ਇੱਕ ਪੈਰ ਘੱਟ ਤੁਰਨਾ
ਕਹਾਣੀਕਾਰ – ਅਜੀਤ ਕੌਰ
••• ਸਾਰ •••
ਰਸ਼ੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਹੋਇਆ ਦਰੀਆਗੰਜ ਦੀ ਇੱਕ ਤੰਗ ਜਿਹੀ ਥਾਂ ਵਿੱਚ ਰਹਿੰਦਾ ਸੀ। ਰਸ਼ੀਦ ਦੀ ਪਤਨੀ ਤੇ ਦੋ ਬੱਚੇ ਮਰ ਚੁੱਕੇ ਸਨ। ਉਸ ਦਾ ਇੱਕ ਬੇਟਾ ਅਸਲਮ ਅਮਰੀਕਾ ਵਿੱਚ ਡਾਕਟਰੀ ਕਰਦਾ ਸੀ। ਜਦੋਂ ਰਸ਼ੀਦ ਦੇ ਪੱਸਲੀਆਂ ਤੋਂ ਹੇਠਾਂ ਦਰਦ ਉੱਠਿਆ ਤਾਂ ਡਾਕਟਰ ਨੂੰ ਦਿਖਾਉਣ ’ਤੇ ਉਸ ਨੂੰ ਡਾਕਟਰ ਨੇ ਟੈਸਟ ਕਰਕੇ ਦੱਸਿਆ ਕਿ ਉਸ ਦੇ ਮਿਹਦੇ ਵਿੱਚ ਕੈਂਸਰ ਹੈ ਅਤੇ ਉਸ ਨੂੰ ਆਪਣੇ ਪੁੱਤਰ ਨੂੰ ਅਮਰੀਕਾ ਤੋਂ ਬੁਲਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਸ ਦੇ ਪੁੱਛਣ ’ਤੇ ਡਾਕਟਰ ਨੇ ਦੱਸਿਆ ਕਿ ਉਹ ਦਵਾਈਆਂ ਖਾਣ ਨਾਲ਼ ਸਾਲ ਤੇ ਬਿਨਾਂ ਕੋਈ ਦਵਾਈ ਖਾਂਦਿਆਂ ਲਗਪਗ ਛੇ ਕੁ ਮਹੀਨੇ ਜਿਊਂਦਾ ਰਹਿ ਸਕਦਾ ਹੈ।
ਰਸ਼ੀਦ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਜ਼ਿੰਦਗੀ ਦੇ ਬਚੇ ਹੋਏ ਦਿਨ ਗੁਜ਼ਾਰਨ ਲਈ ਜ਼ਰੂਰਤ ਅਨੁਸਾਰ ਲੋੜੀਂਦਾ ਸਮਾਨ ਰੱਖ ਕੇ ਬਾਕੀ ਸਾਰਾ ਵੇਚ-ਵੱਟ ਕੇ ਆਪਣੇ ਪਿੰਡ ਵਿੱਚ ਚਲਾ ਜਾਂਦਾ ਹੈ। ਪਿੰਡ ਜਾਣ ਲਈ ਉਹ ਜਿੰਦਗੀ ਵਿੱਚ ਪਹਿਲੀ ਵਾਰ ਫਾਸਟ ਕਲਾਸ ਵਿਚ ਸਫ਼ਰ ਕਰਦਾ ਹੈ। ਉਹ ਸ਼ਹਿਰ ਦੇ ਤੰਗ ਜਿਹੇ ਘੁਟਨ ਵਾਲ਼ੇ ਮਾਹੌਲ ਵਿੱਚੋਂ ਆ ਕੇ ਆਪਣੇ ਪਿੰਡ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੀ ਬਿਮਾਰੀ ਦੇ ਦਰਦ ਤੋਂ ਰਾਹਤ ਪਾਉਣ ਅਤੇ ਆਪਣੇ ਦਿਨ ਖ਼ੁਸ਼ੀ ਨਾਲ਼ ਲੰਘਾਉਣ ਲਈ ਆਪਣੇ ਘਰ ਦੇ ਨੇੜੇ ਗੁਲਾਬ ਦੇ ਪੌਦੇ ਲਾ ਲੈਂਦਾ ਹੈ। ਰੰਗ-ਬਿਰੰਗੇ ਤੋਤੇ ਅਤੇ ਕੁਝ ਕਬੂਤਰ ਪਾਲ ਲੈਂਦਾ ਹੈ। ਉਹ ਕੁਝ ਬਿੱਲੀ ਦੇ ਬਲੂੰਗੜੇ ਵੀ ਪਾਲ ਲੈਂਦਾ ਹੈ। ਉਹ ਕਬੂਤਰਾਂ ਨੂੰ ਦਾਣਾ ਪਾਉਂਦਾ ਹੋਇਆ ਉਨ੍ਹਾਂ ਨਾਲ਼ ਗੱਲਾਂ ਕਰਦਾ ਹੈ। ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਨਾਲ਼ ਕੁਦਰਤ ਦੇ ਰੰਗ-ਬਰੰਗੇ ਨਜ਼ਾਰਿਆਂ ਨੂੰ ਮਾਣਦਾ ਹੋਇਆ ਉਹ ਸੋਚਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ ਅਤੇ ਜੇਕਰ ਉਸ ਨੂੰ ਆਪਣੀ ਮੌਤ ਬਾਰੇ ਪਹਿਲਾਂ ਨਾ ਪਤਾ ਲੱਗਦਾ ਤਾਂ ਇਹ ਸਭ ਕੁਝ ਦੇਖੇ ਬਿਨਾਂ ਹੀ ਉਸ ਨੇ ਮਰ ਜਾਣਾ ਸੀ।
ਇੱਕ ਦਿਨ ਉਹ ਆਪਣੇ ਗੁਆਂਢੀਆਂ ਦੇ ਮੁੰਡੇ ਸ਼ਾਮ ਨੂੰ ਦਸ ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ। ਉਹ ਸ਼ਾਮ ਨਾਲ਼ ਮਿਲ਼ ਕੇ ਪਤੰਗ ਦੀਆਂ ਤਣਾਵਾਂ ਪਾ ਕੇ ਅਤੇ ਝੋਲ ਪਰਖ ਕੇ ਉਸ ਨੂੰ ਉਡਾਣ ਲਈ ਤਿਆਰ ਕਰਦਾ ਹੈ। ਜਦੋਂ ਰਸ਼ੀਦ ਪਤੰਗ ਨੂੰ ਹੁਲਾਰਾ ਦਿੰਦਾ ਹੈ, ਤਾਂ ਅਚਾਨਕ ਉਸ ਦੇ ਭਿਆਨਕ ਦਰਦ ਉੱਠਦਾ ਹੈ ਅਤੇ ਖੂਨ ਦੀ ਉਲਟੀ ਆਉਂਦੀ ਹੈ ਅਤੇ ਡਿੱਗਦਿਆਂ ਸਾਰ ਉਸ ਦੀ ਮੌਤ ਹੋ ਜਾਂਦੀ ਹੈ।
••• ਸੰਖੇਪ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਡਾਕਟਰ, ਰਸ਼ੀਦ ਨੂੰ ਉਸ ਦੇ ਅਮਰੀਕਾ ਗਏ ਪੁੱਤਰ ਨੂੰ ਬੁਲਾਉਣ ਲਈ ਕਿਉਂ ਕਹਿੰਦਾ ਹੈ?
