4. ਜ਼ਫ਼ਰਨਾਮਾ – ਇਕਾਂਗੀ
ਇਕਾਂਗੀਕਾਰ – ਡਾ. ਹਰਚਰਨ ਸਿੰਘ
••• ਔਰੰਗਜ਼ੇਬ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਔਰੰਗਜ਼ੇਬ ‘ਜ਼ਫ਼ਰਨਾਮਾ` ਇਕਾਂਗੀ ਦਾ ਇਤਿਹਾਸਿਕ ਪਾਤਰ ਹੈ, ਜੋ ਮੁਗ਼ਲ ਬਾਦਸ਼ਾਹ ਸੀ। ਇਕਾਂਗੀ ਵਿੱਚ ਔਰੰਗਜ਼ੇਬ ਦਾ ਕੱਦ ਮਧਰਾ, ਸਰੀਰ ਕਮਜ਼ੋਰ, ਨੱਕ ਲੰਮਾ, ਰੰਗ ਗੋਰਾ ਸੁਰਖ਼, ਦਾੜ੍ਹੀ ਚਿੱਟੀ, ਮੁੱਛਾਂ ਕੱਟੀਆਂ ਹੋਈਆਂ, ਅੱਖਾਂ ਤੇਜ਼ ਭੱਖਦੀਆਂ ਹੋਈਆਂ ਤੇ ਲੱਕ ਝੁਕਿਆ ਹੋਇਆ ਹੈ। ਉਸ ਦੇ ਗਲ ਸਫ਼ੈਦ ਮਲਮਲ ਦਾ ਮੁਗ਼ਲ ਢੰਗ ਦਾ ਚੋਗਾ ਹੈ, ਜਿਸ ਦੀਆਂ ਤਣੀਆਂ ਸੱਜੇ ਮੋਢੇ ਹੇਠ ਬੰਨ੍ਹੀਆਂ ਹੋਈਆਂ ਹਨ। ਉਸ ਦੀ ਪਗੜੀ ਸੋਨੇ ਦੀਆਂ ਤਾਰਾਂ ਨਾਲ਼ ਮੜ੍ਹੀ ਹੋਈ ਹੈ। ਉਸ ਦੇ ਸਿਲਕ ਦੇ ਕਮਰਬੰਦ ਵਿੱਚ ਖੰਜਰ ਟੰਗਿਆ ਹੋਇਆ ਹੈ। ਉਹ ਪੈਰੀਂ ਮੂਰ ਫੈਸ਼ਨ ਦੀ ਜੁੱਤੀ ਪਹਿਨਦਾ ਹੈ। ਉਹ ਬੁਢਾਪੇ ਕਾਰਨ ਸੋਟੀ ਦੇ ਸਹਾਰੇ ਤੁਰਦਾ ਹੈ। ਉਹ ਆਪਣੀ ਤੀਜੀ ਇਤਾਲਵੀ ਪਤਨੀ ਬੇਗਮ ਉਦੈਪੁਰੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ। ਉਸ ਦੇ ਪੁੱਤਰ ਦਾ ਨਾਂ ਕਾਮ ਬਖ਼ਸ਼ ਅਤੇ ਧੀ ਦਾ ਨਾਂ ਜ਼ੀਨਤ-ਉਨ-ਨਿਸਾ ਹੈ।
• ਇਕ ਜ਼ਾਲਮ ਬਾਦਸ਼ਾਹ – ਔਰੰਗਜ਼ੇਬ ਨੇ ਹਕੂਮਤ ਦੀ ਗੱਦੀ ਲਈ ਆਪਣੇ ਤਿੰਨ ਭਰਾਵਾਂ ਨੂੰ ਮਰਵਾ ਦਿੱਤਾ ਅਤੇ ਪਿਤਾ ਨੂੰ ਕੈਦ ਕਰ ਲਿਆ ਸੀ। ਹਕੂਮਤ ਦੇ ਨਸ਼ੇ ਵਿਚ ਅੰਨ੍ਹਾ ਹੋ ਕੇ ਉਸ ਨੇ ਧਰਮ-ਈਮਾਨ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਉਸ ਨੇ ਹਿੰਦੂਆਂ, ਸਿੱਖਾਂ ਤੇ ਸੂਫ਼ੀਆਂ ਉੱਤੇ ਬਹੁਤ ਜ਼ੁਲਮ ਕੀਤੇ। ਇਸ ਤਰ੍ਹਾਂ ਇਕਾਂਗੀ ਵਿੱਚ ਉਹ ਇੱਕ ਬੇਤਰਸ ਜ਼ਾਲਮ ਬਾਦਸ਼ਾਹ ਹੈ।
• ਚਲਾਕ ਅਤੇ ਧਾਰਮਿਕ ਕੱਟੜਤਾ ਵਾਲ਼ਾ – ਇਕਾਂਗੀ ਵਿੱਚ ਉਹ ਇੱਕ ਕੱਟੜ ਧਰਮੀ ਬਾਦਸ਼ਾਹ ਹੈ। ਉਸ ਨੇ ਜੰਗ ਦੇ ਮੈਦਾਨ ਵਿੱਚ ਵੀ ਕਦੇ ਨਮਾਜ਼ ਦਾ ਸਮਾਂ ਨਹੀਂ ਖੁੰਝਣ ਦਿੱਤਾ। ਉਹ ਕੁਰਾਨ ਨੂੰ ਮੰਨਣ ਵਾਲ਼ਾ ਅਤੇ ਸ਼ਾਹੀ ਮਹੱਲ ਵਿਚ ਰਾਗ, ਨਾਚ ਤੇ ਸ਼ਰਾਬ ਨਾ ਪਸੰਦ ਕਰਨ ਵਾਲ਼ਾ ਬਾਦਸ਼ਾਹ ਹੈ। ਆਪਣੀ ਹਕੂਮਤ ਲਈ ਅਤੇ ਵਿਰੋਧੀਆਂ ‘ਤੇ ਕਾਬੂ ਪਾਉਣ ਲਈ ਉਸਨੇ ਧਰਮ-ਈਮਾਨ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਝੂਠੀਆਂ ਕਸਮਾਂ ਦਾ ਸਹਾਰਾ ਲਿਆ।
• ਦਿਲ ਵਿੱਚ ਭੇਤ ਦੀਆਂ ਗੱਲਾਂ ਰੱਖਣ ਵਾਲ਼ਾ – ਉਹ ਕੁਝ ਭੇਤ ਆਪਣੀ ਪਤਨੀ ਬੇਗਮ ਉਦੈਪੁਰੀ, ਬੇਟੀ ਜ਼ੀਨਤ ਤੇ ਆਹਲਾ ਅਹਿਲਕਾਰ ਅਸਦ ਖ਼ਾਨ ਤੋਂ ਵੀ ਛੁਪਾ ਕੇ ਰੱਖਦਾ ਹੈ। ਆਪਣੇ ਰਾਜ ਦਾ ਖ਼ੁਫ਼ੀਆ ਮਹਿਕਮਾ ਸਿੱਧਾ ਉਸ ਨੇ ਆਪਣੇ ਅਧੀਨ ਹੀ ਰੱਖਿਆ ਹੋਇਆ ਸੀ।
• ਸ਼ੱਕੀ ਮਿਜ਼ਾਜ ਵਾਲ਼ਾ – ਉਹ ਆਪਣੀ ਪਤਨੀ, ਸ਼ਾਹੀ ਹਕੀਮ ਤੇ ਅਸਦ ਖ਼ਾਨ ਨੂੰ ਇਕੱਠਿਆਂ ਦੇਖ ਕੇ ਕਹਿੰਦਾ ਹੈ ਕਿ ਉਹ ਕੀ ਸਾਜ਼ਸ਼ ਕਰ ਰਹੇ ਹਨ। ਸ਼ਾਹੀ ਹਕੀਮ ਦੁਆਰਾ ਦਿਮਾਗੀ ਤੰਦਰੁਸਤੀ ਲਈ ਦਵਾਈ ਦੇਣ ਸਮੇਂ ਉਹ ਪਹਿਲਾਂ ਉਸ ਨੂੰ ਹਕੀਮ ਦੁਆਰਾ ਆਪ ਦਵਾਈ ਚੱਖ ਕੇ ਦਿਖਾਉਣ ਲਈ ਕਹਿੰਦਾ ਹੈ।
• ਕਮਜ਼ੋਰੀਆਂ ਨੂੰ ਛੁਪਾਉਣ ਵਾਲ਼ਾ – ਉਹ ਆਪਣੀਆਂ ਕੰਮਜ਼ੋਰੀਆਂ ਨੂੰ ਛਪਾਉਣ ਲਈ ਆਪਣੇ ਨਿੱਜੀ ਮਾਮਲਿਆਂ ਵਿੱਚ ਕਿਸੇ ਦੀ ਵੀ ਦਖ਼ਲ–ਅੰਦਾਜੀ ਪਸੰਦ ਨਹੀਂ ਕਰਦਾ। ਉਸ ਨੂੰ ਵਿਦਰੋਹ ਦਾ ਵੀ ਡਰ ਹੈ।
• ਪਰਿਵਾਰ ਨਾਲ ਪਿਆਰ ਕਰਨ ਵਾਲ਼ਾ – ਔਰੰਗਜ਼ੇਬ ਦਾ ਆਪਣੀ ਇਤਾਲਵੀ ਤੀਜੀ ਪਤਨੀ ਬੇਗਮ ਉਦੈਪੁਰੀ ਪੁੱਤਰ ਕਾਮ ਬਖ਼ਸ਼ ਅਤੇ ਧੀ ਜ਼ੀਨਤ-ਉਨ-ਨਿਸਾ ਨਾਲ਼ ਬਹੁਤ ਪਿਆਰ ਹੈ। ਉਹ ਸੁਪਨੇ ਵਿਚ ਮੁਅੱਜ਼ਮ ਨੂੰ ਬੇਨਤੀ ਕਰਦਾ ਹੈ ਕਿ ਉਹ ਬੇਗਮ ਉਦੈਪੁਰੀ ਤੇ ਕਾਮ ਬਖ਼ਸ਼ ਨੂੰ ਨਾ ਮਾਰੇ। ਉਹ ਆਪਣੀ ਧੀ ਜ਼ੀਨਤ ਦੁਆਰਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਰੱਬ ਅੱਗੇ ਬੇਨਤੀ ਕਰਦਾ ਹੈ ਕਿ ਰੱਬ ਸਾਰਿਆਂ ਨੂੰ ਇਹੋ ਜਿਹੀ ਧੀ ਦੇਵੇ।
• ਬੇਵੱਸ ਇਨਸਾਨ – ਉਸ ਨੇ ਆਪਣੇ ਪਹਿਲੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਦਰਦ ਦਿੱਤਾ ਸੀ, ਪਰ ਹੁਣ ਬੁਢਾਪੇ ਦੇ ਸਮੇਂ ਦੇਸ਼ ਵਿਚ ਥਾਂ-ਥਾਂ ਤੋਂ ਉੱਠ ਰਹੀਆਂ ਬਗਾਵਤਾਂ ਕਰਕੇ ਬਿਲਕੁਲ ਬੇਵੱਸ ਹੋ ਚੁੱਕਾ। ਗੁਰੂ ਜੀ ਵੱਲੋਂ ਆਇਆ ਖ਼ਤ ‘ਜ਼ਫ਼ਰਨਾਮਾ‘ ਪੜ੍ਹ ਕੇ ਉਸ ਦੀ ਰੂਹ ਕੰਬ ਗਈ ਪਰ ਉਹ ਗੁਰੂ ਜੀ ਤੇ ਉਨ੍ਹਾਂ ਦੇ ਪੁੱਤਰਾਂ ਉੱਪਰ ਜ਼ੁਲਮ ਢਾਹੁਣ ਵਾਲ਼ੇ ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ਵੀ ਆਪਣੀ ਬੇਵਸੀ ਜ਼ਾਹਰ ਕਰਦਾ ਹੈ।
• ਅੰਤ ਸਮੇਂ ਸੱਚ ਨੂੰ ਸਵੀਕਾਰ ਕਰ ਲੈਣ ਵਾਲ਼ਾ – ਗੁਰੂ ਜੀ ਦਾ ਆਇਆ ਖ਼ਤ ਪੜ੍ਹ ਕੇ ਔਰੰਗਜ਼ੇਬ ਆਪਣੇ ਰਾਜ ਵਿੱਚ ਹੋਏ ਜ਼ੁਲਮਾਂ ਕਾਰਨ ਬੇਚੈਨ ਹੋ ਜਾਂਦਾ ਹੈ ਅਤੇ ਆਪਣੀ ਹਾਰ ਸਵੀਕਾਰ ਕਰਦਾ ਹੈ। ਅਸਦ ਖ਼ਾਨ ਦੀ ਸਲਾਹ ਅਨੁਸਾਰ ਗੁਰੂ ਜੀ ਨੂੰ ਸੁਲਾਹ ਕਰਨ ਲਈ ਬੁਲਾਉਣ ਦਾ ਫ਼ੈਸਲਾ ਕਰਦਾ ਹੈ।
••• ਜ਼ੀਨਤ-ਉਨ-ਨਿਸਾ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਜ਼ੀਨਤ-ਉਨ-ਨਿਸਾ ‘ਜ਼ਫ਼ਰਨਾਮਾ’ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ। ਇਕਾਂਗੀ ਵਿੱਚ ਉਹ ਔਰੰਗਜ਼ੇਬ ਤੇ ਬੇਗਮ ਉਦੈਪੁਰੀ ਦੀ ਧੀ ਹੈ। ਉਸ ਦੀ ਉਮਰ 30 ਸਾਲ ਹੈ। ਕਾਮ ਬਖ਼ਸ਼ ਰਿਸ਼ਤੇ ਵਿੱਚ ਉਸਦਾ ਭਰਾ ਹੈ।
• ਆਪਣੇ ਪਿਤਾ ਦੀ ਸੇਵਾ ਕਰਨ ਵਾਲ਼ੀ – ਜ਼ੀਨਤ ਇਕਾਂਗੀ ਵਿੱਚ ਆਪਣੇ ਪਿਤਾ ਔਰੰਗਜ਼ੇਬ ਦਾ ਬਹੁਤ ਖ਼ਿਆਲ ਰੱਖਦੀ ਹੈ। ਉਸ ਦੇ ਆਪਣੇ ਪ੍ਰਤੀ ਪਿਆਰ ਤੇ ਸੇਵਾ ਭਾਵ ਨੂੰ ਦੇਖ ਕੇ ਔਰੰਗਜ਼ੇਬ ਉਸਦੀ ਪ੍ਰਸੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਰੱਬ ਜ਼ੀਨਤ ਵਰਗੀ ਧੀ ਹਰ ਕਿਸੇ ਨੂੰ ਦੇਵੇ।
• ਆਪਣੇ ਪਿਤਾ ਦੀਆਂ ਕਮਜ਼ੋਰੀਆਂ ਤੋਂ ਜਾਣੂ – ਜ਼ੀਨਤ ਆਪਣੇ ਪਿਤਾ ਔਰੰਗਜ਼ੇਬ ਦੀਆਂ ਕਮਜ਼ੋਰੀਆਂ ਤੋਂ ਜਾਣੂ ਹੈ। ਇਸ ਬਾਰੇ ਔਰੰਗਜ਼ੇਬ ਆਪਣੇ ਆਹਲਾ ਆਹਿਲਕਾਰ ਅਤੇ ਦਿਲੀ ਦੋਸਤ ਅਸਦ ਖ਼ਾਨ ਨੂੰ ਦੱਸਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਹ ਆਪਣੀ ਧੀ ਦੀਆਂ ਨਜ਼ਰਾਂ ਵਿਚ ਹੋਰ ਨਹੀਂ ਡਿੱਗਣਾ ਚਾਹੁੰਦਾ ।
• ਪਿਤਾ ਦੀਆਂ ਗੱਲਾਂ ਤੋਂ ਨਰਾਜ਼ – ਜਦੋਂ ਉਸ ਨੂੰ ਆਪਣੇ ਪਿਤਾ ਔਰੰਗਜ਼ੇਬ ਦੁਆਰਾ ਕੀਤੇ ਜੁਲਮਾਂ, ਝੂਠੀਆਂ ਕਸਮਾਂ ਚੁੱਕਣ ਅਤੇ ਗੁਰੂ ਜੀ ਦੇ ਬੱਚਿਆਂ ਉੱਪਰ ਕੀਤੇ ਕਤਲ ਬਾਰੇ ਪਤਾ ਲੱਗਦਾ ਹੈ ਤਾਂ ਉਹ ਪਿਤਾ ਤੋਂ ਨਰਾਜ਼ ਹੋਈ ਉਸ ਨੂੰ ਕਹਿੰਦੀ ਹੈ ਕਿ ਉਸ ਦੀ ਰੂਹ ਨੂੰ ਕਿਆਮਤ ਤੱਕ ਵੀ ਚੈਨ ਨਹੀਂ ਮਿਲੇਗਾ।
• ਜ਼ੁਲਮਾਂ ਨੂੰ ਨਾ ਸਹਾਰ ਸਕਣ ਵਾਲ਼ੀ – ਉਹ ਗੁਰੂ ਜੀ ਦੇ ਛੋਟੇ ਸਹਿਬਜਾਦਿਆਂ ਉੱਪਰ ਵਜ਼ੀਰ ਖਾਂ ਦੁਆਰਾ ਕੀਤੇ ਜ਼ੁਲਮਾਂ ਬਾਰੇ ਸੁਣ ਕੇ ਚੀਕ ਉੱਠਦੀ ਹੈ। ਉਹ ਆਪਣੇ ਪਿਤਾ ਔਰੰਗਜ਼ੇਬ ਨੂੰ ਸਵਾਲ ਕਰਦੀ ਹੋਈ ਕਹਿੰਦੀ ਹੈ ਕਿ ਆਪਣੇ ਪੁੱਤਰਾਂ ਅਕਬਰ ਤੇ ਬੇਟੀ ਜ਼ੇਬ-ਉਨ-ਨਿਸਾ ਦੀ ਮੌਤ ਬਾਰੇ ਸੁਣ ਕੇ ਤਾਂ ਉਹ ਬੇਹੱਦ ਰੋਏ ਸਨ, ਪਰ ਅੱਜ ਮਾਸੂਮ ਬੱਚਿਆਂ ਉੱਪਰ ਹੋਏ ਜ਼ੁਲਮ ਤੇ ਉਹ ਚੁੱਪ ਕਿਉਂ ਖੜ੍ਹੇ ਹਨ।
