11. ਚੰਡੀਗੜ੍ਹ ਵਿੱਚ ਨਿਯੁਕਤੀ (ਡਾ. ਜਸਵੰਤ ਸਿੰਘ ਨੇਕੀ)
ਅਭਿਆਸ
(ੳ) ਵਸਤੂਨਿਸ਼ਠ ਪ੍ਰਸ਼ਨ:-
ਪ੍ਰਸ਼ਨ 1. ‘ਆਪ–ਬੀਤੀਆਂ’ ਪੁਸਤਕ ਵਿੱਚ ਦਰਜ ਡਾ. ਜਸਵੰਤ ਸਿੰਘ ਨੇਕੀ ਦੁਆਰਾ ਰਚਿਤ ਸ੍ਵੈਜੀਵਨੀ-ਅੰਸ਼ ਦਾ ਨਾਂ ਦੱਸੋ।
ਉੱਤਰ: ਚੰਡੀਗੜ੍ਹ ਵਿੱਚ ਨਿਯੁਕਤੀ।
ਪ੍ਰਸ਼ਨ 2. ਲੇਖਕ ਨੂੰ ਕਿਸ ਸ਼ਹਿਰ ਨਾਲ਼ ਪਿਆਰ ਸੀ?
ਉੱਤਰ: ਦਿੱਲੀ ਨਾਲ਼।
ਪ੍ਰਸ਼ਨ 3. ‘ਡਾਕਟਰੀ ਦਾ ਵੱਡਾ ਸੰਸਥਾਨ’ ਚਲਾਉਣ ਲਈ ਲੇਖਕ ਦੀ ਨਿਯੁਕਤੀ ‘ਚੰਡੀਗੜ੍ਹ’ ਵਿਖੇ ਹੋ ਗਈ। (ਸਹੀ/ਗ਼ਲਤ)
ਉੱਤਰ: ਸਹੀ।
ਪ੍ਰਸ਼ਨ 4. ਚੰਡੀਗੜ੍ਹ ਵਿੱਚ ਰਹਿੰਦਿਆਂ ਡਾ. ਨੇਕੀ ਕੋਲ਼ ਬਹੁਤ ਵਿਹਲ ਹੁੰਦੀ ਸੀ। (ਸਹੀ/ਗ਼ਲਤ)
ਉੱਤਰ: ਗ਼ਲਤ।
ਖ਼ਾਲੀ ਸਥਾਨ ਭਰੋ:-
ਪ੍ਰਸ਼ਨ 5. ………………ਤੋਂ ਬਿਨਾਂ ਜ਼ਿੰਦਗਾਨੀ ਸੁੰਨਸਾਨ ਹੈ।
ਉੱਤਰ: ਉੱਦਮ।
ਪ੍ਰਸ਼ਨ 6. ਲੇਖਕ ਨੇ ਆਪਣੀ ਸ੍ਵੈਜੀਵਨੀ ………………………ਰੂਪ ਵਿੱਚ ਲਿਖੀ ਹੈ।
ਉੱਤਰ: ਕਵਿਤਾ।
ਪ੍ਰਸ਼ਨ 7. ਲੇਖਕ ਅਨੁਸਾਰ ਰੱਬ ਮਿੱਤ ਹੁੰਦਾ ਹੈ……………………
(ੳ) ਘਾਲਣਾ ਵਿੱਚ ਲੱਗਣ ਨਾਲ਼ (ਅ) ਪਾਠ-ਪੂਜਾ ਕਰਨ ਨਾਲ਼
(ੲ) ਦਾਨ-ਪੁੰਨ ਕਰਨ ਨਾਲ਼ (ਸ) ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਨਾਲ਼
ਉੱਤਰ: ਘਾਲਣਾ ਵਿੱਚ ਲੱਗਣ ਨਾਲ਼।
(ਅ) ਦੱਸੋ :-
ਪ੍ਰਸ਼ਨ 1. ਡਾ. ਜਸਵੰਤ ਸਿੰਘ ਨੇਕੀ ਨੇ ਚੰਡੀਗੜ੍ਹ ਕਿੰਨੇ ਸਾਲ ਕੰਮ ਕੀਤਾ? ਇੱਥੇ ਰਹਿੰਦੇ ਉਸਦੀ ਜ਼ਿੰਦਗੀ ਕਿਹੋ-ਜਿਹੀ ਸੀ?
