2. ਨਜਾਬਤ (ਨਾਦਰਸ਼ਾਹ ਦੀ ਵਾਰ) (12th ਬੀਰ ਕਾਵਿ)

2. ਨਜਾਬਤ (ਨਾਦਰਸ਼ਾਹ ਦੀ ਵਾਰ)

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

(ੳ) ਸੈ ਜਾਤੀ ਸਾਨ ਮਿਸਰੀਆਂ ਲਈਓਂ ਨੇ ਸੂਤ।

ਮਾਰਨ ਤੇਗਾਂ ਗੁਰਜੀਆਂ ਖਾਸੇ ਲਜਪੂਤ।

ਖਾ ਗੁਰਜੀ ਤੇਗਾਂ ਡਿੱਗ ਪਏ ਹੋ ਗਏ ਭਬੂਤ।

ਜਿਵੇਂ ਖਾ ਧਤੂਰਾ ਡਿੱਗ ਪਏ ਜੋਗੀ ਅਬਧੂਤ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ)’ ਵਿੱਚ ਬੀਰ-ਕਾਵਿ ਅਧੀਨ ‘ਨਜਾਬਤ’ ਦੀ ਰਚਨਾ ‘ਨਾਦਰਸ਼ਾਹ ਦੀ ਵਾਰ’ ਵਿੱਚ ‘ਰਾਵੀ ਕੰਢੇ ਦੀ ਲੜਾਈ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਨਾਦਰਸ਼ਾਹ ਦੀ ਫੌਜ ਦੀ ਰਾਜਪੂਤਾਂ ਨਾਲ਼ ਰਾਵੀ ਕੰਢੇ ਹੋਈ ਲੜਾਈ ਦਾ ਬਿਆਨ ਕੀਤਾ ਹੈ।

ਵਿਆਖਿਆ: ਸੂਰਮਿਆਂ ਨੇ ਜੰਗ ਵਿੱਚ ਆਪਣੀਆਂ ਫੌਲਾਦੀ ਤਲਵਾਰਾਂ ਹੱਥਾਂ ਵਿੱਚ ਫੜ ਲਈਆਂ ਹਨ। ਰਾਜਪੂਤੀ ਸਿਪਾਹੀਆਂ ਨੇ ਬਹਾਦਰੀ ਨਾਲ਼ ਨਾਦਰਸ਼ਾਹ ਦੀ ਫੌਜ ਦੇ ਅਨੇਕਾਂ ਗੁਰਜਿਸਤਾਨੀ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਗੁਰਜਿਸਤਾਨੀ ਸਿਪਾਹੀ ਰਾਜਪੂਤ ਸਿਪਾਹੀਆਂ ਦੀ ਮਾਰ ਨਾਲ਼ ਜੰਗੀ ਮੈਦਾਨ ਵਿੱਚ ਇਸ ਤਰ੍ਹਾਂ ਮਿੱਟੀ ਵਿੱਚ ਡਿੱਗ ਰਹੇ ਹਨ ਜਿਵੇਂ ਕੋਈ ਜੋਗੀ ਧਤੂਰਾ ਖਾ ਕੇ ਡਿੱਗ ਪੈਂਦਾ ਹੈ।