••• ਅਸਦ ਖ਼ਾਨ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਅਸਦ ਖ਼ਾਨ ‘ਜ਼ਫ਼ਰਨਾਮਾ‘ ਇਕਾਂਗੀ ਦਾ ਇੱਕ ਪਾਤਰ ਹੈ । ਉਹ ਔਰੰਗਜ਼ੇਬ ਦਾ ਆਹਲਾ ਅਹਿਲਕਾਰ ਅਤੇ ਦਿਲੀ ਦੋਸਤ ਵੀ ਹੈ । ਉਹ ਔਰੰਗਜ਼ੇਬ ਦੇ ਬਹੁਤ ਸਾਰੇ ਰਾਜ਼ ਅਤੇ ਕੰਮਜ਼ੋਰੀਆਂ ਤੋਂ ਜਾਣੂ ਹੈ ।
• ਇੱਕ ਵਿਸ਼ਵਾਸਯੋਗ ਦੋਸਤ – ਉਹ ਬਾਦਸ਼ਾਹ ਔਰੰਗਜ਼ੇਬ ਦਾ ਇੱਕ ਵਿਸ਼ਵਾਸਯੋਗ ਦੋਸਤ ਹੈ। ਇਕਾਂਗੀ ਵਿੱਚ ਔਰੰਗਜ਼ੇਬ ਕਹਿੰਦਾ ਹੈ, “ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜ਼ਾਹਰ ਨਹੀਂ ਕਰਨੀ ਚਾਹੁੰਦਾ, ਪਰ ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ, ਤੂੰ ਮੈਨੂੰ ਜ਼ਰੂਰ ਸਹੀ ਮਸ਼ਵਰਾ ਦੇਵੇਂਗਾ ।”
• ਗੁਰੂ ਗੋਬਿੰਦ ਸਿੰਘ ਤੋਂ ਪ੍ਰਭਾਵਿਤ – ਉਹ ਗੁਰੂ ਜੀ ਤੋਂ ਪ੍ਰਭਾਵਿਤ ਹੈ। ਉਹ ਔਰੰਗਜ਼ੇਬ ਨੂੰ ਗੁਰੂ ਜੀ ਦੁਆਰਾ ਲਿਖੇ ਗਏ ‘ਜ਼ਫ਼ਰਨਾਮੇ‘ ਬਾਰੇ ਕਹਿੰਦਾ ਹੈ, “ਅੱਲਾਹ ਦੇ ਆਸ਼ਕਾਂ ਨੂੰ ਕਿਸੇ ਦਾ ਡਰ-ਭੈ ਨਹੀਂ ਹੁੰਦਾ, ਖ਼ਰੀਆਂ–ਖ਼ਰੀਆਂ ਲਿਖ ਦਿੱਤੀਆਂ ਹੋਣਗੀਆਂ, ਜੋ ਹਜ਼ੂਰ ਦੀ ਜ਼ਮੀਰ ਨੂੰ ਟੁੰਬ ਰਹੀਆਂ ਹਨ ।” ਉਹ ਗੁਰੂ ਜੀ ਬਾਰੇ ਕਹਿੰਦਾ ਹੈ ਕਿ ਇਹ ਸਾਰੇ ਮੰਨਦੇ ਹਨ ਕਿ ਉਹ ਅਜ਼ਮਤ ਵਾਲ਼ਾ ਪੀਰ ਹੈ ।
• ਫ਼ਕੀਰਾਂ ਤੋਂ ਡਰਨ ਵਾਲ਼ਾ – ਉਹ ਫ਼ਕੀਰਾਂ ਦੀਆਂ ਬਦ-ਦੁਆਵਾਂ ਤੋਂ ਡਰਦਾ ਹੈ । ਉਹ ਬਾਦਸ਼ਾਹ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਫ਼ਕੀਰਾਂ ਦੀ ਬਦ-ਦੁਆ ਤੋਂ ਖ਼ੁਦਾ ਬਚਾਏ ।
• ਇੱਕ ਯੋਗ ਅਤੇ ਸਿਆਣਾ ਸਲਾਹਕਾਰ – ਅਸਦ ਖ਼ਾਨ ਇੱਕ ਯੋਗ ਤੇ ਸਿਆਣਾ ਸਲਾਹਕਾਰ ਹੈ । ਉਹ ਔਰੰਗਜ਼ੇਬ ਨੂੰ ਸਹੀ ਸਮੇਂ ਸਹੀ ਸਲਾਹ ਦਿੰਦਾ ਹੈ। ਉਹ ਵਿਗੜੇ ਹਲਾਤ ਨੂੰ ਸਮਝ ਕੇ ਔਰੰਗਜ਼ੇਬ ਨੂੰ ਦੱਖਣ ਵੱਲ ਨਾ ਜਾਣ ਅਤੇ ਗੁਰੂ ਜੀ ਨਾਲ ਸੁਲਾਹ ਕਰਨ ਦੀ ਸਲਾਹ ਦਿੰਦਾ ਹੈ।
••• ਬੇਗਮ ਉਦੈਪੁਰੀ ਦਾ ਚਰਿੱਤਰ–ਚਿਤਰਨ •••
• ਜਾਣ-ਪਛਾਣ – ਬੇਗਮ ਉਦੈਪੁਰੀ ‘ਜ਼ਫ਼ਰਨਾਮਾ‘ ਇਕਾਂਗੀ ਦੀ ਇਕ ਨਿਮਨ ਪਾਤਰ ਹੈ । ਉਹ ਔਰੰਗਜ਼ੇਬ ਦੀ ਤੀਜੀ ਇਤਾਲਵੀ ਪਤਨੀ ਹੈ। ਸ਼ਹਿਜ਼ਾਦਾ ਕਾਮ ਬਖ਼ਸ਼ ਤੇ ਸ਼ਹਿਜ਼ਾਦੀ ਜ਼ੀਨਤ-ਉਨ-ਨਿਸਾ ਉਸ ਦੇ ਬੱਚੇ ਹਨ।