ਉੱਤਰ – ਡਾਕਟਰ ਰਸ਼ੀਦ ਨੂੰ ਉਸ ਦੇ ਅਮਰੀਕਾ ਗਏ ਪੁੱਤਰ ਨੂੰ ਇਸ ਲਈ ਬੁਲਾਉਣ ਲਈ ਕਹਿੰਦਾ ਹੈ ਕਿਉਂਕਿ ਰਸ਼ੀਦ ਦੇ ਮਿਹਦੇ ਵਿੱਚ ਕੈਂਸਰ ਹੈ ਅਤੇ ਉਸ ਨੂੰ ਆਪਣਾ ਹਸਪਤਾਲ ਵਿੱਚ ਦਾਖ਼ਲ ਹੋ ਕੇ ਇਲਾਜ ਕਰਵਾਉਣ ਲਈ ਇੱਕ ਸਹਾਇਕ ਦੀ ਲੋੜ ਪਵੇਗੀ। ਰਸ਼ੀਦ ਦੀ ਪਤਨੀ ਅਤੇ ਦੋ ਬੱਚੇ ਮਰ ਚੁੱਕੇ ਸਨ। ਇਕਲੌਤਾ ਅਸਲਮ ਹੀ ਹੈ ਜੋ ਰਸ਼ੀਦ ਦੀ ਦੇਖ-ਭਾਲ ਕਰ ਸਕਦਾ ਹੈ।
ਪ੍ਰਸ਼ਨ 2. ਰਸ਼ੀਦ ਨੇ ਦਫ਼ਤਰ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਕਿਉਂ ਸੋਚਿਆ?
ਉੱਤਰ – ਜਦੋਂ ਡਾਕਟਰਾਂ ਨੇ ਰਸ਼ੀਦ ਦੇ ਮਿਹਦੇ ਵਿੱਚ ਕੈਂਸਰ ਹੋਣ ਕਾਰਨ ਬਿਨਾਂ ਇਲਾਜ ਕਰਵਾਏ ਉਸ ਨੂੰ ਛੇ ਕੁ ਮਹੀਨੇ ਹੀ ਹੋਰ ਜਿਊਂਦਾ ਰਹਿ ਸਕਣ ਬਾਰੇ ਦੱਸਿਆ ਤਾਂ ਰਸ਼ੀਦ ਨੇ ਆਪਣੀ ਬਾਕੀ ਬਚੀ ਜਿੰਦਗੀ ਸ਼ਹਿਰ ਦੇ ਰੌਲੇ–ਰੱਪੇ ਅਤੇ ਤੰਗ ਥਾਂ ਵਿੱਚ ਗੁਜ਼ਾਰਨ ਦੀ ਥਾਂ ਆਪਣੇ ਪਿੰਡ ਦੀ ਪੱਕੀ ਹਵੇਲੀ ਅਤੇ ਖੁੱਲ੍ਹੇ-ਡੁੱਲ੍ਹੇ ਵਾਤਾਵਰਣ ਵਿੱਚ ਗੁਜ਼ਾਰਨ ਦਾ ਮਨ ਬਣਾ ਕੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਬਾਰੇ ਸੋਚਿਆ।
ਪ੍ਰਸ਼ਨ 3. ਰਸ਼ੀਦ ਆਪਣੇ ਪਿੰਡ ਜਾ ਕੇ ਕਿਵੇਂ ਰਹਿਣਾ ਸ਼ੁਰੂ ਕਰਦਾ ਹੈ?
ਉੱਤਰ – ਰਸ਼ੀਦ ਨੇ ਆਪਣੇ ਪਿੰਡ ਜਾ ਕੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਆਸ-ਪਾਸ ਗੁਲਾਬ ਦੇ ਪੌਦੇ ਲਗਵਾਏ। ਉਸ ਨੇ ਕੁਝ ਕਬੂਤਰ, ਬਿੱਲੀਆਂ ਅਤੇ ਤੋਤੇ ਪਾਲ ਲਏ ਤਾਂ ਕਿ ਉਹਨਾਂ ਦੀ ਦੇਖ-ਭਾਲ ਵਿੱਚ ਰੁੱਝਿਆਂ ਉਸ ਨੂੰ ਆਪਣੀ ਬਿਮਾਰੀ ਦੇ ਦਰਦ ਦਾ ਅਹਿਸਾਸ ਨਾ ਹੋਵੇ। ਜਦੋਂ ਦਰਦ ਵਧਦਾ ਮਹਿਸੂਸ ਹੁੰਦਾ ਤਾਂ ਉਹ ਕਿਆਰੀਆਂ ਵਿੱਚ ਫੁੱਲਾਂ ਦੀਆਂ ਹੋਰ ਦੋ-ਚਾਰ ਕਲਮਾਂ ਲਗਾ ਦਿੰਦਾ। ਰਾਤ ਸਮੇਂ ਉਹ ਤਾਰਿਆਂ ਨਾਲ ਗੱਲਾਂ ਕਰਨ ਦਾ ਅਹਿਸਾਸ ਲੈ ਕੇ ਆਪਣੇ ਦਰਦ ਨੂੰ ਛਪਾਉਣ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਰਸ਼ੀਦ ਨੇ ਆਪਣਾ ਬਾਕੀ ਬਚਿਆ ਜੀਵਨ ਬਿਨਾਂ ਡਾਕਟਰੀ ਚੀਰ-ਫਾੜ ਅਤੇ ਦਵਾਈਆਂ ਖਾਦੇ ਕੁਦਰਤੀ ਨਿਆਮਤਾਂ ਵਿੱਚ ਰਹਿ ਕੇ ਗੁਜ਼ਾਰਿਆ।
ਪ੍ਰਸ਼ਨ 4. “ਲੈ ਬਈ ਇੱਕ ਹੋਰ ਦਿਨ ਨੂੰ ਝੁਠਾਲੀ ਦੇ ਦਿੱਤੀ। ਐਸਾ ਉੱਲੂ ਬਣਾਇਆ ਕਿ ਚੁੱਪ–ਚਾਪ ਲਹਿ ਕੇ ਤੁਰ ਗਿਆ।” ਰਸ਼ੀਦ ਦੀ ਇਸ ਮਨਬਚਨੀ ਤੋਂ ਕੀ ਭਾਵ ਹੈ?
ਉੱਤਰ – ਜਦੋਂ ਰਸ਼ੀਦ ਕੈਂਸਰ ਦੀ ਬਿਮਾਰੀ ਕਾਰਨ ਆਪਣੀ ਬਾਕੀ ਬਚੀ ਜ਼ਿੰਦਗੀ ਨੂੰ ਪਿੰਡ ਵਿੱਚ ਰਹਿ ਕੇ ਗੁਜ਼ਾਰਨ ਲੱਗਾ ਤਾਂ ਉੱਥੇ ਉਸ ਨੇ ਆਪਣੇ ਦਰਦ ਨੂੰ ਭੁਲਾਉਣ ਲਈ ਆਪਣਾ ਸਮਾਂ ਪੌਦੇ ਲਾ ਕੇ, ਕਬੂਤਰਾਂ, ਬਿੱਲੀਆਂ ਤੇ ਤੋਤਿਆਂ ਨਾਲ ਖੇਡ ਕੇ ਗੁਜ਼ਾਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਖੇਡਦਿਆਂ ਬਿਨਾਂ ਦਰਦ ਦਾ ਅਹਿਸਾਸ ਹੋਏ ਜਦੋਂ ਉਸ ਦਾ ਦਿਨ ਬੀਤ ਜਾਂਦਾ ਤਾਂ ਉਹ ਇਹ ਬਚਨ ਬੋਲ ਕੇ ਆਪਣੇ ਆਪ ਨਾਲ਼ ਗੱਲਾਂ ਕਰਦਾ ਹੈ।
ਪ੍ਰਸ਼ਨ 5. ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਸ਼ੌਕ ਪਾਲਦਾ ਹੈ?
