1. ਬੰਬ ਕੇਸ
ਇਕਾਂਗੀਕਾਰ – ਬਲਵੰਤ ਗਾਰਗੀ
••• ਥਾਣੇਦਾਰ ਦਾ ਪਾਤਰ-ਚਿਤਰਨ •••
1. ਜਾਣ-ਪਛਾਣ – ਥਾਣੇਦਾਰ ‘ਬੰਬ ਕੇਸ’ ਇਕਾਂਗੀ ਦਾ ਮੁੱਖ ਪਾਤਰ ਹੈ। ਇਕਾਂਗੀਕਾਰ ਨੇ ਉਸ ਦੇ ਬੇਸਮਝੀ ਭਰੇ ਚਰਿੱਤਰ ਨੂੰ ਪੇਸ਼ ਕਰਕੇ ਇਕਾਂਗੀ ਵਿੱਚ ਹਾਸ-ਰਸ ਪੈਦਾ ਕੀਤਾ ਹੈ। ਉਹ ਥਾਣੇ ਵਿੱਚ ਨਵਾਂ ਆਇਆ ਹੈ ਅਤੇ ਇਲਾਕੇ ਵਿੱਚ ਆਪਣਾ ਰੋਅਬ ਪਾਉਣ ਲਈ ਸਿਪਾਹੀ ਨੂੰ ਨਾਲ਼ ਲੈ ਕੇ ਗਸ਼ਤ ਕਰਨ ਨਿਕਲਦਾ ਹੈ। ਉਹ ਵਜ਼ੀਰੇ ਨੂੰ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲੈਂਦਾ ਹੈ।
2. ਬੇਸ਼ਮਝ ਅਫ਼ਸਰ – ਥਾਣੇਦਾਰ ਟਾਂਗੇ ਦੇ ਬੰਬ ਨੂੰ ਕੈਮੀਕਲ ਬੰਬ ਸਮਝਦਾ ਹੈ। ਇਸ ਲਈ ਉਹ ਇੱਕ ਬੇਸਮਝ ਅਫ਼ਸਰ ਹੈ ਜੋ ਟਾਂਗੇ ਦੇ ਬੰਬ ਅਤੇ ਕੈਮੀਕਲ ਬੰਬ ਦੇ ਫ਼ਰਕ ਨੂੰ ਨਹੀਂ ਜਾਣਦਾ। ਉਹ ਵਜ਼ੀਰੇ ਵਿਰੁੱਧ ਕੋਈ ਸਬੂਤ ਇਕੱਤਰ ਕੀਤੇ ਬਿਨਾਂ ਹੀ ਉਸ ਨੂੰ ਬੰਬ ਕੇਸ ਵਿੱਚ ਗ੍ਰਿਫ਼ਤਾਰ ਕਰ ਲੈਂਦਾ ਹੈ। ਉਸ ਦੀ ਬੇਸਮਝੀ ਵਾਲ਼ੀ ਤਫ਼ਤੀਸ਼ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਦੀ ਹੈ।
3 .ਸਖਤ ਸੁਭਾ ਵਾਲ਼ਾ – ਥਾਣੇਦਾਰ ਸਖਤ ਸੁਭਾ ਵਾਲ਼ਾ ਹੈ। ਉਹ ਸਿਪਾਹੀ ਅਤੇ ਲੋਕਾਂ ਨੂੰ ਸਖਤ ਤਾੜਨਾ ਦਿੰਦਾ ਹੈ। ਉਹ ਥਾਣੇ ਵਿੱਚ ਨਵਾਂ ਆਇਆ ਹੈ। ਇਸ ਕਰਕੇ ਸ਼ੁਰੂ ਵਿੱਚ ਹੀ ਆਪਣਾ ਰੋਅਬ ਸਿਪਾਹੀ ਅਤੇ ਇਲਾਕੇ ਵਿੱਚਲੇ ਲੋਕਾਂ ‘ਤੇ ਪਾਉਣਾ ਚਾਹੁੰਦਾ ਹੈ। ਉਹ ਇਲਾਕੇ ਦੇ ਸਭ ਲੋਕਾਂ ਨੂੰ ਸਿੱਧੇ ਕਰਨ ਦੀਆਂ ਗੱਲਾਂ ਕਰਦਾ ਹੈ।