• ਪਤੀ ਦੇ ਪਿਆਰ ਦੀ ਪਾਤਰ – ਇਕਾਂਗੀ ਵਿੱਚ ਬਾਦਸ਼ਾਹ ਔਰੰਗਜ਼ੇਬ ਉਸ ਨੂੰ ਸਭ ਤੋਂ ਵੱਧ ਚਾਹੁੰਦਾ ਹੈ । ਉਹ ਸੁਪਨੇ ਵਿਚ ਮੁਅੱਜ਼ਮ ਨੂੰ ਬੇਨਤੀ ਕਰਦਾ ਹੈ ਕਿ ਉਹ ਬੇਗਮ ਉਦੈਪੁਰੀ ਤੇ ਕਾਮ ਬਖ਼ਸ਼ ਨੂੰ ਨਾ ਮਾਰੇ।
• ਪਤੀ ਦੀ ਸਿਹਤ ਦੀ ਚਿੰਤਾ ਕਰਨ ਵਾਲ਼ੀ – ਉਹ ਆਪਣੇ ਪਤੀ ਬਾਦਸ਼ਾਹ ਔਰੰਗਜ਼ੇਬ ਦੀ ਸਿਹਤ ਪ੍ਰਤੀ ਕਾਫ਼ੀ ਚਿੰਤਤ ਹੈ। ਉਹ ਉਸ ਨੂੰ ਪਰੇਸ਼ਾਨ ਦੇਖ ਕੇ ਬਹੁਤ ਫ਼ਿਕਰਮੰਦ ਹੁੰਦੀ ਹੈ ਅਤੇ ਉਸ ਦੀ ਆਗਿਆ ਲਏ ਬਿਨਾਂ ਹੀ ਸ਼ਾਹੀ ਹਕੀਮ ਤੇ ਅਸਦ ਖ਼ਾਨ ਨੂੰ ਬੁਲਾਵਾ ਭੇਜ ਦਿੰਦੀ ਹੈ । ਉਹ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਸ ਦੀ ਸੇਵਾ ਤੋਂ ਬਿਨਾਂ ਉਸ ਦੀ ਜ਼ਿੰਦਗੀ ਦਾ ਹੋਰ ਕੋਈ ਮਕਸਦ ਨਹੀਂ।
• ਪਤੀ ਤੋਂ ਡਰਨ ਵਾਲੀ – ਉਹ ਆਪਣੇ ਪਤੀ ਔਰੰਗਜ਼ੇਬ ਤੋਂ ਡਰਦੀ-ਡਰਦੀ ਹੀ ਉਸ ਦੇ ਕਮਰੇ ਵਿਚ ਦਾਖ਼ਲ ਹੁੰਦੀ ਹੈ । ਜਦੋਂ ਔਰੰਗਜ਼ੇਬ ਉਸ ਨੂੰ ਪੁੱਛਦਾ ਹੈ ਕਿ ਉਸ ਨੇ ਉਸ ਦੀ ਸਿਹਤ ਬਾਰੇ ਕਾਮ ਬਖ਼ਸ਼ ਨੂੰ ਇਤਲਾਹ ਤਾਂ ਨਹੀਂ ਭੇਜੀ? ਤਾਂ ਉਹ ਕੰਨਾਂ ਨੂੰ ਹੱਥ ਲਾ ਕੇ ਕਹਿੰਦੀ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਉਹ ਅਜਿਹਾ ਕਦਮ ਨਹੀਂ ਪੁੱਟ ਸਕਦੀ ।
ਸ਼ਾਹੀ ਹਕੀਮ ਦਾ ਚਰਿੱਤਰ-ਚਿਤਰਨ
• ਜਾਣ-ਪਛਾਣ – ਸ਼ਾਹੀ ਹਕੀਮ ‘ਜ਼ਫ਼ਰਨਾਮਾ‘ ਇਕਾਂਗੀ ਦਾ ਇਕ ਨਿਮਨ ਪਾਤਰ ਹੈ । ਉਹ ਔਰੰਗਜ਼ੇਬ ਦੇ ਸ਼ਾਹੀ ਦਰਬਾਰ ਦਾ ਹਕੀਮ ਹੈ ।
• ਇੱਕ ਮਾਹਰ ਹਕੀਮ – ਉਹ ਇੱਕ ਮਾਹਰ ਸ਼ਾਹੀ ਹਕੀਮ ਹੈ। ਉਹ ਬਾਦਸ਼ਾਹ ਔਰੰਗਜ਼ੇਬ ਦੇ ਕਮਰੇ ਵਿੱਚ ਖਿੱਲਰੀਆਂ ਚੀਜਾਂ ਨੂੰ ਦੇਖ ਕੇ ਬਾਦਸ਼ਾਹ ਦੀ ਮਾਨਸਿਕ ਹਾਲਤ ਨੂੰ ਸਮਝ ਲੈਂਦਾ ਹੈ। ਉਹ ਔਰੰਗਜ਼ੇਬ ਦੀਆਂ ਅੱਖਾਂ ਨੂੰ ਦੇਖ ਕੇ ਜਾਣ ਲੈਂਦਾ ਕਿ ਉਹਨਾਂ ਨੂੰ ਨੀਂਦ ਤੇ ਅਰਾਮ ਦੀ ਸਖ਼ਤ ਜ਼ਰੂਰਤ ਹੈ। ਉਹ ਔਰੰਗਜ਼ੇਬ ਨੂੰ ਅਰਾਮ ਕਰਨ ਦੀ ਸਲਾਹ ਦਿੰਦਾ ਹੈ ਅਤੇ ਜ਼ਿਹਨੀ ਕੁਵੱਤ ਦੀ ਦਵਾਈ ਦਿੰਦਾ ਹੈ।
• ਚਿਹਰਾ ਦੇਖ ਕੇ ਮਨ ਦੀ ਹਾਲਤ ਸਮਝਣ ਵਾਲ਼ਾ – ਉਹ ਬਾਦਸਾਹ ਦਾ ਚਿਹਰਾ ਦੇਖ ਕੇ ਹੀ ਮਨ ਦੀ ਹਾਲਤ ਸਮਝ ਲੈਂਦਾ ਹੈ। ਉਹ ਕਹਿੰਦਾ ਹੈ, ਜਹਾਨ ਪਨਾਹ, ਹਜ਼ੂਰ ਦੇ ਚਿਹਰੇ ਤੇ ਅੱਖਾਂ ਦੀ ਅਲਾਮਤ ਚਿੰਤਾ ਭਰੀ ਹੈ।