ਉੱਤਰ: ਡਾ: ਜਸਵੰਤ ਸਿੰਘ ਨੇਕੀ ਨੇ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਦਿੱਲੀ ਸ਼ਹਿਰ ਛੱਡਣਾ ਪਵੇਗਾ। ਪਰ ਸਰਕਾਰੀ ਹੁਕਮ ਨਾਲ਼ ਚੰਡੀਗੜ੍ਹ ਵਿਚ ਡਾ. ਜਸਵੰਤ ਸਿੰਘ ਨੇਕੀ ਨੇ ਤਿੰਨ ਸਾਲ ਕੰਮ ਕੀਤਾ। ਜਿੱਥੇ ਉਹ ਪੂਰੀ ਤਰ੍ਹਾਂ ਕਰਮਸ਼ੀਲ ਬਣ ਕੇ ਨਿਬਯਿਆ। ਉਹ ਰਾਤ-ਦਿਨ ਕੰਮ ਵਿਚ ਜੁੱਟਾ ਰਹਿੰਦਾ ਸੀ। ਉਹ ਸੁੱਤਾ ਪਿਆ ਕੰਮ ਦੇ ਹੀ ਸੁਪਨੇ ਲੈਂਦਾ ਸੀ ਤੇ ਜਾਗਦਾ ਵੀ ਕੰਮ ਦੇ ਖ਼ਿਆਲਾਂ ਵਿਚ ਸੀ। ਉਹ ਆਪਣੇ ਕੰਮ ਵਿੱਚ ਏਨਾ ਵਿਅਸਤ ਰਿਹਾ ਕਿ ਉਸ ਕੋਲ਼ ਨਾ ਭਵਿੱਖ ਦੇ ਸੁਪਨੇ ਲੈਣ ਦੀ ਵਿਹਲ ਸੀ ਤੇ ਨਾ ਟੱਬਰ ਦੀ ਖ਼ਬਰ-ਸੁਰਤ ਲੈਣ ਦੀ। ਉਸ ਦਾ ਹੱਥ ਕਾਰ ਵਿਚ ਤੇ ਚਿੱਤ ਕਰਤਾਰ ਵਿਚ ਰਹਿੰਦਾ ਸੀ। ਉਸ ਨੂੰ ਉੱਦਮ ਹੀ ਜ਼ਿੰਦਗੀ ਤੇ ਜ਼ਿੰਦਗੀ ਦੀ ਸ਼ਾਨ ਪ੍ਰਤੀਤ ਹੁੰਦੀ ਸੀ। ਉਹ ਸਮਝਦਾ ਸੀ ਰੱਬ ਵੀ ਘਾਲਣਾ ਕਰਨ ਵਾਲ਼ੇ ਬੰਦੇ ਦਾ ਸੰਗੀ-ਸਾਥੀ ਬਣ ਜਾਂਦਾ ਹੈ।
ਪ੍ਰਸ਼ਨ 2. ਚੰਡੀਗੜ੍ਹ ਵਿਚ ਨਿਯੁਕਤੀ ਉਪਰੰਤ ਲੇਖਕ ਨੇ ਆਪਣੇ ਰੁਝੇਵਿਆਂ ਬਾਰੇ ਕੀ ਦੱਸਿਆ ਹੈ?
