1. ਗੁਰੂ ਗੋਬਿੰਦ ਸਿੰਘ ਜੀ (12th ਬੀਰ ਕਾਵਿ)

ਗੁਰੂ ਗੋਬਿੰਦ ਸਿੰਘ ਜੀ

(ਚੰਡੀ ਦੀ ਵਾਰ )

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

(ੳ) ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰ ਉਪਾਇਆ।

ਬ੍ਰਹਮਾ ਬਿਸਨੁ ਮਹੇਸ ਸਾਜਿ, ਕੁਦਰਤਿ ਦਾ ਖੇਲ ਰਚਾਇਆ।

ਸਿੰਧ ਪਰਬਤ ਮੇਦਨੀ ਬਿਨੁ ਥੰਮਾ ਗਗਨੁ ਰਹਾਇਆ।

ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦਿ ਰਚਾਇਆ।

ਤੈਂ ਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਮੁ ਕਰਾਇਆ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ)’ ਵਿੱਚ ਬੀਰ-ਕਾਵਿ ਅਧੀਨ ਦਰਜ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਇਸ ਕੁਦਰਤ ਦੇ ਕਾਦਰ ਪਰਮ ਪਿਤਾ ਪਰਮਾਤਮਾ ਦਾ ਗੁਣਗਾਣ ਕੀਤਾ ਗਿਆ ਹੈ ਜਿਸਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ। ਭਾਵ ਜਿਸਨੇ ਰਾਖਸ਼ ਪੈਦਾ ਕੀਤੇ ਅਤੇ ਲੜਾਈ ਦਾ ਆਧਾਰ ਬੰਨ੍ਹਿਆ।

ਵਿਆਖਿਆ: ਪਰਮ ਪਿਤਾ ਪਰਮਾਤਮਾ, ਅਕਾਲ ਪੁਰਖ ਨੇ ਪਹਿਲਾਂ ਪਰਮ ਸ਼ਕਤੀ ਨੂੰ ਬਣਾ ਕੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਉਸ ਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਦੀ ਰਚਨਾ ਕਰ ਕੇ ਸ੍ਰਿਸ਼ਟੀ ਸਾਜੀ ਅਤੇ ਕੁਦਰਤ ਦਾ ਖੇਲ ਰਚਾਇਆ ਹੈ। ਫਿਰ ਸਮੁੰਦਰ, ਪਹਾੜ ਤੇ ਧਰਤੀ ਬਣੇ ਅਤੇ ਇਹਨਾਂ ਨੂੰ ਬਿਨਾਂ ਥੰਮ੍ਹ ਅਕਾਸ਼ ਨੂੰ ਉੱਪਰ ਟਿਕਾ ਦਿੱਤਾ। ਫਿਰ ਉਸ ਪਰਮਾਤਮਾ ਨੇ ਦੈਂਤਾਂ ਤੇ ਦੇਵਤਿਆਂ ਨੂੰ ਪੈਦਾ ਕੀਤਾ। ਪਰਮਾਤਮਾ ਤੁਸੀਂ ਦੁਰਗਾ ਨੂੰ ਸਾਜ ਕੇ ਦੈਂਤਾਂ ਦਾ ਨਾਸ਼ ਕਰਵਾਇਆ।

(ਅ) ਸੱਟ ਪਈ ਜਮਧਾਣੀ ਦਲਾਂ ਮੁਕਾਬਲਾ

ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ

ਚੰਡੀ ਰਾਕਸ਼ ਖਾਣੀ ਵਾਹੀ ਦੈਂਤ ਨੂੰ

ਕੋਪਰ ਚੂਰ ਚਵਾਣੀ ਲਥੀ ਕਰੰਗ ਲੈ

ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ

ਲੈਂਦੀ ਅਘਾਂ ਸਿਧਾਣੀ ਸਿੰਗਾਂ ਧਉਲ ਦਿਆਂ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ)’ ਵਿੱਚ ‘ਬੀਰ-ਕਾਵਿ’ ਅਧੀਨ ਦਰਜ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਗੁਰੂ ਜੀ ਦੁਰਗਾ ਵੱਲੋਂ ਮਹਿਖਾਸੁਰ ਦੈਂਤ ’ਤੇ ਕੀਤੇ ਸ਼ਕਤੀਸ਼ਾਲੀ ਵਾਰ ਦਾ ਵਰਨਣ ਕਰਦੇ ਹਨ।