(ਅ) ਧਣਵਾਂ ਪਗੜ ਬਹਾਦਰਾਂ ਹੱਥ ਖੱਬੇ ਫੜੀਆਂ।

ਉਹਨਾਂ ਸੱਜੇ ਚਿੱਲਾ ਖਿੱਚਿਆ, ਖਿੱਚ ਕੰਨੀ ਖੜੀਆਂ।

ਜੋਗ ਜਿਵੇਂ ਸੰਨਾਸੀਆਂ, ਚੁੱਕ ਬਾਹੀਂ ਖਲੀਆਂ।

ਗੁਣ ਬੋਲਨ ਮਾਰੂ ਲੱਖ ਰਾਗ ਬੰਦ ਰੋਗਨ ਜੜੀਆਂ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ)’ ਵਿੱਚ ਬੀਰ-ਕਾਵਿ ਅਧੀਨ ‘ਨਜਾਬਤ’ ਦੀ ਰਚਨਾ ‘ਨਾਦਰਸ਼ਾਹ ਦੀ ਵਾਰ’ ਵਿੱਚ ‘ਕਰਨਾਲ ਦੀ ਲੜਾਈ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਨਾਦਰਸ਼ਾਹ ਦੀ ਫੌਜ ਦੀ ਮੁਗ਼ਲਾਂ ਦਰਮਿਆਨ ਹੋਈ ਲੜਾਈ ਦਾ ਬਿਆਨ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਜੰਗ ਦੇ ਮੈਦਾਨ ਵਿੱਚ ਬਹਾਦਰਾਂ ਨੇ ਖੱਬੇ ਹੱਥ ਵਿੱਚ ਕਮਾਨਾਂ ਪੜੀਆ ਹੋਈਆਂ ਹਨ। ਉਹ ਇਹਨਾਂ ਕਮਾਨਾਂ ਦੀਆਂ ਕਮਾਨੀਆਂ ਨੂੰ ਜੋਸ਼ ਨਾਲ ਖਿੱਚ ਕੇ ਕੰਨਾਂ ਤੱਕ ਲਿਜਾ ਰਹੇ ਹਨ। ਇਹ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਸੰਨਿਆਸੀ ਸਾਧੂਆਂ ਨੇ ਤਪੱਸਿਆ ਲਈ ਆਸਣ ਲਾਇਆ ਹੋਵੇ। ਕਮਾਨਾਂ ਦੀਆਂ ਕਮਾਨੀਆਂ ਛੱਡਣ ਤੋਂ ਬਾਅਦ ਦੀਆਂ ਅਵਾਜ਼ਾਂ ਨਾਲ਼ ਮਾਰੂ ਰਾਗ ਜੰਗ ਦੇ ਮੈਦਾਨ ਵਿੱਚ ਗੁੰਜ ਰਿਹਾ ਹੈ ਜਾਂ ਜਿਵੇਂ ਕਿਸੇ ਰੋਗੀ ਨੂੰ ਬੰਦ ਕਰਕੇ ਖੇਡਾਂ ਖਿਡਾਈਆਂ ਜਾਂਦੀਆਂ ਹੋਣ।

ਪ੍ਰਸ਼ਨ 2. ਵਾਰ ਨਾਦਰਸ਼ਾਹ ਵਿੱਚ ‘ਨਵਾਬ ਲਾਹੌਰ ਦੇ ਹਾਰ ਮੰਨਣ’ ਦਾ ਜੋ ਚਿੱਤਰ ਪੇਸ਼ ਕੀਤਾ ਗਿਆ ਹੈ। ਉਸ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਨਾਦਰਸ਼ਾਹ ਨੇ ਆਪਣੇ ਈਰਾਨੀ ਤੇ ਅਫ਼ਗਾਨੀ ਸਰਦਾਰ ਸੱਦ ਲਏ ਉਹ ਆਪ ਸ਼ਾਹੀ ਪੱਤਣ ’ਤੇ ਜਾ ਪਹੁੰਚਿਆ ਜਿੱਥੇ ਉਸ ਨੇ ਸਾਰੇ ਮਲਾਹਾਂ ਨੂੰ ਬੁਲਾਇਆ। ਨਾਦਰਸ਼ਾਹ ਦੀਆਂ ਇਹਨਾਂ ਸਾਰੀਆਂ ਵਿਓਂਤਾਂ ਸੂਹੀਆਂ ਨੇ ਜਾ ਨਵਾਬ ਜ਼ਕਰੀਆ ਖ਼ਾਨ ਤੱਕ ਪਹੁੰਚਾ ਦਿੱਤੀਆਂ। ਨਵਾਬ ਜ਼ਕਰੀਆ ਖ਼ਾਨ ਜੋਕਿ ਪਹਿਲਾਂ ਹੀ ਮੋਰਚਾ ਲਾਈ ਬੈਠਾ ਸੀ ਜਦੋਂ ਉਸ ਨੇ ਨਾਦਰਸ਼ਾਹ ਦੀ ਫ਼ੌਜ ਦਾ ਲਸ਼ਕਰ ਦੇਖਿਆ ਤਾਂ ਉਹ ਬਹੁਤ ਘਬਰਾ ਗਿਆ। ਨਜਾਬਤ ਉਦਾਹਰਨ ਦਿੰਦਾ ਕਹਿੰਦਾ ਹੈ ਕਿ ਜਿਵੇਂ ਖੁਸਰਾ ਪੱਗ ਬੰਨ੍ਹ ਲਵੇ, ਤਾਂ ਉਹ ਮਰਦ ਨਹੀਂ ਹੋ ਜਾਂਦਾ। ਜਿਸ ਤਰ੍ਹਾਂ ਸ਼ੇਰ ਦੇ ਸ਼ਿਕੰਜੇ ਵਿੱਚ ਫਸ ਕੇ ਖੋਤਾ ਡਰਦਾ ਮਾਰਾ ਪੂਛ ਵੀ ਨਹੀਂ ਹਿਲਾਉਂਦਾ, ਉਸ ਤਰ੍ਹਾਂ ਜ਼ਕਰੀਆ ਖ਼ਾਨ ਅੱਗੇ ਨਾਦਰਸ਼ਾਹ ਦੇ ਅੱਗੇ ਸਹਿਮ ਗਿਆ। ਉਸ ਨੇ ਨਾਦਰਸ਼ਾਹ ਨੂੰ ਇਸ ਤਰ੍ਹਾਂ ਫਸਾਉਣ ਦਾ ਯਤਨ ਕੀਤਾ, ਜਿਸ ਤਰ੍ਹਾਂ ਔਰਤ ਮਰਦ ਨੂੰ ਨਖ਼ਰੇ ਕਰ ਕੇ ਭਰਮਾ ਲੈਂਦੀ ਹੈ। ਜ਼ਕਰੀਆ ਖ਼ਾਨ ਖ਼ਜ਼ਾਨੇ ਵਿਚੋਂ ਰਿਸ਼ਵਤ ਦੇ ਕੇ ਆਪਣੀ ਜਾਨ ਬਚਾਈ। ਜ਼ਕਰੀਆ ਖ਼ਾਨ ਆਪਣੀ ਅਣਖ ਛੱਡ ਕੇ ਦੁਸ਼ਮਣ ਦੇ ਪੈਰੀਂ ਪੈ ਗਿਆ। ਇਸ ਤਰ੍ਹਾਂ ਨਾਦਰਸ਼ਾਹ ਦੀ ਫ਼ੌਜ ਨੇ ਆ ਕੇ ਲਾਹੌਰ ਵਿਚ ਡੇਰੇ ਲਾ ਲਏ ।