• ਝੂਠੀ ਖੁਸ਼ਾਮਦ ਕਰਨ ਵਾਲ਼ਾ – ਉਹ ਔਰੰਗਜ਼ੇਬ ਦੀ ਖੁਸ਼ਾਮਦ ਕਰਦਾ ਹੋਇਆ ਕਹਿੰਦਾ ਹੈ, ਜਹਾਨ ਪਨਾਹ ਦੇ ਇਕਬਾਲ ਨਾਲ ਸਾਰਾ ਹਿੰਦੁਸਤਾਨ ਸੁਖ ਦਾ ਸਾਹ ਲੈ ਰਿਹਾ ਹੈ। ਇਸ ਤੇ ਔਰੰਗਜ਼ੇਬ ਕਹਿੰਦਾ ਹੈ ਕਿ ਤੇਰੀਆਂ ਗੱਲਾਂ ਵਾਂਗ ਤੇਰੀ ਦਵਾ ਵੀ ਝੂਠੀ ਹੀ ਹੋਵੇਗੀ।
ਵਾਰਤਾਲਾਪ ਸੰਬੰਧੀ ਪ੍ਰਸ਼ਨ
ੳ. ਨਹੀਂ! ਤੂੰ ਭੁਲੇਖੇ ਵਿੱਚ ਰਿਹਾ ਹੈਂ । ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ । ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ, ਕੁੱਲ ਹਿੰਦੂ ਜਾਤੀ ਤੇਰੀ ਹਕੁਮਤ ਤੋਂ ਦੁਖੀ ਹੈ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਹੜੇ ਇਕਾਂਗੀ ਦਾ ਹੈ ?
2. ਇਕਾਂਗੀ ਦਾ ਲੇਖਕ ਕੌਣ ਹੈ ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
4. ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ ?
5. ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਂਹਾਂ ਕਿਵੇਂ ਪੱਕੀਆਂ ਕੀਤੀਆਂ ਸਨ ?
6. ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ?
ਉੱਤਰ – 1. ਜ਼ਫ਼ਰਨਾਮਾ ।
2. ਡਾ. ਹਰਚਰਨ ਸਿੰਘ ।
3. ਅਵਾਜ਼ ਨੇ ਔਰੰਗਜ਼ੇਬ ਨੂੰ ।
4. ਲੋਕਾਂ ਦੇ ਦਿਲ ਜਿੱਤਣ ਨਾਲ ।
5. ਲੋਕਾਂ ਦੇ ਦਿਲ ਜਿੱਤ ਕੇ ।
6. ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ ਅਤੇ ਕੁੱਲ ਹਿੰਦੂ ਜਾਤੀ ਦੇ ਲੋਕ ।
ਅ. “ਮੇਰਾ ਵੀ ਇਹੋ ਖ਼ਿਆਲ ਹੈ। ਖ਼ਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲਾਹ-ਸਫ਼ਾਈ ਲਈ ਇੱਥੇ ਬੁਲਾਂਦਾ ਹਾਂ। ਉਹਨਾਂ ਦੀ ਹਿਫ਼ਾਜ਼ਤ ਦਾ ਖ਼ਾਤਰ-ਖ਼ਵਾਹ ਇੰਤਜ਼ਾਮ ਕਰਦਾ ਹਾਂ। ਜਾਓ, ਮੀਰ ਮੁਨਸ਼ੀ ਔਰ ਦਯਾ ਸਿੰਘ ਨੂੰ ਦਰਬਾਰੇ-ਖ਼ਾਸ ਵਿੱਚ ਹਾਜ਼ਰ ਕਰੋ। ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਹੜੇ ਇਕਾਂਗੀ ਦਾ ਹੈ ?
2. ਇਕਾਂਗੀ ਦਾ ਲੇਖਕ ਕੌਣ ਹੈ ?
3. ਇਹ ਸ਼ਬਦ ਕੌਣ ਕਿਸ ਨੂੰ ਆਖਦਾ ਹੈ ?
4. ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ ?
5. ਦਰਬਾਰੇ-ਖ਼ਾਸ ਵਿੱਚ ਕਿਨ੍ਹਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ ?