ਵਿਆਖਿਆ: ਜਮਦੂਤ ਦੇ ਮਾਰੂ ਧੌਂਸਿਆਂ ਦੀਆਂ ਅਵਾਜ਼ਾਂ ਨਾਲ਼ ਦੋਹਾਂ ਦਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਦੁਰਗਾ ਦੇਵੀ ਨੇ ਆਪਣੀ ਮਿਆਨ ਵਿਚੋਂ ਤਲਵਾਰ ਖਿੱਚ ਲਈ। ਦੁਰਗਾ ਦੇਵੀ ਨੇ ਆਪਣੀ ਰਾਕਸ਼ਾਂ ਨੂੰ ਖਾਣ ਵਾਲ਼ੀ ਤਲਵਾਰ ਮਹਿਖਾਸੁਰ ਦੈਂਤ ਦੇ ਸਿਰ ਵਿਚ ਮਾਰੀ, ਜਿਸ ਨਾਲ਼ ਉਸ ਦੀ ਖੋਪਰੀ ਚਕਨਾਚੂਰ ਹੋ ਗਈ। ਲਹੂ ਨਾਲ਼ ਚੋਂਦੀ ਤਲਵਾਰ ਨੇ ਮਹਿਖਾਸੁਰ ਦੇ ਪਿੰਜਰ ਨੂੰ ਚੀਰ ਦਿੱਤਾ ਦੁਰਗਾ ਦਾ ਵਾਰ ਏਨਾ ਸ਼ਕਤੀਸ਼ਾਲੀ ਸੀ ਕਿ ਤਲਵਾਰ ਫਿਰ ਵੀ ਨਹੀਂ ਰੁਕੀ ਉਹ ਘੋੜੇ ਦੀ ਕਾਠੀ, ਪਲਾਣ ਤੇ ਘੋੜੇ ਨੂੰ ਚੀਰਦੀ ਹੋਈ ਧਰਤੀ ਵਿਚ ਜਾ ਧਸੀ ਅਤੇ ਧਰਤੀ ਨੂੰ ਚੀਰਦੀ ਹੋਈ ਅੱਗੇ ਉਸ ਬਲਦ ਦੇ ਸਿੰਙਾਂ ’ਤੇ ਵੱਜੀ, ਜਿਸ ਨੇ ਧਰਤੀ ਨੂੰ ਸਿਰ ’ਤੇ ਚੁੱਕਿਆ ਹੋਇਆ ਹੈ।