ਉੱਤਰ- ਲੇਖਕ ਦੱਸਦਾ ਹੈ ਕਿ ਚੰਡੀਗੜ੍ਹ ਵਿਚ ਨਿਯੁਕਤੀ ਉਪਰੰਤ ਉਸ ਦਾ ਜੀਵਨ ਰੁਝੇਵਿਆਂ ਭਰਿਆ ਰਿਹਾ ਸੀ। ਕਿਉਂਕਿ ਪੀ. ਜੀ. ਆਈ. ਵੱਡਾ ਡਾਕਟਰੀ ਸੰਸਥਾਨ ਸੀ ਅਤੇ ਜਿੱਥੇ ਬੇਸ਼ੱਕ ਉਸਦੀ ਜ਼ਿੰਮੇਵਾਰੀ ਨਵੀਂ ਸੀ, ਸ਼ਹਿਰ ਵੀ ਨਵਾਂ ਸੀ ਪਰ ਫਿਰ ਵੀ ਉਹ ਰਾਤ-ਦਿਨ ਕੰਮ ਵਿਚ ਜੁਟਿਆ ਰਹਿੰਦਾ। ਇੱਥੇ ਉਸ ਕੋਲ਼ ਵਿਹਲ ਨਾਂ ਦੀ ਕੋਈ ਗੱਲ ਨਹੀਂ ਸੀ ਤੇ ਨਾ ਆਪਣੇ ਟੱਬਰ ਦੀ ਸੁਰਤ-ਸੰਭਾਲ ਕਰਨ ਦੀ। ਉਹ ਸੁੱਤਾ ਵੀ ਘਾਲਣਾ ਦੇ ਸੁਪਨੇ ਲੈਂਦਾ ਸੀ ਤੇ ਜਾਗਦਾ ਵੀ ਇਹ ਘਾਲਣਾ ਦੇ ਖ਼ਿਆਲਾਂ ਨਾਲ਼ ਹੀ ਸੀ । ਬੇਸ਼ਕ ਉਸ ਨੂੰ ਇੱਥੋਂ ਦੇ ਪ੍ਰਬੰਧਕੀ ਕਾਰਜਾਂ ਤੋਂ ਰਤਾ ਵਿਹਲ ਨਹੀਂ ਸੀ, ਪਰ ਕਵਿਤਾ ਲਿਖਣਾ ਉਸਦਾ ਸ਼ੌਕ ਸੀ ਜਿਸ ਕਰਕੇ ਉਸਨੇ ਇੱਥੇ ਆਪਣੀ ਆਪ-ਬੀਤੀ ਲਿਖਣੀ ਸ਼ੁਰੂ ਕਰ ਦਿੱਤੀ।
ਪ੍ਰਸ਼ਨ 3. ‘ਚੰਡੀਗੜ੍ਹ ਵਿਚ ਨਿਯੁਕਤੀ’ ਸ੍ਵੈ-ਜੀਵਨੀ ਅੰਸ਼ ਵਿਚ ਲੇਖਕ ਨੇ ਉੱਦਮ ਦੀ ਕਿਵੇਂ ਪ੍ਰਸੰਸਾ ਕੀਤੀ ਹੈ?
