PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 1. ਪੰਜਾਬ, ਪੰਜਾਬੀ, ਗੁਰਮੁਖੀ ਤੇ ਪੰਜਾਬੀ ਸਾਹਿਤ (12th ਪੰਜਾਬੀ )
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

1. ਪੰਜਾਬ, ਪੰਜਾਬੀ, ਗੁਰਮੁਖੀ ਤੇ ਪੰਜਾਬੀ ਸਾਹਿਤ (12th ਪੰਜਾਬੀ )

Ajay Khatkar
3 Views
36 Min Read
Share
36 Min Read
SHARE

ਪੰਜਾਬ, ਪੰਜਾਬੀ, ਗੁਰਮੁਖੀ ਤੇ ਪੰਜਾਬੀ ਸਾਹਿਤ

ਅਭਿਆਸ

ਪ੍ਰਸ਼ਨ 1. ਪੰਜਾਬ, ਪੰਜਾਬੀ ਤੇ ਗੁਰਮੁਖੀ ਲਿਪੀ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ: ਪੰਜਾਬ: ਪੰਜਾਬ, ‘ਪੰਜ’ ਅਤੇ ‘ਆਬ’ ਦੋ ਸ਼ਬਦਾਂ ਨੂੰ ਮਿਲ਼ ਕੇ ਬਣਿਆ ਫ਼ਾਰਸੀ ਸ਼ਬਦ ਹੈ, ਜਿਸ ਦਾ ਅਰਥ ਹੈ ਪੰਜ-ਦਰਿਆਵਾਂ ਦੀ ਧਰਤੀ। ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਇਸ ਖੇਤਰ ਨੂੰ ਪਹਿਲਾਂ ‘ਸਪਤ-ਸਿੰਧੂ’ ਨਾਂ ਨਾਲ਼ ਪੁਕਾਰਿਆ ਜਾਂਦਾ ਸੀ। ਮੁਸਲਮਾਨ ਹਾਕਮ ਹਮਲਾਵਰਾਂ ਦੀ ਰਾਜ-ਸੱਤਾ ਤੇ ਫ਼ਾਰਸੀ ਬੋਲੀ ਦੀ ਰਾਜ-ਕਾਜ ਵਿੱਚ ਆਮ ਵਰਤੋਂ ਹੋਣ ਕਾਰਨ ਇਸ ਦਾ ਨਾਂ ‘ਪੰਜਾਬ’ ਪਿਆ, ਜੋ ਕਿ ਅਕਬਰ ਦੇ ਰਾਜ-ਅਧਿਕਾਰ ਸਮੇਂ ਦੌਰਾਨ ਆਮ ਪ੍ਰਚਲਿਤ ਹੋ ਗਿਆ।

ਇਤਿਹਾਸਿਕ ਤਬਦੀਲੀਆਂ ਦੇ ਨਾਲ਼-ਨਾਲ਼ ਪੰਜਾਬ ਦੀਆਂ ਭੂਗੋਲਿਕ ਹੱਦਾਂ ਵੀ ਬਦਲਦੀਆਂ ਰਹੀਆਂ ਹਨ। ਮੁਗ਼ਲ ਕਾਲ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ-ਰਾਜ ਕਾਲ (1800-1850) ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਪਿਛੋਂ ਦਾ ਕਾਲ, ਬਰਤਾਨਵੀਂ ਰਾਜ, 1947 ਈ. ਦਾ ਕਾਲ ਆਦਿ ਇਹਨਾਂ ਸਾਰੇ ਕਾਲਾਂ ਵਿੱਚ ਪੰਜਾਬੀ ਭਾਸ਼ਾ ਦੀਆਂ ਹੱਦਾਂ ਬਦਲਦੀਆ ਰਹੀਆਂ ਹਨ। 1966 ਈ. ਵਿੱਚ ਹਰਿਆਣਾ ਦਾ ਇਲਾਕਾ ਵੱਖਰਾ ਕਰ ਦਿੱਤਾ ਗਿਆ ਤੇ ਕੁਝ ਇਲਾਕਾ ਹਿਮਾਚਲ ਨਾਲ਼ ਜੋੜ ਦਿੱਤਾ ਗਿਆ ਤੇ ਇਸ ਤਰ੍ਹਾਂ ਬਹੁਤ ਹੀ ਛੋਟੇ ਤੇ ਇੱਕ-ਭਾਸ਼ਾਈ ਪੰਜਾਬ ਦਾ ਹੁਣ ਵਾਲ਼ਾ ਸਰੂਪ ਹੋਂਦ ਵਿੱਚ ਆਇਆ।

ਪੰਜਾਬੀ ਭਾਸ਼ਾ:- ਪ੍ਰਿੰਸੀਪਲ ਤੇਜਾ ਸਿੰਘ ਦਾ ਮੱਤ ਹੈ ਕਿ ਪੰਜਾਬੀ ਭਾਰਤ ਦੀਆਂ ਆਰੀਆ ਭਾਸ਼ਾਵਾਂ ਵਿੱਚੋਂ ਸਭ ਤੋਂ ਪੁਰਾਣੀ ਹੈ। ਰਿਗਵੇਦ ਦੀ ਰਚਨਾ ਕਿਉਂਕਿ ਪੰਜਾਬ ਵਿੱਚ ਹੋਈ, ਇਸ ਲਈ ਰਿਗਵੇਦ ਉਦੋਂ ਦੀ ਪੰਜਾਬੀ ਭਾਸ਼ਾ ਵਿੱਚ ਹੀ ਰਚਿਆ ਗਿਆ। ਪਰ ਰਿਗਵੇਦ ਦੀ ਰਚਨਾ ਸਮੇਂ, ਨਾ ਇਸ ਖਿੱਤੇ ਨੂੰ ਪੰਜਾਬ ਕਿਹਾ ਜਾਂਦਾ ਸੀ ਤੇ ਨਾ ਇਸ ਦੀ ਭਾਸ਼ਾ ਨੂੰ ਪੰਜਾਬੀ ਕਿਹਾ ਜਾਂਦਾ ਸੀ, ਇਹ ਵੈਦਿਕ-ਸੰਸਕ੍ਰਿਤ ਅਖਵਾਉਂਦੀ ਸੀ। ਪੰਜਾਬ ਦੀ ਭਾਸ਼ਾ ਲਈ ‘ਪੰਜਾਬੀ’ ਨਾਂ 14ਵੀਂ-15ਵੀਂ ਸਦੀ ਤੋਂ ਹੀ ਪ੍ਰਚਲਿਤ ਹੋਇਆ ਹੈ। ਸ਼ੇਖ਼ ਬਾਬਾ ਫ਼ਰੀਦ ਦੀ ਕਵਿਤਾ ਦੀ ਰਚਨਾ ਭਾਵੇਂ ਇਸ ਤੋਂ ਸੌ-ਡੇਢ ਸੌ ਸਾਲ ਪਹਿਲਾਂ ਹੋ ਚੁੱਕੀ ਸੀ, ਪਰ ਇਸ ਦਾ ਅਜੋਕਾ ਸਰੂਪ ਗੁਰੂ ਸਾਹਿਬਾਨ ਦੇ ਜ਼ਮਾਨੇ ਤੋਂ ਪਹਿਲਾਂ ਦਾ ਨਹੀਂ ਹੈ।

ਭਾਸ਼ਾ-ਵਿਗਿਆਨੀਆਂ ਦਾ ਮੱਤ ਹੈ ਕਿ ਸੱਤਵੀਂ-ਅੱਠਵੀਂ ਸਦੀ ਤੱਕ ਪੰਜਾਬੀ ਭਾਸ਼ਾ ਦਾ ਆਧੁਨਿਕ ਸਰੂਪ ਹੋਂਦ ਵਿੱਚ ਆ ਚੁੱਕਾ ਸੀ। ਲੋਕ-ਕਾਵਿ, ਪੁਰਾਤਨ ਲੋਕ-ਵਾਰਾਂ, ਨਾਥਾਂ-ਜੋਗੀਆਂ ਦੀ ਕਵਿਤਾ, ਆਦਿ ਪੰਜਾਬੀ ਕਵਿਤਾ ਦੇ ਅਰੰਭਿਕ ਰੂਪ ਹਨ। ਫ਼ਰੀਦ ਬਾਣੀ ਦੀ ਭਾਸ਼ਾ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੂਰਵ-ਮੁਗ਼ਲ ਕਾਲ ਵਿੱਚ ਹੀ ਪੰਜਾਬੀ ਆਪਣਾ ਸਾਹਿਤਿਕ ਮੁਹਾਵਰਾ ਵਿਕਸਿਤ ਕਰ ਚੁੱਕੀ ਸੀ। 1947 ਈ: ਤੋਂ ਬਾਅਦ ਇੱਕ ਪਾਸੇ ਪੰਜਾਬੀ ਸੰਵਿਧਾਨਿਕ ਤੌਰ ’ਤੇ ਕੌਮੀ ਭਾਸ਼ਾ ਬਣ ਕੇ ਪ੍ਰਬੰਧਕੀ ਤੇ ਵਿਗਿਆਨਿਕ ਵਿਸ਼ਿਆਂ ਦਾ ਮਾਧਿਅਮ ਬਣ ਰਹੀ ਹੈ, ਪਰ ਦੂਜੇ ਪਾਸੇ ਪੱਛਮੀ ਪੰਜਾਬੀ (ਪਾਕਿਸਤਾਨੀ) ਤੇ ਪੂਰਬੀ ਪੰਜਾਬੀ (ਭਾਰਤੀ) ਦਾ ਮੁਹਾਂਦਰਾ ਅੱਡ-ਅੱਡ ਹੁੰਦਾ ਜਾ ਰਿਹਾ ਹੈ। ਪਾਕਿਸਤਾਨੀ ਪੰਜਾਬੀ ਦੀ ਸ਼ਬਦਾਵਲੀ ਉਰਦੂ, ਫ਼ਾਰਸੀ ਤੇ ਅਰਬੀ-ਪ੍ਰਧਾਨ ਅਤੇ ਭਾਰਤੀ ਪੰਜਾਬੀ ਸੰਸਕ੍ਰਿਤ-ਪ੍ਰਧਾਨ ਹੁੰਦੀ ਜਾ ਰਹੀ ਹੈ ਤਾਂ ਵੀ, ਪੰਜਾਬੀ ਅੱਜ ਅੱਡ-ਅੱਡ ਰੂਪਾਂ ਤੇ ਕਿੰਨੀਆਂ ਹੀ ਉਪਭਾਸ਼ਾਵਾਂ ਦੇ ਰੂਪ ਵਿੱਚ ਸੰਸਾਰ ਭਰ ਦੇ ਕਰੋੜਾਂ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਤੇ ਸੰਸਾਰ ਦੀਆਂ ਚੋਟੀ ਦੀਆਂ ਭਾਸ਼ਾਵਾਂ ਵਿੱਚ ਗਿਣੀ ਜਾਂਦੀ ਹੈ।

ਗੁਰਮੁਖੀ ਲਿਪੀ:- ਮੱਧ-ਯੁੱਗ ਵਿੱਚ ਪੰਜਾਬੀ ਬੋਲੀ ਨੂੰ ਜਿਨ੍ਹਾਂ ਦੋ ਲਿਪੀਆਂ ਵਿੱਚ ਲਿਖਿਆ ਜਾਂਦਾ ਸੀ, ਉਹ ਸਨ: ਫ਼ਾਰਸੀ ਤੇ ਗੁਰਮੁਖੀ। ਪਾਕਿਸਤਾਨੀ ਪੰਜਾਬੀ ਹੁਣ ਵੀ ਫ਼ਾਰਸੀ ਲਿਪੀ ਵਿੱਚ ਹੀ ਲਿਖੀ ਜਾ ਰਹੀ ਹੈ। ਪਰ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਵਿਗਿਆਨਿਕ ਤੇ ਢੁਕਵੀਂ ਲਿਪੀ ਗੁਰਮੁਖੀ ਹੀ ਹੈ। ਇਹ ਅਸ਼ੋਕ-ਕਾਲ ਦੀ ਬ੍ਰਹਮੀ ਲਿਪੀ ਤੋਂ ਨਿਕਲੀਆਂ ਸ਼ਾਰਦਾ, ਟਾਕਰੀ ਆਦਿ ਲਿਪੀਆਂ ਤੋਂ ਵਿਕਸਿਤ ਹੋ ਕੇ ਆਧੁਨਿਕ ਅੱਖਰ-ਬਣਤਰ ਤੱਕ ਪਹੁੰਚੀ ਹੈ। ਇਹ ਗੱਲ ਜੀ.ਬੀ.ਸਿੰਘ ਜਿਹੇ ਖੋਜੀ ਪਹਿਲਾਂ ਹੀ ਸਿੱਧ ਕਰ ਚੁੱਕੇ ਹਨ ਕਿ ਗੁਰਮੁਖੀ ਦੇ ਬਹੁਤ ਸਾਰੇ ਅੱਖਰ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਬਣ ਚੁੱਕੇ ਸਨ। ਇਸ ਦਾ ਇੱਕ ਸਬੂਤ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਬਾਣੀ ਪੱਟੀ (ਆਸਾ ਰਾਗ) ਵਿੱਚ ਇਹਨਾਂ ਅੱਖਰਾਂ ਦਾ ਪ੍ਰਯੋਗ ਤੇ ਉਚਾਰਨ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਅੱਖਰਾਂ ਨੂੰ ਸੋਧ ਕੇ ਨਵੀਂ ਤਰਤੀਬ ਵਿੱਚ ਲਿਖਿਆ, ਇਸ ਲਈ ਇਸ ਲਿਪੀ ਦਾ ਨਾਂ ਗੁਰਮੁਖੀ ਪੈ ਗਿਆ।