ਪ੍ਰਸ਼ਨ 2. ‘ਸੱਟ ਪਈ ਜਮਧਾਣੀ ਦਲਾਂ ਮੁਕਾਬਲਾ‘ ਪੰਕਤੀ ਨਾਲ ਰਣ-ਭੂਮੀ ਦਾ ਚਿੱਤਰ ਸ਼ੁਰੂ ਹੋ ਕੇ ‘ਬਿਧਣ ਖੇਤ ਵਿਹਾਣੀ ਮਹਿਖੇ ਦੈਂਤ ਨੋ‘ ਉੱਤੇ ਸਮਾਪਤ ਹੁੰਦਾ ਹੈ। ਇਸ ਪਉੜੀ ਵਿੱਚ ਦਰਸਾਏ ਰਣਭੂਮੀ ਦੇ ਚਿੱਤਰ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਜਮਦੂਤ ਦੇ ਮਾਰੂ ਧੌਂਸਿਆਂ ਦੀਆਂ ਅਵਾਜ਼ਾਂ ਨਾਲ਼ ਦੋਹਾਂ ਦਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਦੁਰਗਾ ਦੇਵੀ ਨੇ ਆਪਣੀ ਮਿਆਨ ਵਿਚੋਂ ਤਲਵਾਰ ਖਿੱਚ ਲਈ। ਦੁਰਗਾ ਦੇਵੀ ਨੇ ਆਪਣੀ ਰਾਕਸ਼ਾਂ ਨੂੰ ਖਾਣ ਵਾਲ਼ੀ ਤਲਵਾਰ ਮਹਿਖਾਸੁਰ ਦੈਂਤ ਦੇ ਸਿਰ ਵਿਚ ਮਾਰੀ, ਜਿਸ ਨਾਲ਼ ਉਸ ਦੀ ਖੋਪਰੀ ਚਕਨਾਚੂਰ ਹੋ ਗਈ। ਲਹੂ ਨਾਲ਼ ਚੋਂਦੀ ਤਲਵਾਰ ਨੇ ਮਹਿਖਾਸੁਰ ਦੇ ਪਿੰਜਰ ਨੂੰ ਚੀਰ ਦਿੱਤਾ ਦੁਰਗਾ ਦਾ ਵਾਰ ਏਨਾ ਸ਼ਕਤੀਸ਼ਾਲੀ ਸੀ ਕਿ ਤਲਵਾਰ ਫਿਰ ਵੀ ਨਹੀਂ ਰੁਕੀ ਉਹ ਘੋੜੇ ਦੀ ਕਾਠੀ, ਪਲਾਣ ਤੇ ਘੋੜੇ ਨੂੰ ਚੀਰਦੀ ਹੋਈ ਧਰਤੀ ਵਿਚ ਜਾ ਧਸੀ ਅਤੇ ਧਰਤੀ ਨੂੰ ਚੀਰਦੀ ਹੋਈ ਅੱਗੇ ਉਸ ਬਲਦ ਦੇ ਸਿੰਙਾਂ ’ਤੇ ਵੱਜੀ, ਜਿਸ ਨੇ ਧਰਤੀ ਨੂੰ ਸਿਰ ’ਤੇ ਚੁੱਕਿਆ ਹੋਇਆ ਹੈ। ਦੁਰਗਾ ਦੇਵੀ ਦੀ ਤਲਵਾਰ ਦਾ ਵਾਰ ਉੱਥੇ ਵੀ ਨਾ ਰੁਕਿਆ ਸਗੋਂ ਤਲਵਾਰ ਨੇ ਬਲਦ ਦੇ ਸਿੰਙ ਨੂਮ ਚੀਰ ਕੇ ਪਤਾਲ ਵਿੱਚ ਉਸ ਕੱਛੂਕੁੰਮੇ ਦੇ ਸਿਰ ’ਤੇ ਲਿਸ਼ਕੀ। ਇਸ ਤਲਵਾਰ ਨੇ ਵੱਡੇ ਸੂਰਮਿਆ ਨੂੰ ਇਸ ਤਰ੍ਹਾਂ ਵੱਢਿਆ ਜਿਵੇਂ ਕੋਈ ਤਰਖਾਣ ਲੱਕੜ ਦੇ ਮੋਛੇ ਪਾਉਂਦਾ ਹੈ। ਦੁਰਗਾ ਦੇਵੀ ਦੀ ਤਲਵਾਰ ਨੇ ਜੰਗ ਵਿੱਚ ਲਹੂ ਤੇ ਮਿੱਝ ਦੀ ਜਿਵੇਂ ਘਾਣੀ ਕਰ ਦਿੱਤੀ। ਗੁਰੂ ਜੀ ਕਹਿੰਦੇ ਹਨ ਕਿ ਇਸ ਤਲਵਾਰ ਦੀ ਕਹਾਣੀ ਚਾਰ ਯੁੱਗ ਤੱਕ ਚੱਲਦੀ ਰਹੇਗੀ। ਕਿਉਂਕਿ ਇਹ ਉਹ ਤਲਵਾਰ ਹੈ ਜਿਸਦੇ ਕਾਰਨ ਮਹਿਖਾਸੁਰ ਦੈਂਤ ਨੂੰ ਔਖੀ ਘੜੀ ਦਾ ਸਾਮ੍ਹਣਾ ਕਰਨਾ ਪਿਆ ਹੈ।

ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ‘ਚੰਡੀ ਦੀ ਵਾਰ’ ਕਿਸ ਦੀ ਰਚਨਾ ਹੈ?

ਉੱਤਰ: ਗੁਰੂ ਗੋਬਿੰਦ ਸਿੰਘ ਜੀ।

ਪ੍ਰਸ਼ਨ 2. ‘ਚੰਡੀ ਦੀ ਵਾਰ’ ਦੇ ਮੰਗਲਾਚਰਨ ਵਿੱਚ ਕੁੱਲ ਕਿੰਨੇ ਸਿੱਖ ਗੁਰੂ ਸਾਹਿਬਾਨ ਦਾ ਜ਼ਿਕਰ ਹੋਇਆ ਹੈ?

ਉੱਤਰ: ਨੌਂ।

ਪ੍ਰਸ਼ਨ 3. ਚੰਡੀ ਦੀ ਵਾਰ ਵਿੱਚ ਲੜਾਈ ਕਿਹੜੀਆਂ-ਕਿਹੜੀਆਂ ਧਿਰਾਂ ਦਰਮਿਆਨ ਹੁੰਦੀ ਹੈ?

ਉੱਤਰ: ਦੁਰਗਾ ਦੇਵੀ ਅਤੇ ਰਾਕਸ਼ਾ ਦਰਮਿਆਨ।

ਪ੍ਰਸ਼ਨ 4. ਦੇਵਤੇ ਕਿਸ ਦੀ ਅਗਵਾਈ ’ਚ ਰਾਖਸ਼ਾਂ ਨਾਲ਼ ਲੜਾਈ ਕਰਦੇ ਹਨ?

ਉੱਤਰ: ਦੁਰਗਾ ਦੀ ਅਗਵਾਈ ਵਿੱਚ।

ਪ੍ਰਸ਼ਨ 5. ਦੋਹਾਂ ਧਿਰਾਂ ਦਰਮਿਆਨ ਲੜਾਈ ਤੋਂ ਪਹਿਲਾਂ ਕੀ-ਕੀ ਵਜਾਇਆ ਜਾਂਦਾ ਹੈ?

ਉੱਤਰ: ਢੋਲ ਅਤੇ ਨਗਾਰੇ।

ਪ੍ਰਸ਼ਨ 6. ਵਾਰ ਤੋਂ ਕੀ ਭਾਵ ਹੈ?

ਉੱਤਰ: ਲੜਾਈ ਨੂੰ ਬਿਆਨ ਕਰਦੀ ਬੀਰ-ਰਸੀ ਕਵਿਤਾ।

ਪ੍ਰਸ਼ਨ 7. “ਤੈਂ ਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸ ਕਰਾਇਆ‘ ਤੋਂ ਕੀ ਭਾਵ ਹੈ?

ਉੱਤਰ: ਪਰਮਾਤਮਾ ਨੇ ਦੁਰਗਾ ਨੂੰ ਸਾਜ ਕੇ ਰਾਕਸ਼ਾ ਦਾ ਨਾਸ ਕਰਾਇਆ।

ਪ੍ਰਸ਼ਨ 8. ‘ਮਹਿਖਾ’ ਅਤੇ ‘ਮਹਿਖਾਸੁਰ’ ਕੌਣ ਸਨ?

ਉੱਤਰ: ਰਾਕਸ਼।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

TAGGED:
Share This Article
Leave a Comment

Leave a Reply

Your email address will not be published. Required fields are marked *