ਉੱਤਰ – ਰਸ਼ੀਦ ਨੇ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਕਈ ਸ਼ੌਕ ਪਾਲ ਲਏ ਅਤੇ ਉਹਨਾਂ ਵਿੱਚ ਰੁੱਝਿਆ ਆਪਣੇ ਦਰਦ ਦੇ ਅਹਿਸਾਸ ਨੂੰ ਭੁਲਾ ਕੇ ਖੁਸ਼ੀ-ਖੁਸ਼ੀ ਰਹਿਣ ਲੱਗਿਆ। ਉਸ ਨੇ ਘਰ ਦੇ ਆਸ-ਪਾਸ ਕਿਆਰੀਆਂ ਵਿੱਚ ਫੁੱਲਾਂ ਦੇ ਪੌਦੇ ਲਾ ਲਏ। ਬਿੱਲੀ ਦੇ ਬਲੂੰਗੜੇ ਰੱਖ ਲਏ। ਉਸ ਨੇ ਕੁੱਝ ਕਬੂਤਰ ਤੇ ਤੋਤੋ ਪਾਲ ਲਏ, ਉਨ੍ਹਾਂ ਨੂੰ ਦਾਣਾ ਖਿਲਾਉਂਦਾ ਅਤੇ ਉਨ੍ਹਾਂ ਨਾਲ਼ ਗੱਲਾਂ ਕਰਦਾ ਉਹ ਆਪਣੀ ਬਿਮਾਰੀ ਨੂੰ ਭੁੱਲ ਜਾਂਦਾ। ਉਹ ਆਂਢ-ਗੁਆਂਢ ਦੇ ਬੱਚਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਸਕੂਲ ਦਾ ਕੰਮ ਕਰਵਾ ਦਿੰਦਾ। ਅਖੀਰ ਵਿੱਚ ਉਸ ਨੇ ਗੁਆਂਢੀਆਂ ਦੇ ਮੁੰਡੇ ਸ਼ਾਮ ਤੋਂ ਪਤੰਗ ਮੰਗਵਾ ਕੇ ਉਸ ਨਾਲ ਪਤੰਗ ਉਡਾਉਣ ਲੱਗਾ ਅਤੇ ਉਸ ਸਮੇਂ ਹੀ ਉਸ ਦੀ ਮੌਤ ਹੋ ਗਈ।
ਪ੍ਰਸ਼ਨ 6. ਰਸ਼ੀਦ ਬਚਪਨ ਦੀਆਂ ਸਵੇਰਾਂ ਨੂੰ ਯਾਦ ਕਰਕੇ ਕੀ ਵਰਨਣ ਕਰਦਾ ਹੈ?
ਉੱਤਰ – ਰਸ਼ੀਦ ਆਪਣੇ ਬਚਪਨ ਦੀਆਂ ਸਵੇਰਾਂ ਨੂੰ ਯਾਦ ਕਰਦਾ ਹੈ ਕਿ ਉਹ ਸਵੇਰ ਵੇਲੇ ਜੰਗਲ-ਪਾਣੀ ਜਾਣ ਸਮੇਂ ਵਾਪਸੀ ਤੇ ਕਿੱਕਰ ਦੀਆਂ ਟਹਿਣੀਆਂ ਤੋੜ ਦਾਤਣਾਂ ਬਣਾ ਕੇ ਘਰ ਲਿਆਉਂਦਾ ਅਤੇ ਇੱਕ ਦਾਤਣ ਨੂੰ ਮਜ਼ੇ ਨਾਲ਼ ਚਿੱਥਦਾ ਆਉਂਦਾ ਸੀ। ਫਿਰ ਘਰ ਪਹੁੰਚ ਕੇ ਸਭ ਨੂੰ ਇੱਕ-ਇੱਕ ਦਾਤਣ ਦੇਣਾ ਉਸ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸ ਗੱਲ ਨੂੰ ਯਾਦ ਕਰ ਕੇ ਰਸ਼ੀਦ ਦਾ ਮਨ ਕੂਲਾ ਹੋ ਜਾਂਦਾ ਹੈ।
ਪ੍ਰਸ਼ਨ 7. ਰਸ਼ੀਦ ਗੁਆਂਢੀ ਮੁੰਡੇ ਨਾਲ਼ ਪਤੰਗ ਉਡਾਉਣ ਦੀ ਰੀਝ ਕਿਵੇਂ ਪੂਰੀ ਕਰਦਾ ਹੈ?