ਪ੍ਰਸ਼ਨ 2. ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਕਿਹੜੇ ਯੁੱਗਾਂ ਵਿੱਚ ਵੰਡਿਆ ਜਾਂਦਾ ਹੈ? ਉਹਨਾਂ ਵਿੱਚੋਂ ਮੱਧਯੁੱਗ ਦੀਆਂ ਵਿਸ਼ੇਸ਼ਤਾਵਾਂ ਬਾਰੇ ਲਿਖੋ।

ਉੱਤਰ: ਇਤਿਹਾਸ ਇੱਕ ਅਜਿਹਾ ਬੁਨਿਆਦੀ ਵਿਗਿਆਨ ਹੈ ਜਿਸ ਦੀ ਜਾਣਕਾਰੀ ਤੋਂ ਬਿਨਾਂ ਅਸੀਂ ਸਮਾਜ ਦੇ ਸੱਭਿਆਚਾਰ ਦੇ ਕਿਸੇ ਵੀ ਗਤੀਸ਼ੀਲ ਤੇ ਵਿਕਾਸਸ਼ੀਲ ਵਰਤਾਰੇ ਨੂੰ ਸਮਝ ਨਹੀਂ ਸਕਦੇ। ਇਸੇ ਤਰ੍ਹਾਂ ਕਵਿਤਾ ਦੇ ਇਤਿਹਾਸ ਨੂੰ ਜਾਣੇ ਬਿਨਾਂ ਅਸੀਂ ਇਕੱਲੇ-ਇਕੱਲੇ ਕਵੀ ਦੀ ਕਾਵਿ-ਪ੍ਰਤਿਭਾ ਦੇ ਵਿਕਾਸ ਤੇ ਸਮੁੱਚੀ ਕਾਵਿ-ਪਰੰਪਰਾ ਵਿੱਚ ਉਸ ਦੀ ਭੂਮਿਕਾ ਤੇ ਸਥਾਨ ਬਾਰੇ ਨਹੀਂ ਜਾਣ ਸਕਦੇ।

ਪੰਜਾਬੀ ਕਵੀਆਂ ਦੀ ਸੰਵੇਦਨਾ-ਚਿੰਤਨ-ਚੇਤਨਾ ਵਿੱਚ ਵਾਪਰੇ ਯੁੱਗ-ਪਰਿਵਰਤਨ ਕਾਰਨ ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਦੋ ਵੱਡੇ ਯੁੱਗਾਂ ਵਿੱਚ ਵੰਡਿਆ ਜਾਂਦਾ ਹੈ।

(ੳ) ਮੱਧ ਯੁੱਗ (1000 ਈ: 1860 ਈ🙂

(ਅ) ਆਧੁਨਿਕ ਯੁੱਗ (1861 ਈ: ਤੋਂ ਹੁਣ ਤੱਕ)

(ੳ) ਮੱਧ ਯੁੱਗ:- ‘ਮੱਧ ਯੁੱਗ’ ਸ਼ਬਦ ਅਸੀਂ ਅੰਗਰੇਜ਼ੀ ਦੇ ਸ਼ਬਦ ‘ਮਿਡਲ ਏਜਿਜ਼’ ਦੀ ਰੀਸ ਵਿੱਚ ਵਰਤਣਾ ਸ਼ੁਰੂ ਕੀਤਾ ਹੈ। ਯੂਰਪੀ ਸਮਾਜ ਦੇ ਸੰਦਰਭ ਵਿੱਚ ਪੁਰਾਣੇ ਰੋਮ ਦੇ ਯੂਨਾਨ ਦੇ ਸੱਭਿਆਚਾਰ ਦੇ ਉਤਾਰ ਤੇ ਯੂਰਪ ਦੇ ਨਵ-ਜਾਗ੍ਰਤੀ ਕਾਲ ਦੇ ਵਿਚਕਾਰਲੇ ਸਮੇਂ ਨੂੰ ਮੱਧ ਯੁੱਗ ਜਾਂ ਅੰਧਾ ਯੁੱਗ (Dark Age) ਕਿਹਾ ਜਾਂਦਾ ਹੈ। ਭਾਰਤ ਦੇ ਸੰਦਰਭ ਵਿੱਚ ਸਾਰੇ ਖੇਤੀ-ਪ੍ਰਧਾਨ, ਸਾਮੰਤਵਾਦੀ ਸਮਾਜ ਨੂੰ ਹੀ ਮੱਧ-ਯੁੱਗ ਦਾ ਨਾਂ ਦਿੱਤਾ ਗਿਆ ਹੈ, ਜਿਸ ਦਾ ਪਤਨ ਬਸਤੀਵਾਦੀ ਪੂੰਜੀਵਾਦੀ ਰਾਜ-ਸੱਤਾ, ਆਰਥਿਕਤਾ ਤੇ ਸਿੱਖਿਆ ਪ੍ਰਨਾਲ਼ੀ ਦੀ ਸਥਾਪਨਾ ਨਾਲ਼ ਹੋਣਾ ਸ਼ੁਰੂ ਹੋਇਆ।

(ਅ) ਆਧੁਨਿਕ ਯੁੱਗ:- ‘ਆਧੁਨਿਕ’ ਸ਼ਬਦ ਅੰਗਰੇਜ਼ੀ ਸ਼ਬਦ ‘ਮਾਡਰਨ’ ਦਾ ਪਰਿਆਇਵਾਚੀ ਹੈ। 1860 ਈ. ਦੇ ਨੇੜੇ-ਤੇੜੇ ਬਰਤਾਨਵੀ ਬਸਤੀਵਾਦ ਸਾਮਰਾਜ ਦੀ ਪੱਕੀ ਸਥਾਪਨਾ ਨਾਲ਼ ਪੰਜਾਬ ਦੇ ਸਿਆਸੀ ਤੇ ਸੱਭਿਆਚਾਰਿਕ ਮਾਹੌਲ ਵਿੱਚ ਚਾਰ ਵੱਡੀਆਂ ਤਬਦੀਲੀਆਂ ਵਾਪਰੀਆਂ:

(1) ਕੁਝ ਰਿਆਸਤਾਂ ਤੋਂ ਛੁੱਟ, ਪੰਜਾਬ ਤੇ ਭਾਰਤ ਵਿੱਚ ਇੱਕ-ਪੁਰਖਾ ਰਾਜ ਸਮਾਪਤ ਹੋਇਆ ਤੇ ਇੱਕ ਨਵੀਨ ਬਸਤੀਵਾਦੀ ਰਾਜਨੀਤਿਕ ਪੱਧਤੀ ਹੋਂਦ ਵਿੱਚ ਆਈ।

(2) ਪੱਛਮੀ ਵਿੱਦਿਆ ਤੇ ਨਵੇਂ ਸਿੱਖਿਆ-ਪ੍ਰਬੰਧ ਦੁਆਰਾ ਇੱਕ ਨਵੀਂ ਮੱਧ-ਸ਼੍ਰੇਣੀ ਹੋਂਦ ਵਿੱਚ ਆਈ, ਜਿਸ ਨੇ ਵਿਗਿਆਨਿਕ ਚੇਤਨਾ ਦੇ ਪ੍ਰਭਾਵ ਹੇਠ ਤਾਰਕਿਕ ਦ੍ਰਿਸ਼ਟੀ ਨਾਲ਼ ਸੋਚਣਾ ਸ਼ੁਰੂ ਕੀਤਾ।

(3) ਮੱਧ ਯੁਗੀ ਮਿਥ-ਮੂਲਿਕ ਆਦਰਸ਼ਵਾਦੀ ਸਮੂਹਿਕ ਚਿੰਤਨ ਦੀ ਸਰਦਾਰੀ ਦੇ ਖ਼ਤਮ ਹੋਣ ਨਾਲ਼ ਸ਼ੰਕਾ-ਮੂਲਕ ਵਿਅਕਤੀਵਾਦੀ ਚਿੰਤਨ ਦਾ ਅਰੰਭ ਹੋਇਆ।

(4) 1857 ਈ: ਦੇ ਗਦਰ ਤੇ ਕੂਕਾ ਲਹਿਰ ਤੋਂ ਬਾਅਦ ਭਾਰਤ ਤੇ ਪੰਜਾਬ ਵਿੱਚ ਨਵੇਂ ਲੋਕ-ਉਭਾਰਾਂ ਨਾਲ਼ ਆਮ ਜਨਤਾ ਦੇ ਸਿਆਸੀਕਰਨ ਨਾਲ਼ ਪੰਜਾਬੀ ਚਿੰਤਨ ਵਿੱਚ ਉਹ ਲੋਕ-ਪੱਖੀ ਸੁਰ ਮੁੜ ਕੇ ਜਾਗੀ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਾਫ਼ੀ ਭਾਰੂ ਰਹੀ ਸੀ।

ਪੰਜਾਬੀ ਕਵਿਤਾ ਵਿੱਚ ਇਸ ਨਵੇਂ ਬੋਧ ਦੇ ਪਛਾਣ-ਯੋਗ ਲੱਛਣ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਹੀ ਉੱਘੜਦੇ ਹਨ। ਇਸੇ ਲਈ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ।

ਮੱਧ ਯੁੱਗ ਦੀਆਂ ਵਿਸ਼ੇਸ਼ਤਾਵਾਂ:- ਮੱਧ ਯੁੱਗ ਦੀ ਕਵਿਤਾ ਵਿੱਚ ਆਤਮਵਾਦੀ, ਰਹੱਸਵਾਦੀ ਪਰਮਾਰਥਿਕ ਧਾਰਾ ਦੀ ਪ੍ਰਧਾਨਤਾ ਸੀ ਤੇ ਉਸ ਦੇ ਪ੍ਰਮੁੱਖ ਵਿਸ਼ੇ ਹਨ: ਭਗਤੀ, ਦਰਵੇਸ਼ੀ, ਇਸ਼ਕ ਤੇ ਯੁੱਧ। ਇਹ ਚਾਰੇ ਵਿਸ਼ੇ ਇੱਕ ਦੂਜੇ ਵਿੱਚ ਸ਼ਾਮਲ ਸਨ। ਭਗਤ, ਗੁਰੂ ਤੇ ਸੂਫ਼ੀ ਦਰਵੇਸ਼ ਪ੍ਰੇਮੀ ਵੀ ਸਨ ਤੇ ਯੋਧੇ ਵੀ। ਕਿੱਸਿਆਂ ਤੇ ਵਾਰਾਂ ਦੇ ਆਸ਼ਕ ਤੇ ਯੋਧੇ ਭਗਤ ਵੀ ਸਨ ਤੇ ਦਰਵੇਸ਼ ਵੀ। ਇਸ ਯੁੱਗ ਦੀ ਕਾਵਿ-ਦ੍ਰਿਸ਼ਟੀ ਦੀ ਇਹੋ ਪ੍ਰਮੁੱਖ ਵਿਸ਼ੇਸ਼ਤਾ ਸੀ ਕਿ ਇਹ ਇੱਕੋ ਸਮੇਂ ਲੌਕਿਕ ਵੀ ਸੀ ਤੇ ਪਰਾਲੌਕਿਕ ਵੀ। ਰੂਪਕ ਪੱਖ ਤੋਂ ਮੱਧ ਯੁੱਗ ਦੀ ਕਵਿਤਾ ਦੀ ਵਿਸ਼ੇਸ਼ਤਾ ਸੀ, ਛੰਦਬੱਧ ਤੇ ਸੰਗੀਤਬੱਧ ਹੋਣਾ।

 

 

ਪ੍ਰਸ਼ਨ 3. ਮੱਧਯੁੱਗ ਦੀ ਪੰਜਾਬੀ ਕਵਿਤਾ ਦੀਆਂ ਪ੍ਰਮੁੱਖ ਧਾਰਾਵਾਂ ਬਾਰੇ ਦੱਸੋ।

ਉੱਤਰ: ਭਾਵੇਂ ਅਸੀਂ ਆਧੁਨਿਕ ਪੰਜਾਬੀ ਕਵਿਤਾ ਦਾ ਅਰੰਭ 1861 ਈ: ਤੋਂ ਮੰਨਿਆ ਹੈ, ਪਰ 1900 ਈ: ਦੇ ਅੰਤ ਤੱਕ ਪੰਜਾਬੀ ਕਵਿਤਾ ਦੇ ਦੋ ਪ੍ਰਮੁੱਖ ਰੂਪ (ਸਰੋਦੀ ਤੇ ਬਿਰਤਾਂਤਿਕ), ਹੇਠ ਲਿਖੀਆਂ ਮੱਧ-ਯੁਗੀ ਕਾਵਿ-ਧਾਰਾਵਾਂ ਦੇ ਅਧੀਨ ਹੀ ਵਿਕਾਸ ਕਰਦੇ ਰਹੇ ਹਨ:

(ੳ) ਸੂਫ਼ੀ ਕਾਵਿ-ਧਾਰਾ

(ਅ) ਗੁਰਮਤਿ ਕਾਵਿ-ਧਾਰਾ

(ੲ) ਕਿੱਸਾ ਕਾਵਿ-ਧਾਰਾ

(ਸ) ਬੀਰ ਕਾਵਿ-ਧਾਰਾ

(ੳ) ਸੂਫ਼ੀ ਕਾਵਿ-ਧਾਰਾ:- ਇਸ ਦੇ ਮੋਢੀ ਸਨ ਬਾਬਾ ਫ਼ਰੀਦ ਤੇ ਇਸ ਨੂੰ ਵਿਕਸਿਤ ਕਰਨ ਵਾਲ਼ੇ ਸੂਫ਼ੀ ਕਵੀ ਸਨ: ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਵਜੀਦ, ਬੁਲ੍ਹੇ ਸ਼ਾਹ, ਅਲੀ ਹੈਦਰ, ਹਾਸ਼ਮ ਤੇ ਖ਼ਵਾਜ਼ਾ ਗ਼ੁਲਾਮ ਫ਼ਰੀਦ। ਇਸ ਕਵਿਤਾ ਦੇ ਪ੍ਰਮੁੱਖ ਵਿਸ਼ੇ ਸਨ: ਸੂਫ਼ੀ ਰਹੱਸਵਾਦ ਦੀ ਸਿੱਖਿਆ, ਰੱਬੀ ਪ੍ਰੇਮ (ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਤੱਕ) ਅਤੇ ਮੌਤ ਦਾ ਭੈਅ। ਇਸ ਕਵਿਤਾ ਦੇ ਕਾਵਿ-ਭੇਦ ਸਨ: ਸਲੋਕ, ਕਾਫ਼ੀ, ਸੀਹਰਫ਼ੀ, ਬਾਰਾਂਮਾਹ ਤੇ ਅਠਵਾਰਾ। ਕੁਝ ਸੂਫ਼ੀ ਕਵੀਆਂ ਨੇ ਆਪਣੀਆਂ ਰਚਨਾਵਾਂ ਨੂੰ ਸੰਗੀਤਿਕ ਪੱਖੋਂ ਰਾਗ-ਬੱਧ ਵੀ ਕੀਤਾ। ਛੰਦ ਦੇ ਪੱਖ ਤੋਂ ਇਸ ਵਿੱਚ ਲੋਕ-ਗੀਤਾਂ ਦੀਆਂ ਧਾਰਨਾਵਾਂ, ਦੋਹਰਾ, ਸੋਰਠਾ, ਦੋਹੜਾ, ਦਵੱਯਾ, ਝੂਲਨਾ ਤੇ ਡਿਉਢ ਦੀ ਵਰਤੋਂ ਕੀਤੀ ਗਈ ਹੈ।

(ਅ) ਗੁਰਮਤਿ ਕਾਵਿ-ਧਾਰਾ:- ਪੰਜਾਬੀ ਕਵਿਤਾ ਵਿੱਚ ਗੁਰਮਤਿ ਕਾਵਿ-ਧਾਰਾ ਦਾ ਅਰੰਭ ਗੁਰੂ ਨਾਨਕ ਦੇਵ ਜੀ ਤੋਂ ਹੋਇਆ। ਉਹਨਾਂ ਤੋਂ ਪਿੱਛੋਂ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ਼ ਬਹਾਦਰ ਤੇ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਨੇ ਇਸ ਵਿੱਚ ਵਡਮੁੱਲਾ ਹਿੱਸਾ ਪਾਇਆ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਭਾਵੇਂ ਗੁਰਮੁਖੀ ਲਿਪੀ ਵਿੱਚ ਹੈ, ਪਰ ਇਸ ਦੀ ਭਾਸ਼ਾ ਹਿੰਦੀ (ਬ੍ਰਿਜੀ) ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ ਦੋ-ਤਿੰਨ ਰਚਨਾਵਾਂ ਹੀ ਪੰਜਾਬੀ ਵਿੱਚ ਹਨ, ਬਾਕੀ ਸਾਰਾ ਦਸਮ-ਗ੍ਰੰਥ ਹਿੰਦੀ ਭਾਸ਼ਾ ਤੇ ਗੁਰਮੁਖੀ ਲਿਪੀ ਵਿੱਚ ਹੈ। ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਉੱਨੀਵੀਂ ਸਦੀ ਦੇ ਅੰਤ ਤੱਕ ਗੁਰਮਤਿ-ਕਾਵਿ ਦੀ ਰਚਨਾ ਹਿੰਦੀ (ਬ੍ਰਿਜੀ) ਵਿੱਚ ਹੀ ਹੋਈ। ਗੁਰਮਤਿ-ਕਾਵਿ ਵਿੱਚ ਪ੍ਰਵਿਰਤੀ ਮਾਰਗੀ ਸਿੱਖ ਸਦਾਚਾਰ ਤੇ ਇੱਕ ਪਰਮਸੱਤਾ (੧ਓ) ਦੇ ਸੰਕਲਪ ਨੂੰ ਪ੍ਰਮੁੱਖ ਵਿਸ਼ਾ ਬਣਾਇਆ ਗਿਆ ਹੈ। ਇਸ ਵਿੱਚ ਪਰਮ ਸੱਚ ਨੂੰ ਨਿਰਗੁਣ ਤੇ ਸਰਗੁਣ ਸ੍ਰਿਸ਼ਟੀ ਨੂੰ ਹੁਕਮ ਤੇ ਹਉਮੈ, ਸਮਾਜ ਨੂੰ ਗੁਰਮੁਖ ਤੇ ਮਨਮੁੱਖ ਅਤੇ ਮਾਨਵ-ਚਿੰਤਨ ਨੂੰ ਪ੍ਰੇਮ ਤੇ ਗਿਆਨ ਦੇ ਦਵੰਦ-ਰੂਪ ਵਿੱਚ ਗ੍ਰਹਿਣ ਕੀਤਾ ਗਿਆ ਹੈ

(ੲ) ਕਿੱਸਾ ਕਾਵਿ-ਧਾਰਾ:- ਅਕਬਰ ਦੇ ਸਮੇਂ ਹੋਏ, ਭਾਈ ਗੁਰਦਾਸ ਤੇ ਗੁਰੂ ਅਰਜਨ ਦੇਵ ਦੇ ਸਮਕਾਲੀ, ਦਮੋਦਰ ਨੂੰ ਇਸ ਕਾਵਿ-ਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ। ਉੱਨੀਵੀਂ ਸਦੀ ਦੇ ਅੰਤ ਤੱਕ ਇਸ ਧਾਰਾ ਦੇ ਅਧੀਨ ਪੀਲੂ, ਹਾਫ਼ਿਜ਼ ਬਰਖ਼ੁਰਦਾਰ, ਅਹਿਮਦ ਗੁੱਜਰ, ਮੁਕਬਲ, ਵਾਰਿਸਸ਼ਾਹ, ਹਾਸ਼ਮ, ਅਹਿਮਦਯਾਰ, ਕਾਦਰਯਾਰ, ਇਮਾਮ ਬਖ਼ਸ਼, ਫ਼ਜ਼ਲ ਸ਼ਾਹ, ਮੁਹੰਮਦ ਬਖ਼ਸ਼ ਆਦਿ ਨੇ ਕਿੱਸੇ ਲਿਖੇ। ਇਹਨਾਂ ਵਿੱਚੋਂ ਸਿਰਮੌਰ ਕਵੀ ਵਾਰਿਸ ਸ਼ਾਹ ਹੈ। ਪੰਜਾਬੀ ਕਿੱਸਾਕਾਰਾਂ ਨੇ ਲੋਕ ਪ੍ਰਚਲਿਤ ਪ੍ਰੇਮ-ਕਹਾਣੀਆਂ (ਜਿਵੇਂ ਹੀਰ ਰਾਂਝਾ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ, ਸ਼ੀਰੀ ਫ਼ਰਿਹਾਦ, ਸੋਹਣੀ ਮਹੀਂਵਾਲ), ਮਿਥ-ਕਥਾਵਾਂ (ਸ਼ਾਹ ਬਹਿਰਾਮ, ਕਾਮ ਰੂਪ ਤੇ ਸੈਫ਼ੁਲ ਮਲੂਕ) ਅਤੇ ਭਗਤੀ-ਭਾਵ ਵਾਲੀਆਂ ਦੰਦ-ਕਥਾਵਾਂ (ਜਿਵੇਂ : ਪੂਰਨ ਭਗਤ) ਨੂੰ ਆਪੋ-ਆਪਣੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਕਵਿਤਾ ਦਾ ਜਾਮਾ ਪਹਿਨਾਇਆ।

(ਸ) ਬੀਰ ਕਾਵਿ-ਧਾਰਾ:- ਇਸ ਧਾਰਾ ਦਾ ਅਰੰਭ ਪੂਰਵ-ਮੁਗ਼ਲ-ਕਾਲ ਵਿੱਚ ਮੌਖਿਕ ਰੂਪ ਵਿੱਚ ਪ੍ਰਚਲਿਤ ਵਾਰਾਂ ਤੋਂ ਹੁੰਦਾ ਹੈ, ਜਿਨ੍ਹਾਂ ਦਾ ਪਤਾ ਆਦਿ ਗ੍ਰੰਥ ਵਿੱਚ ਆਏ ਸੰਕੇਤਾਂ ਤੋਂ ਲਗਦਾ ਹੈ, ਪਰ ਜਿਨ੍ਹਾਂ ਵਿੱਚੋਂ ਕੋਈ ਵੀ ਸੰਪੂਰਨ ਨਹੀਂ ਮਿਲ਼ਦੀ। ਉਸ ਵੇਲ਼ੇ ਦੇ ਰਜਵਾੜਿਆਂ ਦੀਆਂ ਜਾਇਦਾਦ, ਰਾਜ ਤੇ ਇਸਤਰੀ ਪਿੱਛੇ ਹੋਈਆਂ ਲੜਾਈਆਂ ਇਹਨਾਂ ਦਾ ਪ੍ਰਮੁੱਖ ਵਿਸ਼ਾ ਹੈ। ਅੱਗੋਂ ਪੰਜਾਬੀ ਯੁੱਧ-ਕਾਵਿ ਦੇ ਦੋ ਰੂਪ ਮਿਲਦੇ ਹਨ: ਵਾਰ ਤੇ ਜੰਗਨਾਮਾ। ਇਸ ਕਾਵਿ-ਧਾਰਾ ਨੂੰ ਗੁਰੂ ਗੋਬਿੰਦ ਸਿੰਘ, ਨਜਾਬਤ, ਮੁਕਬਲ, ਅਗਰਾ, ਮਟਕ, ਸ਼ਾਹ ਮੁਹੰਮਦ ਤੇ ਪੀਰ ਮੁਹੰਮਦ ਜਿਹੇ ਸਿੱਧ-ਹਸਤ ਕਵੀਆਂ ਨੇ ਵਿਕਸਿਤ ਕੀਤਾ ਹੈ। ਇਹਨਾਂ ਵਾਰਾਂ ‘ਤੇ ਜੰਗਨਾਮਿਆਂ ਦੇ ਪ੍ਰਮੁੱਖ ਰਸ ਬੀਰ ਤੇ ਕਰੁਣਾ ਹਨ ਤੇ ਇਹਨਾਂ ਵਿੱਚ ਨਿਸ਼ਾਨੀ, ਬੈਂਤ ਤੇ ਡਿਉਢ ਛੰਦਾਂ ਦੀ ਵਰਤੋਂ ਹੋਈ ਹੈ । ਇਹਨਾਂ ਦੀ ਬੋਲੀ ਖੜਕਵੀਂ ਠੇਠ ਪੰਜਾਬੀ ਹੈ। ਚੰਡੀ ਦੀ ਵਾਰ ਅਜੇ ਤੱਕ ਸਭ ਤੋਂ ਉੱਤਮ ਵਾਰ ਮੰਨੀ ਗਈ ਹੈ।

ਪ੍ਰਸ਼ਨ 4. ਪੰਜਾਬੀ ਕਵਿਤਾ ਦੇ ਇਤਿਹਾਸ ਦੀ ਕਾਲ-ਵੰਡ ਕਰੋ ਤੇ ਪ੍ਰਮੁੱਖ ਕਾਲਾਂ ਦੇ ਨਾਂ ਲਿਖੋ।

ਉੱਤਰ: ਪੰਜਾਬੀ ਕਵਿਤਾ ਦੇ ਇਤਿਹਾਸ ਦੀ ਕਾਲ- ਵੰਡ ਇੱਕ ਹਜ਼ਾਰ ਸਾਲ ਦੀ ਪੰਜਾਬੀ ਕਵਿਤਾ ਨੂੰ ਇੱਕੋ ਸਾਹੇ ਪੜ੍ਹਨਾ ਤੇ ਇੱਕੋ-ਵਾਰੀ ਸਮਝਣਾ ਬੜਾ ਮੁਸ਼ਕਲ ਹੈ। ਇਸ ਲਈ ਇਸ ਨੂੰ ਵੱਖ-ਵੱਖ ਕਾਲਾਂ ਵਿੱਚ ਵੰਡ ਕੇ ਪੜ੍ਹਨਾ ਤੇ ਸਮਝਣਾ ਪੈਂਦਾ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲ-ਵੰਡ ਦਾ ਮੁੱਖ ਆਧਾਰ ਪੰਜਾਬ ਵਿੱਚ ਵਾਪਰੀਆਂ ਰਾਜਨੀਤਿਕ ਤਬਦੀਲੀਆਂ ਨੂੰ ਹੀ ਮੰਨਿਆ ਜਾਂਦਾ ਰਿਹਾ ਹੈ। ਇਸੇ ਆਧਾਰ ’ਤੇ ਪੰਜਾਬੀ ਕਵਿਤਾ ਦੇ ਇਤਿਹਾਸ ਦੀ ਕਾਲ-ਵੰਡ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਮੱਧ ਯੁੱਗ ਤੇ ਆਧੁਨਿਕ ਯੁੱਗ ਦੀ ਸਾਰੀ ਕਵਿਤਾ ਹੁਣ ਤੱਕ ਹੇਠ ਲਿਖੇ ਕਾਲਾਂ ਵਿੱਚੋਂ ਦੀ ਗੁਜ਼ਰੀ ਹੈ:

(ੳ) ਪੂਰਵ ਮੁਗ਼ਲ ਕਾਲ:- ‘ਪੂਰਵ’ ਦਾ ਅਰਥ ਹੈ ਪਹਿਲਾਂ। ‘ਪੂਰਵ ਮੁਗ਼ਲ ਕਾਲ’ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜਦੋਂ ਭਾਰਤ ਵਿੱਚ ਮੁਗ਼ਲਾਂ ਦਾ ਆਗਮਨ ਨਹੀਂ ਸੀ ਹੋਇਆ। ਭਾਵ ਕਿ ਮੁਗ਼ਲਾਂ ਦੇ ਆਉਣ ਤੋਂ ਪਹਿਲਾਂ ਦਾ ਸਮਾਂ। ‘ਪੂਰਵ ਮੁਗ਼ਲ-ਕਾਲ’ ਪੰਜਾਬੀ ਕਵਿਤਾ ਦੇ ਇਤਿਹਾਸ ਦਾ ਆਦਿ-ਕਾਲ ਹੈ। ਇਸ ਕਾਲ ਵਿੱਚ ਤਿੰਨ ਤਰ੍ਹਾਂ ਦੀ ਕਾਵਿ-ਰਚਨਾ ਹੋ ਰਹੀ ਸੀ: ਨਾਥਾਂ-ਜੋਗੀਆਂ ਦੀ ਕਵਿਤਾ, ਮੌਖਿਕ ਲੋਕ-ਕਾਵਿ ਤੇ ਭੱਟਾਂ ਦੀ ਵਾਰ-ਰਚਨਾ ਅਤੇ ਸ਼ੇਖ ਬਾਬਾ ਫ਼ਰੀਦ ਦੀ ਬਾਣੀ।

ਪੰਜਾਬੀ ਕਵਿਤਾ ਦੇ ਇਸ ਆਦਿ-ਕਾਲ ਵਿੱਚ ਕਾਵਿ-ਰਚਨਾ ਦੀ ਦੂਜੀ ਪ੍ਰਕਾਰ ਮੌਖਿਕ ਲੋਕ-ਕਾਵਿ ਦੀ ਸੀ। ਉਸ ਸਮੇਂ ਦੇ ਜਨ-ਜੀਵਨ, ਲੋਕ-ਧਰਮ ਤੇ ਪ੍ਰਸਿੱਧ ਸ਼ਖ਼ਸੀਅਤਾਂ ਵੱਲ ਸੰਕੇਤ ਕਰਨ ਵਾਲ਼ੇ ਲੋਕ-ਗੀਤ, ਬੁਝਾਰਤਾਂ ਤੇ ਅਖਾਣ ਹੁਣ ਵੀ ਪ੍ਰਾਪਤ ਹੋ ਜਾਂਦੇ ਹਨ। ਆਦਿ-ਕਾਲ ਵਿੱਚ ਲੋਕ-ਕਾਵਿ ਦੀ ਰਚਨਾ ਦਾ ਸਬੂਤ ਵੀ ਸਿਰਫ਼ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਲੋਕ-ਕਾਵਿ ਰੂਪਾਂ (ਅਲਾਹੁਣੀਆਂ, ਘੋੜੀਆਂ, ਛੰਤ, ਥਿਤੀ, ਬਾਰਾਮਾਹ, ਰੁਤੀ) ਦੇ ਹਵਾਲੇ ਹੀ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚ ਉਹਨਾਂ ਨੌਂ ਵਾਰਾਂ ਦੇ ਸੰਕੇਤ ਵੀ ਮਿਲਦੇ ਹਨ ਜਿਹੜੀਆਂ ਇਸ ਗ੍ਰੰਥ ਦੇ ਸੰਕਲਨ ਤੋਂ ਪਹਿਲਾਂ ਪੰਜਾਬ ਦੇ ਢਾਡੀਆਂ ਤੇ ਭੱਟਾਂ ਵੱਲੋਂ ਰਚੀਆਂ ਤੇ ਗਾਈਆਂ ਜਾਂਦੀਆਂ ਰਹੀਆਂ ਹੋਣਗੀਆਂ।

ਫਿਰ ਵੀ, ਪੰਜਾਬੀ ਕਵਿਤਾ ਦੇ ਅਰੰਭ ਦਾ ਪ੍ਰਮਾਣਿਕ ਸਬੂਤ ਸ਼ੇਖ਼ ਫ਼ਰੀਦ ਦੀ ਬਾਣੀ ਨੂੰ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਬਾਣੀ ਦੇ ਪੂਰਵ ਮੁਗ਼ਲ-ਕਾਲ ਵਿੱਚ ਰਚੇ ਜਾਣ ਦਾ ਪੱਕਾ ਲਿਖਤੀ ਸਬੂਤ ਹੈ ਤੇ ਇਸ ਦੀ ਬੋਲੀ ਅੱਜ ਦੀ ਪੰਜਾਬੀ ਦੇ ਬਹੁਤ ਨੇੜੇ ਦੀ ਹੈ।

(ਅ) ਮੁਗ਼ਲ ਕਾਲ:- ਮੁਗ਼ਲ ਖ਼ਾਨਦਾਨ ਦੇ ਪਹਿਲੇ ਬਾਦਸ਼ਾਹ, ਬਾਬਰ ਨੇ 1526 ਈ: ਵਿੱਚ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕੀਤਾ, ਪਰ ਪੰਜਾਬ ਦੀ ਧਰਤੀ ਉੱਤੇ ਉਹ 1520-21 ਈ: ਵਿੱਚ ਹੀ ਆ ਧਮਕਿਆ ਸੀ। ਬਾਬਰ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਮੁਗ਼ਲ ਸਾਮਰਾਜ ਪੱਕਾ ਹੁੰਦਾ ਗਿਆ। ਪਰ 1707 ਈ: ਵਿੱਚ, ਔਰੰਗਜ਼ੇਬ ਦੇ ਦਿਹਾਂਤ ਨਾਲ਼, ਮੁਗ਼ਲ ਸਲਤਨਤ ਦੀ ਗਿਰਾਵਟ ਸ਼ੁਰੂ ਹੋ ਗਈ। ਇਸ ਲਈ ਇਹ ਦੋ ਕੁ ਸਦੀਆਂ ਦਾ ਸਮਾਂ ਮੁਗ਼ਲ ਰਾਜ ਦੇ ਅਰੰਭ ਤੇ ਸਿਖਰ ਦਾ ਸਮਾਂ ਹੈ।

ਸਮਾਜਿਕ-ਸਿਆਸੀ ਤੌਰ ’ਤੇ ਇਹ ਰਜਵਾੜਾਸ਼ਾਹੀ ਤੇ ਜਾਗੀਰਦਾਰੀ ਦਾ ਜ਼ਮਾਨਾ ਸੀ। ਇਸ ਵਿੱਚ ਫ਼ਾਰਸੀ ਰਾਜ-ਭਾਸ਼ਾ ਸੀ ਤੇ ਕਈ ਤਰੀਕਿਆਂ ਨਾਲ਼, ਇਸਲਾਮ ਨੇ ਹਿੰਦੂ-ਸੱਭਿਆਚਾਰ ਉੱਤੇ ਮੋੜਵਾਂ ਹਮਲਾ ਕਰ ਦਿੱਤਾ ਸੀ ਤਾਂ ਵੀ ਭਗਤੀ ਤੇ ਸੂਫ਼ੀ ਲਹਿਰ ਦੋਂਹਾਂ ਸੱਭਿਆਚਾਰਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਲਈ ਪ੍ਰੇਮ ਦਾ ਸੁਨੇਹਾ ਦੇ ਰਹੀਆਂ ਸਨ ।

ਸਿੱਖ ਧਰਮ ਤੇ ਸੂਫ਼ੀ ਮੱਤ ਦੇ ਲੋਕ-ਹਿਤੂ ਪੈਂਤੜੇ ਸਦਕਾ ਹੀ ਆਮ ਲੋਕਾਂ ਦੀ ਬੋਲੀ, ਪੰਜਾਬੀ ਕਵਿਤਾ ਦਾ ਮਾਧਿਅਮ ਬਣੀ ਤੇ ਆਮ ਲੋਕਾਂ ਦੇ ਨਿਤ ਜੀਵਨ ਦੇ ਸੁੱਖ-ਦੁੱਖ ਨੂੰ ਪ੍ਰਗਟਾਉਣ ਲਈ ਪੰਜਾਬੀ ਕਵੀਆਂ ਨੇ ਕਿੱਸਾ-ਰਚਨਾ ਅਰੰਭ ਕੀਤੀ। ਇਸ ਕਾਲ ਦੀ ਕਵਿਤਾ ਵਿੱਚ ਸਾਰੀਆਂ ਕਾਵਿ-ਵੰਨਗੀਆਂ ਮੌਜੂਦ ਹਨ : ਗੁਰਮਤਿ-ਕਾਵਿ, ਸੂਫ਼ੀ-ਕਾਵਿ, ਕਿੱਸਾ-ਕਾਵਿ ਤੇ ਵਾਰ-ਕਾਵਿ।

ਪੰਜਾਬੀ ਕਵਿਤਾ ਦੇ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ, ਜੋ ਇਸੇ ਕਾਲ ਵਿੱਚ ਵਾਪਰੀ, ਉਹ ਹੈ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਤੇ ਸੰਪਾਦਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੇ ਹੱਥੋਂ ਇਸ ਨੂੰ ਲਿਖਵਾਉਣਾ ਸ਼ੁਰੂ ਕੀਤਾ ਤੇ 1604 ਈ: ਵਿੱਚ ਮੁਕੰਮਲ ਕਰਕੇ ਤੇ ਹਰਿਮੰਦਰ ਸਾਹਿਬ ਵਿੱਚ ਅਸਥਾਪਨ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਸੇਵਾ ਸੰਭਾਲ਼ੀ। ਬਾਅਦ ਵਿੱਚ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਵਾਧਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਨੂੰ ਗੁਰੂ ਦੀ ਪਦਵੀ ਦਿੱਤੀ, ਜਿਸ ਤੋਂ ਪਿੱਛੋਂ ਇਸ ਦੀ ਮਾਨਤਾ ਸਿਰਫ਼ ਗ੍ਰੰਥ ਵਜੋਂ ਨਹੀਂ, ਸਗੋਂ ਗੁਰੂ ਵਜੋਂ ਸ਼ੁਰੂ ਹੋਈ ਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਪ੍ਰਾਪਤ ਹੋਈ। ਇਹ 1430 ਪੰਨੇ ਦੀ ਵੱਡ-ਆਕਾਰੀ ਰਚਨਾ ਹੈ, ਜਿਸ ਵਿੱਚ 6 ਸਿੱਖ ਗੁਰੂਆਂ, 15 ਸੂਫ਼ੀ ਸੰਤਾਂ-ਭਗਤਾਂ ਤੇ ਗੁਰੂ-ਘਰ ਦੇ ਨਿਕਟਵਰਤੀ 20 ਸ਼ਰਧਾਲੂਆਂ ਤੇ ਭੱਟਾਂ ਦੀਆਂ ਰਚਨਾਵਾਂ ਸ਼ਾਮਲ ਹਨ। ਇਸ ਵਿੱਚ 31 ਰਾਗਾਂ ਦਾ ਪ੍ਰਯੋਗ ਹੋਇਆ ਹੈ।

ਇਸ ਤੋਂ ਇਲਾਵਾ, ਭਾਈ ਗੁਰਦਾਸ ਦੀਆਂ ਵਾਰਾਂ, ਜਿਨ੍ਹਾਂ ਨੂੰ ਗੁਰੂ-ਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਵੀ ਇਸੇ ਕਾਲ ਵਿੱਚ ਰਚੀਆਂ ਗਈਆਂ। ਇਹਨਾਂ ਵਾਰਾਂ ਦੀ ਬੋਲੀ ਅਜੋਕੀ ਠੇਠ ਪੰਜਾਬੀ ਵਰਗੀ ਹੈ। ਗੱਲ ਕੀ, ਮੁਗ਼ਲ ਕਾਲ ਮੱਧ ਯੁਗੀ ਪੰਜਾਬੀ ਕਵਿਤਾ ਦਾ ਸਭ ਤੋਂ ਵੱਧ ਅਮੀਰ ਕਾਲ ਹੈ।