ਉੱਤਰ- ‘ਚੰਡੀਗੜ੍ਹ ਵਿਚ ਨਿਯੁਕਤੀ’ ਸ੍ਵੈ-ਜੀਵਨੀ ਅੰਸ਼ ਵਿਚ ਲੇਖਕ ਉੱਦਮ ਦੀ ਪ੍ਰਸੰਸਾ ਕਰਦਿਆਂ ਲਿਖਦਾ ਹੈ ਕਿ ਉੱਦਮ ਹੀ ਮਨੁੱਖ ਦੀ ਜ਼ਿੰਦਗੀ ਤੇ ਸ਼ਾਨ ਹੈ। ਉੱਦਮ ਤੋਂ ਬਿਨਾਂ ਜ਼ਿੰਦਗੀ ਸੁੰਨਸਾਨ ਰਹਿੰਦੀ ਹੈ। ਉੱਦਮ ਨਾਲ਼ ਖੰਭ ਫੜਫੜਾਉਂਦੇ ਪੰਛੀ ਉੱਚੀਆਂ ਅਸਮਾਨੀ ਉਡਾਰੀਆਂ ਮਾਰਦੇ ਹਨ। ਉੱਦਮ ਕਰਨ ਵਾਲੇ ਬੰਦੇ ਨੇੜੇ ਚਿੰਤਾ ਵੀ ਨਹੀਂ ਆਉਂਦੀ ਤੇ ਰੱਬ ਵੀ ਉੱਦਮ ਕਰਨ ਵਾਲ਼ੇ ਬੰਦੇ ਦਾ ਸੰਗੀ-ਸਾਥੀ ਬਣਦਾ ਹੈ।
ਪ੍ਰਸ਼ਨ 4. ‘ਚੰਡੀਗੜ੍ਹ ਵਿਚ ਨਿਯੁਕਤੀ’ ਸ੍ਵੈ-ਜੀਵਨੀ ਅੰਸ਼ ਵਿਚ ਲੇਖਕ ਨੇ ਕਾਲ ਦੇ ਮਹੱਤਵ ਬਾਰੇ ਜੋ ਕੁੱਝ ਕਿਹਾ ਹੈ, ਉਸ ਨੂੰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ- ਲੇਖਕ ਮਨੁੱਖੀ ਜ਼ਿੰਦਗੀ ਵਿਚ ਕਾਲ ਨੂੰ ਬੜਾ ਮਹੱਤਵਪੂਰਨ ਮੰਨਦਾ ਹੋਇਆ ਲਿਖਦਾ ਹੈ ਕਿ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਕਦੇ ਦਿੱਲੀ ਛੱਡਣਾ ਪਵੇਗਾ ਕਿਉਂਕਿ ਉਸਨੂੰ ਦਿੱਲੀ ਸ਼ਹਿਰ ਨਾਲ਼ ਬਹੁਤ ਪਿਆਰ ਸੀ। ਇਹ ਕਾਲ ਦਾ ਵੀ ਆਪਣਾ ਹੀ ਹਿਸਾਬ ਹੁੰਦਾ ਹੈ ਕਿ ਉਹ ਮਨੁੱਖ ਨੂੰ ਇਕ ਟਿਕਾਣੇ ਤੋਂ ਦੂਜੇ ਟਿਕਾਣੇ ਉੱਤੇ ਪੁਚਾ ਦਿੰਦਾ ਹੈ। ਜਿੰਨਾ ਚਿਰ ਕਾਲ ਉਸ ਨੂੰ ਕਿਤੇ ਪੱਕਾ ਨਾ ਬਿਠਾਵੇ, ਕੋਈ ਵੀ ਇਨਸਾਨ ਉੱਥੇ ਸਦਾ ਲਈ ਨਹੀਂ ਰਹਿ ਸਕਦਾ। ਕਾਲ ਦੇ ਨਾਲ਼ ਚਲਦਿਆਂ ਮੁਸ਼ਕਿਲਾਂ ਵੀ ਆਉਂਦੀਆਂ ਹਨ ਤੇ ਇਸ ਨਾਲ਼ ਸੰਘਰਸ਼ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਕਾਲ ਜਿੱਥੇ ਚਾਹੇ ਮਨੁੱਖ ਨੂੰ ਪਹੁੰਚਾ ਸਕਦਾ ਹੈ। ਕਾਲ ਤੋਂ ਹੀ ਸਾਡੇ ਮੇਲ਼-ਮਿਲਾਪ ਤੇ ਪਿਆਰ ਬਣਦੇ ਹਨ ਤੇ ਕਾਲ ਕਰਕੇ ਹੀ ਵਿਛੋੜੇ ਪੈਂਦੇ ਹਨ। ਕਾਲ ਗੀਤਾਂ ਦੇ ਉਪਜਣ ਦੀਆਂ ਤੇ ਵਿਛੋੜੇ ਦੀਆਂ ਸਥਿਤੀਆਂ ਪੈਦਾ ਕਰ ਦਿੰਦਾ ਹੈ ।
ਪ੍ਰਸ਼ਨ 5. ‘ਚੰਡੀਗੜ੍ਹ ਵਿਚ ਨਿਯੁਕਤੀ’ ਸ੍ਵੈ-ਜੀਵਨੀ ਅੰਸ਼ ਤੋਂ ਲੇਖਕ ਦੀ ਕਿਹੋ-ਜਿਹੀ ਸ਼ਖ਼ਸੀਅਤ ਉੱਭਰਦੀ ਹੈ?