ਵਸਤੂਨਿਸ਼ਠ ਪ੍ਰਸ਼ਨ:

ਪ੍ਰਸਨ 1. ‘ਨਜਾਬਤ ਦੀ ਵਾਰ’ ਵਿੱਚ ਭਾਰਤ ਉੱਪਰ ਕਿਹੜੇ ਬਾਦਸ਼ਾਹ ਦੇ ਹਮਲੇ ਦਾ ਜ਼ਿਕਰ ਹੈ?

ਉੱਤਰ: ਨਾਦਰਸ਼ਾਹ ਈਰਾਨੀ ਦੇ।

ਪ੍ਰਸ਼ਨ 2. ‘ਅਟਕ ਤੋਂ ਨਾਦਰਸ਼ਾਹ ਦਾ ਕੂਚ ਕਰਨਾ’ ਦੇ ਆਧਾਰ ’ਤੇ ਦੱਸੋ ਕਿ ਅਟਕ ਤੋਂ ਪਹਿਲਾਂ ਨਾਦਰਸ਼ਾਹ ਕਿਹੜੇ ਇਲਾਕੇ ਜਿੱਤ ਕੇ ਆਉਂਦਾ ਹੈ?

ਉੱਤਰ: ਅਟਕ ਤੋਂ ਪਹਿਲਾਂ ਨਾਦਰਸ਼ਾਹ ਖਟਕ,ਘੇਬੇ,ਗੱਖੜ ਅਤੇ ਭੈਣੀ ਆਦਿ ਇਲਾਕੇ ਜਿੱਤ ਕੇ ਆਉਂਦਾ ਹੈ।

ਪ੍ਰਸ਼ਨ 3. ‘ਰਾਵੀ ਕੰਢੇ ਦੀ ਲੜਾਈ’ ਤੁਹਾਡੀ ਪਾਠ-ਪੁਸਤਕ ਅਨੁਸਾਰ ਇਹ ਬੀਰ-ਰਸੀ ਸਿਰਲੇਖ ਕਿਸ ਵਾਰ-ਕਾਵਿ ’ਚੋਂ ਲਿਆ ਗਿਆ ਹੈ?

ਉੱਤਰ: ਨਜਾਬਤ ਦੀ ਵਾਰ।

ਪ੍ਰਸ਼ਨ 4. ‘ਨਜਾਬਤ ਦੀ ਵਾਰ’ ਵਿੱਚ ਕਿਹੜੇ ਦੇਸੀ ਮਹੀਨੇ ਦਾ ਜ਼ਿਕਰ ਹੋਇਆ ਹੈ?

ਉੱਤਰ: ਸਾਉਂਣ ਤੇ ਭਾਦੋਂ।

ਪ੍ਰਸ਼ਨ 5. ‘ਨਜਾਬਤ ਦੀ ਵਾਰ’ ’ਚ ਕਰਨਾਲ ਦੀ ਲੜਾਈ ਸਮੇਂ ਕਿਹੜੇ ਪਸ਼ੂ ਜੰਗ ਦੇ ਮੈਦਾਨ ‘ਚ ਉਤਾਰੇ ਜਾਂਦੇ ਹਨ?

ਉੱਤਰ: ਊਠ, ਘੋੜੇ ਅਤੇ ਹਾਥੀ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

TAGGED:
Share This Article
Leave a Comment

Leave a Reply

Your email address will not be published. Required fields are marked *