(ੲ) ਪਿਛਲੇਰਾ ਮੁਗਲ ਕਾਲ: ਔਰੰਗਜ਼ੇਬ ਦੀ ਮੌਤ ਤੋਂ ਲੈ ਕੇ ਪੰਜਾਬ ਵਿੱਚ ਸਿੱਖ ਰਾਜ ਦੇ ਕਾਇਮ ਹੋਣ ਤੱਕ ਦੇ ਸਮੇਂ ਨੂੰ ਪਿਛਲੇਰਾ, ਅੰਤਲਾ ਜਾਂ ਮਗਰਲਾ ਮੁਗ਼ਲ-ਕਾਲ ਕਿਹਾ ਜਾਂਦਾ ਮੁਗ਼ਲ-ਕਾਲ ਵਿੱਚ ਬਾਹਰਲੇ ਹਮਲੇ ਬਿਲਕੁਲ ਬੰਦ ਹੋ ਗਏ ਸਨ, ਪਰ ਅੰਤਲੇ ਮੁਗ਼ਲ ਕਾਲ ਵਿੱਚ ਈਰਾਨੀ ਬਾਦਸ਼ਾਹਾਂ ਨੇ ਫੇਰ ਹਮਲੇ ਸ਼ੁਰੂ ਕਰ ਦਿੱਤੇ ਸਨ। ਰਾਜ ਵਿੱਚ ਬਦ-ਅਮਨੀ ਫੈਲ ਗਈ ਤੇ ਪੰਜਾਬ ਦੀ ਆਰਥਿਕ ਹਾਲਤ ਵਿਗੜ ਗਈ ਸੀ। ਇਸ ਵਿਗੜੀ ਹਾਲਤ ਤੇ ਆਰਥਿਕ ਬੇਯਕੀਨੀ ਦੀ ਅਵਸਥਾ ਦਾ ਉਸ ਵੇਲ਼ੇ ਦੀਆਂ ਪ੍ਰਚਲਿਤ ਕੁਝ ਅਖਾਉਤਾਂ ਤੋਂ ਵੀ ਪਤਾ ਲੱਗਦਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਵੇਲ਼ੇ ਇਹ ਅਖਾਉਤ ਲੋਕਾਂ ਦੇ ਮੂੰਹ ਚੜ੍ਹੀ ਹੋਈ ਸੀ: ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।

ਸਿੱਖਾਂ ਉੱਤੇ ਫ਼ਰੁਖ਼ਸੀਅਰ ਵਰਗੇ ਬਾਦਸ਼ਾਹ ਤੇ ਮੀਰ ਮੰਨੂ ਜਿਹੇ ਸੂਬੇਦਾਰ ਜ਼ੁਲਮ ਢਾਹ ਰਹੇ ਸਨ । ਸਿੱਖ ਯੁੱਧਾਂ, ਜੰਗਾਂ, ਸ਼ਹੀਦੀਆਂ ਤੇ ਘੱਲੂਘਾਰਿਆਂ ਵਿੱਚ ਆਪਣੀਆਂ ਜਾਨਾਂ ਵਾਰ ਰਹੇ ਸਨ ਤੇ ਜੰਗਲਾਂ ਵਿੱਚ ਰਹਿ ਕੇ ਦਿਨ ਕੱਟ ਰਹੇ ਸਨ।

ਮੁਸਲਮਾਨ ਸੂਫ਼ੀ-ਕਵੀਆਂ (ਬੁਲ੍ਹੇ ਸ਼ਾਹ, ਅਲੀ ਹੈਦਰ, ਫ਼ਰਦ ਫ਼ਕੀਰ ਤੇ ਵਜੀਦ ਆਦਿ) ਨੇ ਰੱਬੀ ਪ੍ਰੇਮ ਤੇ ਬਿਰਹਾ ਦੇ ਗੀਤ ਤੇ ਕਾਫ਼ੀਆਂ ਲਿਖੀਆਂ ਅਤੇ ਮੁਗ਼ਲ-ਰਾਜ ਦੇ ਪਤਨ ਸਮੇਂ ਪੰਜਾਬ ਦੀ ਹਾਲਤ ਦਾ ਰੋਣਾ ਰੋਇਆ।

ਇਸ ਕਾਲ ਵਿੱਚ ਪੰਜਾਬ ਦੀਆਂ ਪ੍ਰੀਤ-ਕਹਾਣੀਆਂ (ਖ਼ਾਸ ਕਰ ਹੀਰ-ਰਾਂਝੇ ਦੀ ਕਹਾਣੀ) ਦੇ ਕਿੱਸੇ ਲਿਖੇ ਗਏ। ਅਹਿਮਦ ਗੁੱਜਰ, ਮੁਕਬਲ ਤੇ ਵਾਰਿਸ ਸ਼ਾਹ ਇਸੇ ਕਾਲ ਦੇ ਕਿੱਸਾਕਾਰ ਹਨ, ਜਿਨ੍ਹਾਂ ਵਿੱਚੋਂ ਵਾਰਿਸ ਸ਼ਾਹ ਦੀ ਹੀਰ ਕਿੱਸਾ-ਕਾਵਿ ਦੀ ਸ਼ਾਹਕਾਰ ਰਚਨਾ ਹੈ।

ਇਸ ਕਾਲ ਵਿੱਚ ਕੁਝ ਵਾਰਾਂ ਤੇ ਜੰਗਨਾਮੇ ਵੀ ਲਿਖੇ ਗਏ ਜਿਨ੍ਹਾਂ ਵਿੱਚੋਂ ਨਜਾਬਤ ਤੇ ਅਗਰਾ ਦੀਆਂ ਵਾਰਾਂ ਤੇ ਮੁਕਬਲ ਦਾ ਜੰਗਨਾਮਾ ਖ਼ਾਸ ਤੌਰ ‘ਤੇ ਪ੍ਰਸਿੱਧ ਹਨ।

(ਸ) ਸਿੱਖ-ਰਾਜ ਕਾਲ:- ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਉੱਨੀਵੀਂ ਸਦੀ ਦੇ ਪਹਿਲੇ ਅੱਧ ਨੂੰ ਰਣਜੀਤ ਸਿੰਘ ਕਾਲ, ਹਾਸ਼ਮ ਕਾਲ ਤੇ ਸਿੱਖ ਰਾਜ-ਕਾਲ ਆਦਿ ਕਈ ਨਾਂ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ‘ਸਿੱਖ-ਰਾਜ ਕਾਲ’ ਹੀ ਵਧੇਰੇ ਢੁਕਵਾਂ ਹੈ– ਕਿਉਂਕਿ ਸਿੱਖਾਂ ਨੇ ਪੰਜਾਬ ਵਿੱਚ ਮੁਗ਼ਲ ਰਾਜ ਵਿਰੁੱਧ ਲਗ-ਪਗ ਸੌ ਵਰ੍ਹੇ ਖ਼ੂਨੀ ਯੁੱਧ ਲੜ ਕੇ, 1799 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੀ ਰਾਜਧਾਨੀ (ਲਾਹੌਰ) ਉੱਤੇ ਕਾਬਜ਼ ਹੋਣ ਯੋਗ ਬਣਾਇਆ। ਰਣਜੀਤ ਸਿੰਘ ਦੀ ਨੀਤੀ ਮਜ਼੍ਹਬੀ ਪੱਖਪਾਤ ਤੋਂ ਨਿਰਲੇਪ, ਅਕਬਰ ਵਰਗੀ ਧਰਮ-ਨਿਰਪੱਖ ਸੀ। ਉਸਨੇ ਆਪਣੀ ਧਰਮ-ਨਿਰਪੱਖਤਾ, ਨਿਆਂ ਤੇ ਨੇਕ ਸੁਭਾਅ ਕਾਰਨ ਆਮ ਹਿੰਦੂਆਂ ਤੇ ਮੁਸਲਮਾਨਾਂ ਦਾ ਵਿਸ਼ਵਾਸ ਜਿੱਤ ਲਿਆ ਸੀ ਅਤੇ ਪੰਜਾਬ ਵਿੱਚ ਅਮਨ ਕਾਇਮ ਕਰਕੇ ਆਪਣੇ ਰਾਜ ਦੀਆਂ ਹੱਦਾਂ ਨੂੰ ਉੱਤਰ-ਪੱਛਮ ਵੱਲ ਦੂਰ-ਦੂਰ ਤੱਕ ਫੈਲਾਇਆ ਤੇ ਪੱਕਿਆਂ ਕੀਤਾ ਸੀ । ਇਸ ਲਈ ਕਈ ਵਾਰ ਇਸ ਨੂੰ ਸਿੱਖ ਰਾਜ ਦੀ ਬਜਾਇ ਪੰਜਾਬੀ ਰਾਜ ਵੀ ਕਿਹਾ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਜ ਦੀ ਭਾਸ਼ਾ ਭਾਵੇਂ ਫ਼ਾਰਸੀ ਸੀ, ਪਰ ਉਸਨੇ ਇੱਕ ਹੱਦ ਤੱਕ ਪੰਜਾਬੀ ਬੋਲੀ ਤੇ ਸਾਹਿਤ ਦੀ ਸਰਪ੍ਰਸਤੀ ਵੀ ਕੀਤੀ। ਕਈ ਸਿੱਖ ਸਰਦਾਰਾਂ ਨੇ ਪੰਜਾਬੀ ਕਿੱਸਾਕਾਰਾਂ ਨੂੰ ਇਨਾਮ ਅਤੇ ਸਨਮਾਨ ਵੀ ਦਿੱਤੇ।

ਇਹਨਾਂ ਪੰਜਾਹ ਸਾਲਾਂ ਵਿੱਚ ਪੰਜਾਬੀ ਕਵਿਤਾ ਵਿੱਚ ਕਿੱਸੇ ਤੇ ਜੰਗਨਾਮਿਆਂ ਦੇ ਰੂਪ ਵਿੱਚ ਕਾਫ਼ੀ ਰਚਨਾ ਹੋਈ। ਹੀਰ-ਰਾਂਝੇ ਤੋਂ ਇਲਾਵਾ, ਇਸ ਕਾਲ ਵਿੱਚ ਸ਼ੀਰੀ ਫਰਿਹਾਦ, ਪੂਰਨ ਭਗਤ, ਸ਼ਾਹ ਬਹਿਰਾਮ ਤੇ ਸੋਹਣੀ ਮਹੀਂਵਾਲ ਦੇ ਕਿੱਸੇ ਵੀ ਲਿਖੇ ਗਏ। ਮਟਕ ਤੇ ਸ਼ਾਹ ਮੁਹੰਮਦ ਦੇ ਜੰਗਨਾਮੇ ਤੇ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਇਸ ਕਾਲ ਦੇ ਅੰਤਲੇ ਸਾਲਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ।

(ਹ) ਅੰਗਰੇਜ਼ੀ ਰਾਜ ਦਾ ਪੂਰਵਾਰਧ (ਪਹਿਲਾ ਅੱਧ):- ਜਦੋਂ 1849 ਈ: ਵਿੱਚ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਤਾਂ ਸਿੱਖ ਰਾਜ ਖ਼ਤਮ ਹੋ ਗਿਆ ਇਸ ਲਈ ਅੰਗਰੇਜ਼ੀ ਰਾਜ-ਕਾਲ ਦਾ ਸਮਾਂ 1860-61 ਈ: ਤੋਂ ਹੀ ਅਰੰਭ ਹੁੰਦਾ ਹੈ। ਅੰਗਰੇਜ਼ੀ ਰਾਜ ਭਾਵੇਂ 1947 ਈ: ਤੱਕ ਰਿਹਾ, ਪਰ ਅਸੀਂ ਵੀਹਵੀਂ ਸਦੀ ਵਿੱਚ ਵਾਪਰੀਆਂ ਕੁਝ ਗੁਣਾਤਮਿਕ ਤਬਦੀਲੀਆਂ ਨੂੰ ਮੁੱਖ ਰੱਖ ਕੇ, 1861 ਈ: ਤੋਂ 1900 ਈ: ਤੱਕ ਨੂੰ ਇੱਕ ਵੱਖਰਾ ਕਾਲ ਮੰਨਿਆ ਹੈ। ਜਿਸ ਨੂੰ ਅੰਗਰੇਜ਼ੀ ਰਾਜ ਦਾ ਪਹਿਲਾ ਅੱਧ ਕਿਹਾ ਹੈ ਤੇ 1901 ਈ: ਤੋਂ 1947 ਈ: ਨੂੰ ਇੱਕ ਵੱਖਰਾ ਕਾਲ (ਅੰਗਰੇਜ਼ੀ ਰਾਜ ਦਾ ਪਿਛਲਾ ਅੱਧ) ਮੰਨਿਆ ਹੈ ।

ਪੰਜਾਬੀ ਕਵਿਤਾ ਦੇ ਇਤਿਹਾਸ ਦੀ ਉਪਰੋਕਤ ਕਾਲ-ਵੰਡ ਸਾਨੂੰ ਇਹ ਦੱਸਦੀ ਹੈ ਕਿ ਪੰਜਾਬੀ ਕਵਿਤਾ ਦੇ ਇੱਕ ਹਜ਼ਾਰ ਸਾਲ ਦੇ ਸਫ਼ਰ ਵਿੱਚ ਇਸ ਨੂੰ ਆਪਣੇ ਸਮਾਜਿਕ ਮਾਹੌਲ ਵਿੱਚ ਵਾਪਰੀਆਂ ਘਟਨਾਵਾਂ (ਵਿਸ਼ੇਸ਼ ਕਰਕੇ ਰਾਜਨੀਤਿਕ ਤਬਦੀਲੀਆਂ) ਨੇ ਕਿਵੇਂ-ਕਿਵੇਂ ਪ੍ਰਭਾਵਿਤ ਕੀਤਾ ਅਤੇ ਇਸ ਦੀ ਨਿਰੰਤਰਤਾ ਕਿੱਥੇ-ਕਿੱਥੇ ਭੰਗ ਹੋਈ। ਪਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਸਭ ਤਬਦੀਲੀਆਂ ਦੇ ਬਾਵਜੂਦ ਮੱਧ-ਯੁੱਗ ਦੀ ਪੰਜਾਬੀ ਕਵਿਤਾ ਦੀਆਂ ਕੁਝ ਪ੍ਰਮੁੱਖ ਧਾਰਾਵਾਂ ਨਿਰੰਤਰ ਰੂਪ ਵਿੱਚ ਗਤੀਸ਼ੀਲ ਰਹੀਆਂ ਹਨ।

