4. ਕਾਦਰਯਾਰ
ਅਭਿਆਸ
1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
(ੳ) ਸੇ-ਸਾਬਤੀ ਰਹੀ ਨਾ ਵਿੱਚ ਉਸ ਦੇ,
ਮੈਨੂੰ ਪਕੜ ਕੇ ਪਾਸ ਬਹਾਨ ਲੱਗੀ।
ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ,
ਕੜਾ ਜ਼ਿਮੀਂ ਅਸਮਾਨ ਦਾ ਢਾਹਨ ਲੱਗੀ।
ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਕਾਦਰਯਾਰ’ ਦੀ ਰਚਨਾ ਕਿੱਸਾ ‘ਪੂਰਨ ਭਗਤ’ ਅਧੀਨ ‘ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦੱਸਣਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਦੱਸਿਆ ਹੈ ਕਿ ਕਿਵੇਂ ਪੂਰਨ ਆਪਣੇ ਗੁਰੂ ਨੂੰ ਆਪਣਾ ਹਾਲ ਬਿਆਨ ਕਰਦਾ ਹੈ।
ਵਿਆਖਿਆ: ਕਾਦਰਯਾਰ ਲਿਖਦਾ ਹੈ ਕਿ ਪੂਰਨ ਨੇ ਗੁਰੂ ਗੋਰਖ ਨਾਥ ਨੂੰ ਦੱਸਿਆ ਕਿ ਜਦੋਂ ਉਹ 12 ਸਾਲ ਭੋਰੇ ਵਿੱਚ ਰਹਿਣ ਪਿੱਛੋਂ ਆਪਣੀ ਮਤਰੇਈ ਮਾਂ ਲੂਣਾ ਨੂੰ ਮਿਲਣ ਗਿਆ ਤਾਂ ਉਹ ਆਪਣੇ ਧਰਮ ਤੋਂ ਡੋਲ ਗਈ ਅਤੇ ਪੂਰਨ ਨੂੰ ਫੜ ਕੇ ਕੋਲ਼ ਬਿਠਾਉਣ ਲੱਗ ਗਈ। ਫਿਰ ਗੁਰੂ ਗੋਰਖ ਨਾਥ ਨੂੰ ਦੱਸਿਆ ਕਿ ਉਸ ਨੇ ਲੂਣਾ ਨੂੰ ਕਿਹਾ ਕਿ ਇਸ ਪ੍ਰਕਾਰ ਦਾ ਵਿਹਾਰ ਕਰਕੇ ਉਹ ਜ਼ਮੀਨ ਅਤੇ ਅਸਮਾਨ ਦੇ ਜੋੜ ਨੂੰ ਤੋੜਨ ਦਾ ਕਦੀ ਨਾ ਹੋਣ ਵਾਲ਼ਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
(ਅ) ਸ਼ੀਨ-ਸ਼ੀਰ ਖੋਰਾ ਮੈਥੋਂ ਜੁਦਾ ਹੋਇਉਂ,
ਮਸਾਂ ਮਸਾਂ ਮੈਂ ਡਿੱਠਾ ਹੈ ਮੁੱਖ ਤੇਰਾ
ਚਵੀ ਬਰਸ ਗੁਜ਼ਰੇ ਨਾਹਰੇ ਮਾਰਦੀ ਨੂੰ,
ਅਜੇ ਫੋਲ ਨਾ ਪੁੱਛਿਆ ਦੁਖ ਤੇਰਾ।
ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਕਾਦਰਯਾਰ’ ਦੀ ਰਚਨਾ ਕਿੱਸਾ ‘ਪੂਰਨ ਭਗਤ’ ਅਧੀਨ ‘ਪੂਰਨ ਦਾ ਵਿਦਾ ਹੋਣਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਦੱਸਿਆ ਹੈ ਪੂਰਨ ਆਪਣੀ ਮਾਂ ਇੱਛਰਾਂ ਨੂੰ ਬਾਗ਼ ਦੇ ਵਿੱਚ ਮਿਲ਼ਦਾ ਹੈ ਤਾਂ ਮਾਂ ਕਿਵੇਂ ਵਿਰਲਾਪ ਕਰਦੀ ਹੈ।
ਵਿਆਖਿਆ: ਕਾਦਰਯਾਰ ਕਹਿੰਦਾ ਹੈ ਕਿ ਜਦੋਂ ਪੂਰਨ ਆਪਣੀ ਮਾਂ ਇੱਛਰਾਂ ਨੂੰ ਮਿਲ਼ ਕੇ ਵਾਪਸ ਜਾਣ ਦੀ ਗੱਲ ਦੱਸਦਾ ਹੈ ਤਾਂ ਮਾਂ ਇੱਛਰਾਂ ਵਿਰਲਾਪ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਉਦੋਂ ਦੁੱਧ ਪੀਂਦਾ ਬੱਚਾ ਸੀ ਜਦੋਂ ਦਾ ਉਸ ਤੋਂ ਜੁਦਾ ਹੋਇਆ ਸੀ। ਬੜੇ ਭਾਗਾਂ ਨਾਲ਼ ਇੰਨੇ ਸਾਲਾਂ ਬਾਅਦ ਮੈਂ ਤੇਰਾ ਮੁੱਖ ਦੇਖਿਆ ਹੈ। ਤੈਂਨੂੰ ਮਿਲਣ ਖਾਤਰ ਚੌਵੀਂ ਸਾਲ ਬੀਤ ਗਏ ਮੈਂ ਤੇਰੀ ਉਡੀਕ ਵਿੱਚ ਤੈਂਨੂੰ ਮਿਲਣ ਲਈ ਰੱਬ ਅੱਗੇ ਨਾਹਰੇ ਮਾਰ ਰਹੀ ਸੀ। ਅਜੇ ਤਾਂ ਮੈਂ ਤੇਰੇ ਨਾਲ਼ ਤੇਰਾ ਕੋਈ ਦੁੱਖ ਵੀ ਨਹੀਂ ਫੋਲਿਆ ਤੇ ਤੂੰ ਵਾਪਸ ਜਾਣ ਦੀਆਂ ਗੱਲਾਂ ਕਰਨ ਲੱਗਾ ਹੈਂ।
2. ‘ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦੱਸਣਾ‘ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਪੂਰਨ ਨੇ ਗੁਰੂ ਗੋਰਖ ਦੱਸਿਆ ਕਿ ਉਹ ਰਾਜਕੁਮਾਰ ਸੀ। ਪੰਡਤਾਂ ਦੇ ਦੱਸੇ ਅਨੁਸਾਰ ਬਾਰਾਂ ਸਾਲ ਭੋਰੇ ਵਿੱਚ ਹੋਈ ਪਰਵਰਿਸ਼ ਬਾਅਦ ਉਹ ਆਪਣੀ ਮਤਰੇਈ ਮਾਂ ਨੂੰ ਮਿਲਣ ਗਿਆ ਤਾਂ ਉਸਨੇ ਪੂਰਨ ਉੱਤੇ ਚਰਿੱਤਰਹੀਣ ਹੋਣ ਦਾ ਇਲਜ਼ਾਮ ਲਗਾ ਦਿੱਤਾ। ਉਸਦਾ ਪਿਤਾ ਰਾਜਾ ਸੀ ਇਸ ਕਰਕੇ ਝੂਠੀ ਸ਼ਿਕਾਇਤ ਕਾਰਨ ਗ਼ੁੱਸੇ ਵਿੱਚ ਆਏ ਪਿਤਾ ਨੇ ਉਸਦੇ ਹੱਥ-ਪੈਰ ਕਟਵਾ ਕੇ ਖੂਹ ਵਿੱਚ ਸਿੱਟਵਾ ਦਿੱਤਾ। ਇਸ ਪਿੱਛੋਂ ਉਸਨੇ ਰੱਬ ਦੇ ਭਾਣੇ ਅਨੁਸਾਰ ਗੁਰੂ ਗੋਰਖ ਅੱਗੇ ਆਪਣੀ ਜਾਨ ਬਚਾਉਣ ਦੀ ਬੇਨਤੀ ਕੀਤੀ। ਇਹ ਸੁਣ ਕੇ ਗੁਰੂ ਗੋਰਖ ਨੇ ਪਵਿੱਤਰ ਜਲ ਦਾ ਛਿੱਟਾ ਦਿੱਤਾ ਅਤੇ ਉਸਨੂੰ ਸਹੀ ਸਲਾਮਤ ਕਰ ਦਿੱਤਾ।
3. ‘ਪੂਰਨ ਦਾ ਵਿਦਾ ਹੋਣਾ‘ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਪੂਰਨ ਜਦੋਂ ਬਾਗ਼ ਵਿੱਚ ਆਪਣੀ ਮਾਂ ਨੂੰ ਮਿਲ਼ ਕੇ ਵਾਪਸ ਆਪਣੇ ਗੁਰੂ ਕੋਲ਼ ਜਾਣ ਲੱਗਾ ਤਾਂ ਉਸਦੀ ਮਾਂ ਮਮਤਾ ਵਸ ਆਪਣੇ ਪੁੱਤਰ ਨੂੰ ਨਾ ਜਾਣ ਲਈ ਆਖਦੀ ਹੈ। ਪੂਰਨ ਆਪਣੀ ਮਾਂ ਨੂੰ ਗੁਰੂ ਦੀ ਨਰਾਜ਼ਗੀ ਅਤੇ ਆਪਣੀ ਮਜ਼ਬੂਰੀ ਦੱਸਦਾ ਹੋਇਆ ਫਿਰ ਮਿਲਣ ਦਾ ਇਕਰਾਰ ਕਰਦਾ ਹੈ। ਮਾਂ ਨੂੰ ਮਿਲਣ ਦੀ ਘਟਨਾ ਦਾ ਬਿਆਨ ਪੂਰਨ ਵਾਪਸ ਜਾ ਕੇ ਆਪਣੇ ਗੁਰੂ ਗੋਰਖ ਨੂੰ ਦੱਸਦਾ ਹੈ।
ਵਸਤੂਨਿਸ਼ਠ ਪ੍ਰਸ਼ਨ:
ਪ੍ਰਸ਼ਨ 1. ਪੂਰਨ ਭਗਤ ਦੀ ਕਹਾਣੀ ਨੂੰ ਸਭ ਤੋਂ ਪਹਿਲਾਂ ਕਿਹੜੇ ਕਿੱਸਾਕਾਰ ਨੇ ਕਿੱਸੇ ਦੇ ਰੂਪ ’ਚ ਲਿਖਿਆ?
ਉੱਤਰ: ਕਾਦਰਯਾਰ ਨੇ।
ਪ੍ਰਸ਼ਨ 2. ਪੂਰਨ ਭਗਤ ਦਾ ਗੁਰੂ ਕੌਣ ਸੀ?
ਉੱਤਰ: ਗੁਰੂ ਗੋਰਖ ਨਾਥ।
ਪ੍ਰਸ਼ਨ 3. ਪੂਰਨ ਭਗਤ ਦੇ ਮਾਤਾ-ਪਿਤਾ ਦਾ ਨਾਂ ਦੱਸੋ।
ਉੱਤਰ: ਇੱਛਰਾਂ ਅਤੇ ਸਲਵਾਨ।
ਪ੍ਰਸ਼ਨ 4. ਪੂਰਨ ਭਗਤ ਦਾ ਬਾਪ ਕਿਸ ਦੀ ਝੂਠੀ ਸ਼ਿਕਾਇਤ ’ਤੇ ਪੂਰਨ ਨੂੰ ਸਖ਼ਤ ਸਜ਼ਾ ਦੇਣ ਦਾ ਹੁਕਮ ਦਿੰਦਾ ਹੈ?
ਉੱਤਰ: ਲੂਣਾ ਦੀ।
ਪ੍ਰਸ਼ਨ 5. ‘ਕਿੱਸਾ ਪੂਰਨ ਭਗਤ’ ਦੀ ਕਹਾਣੀ ਦਾ ਮੂਲ ਆਧਾਰ-
(i) ਸਦਾਚਾਰ (ii) ਥ੍ਰੀਡ (iii) ਵੀਰਤਾ/ਬਹਾਦਰੀ (iv) ਸੱਭਿਆਚਾਰ
ਉੱਤਰ: ਸਦਾਚਾਰ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784