ਉੱਤਰ- ‘ਚੰਡੀਗੜ੍ਹ ਵਿਚ ਨਿਯੁਕਤੀ’ ਸ੍ਵੈ-ਜੀਵਨੀ ਅੰਸ਼ ਤੋਂ ਪਤਾ ਲਗਦਾ ਹੈ ਕਿ ਲੇਖਕ ਉੱਚ-ਸਿੱਖਿਆ ਪ੍ਰਾਪਤ ਡਾਕਟਰ ਤੇ ਉਸ ਦੀ ਬਦਲੀ ਦਿੱਲੀ ਤੋਂ ਚੰਡੀਗੜ੍ਹ ਦੇ ਵੱਡੇ ਡਾਕਟਰੀ ਸੰਸਥਾਨ (ਪੀ.ਜੀ.ਆਈ.) ਵਿਚ ਬਤੌਰ ਡਾਇਰੈਕਟਰ ਹੋ ਜਾਂਦੀ ਹੈ। ਜਿੱਥੇ ਉਸ ਦੀ ਜ਼ਿੰਮੇਵਾਰੀ ਬਿਲਕੁਲ ਨਵੀਂ ਸੀ, ਪਰ ਉਸ ਨੇ ਰਾਤ-ਦਿਨ ਘਾਲਣਾ ਘਾਲ਼ ਕੇ ਉੱਥੋਂ ਦੇ ਪ੍ਰਬੰਧ ਨੂੰ ਚਲਾਇਆ ਤੇ ਆਪਣੇ ਨਿੱਜ ਸੁਖ-ਅਰਾਮ ਤੇ ਪਰਿਵਾਰ ਦੀ ਸੁਰਤ-ਸੰਭਾਲ ਰੱਖਣ ਦੀ ਪਰਵਾਹ ਨਹੀਂ ਕੀਤੀ। ਲੇਖਕ ਘਾਲਣਾ ਤੇ ਉੱਦਮ ਨੂੰ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਨ ਮੰਨਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਰੱਬ ਵੀ ਉੱਦਮ ਕਰਨ ਵਾਲੇ ਬੰਦੇ ਦਾ ਸੰਗੀ-ਸਾਥੀ ਬਣਦਾ ਹੈ। ਇੰਨੇ ਰੁਝੇਵਿਆਂ ਦੇ ਬਾਵਜੂਦ ਵੀ ਕਵਿਤਾ ਲਿਖਣਾ ਉਸਦਾ ਸ਼ੌਕ ਸੀ ਜਿਸ ਕਰਕੇ ਉਸਨੇ ਆਪਣੇ ਜੀਵਨ ਦੇ ਅੰਸ਼ ਕਵਿਤਾ ਰੂਪ ਵਿੱਚ ਲਿਖਣੇ ਸ਼ੁਰੂ ਕੀਤੇ। ਲੇਖਕ ਦੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਗੱਲ ਕਿ ਉਹ ਮੰਨਦਾ ਹੈ ਕਿ ਘਾਲਣਾ ਕਰਨ ਦੇ ਨਾਲ਼ ਬੇਲੋੜੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784