ਉੱਤਰ – ਰਸ਼ੀਦ ਗੁਆਂਢੀਆਂ ਦੇ ਮੁੰਡੇ ਨੂੰ ਦਸ ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ। ਫਿਰ ਦੋਹਾਂ ਨੇ ਰਲ਼ ਕੇ ਪਤੰਗ ਦੀਆਂ ਤਣਾਵਾਂ ਪਾਈਆਂ ਤੇ ਝੋਲ ਪਰਖ ਕੇ ਪਤੰਗ ਤਿਆਰ ਕਰ ਲਈ। ਪਤੰਗ ਤਿਆਰ ਹੋਣ ਤੋਂ ਬਾਅਦ ਉਸ ਨੇ ਮੁੰਡੇ ਨੂੰ ਡੋਰ ਫੜਾ ਕੇ ਆਪ ਹੁਲਾਰਾ ਦੇਣ ਲਈ ਪਤੰਗ ਦੋਹਾਂ ਹੱਥਾਂ ਨਾਲ ਫੜ ਲਈ। ਜਦੋਂ ਰਸ਼ੀਦ ਨੇ ਹਵਾ ਵਿੱਚ ਹੁਲਾਰਾ ਦੇ ਕੇ ਪਤੰਗ ਨੂੰ ਛੱਡਿਆ, ਤਾਂ ਉਸ ਸਮੇਂ ਉਸ ਦੇ ਦਰਦ ਵਧਿਆ ਖੂਨ ਦੀ ਉਲਟੀ ਆਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਇੱਕ ਪੈਰ ਘੱਟ ਤੁਰਨਾ’ ਕਹਾਣੀ ਦਾ ਲੇਖਕ ਕੌਣ ਹੈ?
ਉੱਤਰ – ਅਜੀਤ ਕੌਰ।
ਪ੍ਰਸ਼ਨ 2. ਰਸ਼ੀਦ ਦੀ ਪਤਨੀ ਦਾ ਕੀ ਨਾਂ ਸੀ?
ਉੱਤਰ – ਫ਼ਰੀਦਾ।
ਪ੍ਰਸ਼ਨ 3. ਰਸ਼ੀਦ ਦੇ ਪੁੱਤਰ ਦਾ ਕੀ ਨਾਂ ਸੀ?
ਉੱਤਰ – ਅਸਲਮ।
ਪ੍ਰਸ਼ਨ 4. ‘ਇੱਕ ਪੈਰ ਘੱਟ ਤੁਰਨਾ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਰਸ਼ੀਦ।
ਪ੍ਰਸ਼ਨ 5. ਰਸ਼ੀਦ ਕਿੱਥੇ ਨੌਕਰੀ ਕਰਦਾ ਸੀ?
ਉੱਤਰ – ਦਿੱਲੀ ਵਿੱਚ।
ਪ੍ਰਸ਼ਨ 6. ਰਸ਼ੀਦ ਦਿੱਲੀ ਵਿੱਚ ਕਿੱਥੇ ਰਹਿੰਦਾ ਸੀ?
ਉੱਤਰ – ਦਰੀਆਗੰਜ ਵਿੱਚ।
ਪ੍ਰਸ਼ਨ 7. ਰਸ਼ੀਦ ਦੇ ਕਿੱਥੇ ਦਰਦ ਉੱਠਦਾ ਸੀ?
ਉੱਤਰ – ਪਸਲੀਆਂ ਹੇਠਾਂ।
ਪ੍ਰਸ਼ਨ 8. ਟੈਸਟਾਂ ਤੋਂ ਬਾਅਦ ਰਸ਼ੀਦ ਨੂੰ ਕਿਹੜੀ ਬਿਮਾਰੀ ਦਾ ਪਤਾ ਲੱਗਾ?