ਪ੍ਰਸ਼ਨ 5. ਪੂਰਵ ਮੁਗ਼ਲ-ਕਾਲ ਦੀ ਪੰਜਾਬੀ ਕਵਿਤਾ ਸੰਬੰਧੀ ਸੰਖੇਪ ਜਾਣਕਾਰੀ ਦਿਓ।

ਉੱਤਰ: ਪੂਰਵ ਮੁਗ਼ਲ ਕਾਲ:- ‘ਪੂਰਵ’ ਦਾ ਅਰਥ ਹੈ ਪਹਿਲਾਂ। ‘ਪੂਰਵ ਮੁਗ਼ਲ ਕਾਲ’ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜਦੋਂ ਭਾਰਤ ਵਿੱਚ ਮੁਗ਼ਲਾਂ ਦਾ ਆਗਮਨ ਨਹੀਂ ਸੀ ਹੋਇਆ। ਭਾਵ ਕਿ ਮੁਗ਼ਲਾਂ ਦੇ ਆਉਣ ਤੋਂ ਪਹਿਲਾਂ ਦਾ ਸਮਾਂ। ਮੁਗ਼ਲ ਸ਼ਾਸਨ-ਕਾਲ ਦਾ ਅਰੰਭ ਬਾਬਰ ਦੇ ਹਮਲੇ ਤੇ ਇਬਰਾਹੀਮ ਲੋਧੀ ਉੱਤੇ ਉਸ ਦੀ ਜਿੱਤ (1526 ਈ:) ਨਾਲ਼ ਹੋਇਆ, ਭਾਵੇਂ ਇਸ ਤੋਂ ਪਹਿਲਾਂ ਹੀ ਅਰਬ ਦੇ ਹਮਲਿਆਂ ਤੇ ਪੰਜ ਕੁ ਸੌ ਸਾਲ ਤੋਂ ਤੁਰਕਾਂ ਦੇ ਰਾਜ ਨੇ ਪੰਜਾਬ ਵਿੱਚ ਇਸਲਾਮੀ ਸੱਭਿਆਚਾਰ ਤੇ ਇਸਲਾਮ ਧਰਮ ਦੀਆਂ ਜੜ੍ਹਾਂ ਲਾ ਦਿੱਤੀਆਂ ਸਨ। ਇਹ ਉਹ ਸਮਾਂ ਸੀ ਜਦੋਂ ਭਾਰਤੀ ਤੇ ਪੰਜਾਬੀ ਸੱਭਿਆਚਾਰ ਇਸਲਾਮੀ ਸੱਭਿਆਚਾਰ ਨੂੰ ਆਪਣੇ ਵਿੱਚ ਸਮੋ ਰਿਹਾ ਸੀ ਤੇ ਭਾਰਤੀ ਬੋਲੀਆਂ ਨਾਲ਼ ਫ਼ਾਰਸੀ ਤੇ ਤੁਰਕੀ ਘੁਲ਼-ਮਿਲ਼ ਰਹੀਆਂ ਸਨ। ਇਹਨਾਂ ਦੇ ਸੁਮੇਲ ਨਾਲ਼ ਖੁਸਰੋ ਦੀ ਹਿੰਦਵੀ, ਨਾਥ-ਜੋਗੀਆਂ ਤੇ ਭਗਤਾਂ ਦੀ ਸਾਧ-ਭਾਖਾ ਤੇ ਸੂਫ਼ੀਆਂ ਦੀ ਪੰਜਾਬੀ ਜਨਮ ਲੈ ਰਹੀ ਸੀ।

‘ਪੂਰਵ ਮੁਗ਼ਲ-ਕਾਲ’ ਪੰਜਾਬੀ ਕਵਿਤਾ ਦੇ ਇਤਿਹਾਸ ਦਾ ਆਦਿ-ਕਾਲ ਹੈ। ਇਸ ਕਾਲ ਵਿੱਚ ਤਿੰਨ ਤਰ੍ਹਾਂ ਦੀ ਕਾਵਿ-ਰਚਨਾ ਹੋ ਰਹੀ ਸੀ: ਨਾਥਾਂ-ਜੋਗੀਆਂ ਦੀ ਕਵਿਤਾ, ਮੌਖਿਕ ਲੋਕ-ਕਾਵਿ ਤੇ ਭੱਟਾਂ ਦੀ ਵਾਰ-ਰਚਨਾ ਅਤੇ ਸ਼ੇਖ ਬਾਬਾ ਫ਼ਰੀਦ ਦੀ ਬਾਣੀ।

ਇਹਨਾਂ ਤਿੰਨਾਂ ਵਿੱਚੋਂ ਪੰਜਾਬੀ ਕਵਿਤਾ ਦਾ ਮੁੱਢ ਕਿਸ ਨੂੰ ਮੰਨਿਆ ਜਾਵੇ? ਇਸ ਸਵਾਲ ਦਾ ਇੱਕ ਟੁੱਕ ਉੱਤਰ ਦੇਣਾ ਮੁਸ਼ਕਲ ਹੈ। ਅਸਲ ਵਿੱਚ ਕਵਿਤਾ ਦੇ ਇਹ ਤਿੰਨੇ ਰੂਪ ਪੰਜਾਬੀ ਕਵਿਤਾ ਦਾ ਮੁੱਢ ਅਖਵਾਉਣ ਦੇ ਹੱਕਦਾਰ ਹਨ।

ਨਾਥ-ਜੋਗੀ ਕਾਵਿ ਵਿੱਚ ਪ੍ਰਮੁੱਖ ਯੋਗਦਾਨ ਮਛੰਦਰ ਤੇ ਗੋਰਖ ਨਾਥ ਦਾ ਹੈ। ਜੋਗ ਮੱਤ ਉਸ ਵੇਲ਼ੇ ਉੱਤਰੀ ਭਾਰਤ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਪਰੰਪਰਾ ਸੀ ਜਿਸ ਨੇ ਪੰਜਾਬ ਦੇ ਲੋਕ-ਜੀਵਨ ਉੱਪਰ ਡੂੰਘਾ ਪ੍ਰਭਾਵ ਪਾਇਆ। ਪੰਜਾਬ ਵਿੱਚ ਜੋਗੀਆਂ ਦੇ ਕਈ ਪ੍ਰਸਿੱਧ ਸਥਾਨ ਇਸ ਪ੍ਰਭਾਵ ਦਾ ਸਟੀਕ ਪ੍ਰਮਾਣ ਹਨ: ਜਿਵੇਂ ਗੋਰਖ ਹੱਟੜੀ (ਪਿਸ਼ਾਵਰ), ਬਾਲਨਾਥ ਦਾ ਟਿੱਲਾ (ਜਿਹਲਮ) ਤੇ ਪੂਰਨ ਦਾ ਖੂਹ (ਸਿਆਲਕੋਟ)। ਪੰਜਾਬ ਦੀ ਮੌਖਿਕ ਤੇ ਲਿਖਤੀ ਸਾਹਿਤ-ਪਰੰਪਰਾ ਵਿੱਚ ਨਾਥਾਂ-ਜੋਗੀਆਂ ਨਾਲ਼ ਸੰਬੰਧਿਤ ਅਨੇਕਾਂ ਲੋਕ-ਗੀਤ, ਲੋਕ-ਕਥਾਵਾਂ ਤੇ ਕਿੱਸੇ ਮਿਲਦੇ ਹਨ।

ਅੱਜ-ਕੱਲ੍ਹ ਪ੍ਰਾਪਤ ਨਾਥ-ਬਾਣੀ ਵਿੱਚ ਹਿੰਦੀ, ਰਾਜਸਥਾਨੀ ਤੇ ਪੰਜਾਬੀ ਦਾ ਨਿਖੇੜਾ ਕਰਨਾ ਮੁਸ਼ਕਲ ਹੈ। ਇਸਦੀ ਭਾਸ਼ਾ ਵਿੱਚ ਅਪਭਰੰਸ਼ਾਂ ਦੇ ਅੰਸ਼ ਵੀ ਮਿਲਦੇ ਹਨ। ਇਸ ਲਈ ਇਸ ਬਾਣੀ ਨੂੰ ਹਿੰਦੀ, ਰਾਜਸਥਾਨੀ ਤੇ ਪੰਜਾਬੀ, ਤਿੰਨਾਂ ਭਾਸ਼ਾਵਾਂ ਦੀ ਕਵਿਤਾ ਦਾ ਅਰੰਭ ਮੰਨਿਆ ਜਾ ਸਕਦਾ ਹੈ। ਇਸ ਬਾਣੀ ਦੇ ਮੁੱਖ ਵਿਸ਼ੇ ਹਨ: ਜੋਗ-ਮੱਤ ਦੇ ਅਸੂਲਾਂ ਦਾ ਉਪਦੇਸ਼, ਜੋਗ-ਸਾਧਨ ਦੀ ਸਿੱਖਿਆ, ਜੋਗੀਆਂ ਵਿੱਚ ਪੈਦਾ ਹੋ ਰਹੇ ਭੇਖੀ ਰੁਝਾਨ ਦਾ ਖੰਡਨ ਤੇ ਜੋਗੀ ਦੇ ਆਤਮਿਕ ਅਨੁਸ਼ਾਸਨ ਲਈ ਸੰਜਮੀ ਦੇ ਅਲਪ-ਆਹਾਰੀ ਜੀਵਨ ਉੱਤੇ ਜ਼ੋਰ।

ਪੰਜਾਬੀ ਕਵਿਤਾ ਦੇ ਇਸ ਆਦਿ-ਕਾਲ ਵਿੱਚ ਕਾਵਿ-ਰਚਨਾ ਦੀ ਦੂਜੀ ਪ੍ਰਕਾਰ ਮੌਖਿਕ ਲੋਕ-ਕਾਵਿ ਦੀ ਸੀ। ਉਸ ਸਮੇਂ ਦੇ ਜਨ-ਜੀਵਨ, ਲੋਕ-ਧਰਮ ਤੇ ਪ੍ਰਸਿੱਧ ਸ਼ਖ਼ਸੀਅਤਾਂ ਵੱਲ ਸੰਕੇਤ ਕਰਨ ਵਾਲ਼ੇ ਲੋਕ-ਗੀਤ, ਬੁਝਾਰਤਾਂ ਤੇ ਅਖਾਣ ਹੁਣ ਵੀ ਪ੍ਰਾਪਤ ਹੋ ਜਾਂਦੇ ਹਨ। ਲਿਖਤੀ ਕਾਵਿ-ਰਚਨਾ ਦੇ ਨਾਲ਼–ਨਾਲ਼ ਮੌਖਿਕ ਲੋਕ-ਕਾਵਿ ਦੀ ਪਰੰਪਰਾ ਹਰ ਯੁੱਗ ਵਿੱਚ ਰਹੀ ਹੈ ਪਰ ਲੋਕ-ਕਾਵਿ ਦੇ ਰਚਨਾ-ਕਾਲ ਸੰਬੰਧੀ ਸ਼ੱਕ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ਕਿਉਂਕਿ ਇੱਕ ਤਾਂ ਇਸ ਦੇ ਰਚਨਾ-ਕਾਲ ਬਾਰੇ ਸਾਡੇ ਕੋਲ ਕੋਈ ਲਿਖਤੀ ਪ੍ਰਮਾਣ ਨਹੀਂ ਹੁੰਦਾ ਤੇ ਦੂਜੇ ਹਰੇਕ ਯੁੱਗ ਵਿੱਚ ਪੁਰਾਣਾ ਲੋਕ-ਕਾਵਿ ਨਵੇਂ ਰੂਪ ਵਿੱਚ ਢਲ ਕੇ ਨਵੇਂ ਯੁੱਗ ਦਾ ਹਾਣੀ ਹੋ ਜਾਂਦਾ ਹੈ। ਆਦਿ-ਕਾਲ ਵਿੱਚ ਲੋਕ-ਕਾਵਿ ਦੀ ਰਚਨਾ ਦਾ ਸਬੂਤ ਵੀ ਸਿਰਫ਼ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਲੋਕ-ਕਾਵਿ ਰੂਪਾਂ (ਅਲਾਹੁਣੀਆਂ, ਘੋੜੀਆਂ, ਛੰਤ, ਥਿਤੀ, ਬਾਰਾਮਾਹ, ਰੁਤੀ) ਦੇ ਹਵਾਲੇ ਹੀ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚ ਉਹਨਾਂ ਨੌਂ ਵਾਰਾਂ ਦੇ ਸੰਕੇਤ ਵੀ ਮਿਲਦੇ ਹਨ ਜਿਹੜੀਆਂ ਇਸ ਗ੍ਰੰਥ ਦੇ ਸੰਕਲਨ ਤੋਂ ਪਹਿਲਾਂ ਪੰਜਾਬ ਦੇ ਢਾਡੀਆਂ ਤੇ ਭੱਟਾਂ ਵੱਲੋਂ ਰਚੀਆਂ ਤੇ ਗਾਈਆਂ ਜਾਂਦੀਆਂ ਰਹੀਆਂ ਹੋਣਗੀਆਂ। ਆਦਿ ਗ੍ਰੰਥ ਦੀਆਂ ਅਧਿਆਤਮਿਕ ਵਾਰਾਂ ਨੂੰ ਜਿਨ੍ਹਾਂ ਲੋਕ-ਵਾਰਾਂ ਦੀਆਂ ਧੁਨੀਆਂ ਅਨੁਸਾਰ ਗਾਉਣ ਦਾ ਆਦੇਸ਼ ਹੈ।

