹਰ ਵੇਲੇ ਰਾਖੀ ਕਰਦਾ ਸੀ। ਉਹ ਲੇਖਕ ਤੇ ਉਸ ਦੀ ਪਤਨੀ ਦਾ ਕਿਹਾ ਵੀ ਬਹੁਤ ਮੰਨਦਾ ਸੀ। ਉਹ ਉਸ ਨਾਲ਼ ਗੱਲਾਂ ਵੀ ਕਰ ਲੈਂਦੇ ਸਨ ਤੇ ਉਹ ਉਨ੍ਹਾਂ ਦੀ ਹਰ ਇਕ ਗੱਲ ਨੂੰ ਸਮਝਦਾ ਸੀ। ਉਸ ਨੂੰ ਆਪਣੀ ਡੂੰਘੀ ਸੂਝ-ਬੂਝ ਨਾਲ ਲੇਖਕ ਤੇ ਉਸ ਦੀ ਪਤਨੀ ਦੀ ਹਰ ਸਥਿਤੀ ਦਾ ਗਿਆਨ ਹੁੰਦਾ ਸੀ। ਇਸੇ ਕਰਕੇ ਹੀ ਸਿੰਬਾ ਦੀ ਮੌਤ ਹੋ ਜਾਣ ਮਗਰੋਂ ਉਹ ਹੋਰ ਕੋਈ ਕੁੱਤਾ ਨਹੀਂ ਰੱਖਦੇ, ਕਿਉਂਕਿ ਲੇਖਕ ਦਾ ਵਿਚਾਰ ਸੀ ਕਿ ਦੋਸਤ ਬਦਲੇ ਨਹੀਂ ਜਾ ਸਕਦੇ।
ਪ੍ਰਸ਼ਨ 6. ਸਿੰਬਾ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਬਾਰੇ ਇੱਕ ਨੋਟ ਲਿਖੋ।
ਉੱਤਰ: ਸਿੰਬਾ ਹੌਲ਼ੀ-ਹੌਲ਼ੀ ਬੁੱਢਾ ਹੁੰਦਾ ਗਿਆ। ਉਹਦੇ ਮੂੰਹ ਦੁਆਲ਼ੇ ਦੇ ਵਾਲ਼ ਚਿੱਟੇ ਹੋ ਗਏ। ਉਹਦੀਆਂ ਅੱਖਾਂ ਵਿੱਚ ਮੋਤੀਆ ਉੱਤਰ ਆਇਆ। ਕਦੇ-ਕਦੇ ਉਹਨੂੰ ਬੁਖ਼ਾਰ ਹੋਣ ਲੱਗਦਾ। ਕਈ ਵਾਰੀ ਮੇਰੀ ਪਤਨੀ ਨੂੰ ਸਾਰੀ-ਸਾਰੀ ਰਾਤ ਉਹਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਬੈਠਣਾ ਪੈਂਦਾ। ਉਹ ਉਦੋਂ 13 ਸਾਲ ਤੋਂ ਵੱਧ ਉਮਰ ਦਾ ਹੋ ਗਿਆ ਸੀ। ਇਹਨਾਂ ਦਿਨਾਂ ਵਿੱਚ ਲੇਖਕ ਨੂੰ ਸੁਆਰ ਮੋਰ ਕਾਲਜ ਵਿੱਚ ਤਿੰਨ ਮਹੀਨੇ ਪੜ੍ਹਾਉਣ ਦਾ ਕੰਮ ਮਿਲਿਆ ਤਾਂ ਉਹ ਸਿੰਬਾ ਨੂੰ ਉਸਦੀ ਅਸਲ ਮਾਲਕਣ ਮਾਲਾ ਕੋਲ਼ ਛੱਡ ਆਏ। ਮਾਲਾ ਸਿੰਬਾ ਨੂੰ ਲਗ-ਪਗ ਰੋਜ਼ ਹੀ ਡਾਕਟਰ ਕੋਲ਼ ਲੈਕੇ ਜਾਂਦੀ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਉਸ ਦੀਆਂ ਲੱਤਾਂ ਕਮਜ਼ੋਰ ਹੋਣ ਲੱਗੀਆਂ। ਮਾਲਾ ਨੇ ਲੇਖਕ ਨੂੰ ਤਾਰ ਰਾਹੀਂ ਸਿੰਬਾ ਦੇ ਬਹੁਤ ਬਿਮਾਰ ਹੋਣ ਅਤੇ ਜਲਦੀ ਪਰਤਣ ਲਈ ਲਿਖਿਆ ਹੋਇਆ ਸੀ। ਉਸ ਤੋਂ ਅਗਲੇ ਦਿਨ ਹੀ ਲੇਖਕ ਨੂੰ ਮਾਲਾ ਦੀ ਇੱਕ ਹੋਰ ਤਾਰ ਮਿਲ਼ੀ ਜਿਸ ਵਿੱਚ ਲਿਖਿਆ ਸੀ ਕਿ ਸਿੰਬਾ ਚੱਲ ਵੱਸਿਆ ਹੈ।
ਪ੍ਰਸ਼ਨ 7. “ਬਹੁਤ ਸਾਰੇ ਕੁੱਤਿਆਂ ਵਿੱਚ ਛੇਵੀਂ ਸੂਝ ਹੁੰਦੀ ਹੈ। ਸਾਡੇ ਸਿੰਬੇ ਵਿੱਚ ਸੱਤਵੀਂ ਅਤੇ ਅੱਠਵੀਂ ਵੀ ਸੀ।” ਇਹ ਕਥਨ ਸਾਬਤ ਕਰਨ ਲਈ ਲੇਖਕ ਨੇ ਜਿਹੜੀ ਘਟਨਾ ਦਾ ਜ਼ਿਕਰ ਕੀਤਾ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਬਹੁਤੇ ਕੁੱਤਿਆਂ ਵਿੱਚ ਛੇਵੀਂ ਸੂਝ ਹੁੰਦੀ ਹੈ ਪਰ ਲੇਖਕ ਮੰਨਦਾ ਸੀ ਕਿ ਸਿੰਬੇ ਵਿੱਚ ਸੱਤਵੀਂ ਅਤੇ ਅੱਠਵੀਂ ਵੀ ਸੀ। ਆਪਣੀ ਗੱਲ ਸਾਬਤ ਕਰਨ ਲਈ ਲੇਖਕ ਇੱਕ ਘਟਨਾ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਅਤੇ ਉਸਦੀ ਪਤਨੀ ਨੇ ਕੁਝ ਮਹੀਨਿਆਂ ਲਈ ਬਾਹਰ ਜਾਣਾ ਸੀ। ਉਹਨਾਂ ਦੇ ਬੱਚੇ ਹੋਸਟਲਾਂ ਵਿੱਚ ਸਨ। ਉਹਨਾਂ ਨੇ ਆਪਣੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਅਤੇ ਫ਼ਲੈਟ ਨੂੰ ਤਾਲਾ ਲਾ ਦਿੱਤਾ। ਸਿੰਬਾ ਨੂੰ ਪ੍ਰੇਮ ਕਿਰਪਾਲ ਕੋਲ਼ ਛੱਡਿਆ ਜਾਣਾ ਸੀ। ਦੋਂਹਾਂ ਦੀ ਆਪਸ ਵਿੱਚ ਕਾਫ਼ੀ ਦੋਸਤੀ ਸੀ ਕਿਉਂਕਿ ਐਤਵਾਰ ਸਵੇਰੇ ਦੀ ਸੈਰ ਵੇਲ਼ੇ ਉਹ ਸਦਾ ਉਹਨਾਂ ਨਾਲ਼ ਹੁੰਦਾ ਸੀ ਅਤੇ ਅਕਸਰ ਲੇਖਕ ਦੇ ਘਰ ਵੀ ਆਇਆ ਕਰਦਾ ਸੀ। ਉਹਨੇ ਸਿੰਬਾ ਨੂੰ ਆਪਣੇ ਕੋਲ਼ ਰੱਖਣਾ ਮੰਨ ਲਿਆ। ਕਿਉਂਕਿ ਉਹ ਇੱਕ ਸੀਨੀਅਰ ਅਧਿਕਾਰੀ ਸੀ ਉਸ ਕੋਲ਼ ਕੈਨਿੰਗ ਲੇਨ ਸੜਕ ਉੱਤੇ ਇੱਕ ਬੰਗਲਾ ਸੀ ਜਿਸਦਾ ਵੱਡਾ ਸਾਰਾ ਬਾਗ਼ ਵੀ ਸੀ। ਸਿੰਬਾ ਕਈ ਵਾਰ ਉੱਥੇ ਗਿਆ ਵੀ ਸੀ ਅਤੇ ਉਸ ਨੇ ਮਹਿਸੂਸ ਕਰ ਲਿਆ ਸੀ ਕਿ ਅਸੀਂ ਉਸ ਨੂੰ ਉੱਥੇ ਛੱਡਣ ਜਾ ਰਹੇ ਹਾਂ। ਉਹਨੂੰ ਇਹ ਗੱਲ ਬਹੁਤੀ ਪਸੰਦ ਨਹੀਂ ਸੀ ਆਈ।
ਲੇਖਕ ਦੀ ਪਤਨੀ ਉਸ ਤੋਂ ਕੁਝ ਦਿਨ ਪਹਿਲਾਂ ਦਿੱਲੀ ਪਰਤ ਆਈ। ਉਹ ਸਿੰਬਾ ਨੂੰ ਲੈਣ ਗਈ ਤਾਂ ਸਿੰਬਾ ਉਹਨੂੰ ਮਿਲ਼ ਕੇ ਖ਼ੁਸ਼ ਤਾਂ ਹੋਇਆ ਪਰ ਉਸ ਦੀ ਕਾਰ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ। ਪ੍ਰੇਮ ਨੂੰ ਖ਼ੁਸ਼ੀ ਹੋਈ ਕਿ ਉਹ ਸਿੰਬਾ ਦਾ ਪਿਆਰ ਹਾਸਲ ਕਰ ਸਕਿਆ। ਮੇਰੀ ਪਤਨੀ ਉਹਨੂੰ ਉੱਥੇ ਹੀ ਛੱਡ ਆਈ। ਲੱਗਦਾ ਹੈ ਕਿ ਉਹਨੇ ਉੱਥੇ ਉਸ ਤਰੀਕ ਦਾ ਜ਼ਿਕਰ ਕੀਤਾ ਹੋਵੇਗਾ ਜਦੋਂ ਲੇਖਕ ਨੇ ਵਾਪਸ ਪਰਤਣਾ ਸੀ ਅਤੇ ਸਿੰਬਾ ਨੇ ਇਹ ਗੱਲ ਸੁਣ ਲਈ ਹੋਵੇਗੀ। ਜਿਸ ਸ਼ਾਮ ਲੇਖਕ ਨੇ ਦਿੱਲੀ ਤੋਂ ਪਰਤਣਾ ਸੀ ਉਸ ਤੋਂ ਇੱਕ ਸ਼ਾਮ ਪਹਿਲਾਂ ਸਿੰਬਾ ਕੈਨਿੰਗ ਲੇਨ ਤੋਂ ਪੈਦਲ ਹੀ ਤੁਰ ਕੇ ਸੁਜਾਨ ਸਿੰਘ ਪਾਰਕ ਪਹੁੰਚ ਗਿਆ ਅਤੇ ਦਰਵਾਜ਼ੇ ਉੱਤੇ ਪੰਜੇ ਮਾਰ-ਮਾਰ ਕੇ ਆਪਣੀ ਆਮਦ ਦਾ ਸੰਕੇਤ ਦਿੰਦਾ ਰਿਹਾ। ਉਹਨੂੰ ਪਤਾ ਸੀ ਕਿ ਮੈਂ ਅਗਲੀ ਸਵੇਰੇ ਲੇਖਕ ਵਾਪਸ ਆ ਰਿਹਾ ਹੈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ (ਸ਼.ਭ.ਸ.ਨਗਰ) 9878583784