ਉੱਤਰ – 1. ਜ਼ਫ਼ਰਨਾਮਾ ।
2. ਡਾ. ਹਰਚਰਨ ਸਿੰਘ ।
3. ਔਰੰਗਜ਼ੇਬ ਆਪਣੇ ਆਹਲਾ ਅਹਿਲਕਾਰ ਅਸਦ ਖ਼ਾਨ ਨੂੰ ।
4. ਗੁਰੂ ਜੀ ਕੋਲ ਸੁਲਾਹ ਸਫ਼ਾਈ ਲਈ ਸੁਨੇਹਾ ਭੇਜਣ ਲਈ ।
5. ਮੀਰ ਮੁਨਸ਼ੀ ਤੇ ਭਾਈ ਦਯਾ ਸਿੰਘ ਨੂੰ ।
ੲ. “ਬੇਸ਼ੱਕ ਮੈਂ ਉਸ ਦੇ ਬਾਪ ਤੇਗ਼ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ ਪਰ ਵਜ਼ੀਰ ਖ਼ਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੌਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ ?”
ਪ੍ਰਸ਼ਨ – 1. ਇਹ ਵਾਰਤਾਲਾਪ ਕਿਹੜੇ ਇਕਾਂਗੀ ਦਾ ਹੈ ?
2. ਇਕਾਂਗੀ ਦਾ ਲੇਖਕ ਕੌਣ ਹੈ ?
3. ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ?
4. ਇਹਨਾਂ ਸਤਰਾਂ ਵਿਚਲੇ ਸ਼ਬਦ ‘ਉਸ ਦੇ ਬਾਪ’ ਕਿਸ ਸ਼ਖ਼ਸ਼ੀਅਤ ਵੱਲ ਇਸ਼ਾਰਾ ਕਰਦੇ ਹਨ ?
5. ਵਜ਼ੀਰ ਖ਼ਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ ?
ਉੱਤਰ – 1. ਜ਼ਫ਼ਰਨਾਮਾ ।
2. ਡਾ. ਹਰਚਰਨ ਸਿੰਘ ।
3. ਔਰੰਗਜ਼ੇਬ ਆਪਣੇ ਆਹਲਾ ਅਹਿਲਕਾਰ ਅਸਦ ਖਾਨ ਨੂੰ ।
4. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲ ।
5. ਕੁਰਾਨ ਸ਼ਰੀਫ਼ ਦੀਆਂ ਝੂਠੀਆਂ ਕਸਮਾਂ ਖਾ ਕੇ ।
ਸ. “ਸ਼ਾਹੀ ਮਹੱਲ ਵਿੱਚ ਨਾਚ ? ਕਿਆ ਇਨ੍ਹਾਂ ਨੇ ਮੈਨੂੰ ਮੋਇਆ ਖ਼ਿਆਲ ਕਰ ਲਿਆ ਹੈ ? ਬੰਦ ਕਰੋ ਇਹ ਨਾਚ ਔਰ ਸਾਜ਼ ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਹੜੇ ਇਕਾਂਗੀ ਦਾ ਹੈ ?
2. ਇਕਾਂਗੀ ਦਾ ਲੇਖਕ ਕੌਣ ਹੈ ?
3. ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ?
4. ਸ਼ਾਹੀ ਮਹੱਲ ਵਿੱਚ ਨਾਚ ਦੇ ਕੌਣ ਖ਼ਿਲਾਫ਼ ਸੀ ?
ਉੱਤਰ – 1. ਜ਼ਫ਼ਰਨਾਮਾ ।
2. ਡਾ. ਹਰਚਰਨ ਸਿੰਘ ।
3. ਔਰੰਗਜ਼ੇਬ ਆਪਣੇ ਆਪ ਨੂੰ ।
4. ਬਾਦਸ਼ਾਹ ਔਰੰਗਜ਼ੇਬ ।
ਹ. “ਬੁੱਢੇ ਬਾਦਸ਼ਾਹ, ਭੁੱਲ ਗਿਆ ਹੈਂ ? ਤੂੰ ਵੀ ਆਪਣੇ ਬਾਪ ਸ਼ਾਹ ਜਹਾਨ ਦੀ ਮੌਤ ਦੀ ਇੰਤਜ਼ਾਰ ਨਹੀਂ ਸੀ ਕੀਤੀ ।”
ਪ੍ਰਸ਼ਨ – 1. ਇਹ ਵਾਰਤਾਲਾਪ ਕਿਹੜੇ ਇਕਾਂਗੀ ਦਾ ਹੈ ?
2. ਇਕਾਂਗੀ ਦਾ ਲੇਖਕ ਕੌਣ ਹੈ ?
3. ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ?
4. ਕਿਸ ਨੇ ਕਿਸ ਦੀ ਮੌਤ ਦੀ ਉਡੀਕ ਨਹੀਂ ਕੀਤੀ ਸੀ ?
ਉੱਤਰ – 1. ਜ਼ਫ਼ਰਨਾਮਾ ।
2. ਡਾ. ਹਰਚਰਨ ਸਿੰਘ ।
3. ਅਵਾਜ਼ ਨੇ ਔਰੰਗਜ਼ੇਬ ਨੂੰ ।
4. ਔਰੰਗਜ਼ੇਬ ਨੇ ਆਪਣੇ ਬਾਪ ਸ਼ਾਹ ਜਹਾਨ ਦੀ ।
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਜ਼ਫ਼ਰਨਾਮਾ’ ਇਕਾਂਗੀ ਦਾ ਲੇਖਕ ਕੌਣ ਹੈ ?
ਉੱਤਰ – ਡਾ. ਹਰਚਰਨ ਸਿੰਘ ।
ਪ੍ਰਸ਼ਨ 2. ‘ਜ਼ਫ਼ਰਨਾਮਾ’ ਇਕਾਂਗੀ ਵਿੱਚ ਮੁੱਖ ਪਾਤਰ ਕੌਣ ਹੈ ?
ਉੱਤਰ – ਔਰੰਗਜ਼ੇਬ ।
ਪ੍ਰਸ਼ਨ 3. ‘ਜ਼ਫ਼ਰਨਾਮਾ’ ਇਕਾਂਗੀ ਦੀ ਘਟਨਾ ਦਾ ਸਮਾਂ ਕਿਹੜਾ ਹੈ ?