ਇਹਨਾਂ ਵਾਰਾਂ ਵਿੱਚ ਉਸ ਵੇਲ਼ੇ ਦੇ ਪੰਜਾਬ (ਜਿਸ ਨੂੰ ਉਦੋਂ ਮਦਰ ਦੇਸ ਜਾਂ ਮੱਧ ਦੇਸ ਕਿਹਾ ਜਾਂਦਾ ਸੀ) ਦੇ ਸੱਭਿਆਚਾਰ ਦੀ ਤਸਵੀਰ, ਇਸ ਦੇ ਯੋਧਿਆਂ (ਲੱਲਾਂ ਨੂੰ ਛੱਡ ਕੇ) ਦੀ ਸੂਰਮਗਤੀ ਦਾ ਬਿਰਤਾਂਤ ਤੇ ਜ਼ਰ-ਜ਼ੋਰੂ-ਜ਼ਮੀਨ ਦੇ ਝਗੜਿਆਂ ਦਾ ਵਰਨਣ ਹੈ। ਇਹਨਾਂ ਦੇ ਨਾਇਕ ਮੁਸਲਮਾਨ ਰਾਜਪੂਤ ਹਨ। ਇਹ ਮੱਧ-ਯੁੱਗ ਦੇ ਸਾਮੰਤਾਂ ਦੀਆਂ ਆਪਣੀਆਂ ਦੁਸ਼ਮਣੀਆਂ ਦੀਆਂ ਦਾਸਤਾਨਾਂ ਹਨ। ਫਿਰ ਵੀ, ਪੰਜਾਬੀ ਕਵਿਤਾ ਦੇ ਅਰੰਭ ਦਾ ਪ੍ਰਮਾਣਿਕ ਸਬੂਤ ਸ਼ੇਖ਼ ਫ਼ਰੀਦ ਦੀ ਬਾਣੀ ਨੂੰ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਬਾਣੀ ਦੇ ਪੂਰਵ ਮੁਗ਼ਲ-ਕਾਲ ਵਿੱਚ ਰਚੇ ਜਾਣ ਦਾ ਪੱਕਾ ਲਿਖਤੀ ਸਬੂਤ ਹੈ ਤੇ ਇਸ ਦੀ ਬੋਲੀ ਅੱਜ ਦੀ ਪੰਜਾਬੀ ਦੇ ਬਹੁਤ ਨੇੜੇ ਦੀ ਹੈ। ਇਹ ਉਸ ਸਮੇਂ ਦੇ ਕੇਂਦਰ ਅਰਥਾਤ ਪੱਛਮੀ ਪੰਜਾਬ ਦੀ ਪੰਜਾਬੀ (ਲਹਿੰਦੀ) ਦਾ ਉੱਤਮ ਨਮੂਨਾ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ੇਖ਼ ਬ੍ਰਹਮ (ਫ਼ਰੀਦ ਦੂਜਾ) ਤੋਂ ਪ੍ਰਾਪਤ ਹੋਈ ਸੀ ਤੇ ਇਸ ਦਾ ਪ੍ਰਮਾਣਿਕ ਰੂਪ ਆਦਿ ਗ੍ਰੰਥ ਦੇ ਸੰਪਾਦਨ (1604 ਈ:) ਵੇਲ਼ੇ ਦਾ ਹੈ। ਇਸ ਲਈ ਫ਼ਰੀਦ-ਬਾਣੀ ਦੀ ਉਪਲਬਧੀ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ-ਰਚਨਾ, ਇੱਕ ਤਰ੍ਹਾਂ, ਦੋਵੇਂ ਸਮਕਾਲੀ ਘਟਨਾਵਾਂ ਹਨ।

ਪ੍ਰਸ਼ਨ 6. ਮੁਗ਼ਲ-ਕਾਲ ਵਿੱਚ ਰਚੀ ਗਈ ਕਵਿਤਾ ਦੀਆਂ ਕਾਵਿ-ਵੰਨਗੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਬਾਰੇ ਲਿਖੋ।

ਉੱਤਰ: ਮੁਗ਼ਲ ਕਾਲ:- ਮੁਗ਼ਲ ਖ਼ਾਨਦਾਨ ਦੇ ਪਹਿਲੇ ਬਾਦਸ਼ਾਹ, ਬਾਬਰ ਨੇ 1526 ਈ: ਵਿੱਚ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕੀਤਾ, ਪਰ ਪੰਜਾਬ ਦੀ ਧਰਤੀ ਉੱਤੇ ਉਹ 1520-21 ਈ: ਵਿੱਚ ਹੀ ਆ ਧਮਕਿਆ ਸੀ। ਬਾਬਰ ਤੋਂ ਬਾਅਦ ਉਸ ਦਾ ਪੁੱਤਰ (ਹਮਾਯੂੰ) ਤੇ ਫਿਰ ਪੋਤਰਾ (ਅਕਬਰ) ਗੱਦੀ ਉੱਤੇ ਬੈਠਾ। ਅਕਬਰ ਨੇ ਆਪਣੀ ਸੁਲਹਕੁਲ ਨੀਤੀ ਦੇ ‘ਦੀਨੇ ਇਲਾਹੀ’ ਦੇ ਪ੍ਰਚਾਰ ਨਾਲ਼ ਮੁਗ਼ਲ ਸਾਮਰਾਜ ਨੂੰ ਪੱਕਾ ਕਰ ਦਿੱਤਾ ਤੇ ਫਿਰ ਜਹਾਂਗੀਰ, ਸ਼ਾਹਜਹਾਨ ਤੇ ਔਰੰਗਜ਼ੇਬ ਤਿੰਨੋਂ ਬੜੇ ਤਕੜੇ ਬਾਦਸ਼ਾਹ ਹੋਏ। ਪਰ 1707 ਈ: ਵਿੱਚ, ਔਰੰਗਜ਼ੇਬ ਦੇ ਦਿਹਾਂਤ ਨਾਲ਼, ਮੁਗ਼ਲ ਸਲਤਨਤ ਦੀ ਗਿਰਾਵਟ ਸ਼ੁਰੂ ਹੋ ਗਈ। ਇਸ ਲਈ ਇਹ ਦੋ ਕੁ ਸਦੀਆਂ ਦਾ ਸਮਾਂ ਮੁਗ਼ਲ ਰਾਜ ਦੇ ਅਰੰਭ ਤੇ ਸਿਖਰ ਦਾ ਸਮਾਂ ਹੈ।

ਸਮਾਜਿਕ-ਸਿਆਸੀ ਤੌਰ ‘ਤੇ ਇਹ ਰਜਵਾੜਾਸ਼ਾਹੀ ਤੇ ਜਾਗੀਰਦਾਰੀ ਦਾ ਜ਼ਮਾਨਾ ਸੀ। ਇਸ ਵਿੱਚ ਫ਼ਾਰਸੀ ਰਾਜ-ਭਾਸ਼ਾ ਸੀ ਤੇ ਕਈ ਤਰੀਕਿਆਂ ਨਾਲ਼, ਇਸਲਾਮ ਨੇ ਹਿੰਦੂ-ਸੱਭਿਆਚਾਰ ਉੱਤੇ ਮੋੜਵਾਂ ਹਮਲਾ ਕਰ ਦਿੱਤਾ ਸੀ ਤਾਂ ਵੀ ਭਗਤੀ ਤੇ ਸੂਫ਼ੀ ਲਹਿਰ ਦੋਂਹਾਂ ਸੱਭਿਆਚਾਰਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਲਈ ਪ੍ਰੇਮ ਦਾ ਸੁਨੇਹਾ ਦੇ ਰਹੀਆਂ ਸਨ ।

ਸਿੱਖ ਧਰਮ ਤੇ ਸੂਫ਼ੀ ਮੱਤ ਦੇ ਲੋਕ-ਹਿਤੂ ਪੈਂਤੜੇ ਸਦਕਾ ਹੀ ਆਮ ਲੋਕਾਂ ਦੀ ਬੋਲੀ, ਪੰਜਾਬੀ ਕਵਿਤਾ ਦਾ ਮਾਧਿਅਮ ਬਣੀ ਤੇ ਆਮ ਲੋਕਾਂ ਦੇ ਨਿਤ ਜੀਵਨ ਦੇ ਸੁੱਖ-ਦੁੱਖ ਨੂੰ ਪ੍ਰਗਟਾਉਣ ਲਈ ਪੰਜਾਬੀ ਕਵੀਆਂ ਨੇ ਕਿੱਸਾ-ਰਚਨਾ ਅਰੰਭ ਕੀਤੀ। ਇਸੇ ਸਮੇਂ ਚੰਡੀ ਦੀ ਵਾਰ ਵਰਗੀਆਂ ਜੁਝਾਰੂ ਤੇ ਬੀਰ-ਰਸੀ ਰਚਨਾਵਾਂ ਵੀ ਹੋਂਦ ਵਿੱਚ ਆਈਆਂ। ਇਸ ਕਾਲ ਦੀ ਕਵਿਤਾ ਵਿੱਚ ਸਾਰੀਆਂ ਕਾਵਿ-ਵੰਨਗੀਆਂ ਮੌਜੂਦ ਹਨ : ਗੁਰਮਤਿ-ਕਾਵਿ, ਸੂਫ਼ੀ-ਕਾਵਿ, ਕਿੱਸਾ-ਕਾਵਿ ਤੇ ਵਾਰ-ਕਾਵਿ।

ਪੰਜਾਬੀ ਕਵਿਤਾ ਦੇ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ, ਜੋ ਇਸੇ ਕਾਲ ਵਿੱਚ ਵਾਪਰੀ, ਉਹ ਹੈ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਤੇ ਸੰਪਾਦਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ 1603 ਈ: ਵਿੱਚ ਅੰਮਿ੍ਤਸਰ ਵਿਖੇ ਰਾਮਸਰ ਦੇ ਸਥਾਨ ’ਤੇ ਭਾਈ ਗੁਰਦਾਸ ਦੇ ਹੱਥੋਂ ਇਸ ਨੂੰ ਲਿਖਵਾਉਣਾ ਸ਼ੁਰੂ ਕੀਤਾ ਤੇ 1604 ਈ: ਵਿੱਚ ਮੁਕੰਮਲ ਕਰਕੇ ਤੇ ਹਰਿਮੰਦਰ ਸਾਹਿਬ ਵਿੱਚ ਅਸਥਾਪਨ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਸੇਵਾ ਸੰਭਾਲੀ। ਬਾਅਦ ਵਿੱਚ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਵਾਧਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਨੂੰ ਗੁਰੂ ਦੀ ਪਦਵੀ ਦਿੱਤੀ, ਜਿਸ ਤੋਂ ਪਿੱਛੋਂ ਇਸ ਦੀ ਮਾਨਤਾ ਸਿਰਫ਼ ਗ੍ਰੰਥ ਵਜੋਂ ਨਹੀਂ, ਸਗੋਂ ਗੁਰੂ ਵਜੋਂ ਸ਼ੁਰੂ ਹੋਈ ਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਪ੍ਰਾਪਤ ਹੋਈ। ਇਹ 1430 ਪੰਨੇ ਦੀ ਵੱਡ-ਆਕਾਰੀ ਰਚਨਾ ਹੈ, ਜਿਸ ਵਿੱਚ 6 ਸਿੱਖ ਗੁਰੂਆਂ, 15 ਸੂਫ਼ੀ ਸੰਤਾਂ-ਭਗਤਾਂ ਤੇ ਗੁਰੂ-ਘਰ ਦੇ ਨਿਕਟਵਰਤੀ 20 ਸ਼ਰਧਾਲੂਆਂ ਤੇ ਭੱਟਾਂ ਦੀਆਂ ਰਚਨਾਵਾਂ ਸ਼ਾਮਲ ਹਨ। ਇਸ ਵਿੱਚ 31 ਰਾਗਾਂ ਦਾ ਪ੍ਰਯੋਗ ਹੋਇਆ ਹੈ।