ਉੱਤਰ – ਮਿਹਦੇ ਵਿੱਚ ਕੈਂਸਰ।
ਪ੍ਰਸ਼ਨ 9. ਰਸ਼ੀਦ ਦੀ ਪਤਨੀ ਨੂੰ ਮਰਿਆਂ ਕਿੰਨਾ ਸਮਾਂ ਹੋ ਗਿਆ ਸੀ?
ਉੱਤਰ – ਛੇ ਸਾਲ।
ਪ੍ਰਸ਼ਨ 10. ਰਸ਼ੀਦ ਦੇ ਬੱਚੇ ਕਿੰਨੇ ਸਨ?
ਉੱਤਰ – ਤਿੰਨ।
ਪ੍ਰਸ਼ਨ 11. ਅਸਲਮ ਕਿੱਥੇ ਰਹਿੰਦਾ ਸੀ?
ਉੱਤਰ – ਅਮਰੀਕਾ ਵਿੱਚ।
ਪ੍ਰਸ਼ਨ 12. ਦਫ਼ਤਰ ਵਿੱਚ ਰਸ਼ੀਦ ਦੇ ਨਾਲ਼ ਵਾਲ਼ੀ ਮੇਜ ਉੱਤੇ ਕੌਣ ਬੈਠਦਾ ਸੀ?
ਉੱਤਰ – ਰਮੇਸ਼।
ਪ੍ਰਸ਼ਨ 13. ਰਸ਼ੀਦ ਨੌਕਰੀ ਛੱਡ ਕੇ ਕਿੱਥੇ ਆ ਗਿਆ?
ਉੱਤਰ – ਪਿੰਡ।
ਪ੍ਰਸ਼ਨ 14. ਰਸ਼ੀਦ ਦੇ ਗੁਆਂਢੀਆਂ ਦੇ ਮੁੰਡੇ ਦਾ ਕੀ ਨਾਂ ਸੀ?
ਉੱਤਰ – ਸ਼ਾਮ।
ਪ੍ਰਸ਼ਨ 15. ਜਦੋਂ ਰਸ਼ੀਦ ਦੀ ਮੌਤ ਹੋਈ ਤਾਂ ਉਹ ਕੀ ਕਰ ਰਿਹਾ ਸੀ?
ਉੱਤਰ – ਪਤੰਗ ਉਡਾ ਰਿਹਾ ਸੀ।
ਪ੍ਰਸ਼ਨ 16. ਰਸ਼ੀਦ ਦੇ ਕਿਹੜੇ ਬੱਚੇ ਮਰ ਚੁੱਕੇ ਸਨ?
ਉੱਤਰ – ਰਾਸ਼ਿਦ ਤੇ ਮਰੀਅਮ।
ਪ੍ਰਸ਼ਨ 17. ਰਸ਼ੀਦ ਨੇ ਘਰ ਦੇ ਆਸ-ਪਾਸ ਕਿਹੜੇ ਪੌਦੇ ਲਾਏ?
ਉੱਤਰ – ਗੁਲਾਬ ਦੇ।
ਪ੍ਰਸ਼ਨ 18. ਰਸ਼ੀਦ ਨੇ ਪਤੰਗ ਲਿਆਉਣ ਲਈ ਕਿੰਨੇ ਰੁਪਏ ਦਿੱਤੇ?
ਉੱਤਰ – ਦਸ।
ਪ੍ਰਸ਼ਨ 19. ਰਸ਼ੀਦ ਕਿਹੜੇ ਮਹੀਨੇ ਵਿੱਚ ਪਿੰਡ ਗਿਆ?
ਉੱਤਰ – ਅਕਤੂਬਰ।
ਪ੍ਰਸ਼ਨ 20. ਰਸ਼ੀਦ ਨੇ ਪੰਛੀ ਕਿਹੜੇ ਰੱਖੇ ਸਨ?
ਉੱਤਰ – ਕਬੂਤਰ ਤੇ ਤੋਤੋ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037
Thanks sir