ਉੱਤਰ – 1706 ਈ: ਦਾ ।
ਪ੍ਰਸ਼ਨ 4. ‘ਜ਼ਫ਼ਰਨਾਮਾ‘ ਇਕਾਂਗੀ ਦੀ ਘਟਨਾ ਦਾ ਸਥਾਨ ਕਿਹੜਾ ਹੈ ?
ਉੱਤਰ – ਅਹਿਮਦ ਨਗਰ ।
ਪ੍ਰਸ਼ਨ 5. ‘ਜ਼ਫ਼ਰਨਾਮਾ’ ਇਕਾਂਗੀ ਦੀ ਘਟਨਾ ਕਿਹੜੇ ਵਕਤ ਵਾਪਰਦੀ ਹੈ ?
ਉੱਤਰ – ਸਵੇਰ ਵੇਲੇ ।
ਪ੍ਰਸ਼ਨ 6. ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਕਿਸ ਨੇ ਲਿਖਿਆ ?
ਉੱਤਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ।
ਪ੍ਰਸ਼ਨ 7. ਸਿੱਖ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਕਿੱਥੇ ਹਾਰ ਦੇ ਚੁੱਕੇ ਸਨ ?
ਉੱਤਰ – ਖਿਦਰਾਣੇ ਦੀ ਢਾਬ ਕੋਲ ।
ਪ੍ਰਸ਼ਨ 8. ਔਰੰਗਜ਼ੇਬ ਦੀ ਬੇਟੀ ਦਾ ਕੀ ਨਾਂ ਸੀ ?
ਉੱਤਰ – ਜ਼ੀਨਤ-ਉਨ-ਨਿਸਾ ।
ਪ੍ਰਸ਼ਨ 9. ਔਰੰਗਜ਼ੇਬ ਨੂੰ ਕੀ ਪੜ੍ਹ ਕੇ ਨੀਂਦ ਨਹੀਂ ਸੀ ਆਈ ?
ਉੱਤਰ – ਜ਼ਫ਼ਰਨਾਮਾ ।
ਪ੍ਰਸ਼ਨ 10. ਔਰੰਗਜ਼ੇਬ ਦੀ ਇਤਾਲਵੀ ਬੇਗਮ ਦਾ ਨਾਂ ਕੀ ਸੀ ?
ਉੱਤਰ – ਬੇਗਮ ਉਦੈਪੁਰੀ ।
ਪ੍ਰਸ਼ਨ 11. ਅਸਦ ਖ਼ਾਨ ਕੌਣ ਸੀ ?
ਉੱਤਰ – ਔਰੰਗਜ਼ੇਬ ਦਾ ਆਹਲਾ ਅਹਿਲਕਾਰ ਅਤੇ ਦੋਸਤ ।
ਪ੍ਰਸਨ 12. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਖ਼ਤ ਦਾ ਕੀ ਨਾਂ ਸੀ ?
ਉੱਤਰ – ਜ਼ਫ਼ਰਨਾਮਾ ।
ਪਸ਼ਨ 13. ਔਰੰਗਜ਼ੇਬ ਕੋਲ ‘ਜ਼ਫ਼ਰਨਾਮਾ’ ਕੌਣ ਲੈ ਕੇ ਗਿਆ ਸੀ ?
ਉੱਤਰ – ਭਾਈ ਦਯਾ ਸਿੰਘ ।
ਪਸ਼ਨ 14. ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ ?
ਉੱਤਰ – ਔਰੰਗਜ਼ੇਬ ਨੇ ।
ਪ੍ਰਸ਼ਨ 15. ਗੁਰੂ ਜੀ ਨੇ ਔਰੰਗਜ਼ੇਬ ਨੂੰ ਕਿੱਥੇ ਮਿਲਣ ਲਈ ਪੈਗ਼ਾਮ ਭੇਜਿਆ ਸੀ ?
ਉੱਤਰ – ਮਾਲਵੇ ਦੇ ਕਾਂਗੜ ਨਗਰ ਵਿਖੇ ।
ਪ੍ਰਸ਼ਨ 16. ਔਰੰਗਜ਼ੇਬ ਦੇ ਪਰਿਵਾਰ ਵਿੱਚੋਂ ਕੌਣ-ਕੌਣ ਗੁਰੂ ਜੀ ਦੇ ਹੱਕ ਵਿੱਚ ਬੋਲਦੇ ਸਨ ?
ਉੱਤਰ – ਜ਼ੀਨਤ-ਉਨ-ਨਿਸਾ ਤੇ ਸ਼ਹਿਜ਼ਾਦਾ ਮੁਅੱਜ਼ਮ ।
ਪ੍ਰਸ਼ਨ 17. ਬਾਬਰ ਨੇ ਕਿਸ ਅੱਗੇ ਸਿਰ ਝੁਕਾਇਆ ਸੀ ?
ਉੱਤਰ – ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ।
ਪ੍ਰਸ਼ਨ 18. ਔਰੰਗਜ਼ੇਬ ਆਪਣੇ ਦਿਲ ਦੇ ਰਾਜ਼ ਕਿਸ ਕੋਲ਼ ਦੱਸਦਾ ਸੀ ?
ਉੱਤਰ – ਅਸਦ ਖ਼ਾਨ ਕੋਲ਼ ।
ਪ੍ਰਸ਼ਨ 19. ਅਸਦ ਖਾਂ ਅਜ਼ਮਤ ਵਾਲ਼ਾ ਪੀਰ ਕਿਸਨੂੰ ਕਹਿੰਦਾ ਹੈ ?
ਉੱਤਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ।
ਪ੍ਰਸ਼ਨ 20. ਕਾਮ ਬਖ਼ਸ਼ ਕੌਣ ਸੀ ।
ਉੱਤਰ – ਔਰੰਗਜ਼ੇਬ ਅਤੇ ਬੇਗਮ ਉਦੈਪੁਰੀ ਦਾ ਪੁੱਤਰ ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037 |