ਅਧਿਆਤਮਿਕ, ਸੱਭਿਆਚਾਰਿਕ, ਰਾਜਨੀਤਿਕ ‘ਤੇ ਸਮਾਜਿਕ ਜੀਵਨ ਦੇ ਸਭ ਵੇਰਵਿਆਂ ਨੂੰ ਉਜਾਗਰ ਕਰਨ ਵਾਲ਼ੇ ਇਸ ਗ੍ਰੰਥ ਨੂੰ ਮੁਗ਼ਲ ਕਾਲ ਦੇ ਉੱਤਰੀ ਭਾਰਤ ਦਾ ਮਹਾਂਕਾਵਿ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਭਾਈ ਗੁਰਦਾਸ ਦੀਆਂ ਵਾਰਾਂ, ਜਿਨ੍ਹਾਂ ਨੂੰ ਗੁਰੂ-ਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਵੀ ਇਸੇ ਕਾਲ ਵਿੱਚ ਰਚੀਆਂ ਗਈਆਂ। ਇਹਨਾਂ ਵਾਰਾਂ ਦੀ ਬੋਲੀ ਅਜੋਕੀ ਠੇਠ ਪੰਜਾਬੀ ਵਰਗੀ ਹੈ। ਗੱਲ ਕੀ, ਮੁਗ਼ਲ ਕਾਲ ਮੱਧ ਯੁਗੀ ਪੰਜਾਬੀ ਕਵਿਤਾ ਦਾ ਸਭ ਤੋਂ ਵੱਧ ਅਮੀਰ ਕਾਲ ਹੈ।

ਪ੍ਰਸ਼ਨ 7. ਪਿਛਲੇਰੇ ਮੁਗ਼ਲ ਕਾਲ ਦੀਆਂ ਕਾਵਿ-ਵੰਨਗੀਆਂ ਦੀ ਜਾਣ ਪਛਾਣ ਕਰਾਓ।

ਉੱਤਰ: ਪਿਛਲੇਰਾ ਮੁਗਲ ਕਾਲ: ਔਰੰਗਜ਼ੇਬ ਦੀ ਮੌਤ ਤੋਂ ਲੈ ਕੇ ਪੰਜਾਬ ਵਿੱਚ ਸਿੱਖ ਰਾਜ ਦੇ ਕਾਇਮ ਹੋਣ ਤੱਕ ਦੇ ਸਮੇਂ ਨੂੰ ਪਿਛਲੇਰਾ, ਅੰਤਲਾ ਜਾਂ ਮਗਰਲਾ ਮੁਗ਼ਲ-ਕਾਲ ਕਿਹਾ ਜਾਂਦਾ ਹੈ। ਯਾਨੀ ਪੂਰੀ ਅਠਾਰਵੀਂ ਸਦੀ। ਮੁਗ਼ਲ-ਕਾਲ ਵਿੱਚ ਬਾਹਰਲੇ ਹਮਲੇ ਬਿਲਕੁਲ ਬੰਦ ਹੋ ਗਏ ਸਨ, ਪਰ ਅੰਤਲੇ ਮੁਗ਼ਲ ਕਾਲ ਵਿੱਚ ਈਰਾਨੀ ਬਾਦਸ਼ਾਹਾਂ ਨੇ ਫੇਰ ਹਮਲੇ ਸ਼ੁਰੂ ਕਰ ਦਿੱਤੇ ਸਨ । ਰਾਜ ਵਿੱਚ ਬਦ-ਅਮਨੀ ਫੈਲ ਗਈ ਤੇ ਪੰਜਾਬ ਦੀ ਆਰਥਿਕ ਹਾਲਤ ਵਿਗੜ ਗਈ ਸੀ। ਇਸ ਵਿਗੜੀ ਹਾਲਤ ਤੇ ਆਰਥਿਕ ਬੇਯਕੀਨੀ ਦੀ ਅਵਸਥਾ ਦਾ ਉਸ ਵੇਲ਼ੇ ਦੀਆਂ ਪ੍ਰਚਲਿਤ ਕੁਝ ਅਖਾਉਤਾਂ ਤੋਂ ਵੀ ਪਤਾ ਲੱਗਦਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਵੇਲ਼ੇ ਇਹ ਅਖਾਉਤ ਲੋਕਾਂ ਦੇ ਮੂੰਹ ਚੜ੍ਹੀ ਹੋਈ ਸੀ: ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।

ਸਿੱਖਾਂ ਉੱਤੇ ਫ਼ਰੁਖ਼ਸੀਅਰ ਵਰਗੇ ਬਾਦਸ਼ਾਹ ਤੇ ਮੀਰ ਮੰਨੂ ਜਿਹੇ ਸੂਬੇਦਾਰ ਜ਼ੁਲਮ ਢਾਹ ਰਹੇ ਸਨ । ਸਿੱਖ ਯੁੱਧਾਂ, ਜੰਗਾਂ, ਸ਼ਹੀਦੀਆਂ ਤੇ ਘੱਲੂਘਾਰਿਆਂ ਵਿੱਚ ਆਪਣੀਆਂ ਜਾਨਾਂ ਵਾਰ ਰਹੇ ਸਨ ਤੇ ਜੰਗਲਾਂ ਵਿੱਚ ਰਹਿ ਕੇ ਦਿਨ ਕੱਟ ਰਹੇ ਸਨ।

ਮੁਸਲਮਾਨ ਸੂਫ਼ੀ-ਕਵੀਆਂ (ਬੁਲ੍ਹੇ ਸ਼ਾਹ, ਅਲੀ ਹੈਦਰ, ਫ਼ਰਦ ਫ਼ਕੀਰ ਤੇ ਵਜੀਦ ਆਦਿ) ਨੇ ਰੱਬੀ ਪ੍ਰੇਮ ਤੇ ਬਿਰਹਾ ਦੇ ਗੀਤ ਤੇ ਕਾਫ਼ੀਆਂ ਲਿਖੀਆਂ ਅਤੇ ਮੁਗ਼ਲ-ਰਾਜ ਦੇ ਪਤਨ ਸਮੇਂ ਪੰਜਾਬ ਦੀ ਹਾਲਤ ਦਾ ਰੋਣਾ ਰੋਇਆ। ਇਸ ਕਾਲ ਵਿੱਚ ਪੰਜਾਬ ਦੀਆਂ ਪ੍ਰੀਤ-ਕਹਾਣੀਆਂ (ਖ਼ਾਸ ਕਰ ਹੀਰ-ਰਾਂਝੇ ਦੀ ਕਹਾਣੀ) ਦੇ ਕਿੱਸੇ ਲਿਖੇ ਗਏ। ਅਹਿਮਦ ਗੁੱਜਰ, ਮੁਕਬਲ ਤੇ ਵਾਰਿਸ ਸ਼ਾਹ ਇਸੇ ਕਾਲ ਦੇ ਕਿੱਸਾਕਾਰ ਹਨ, ਜਿਨ੍ਹਾਂ ਵਿੱਚੋਂ ਵਾਰਿਸ ਸ਼ਾਹ ਦੀ ਹੀਰ ਕਿੱਸਾ-ਕਾਵਿ ਦੀ ਸ਼ਾਹਕਾਰ ਰਚਨਾ ਹੈ।

ਇਸ ਕਾਲ ਵਿੱਚ ਕੁਝ ਵਾਰਾਂ ਤੇ ਜੰਗਨਾਮੇ ਵੀ ਲਿਖੇ ਗਏ ਜਿਨ੍ਹਾਂ ਵਿੱਚੋਂ ਨਜਾਬਤ ਤੇ ਅਗਰਾ ਦੀਆਂ ਵਾਰਾਂ ਤੇ ਮੁਕਬਲ ਦਾ ਜੰਗਨਾਮਾ ਖ਼ਾਸ ਤੌਰ ‘ਤੇ ਪ੍ਰਸਿੱਧ ਹਨ।

ਪ੍ਰਸ਼ਨ 8. ਸਿੱਖ ਰਾਜ-ਕਾਲ ਵਿੱਚ ਕਿਸ ਪ੍ਰਕਾਰ ਦੀ ਕਵਿਤਾ ਲਿਖੀ ਜਾਂਦੀ ਰਹੀ? ਸੰਖੇਪ ਵਿੱਚ ਉਸ ਬਾਰੇ ਦੱਸੋ।

ਉੱਤਰ: ਸਿੱਖ-ਰਾਜ ਕਾਲ:- ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਉੱਨੀਵੀਂ ਸਦੀ ਦੇ ਪਹਿਲੇ ਅੱਧ ਨੂੰ ਰਣਜੀਤ ਸਿੰਘ ਕਾਲ, ਹਾਸ਼ਮ ਕਾਲ ਤੇ ਸਿੱਖ ਰਾਜ-ਕਾਲ ਆਦਿ ਕਈ ਨਾਂ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ‘ਸਿੱਖ-ਰਾਜ ਕਾਲ‘ ਹੀ ਵਧੇਰੇ ਢੁਕਵਾਂ ਹੈ—ਕਿਉਂਕਿ ਸਿੱਖਾਂ ਨੇ ਪੰਜਾਬ ਵਿੱਚ ਮੁਗ਼ਲ ਰਾਜ ਵਿਰੁੱਧ ਲਗ-ਪਗ ਸੌ ਵਰ੍ਹੇ ਖ਼ੂਨੀ ਯੁੱਧ ਲੜ ਕੇ, 1799 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੀ ਰਾਜਧਾਨੀ (ਲਾਹੌਰ) ਉੱਤੇ ਕਾਬਜ਼ ਹੋਣ ਯੋਗ ਬਣਾਇਆ। ਰਣਜੀਤ ਸਿੰਘ ਦੀ ਨੀਤੀ ਮਜ਼੍ਹਬੀ ਪੱਖਪਾਤ ਤੋਂ ਨਿਰਲੇਪ, ਅਕਬਰ ਵਰਗੀ ਧਰਮ-ਨਿਰਪੱਖ ਸੀ। ਉਸਨੇ ਆਪਣੀ ਧਰਮ-ਨਿਰਪੱਖਤਾ, ਨਿਆਂ ਤੇ ਨੇਕ ਸੁਭਾਅ ਕਾਰਨ ਆਮ ਹਿੰਦੂਆਂ ਤੇ ਮੁਸਲਮਾਨਾਂ ਦਾ ਵਿਸ਼ਵਾਸ ਜਿੱਤ ਲਿਆ ਸੀ ਅਤੇ ਪੰਜਾਬ ਵਿੱਚ ਅਮਨ ਕਾਇਮ ਕਰਕੇ ਆਪਣੇ ਰਾਜ ਦੀਆਂ ਹੱਦਾਂ ਨੂੰ ਉੱਤਰ-ਪੱਛਮ ਵੱਲ ਦੂਰ-ਦੂਰ ਤੱਕ ਫੈਲਾਇਆ ਤੇ ਪੱਕਿਆਂ ਕੀਤਾ ਸੀ । ਇਸ ਲਈ ਕਈ ਵਾਰ ਇਸ ਨੂੰ ਸਿੱਖ ਰਾਜ ਦੀ ਬਜਾਇ ਪੰਜਾਬੀ ਰਾਜ ਵੀ ਕਿਹਾ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਜ ਦੀ ਭਾਸ਼ਾ ਭਾਵੇਂ ਫ਼ਾਰਸੀ ਸੀ, ਪਰ ਉਸਨੇ ਇੱਕ ਹੱਦ ਤੱਕ ਪੰਜਾਬੀ ਬੋਲੀ ਤੇ ਸਾਹਿਤ ਦੀ ਸਰਪ੍ਰਸਤੀ ਵੀ ਕੀਤੀ। ਕਈ ਸਿੱਖ ਸਰਦਾਰਾਂ ਨੇ ਪੰਜਾਬੀ ਕਿੱਸਾਕਾਰਾਂ ਨੂੰ ਇਨਾਮ ਅਤੇ ਸਨਮਾਨ ਵੀ ਦਿੱਤੇ।

ਇਹਨਾਂ ਪੰਜਾਹ ਸਾਲਾਂ ਵਿੱਚ ਪੰਜਾਬੀ ਕਵਿਤਾ ਵਿੱਚ ਕਿੱਸੇ ਤੇ ਜੰਗਨਾਮਿਆਂ ਦੇ ਰੂਪ ਵਿੱਚ ਕਾਫ਼ੀ ਰਚਨਾ ਹੋਈ। ਹੀਰ-ਰਾਂਝੇ ਤੋਂ ਇਲਾਵਾ, ਇਸ ਕਾਲ ਵਿੱਚ ਸ਼ੀਰੀ ਫਰਿਹਾਦ, ਪੂਰਨ ਭਗਤ, ਸ਼ਾਹ ਬਹਿਰਾਮ ਤੇ ਸੋਹਣੀ ਮਹੀਂਵਾਲ ਦੇ ਕਿੱਸੇ ਵੀ ਲਿਖੇ ਗਏ। ਮਟਕ ਤੇ ਸ਼ਾਹ ਮੁਹੰਮਦ ਦੇ ਜੰਗਨਾਮੇ ਤੇ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਇਸ ਕਾਲ ਦੇ ਅੰਤਲੇ ਸਾਲਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ।

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (40) Ajay Khatkar (Punjabi Master) (79) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (343) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਦਰਜ਼ੀ ਅਤੇ ਹਾਥੀ ਕਹਾਣੀ Story of tailor and elephant in punjabi

April 15, 2024

13. ਫ਼ਿਲਮਾਂ ਵਿੱਚ ਪ੍ਰਵੇਸ਼ (ਦਾਰਾ ਸਿੰਘ)

May 20, 2026

4. ਰੱਜੀ-ਪੁੱਜੀ ਮਿੱਟੀ (ਬਲਰਾਜ ਸਾਹਨੀ)

May 7, 2026

16. ਪ੍ਰਮਿੰਦਰਜੀਤ

May 20, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?