4. ਰੋਅਬ ਪਾਉਣ ਵਾਲ਼ਾ – ਉਹ ਥਾਣੇ ਵਿੱਚ ਨਵਾਂ-ਨਵਾਂ ਆਇਆ ਹੈ। ਇਸ ਕਰਕੇ ਉਹ ਇਲਾਕੇ ਦੇ ਲੋਕਾਂ ਅਤੇ ਸਿਪਾਹੀ ਉੱਪਰ ਆਪਣੇ ਅਹੁਦੇ ਤੇ ਸਖ਼ਤ ਸੁਭਾਅ ਦਾ ਰੋਅਬ ਪਾਉਣਾ ਚਾਹੁੰਦਾ ਹੈ। ਇਸ ਮਕਸਦ ਲਈ ਉਹ ਸਿਪਾਹੀ ਨੂੰ ਨਾਲ਼ ਲੈ ਕੇ ਇਲਾਕੇ ਦੀ ਗਸ਼ਤ ਕਰਦਾ ਹੈ ਤੇ ਸਿਪਾਹੀ ਨੂੰ ਦੱਸਦਾ ਹੈ ਕਿ ਉਹ ਬੜੇ ਸਖ਼ਤ ਸੁਭਾਅ ਅਤੇ ਬੇ-ਤਰਸ ਸੁਭਾ ਦਾ ਮਾਲਕ ਹੈ।
5. ਖ਼ੁਸ਼ਾਮਦ ਪਸੰਦ – ਸਪਾਹੀ ਅਤੇ ਲੋਕਾਂ ਤੋਂ ਖੁਸ਼ਾਮਦ ਲੈਣ ਲਈ ਉਹਨਾਂ ਨੂੰ ਆਪਣੇ ਕੁੱਟਣ-ਮਾਰਨ ਦੇ ਤਰੀਕੇ ਦੱਸਦਾ। ਗਸ਼ਤ ਕਰਦੇ ਸਮੇਂ ਸਿਪਾਹੀ ਉਸ ਦੇ ਕੰਮ ਕਰਨ ਦੇ ਤਰੀਕਿਆਂ ਦੀ ਪ੍ਰਸੰਸਾ ਕਰਦਾ ਹੈ। ਉਹ ਆਪਣੀ ਤਰੀਫ਼ ਬਾਰੇ ਸੁਣ ਕੇ ਇਲਾਕੇ ਦੇ ਲੋਕਾਂ ਉੱਪਰ ਰੋਹਬ ਪਾਉਣ ਦੇ ਤਰੀਕਿਆਂ ਤੇ ਬਦਮਾਸ਼ਾਂ ਨੂੰ ਕੁੱਟਣ ਮਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ।
6. ਵਿਅੰਗਮਈ ਪਾਤਰ – ਥਾਣੇਦਾਰ ਸੇਖੀਆਂ ਮਾਰਨ ਵਾਲ਼ਾ ਹੈ । ਉਹ ਟਾਂਗੇ ਦੇ ਬੰਬਾਂ ਨੂੰ ਕੈਮੀਕਲ ਬੰਬ ਸਮਝ ਕੇ ਵਜ਼ੀਰੇ ਨੂੰ ਬੇਸਮਝੀ ਵਿੱਚ ਗ੍ਰਿਫ਼ਤਾਰ ਕਰਦਾ ਅਤੇ ਉਸ ਵੱਲੋਂ ਆਪਣੀ ਯੋਗਤਾ ਸਬੰਧੀ ਮਾਰੀਆਂ ਸੇਖੀਆਂ ਉਸਨੂੰ ਇੱਕ ਵਿਅੰਗਮਈ ਪਾਤਰ ਬਣਾ ਦਿੰਦੀਆਂ ਹਨ।
••• ਸਿਪਾਹੀ ਪਾਤਰ-ਚਿਤਰਨ •••
1. ਜਾਣ-ਪਛਾਣ – ਸਿਪਾਹੀ ‘ਬੰਬ ਕੇਸ’ ਇਕਾਂਗੀ ਦਾ ਇੱਕ ਪਾਤਰ ਹੈ। ਉਸ ਦਾ ਨਾਂ ਲੱਖਾ ਸਿੰਘ ਹੈ। ਉਹ ਥਾਣੇਦਾਰ ਦੇ ਅਧੀਨ ਹੈ। ਉਹ ਥਾਣੇ ਵਿੱਚ ਥਾਣੇਦਾਰ ਤੋਂ ਪਹਿਲਾਂ ਦਾ ਤੈਨਾਤ ਹੈ। ਇਸ ਲਈ ਗ਼ਸਤ ਸਮੇਂ ਉਹ ਥਾਣੇਦਾਰ ਨੂੰ ਇਲਾਕੇ ਦੇ ਲੋਕਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ।
2. ਝੂਠੀ ਤਰੀਫ਼ ਕਰਨ ਵਾਲ਼ਾ – ਸਿਪਾਹੀ ਬੜਾ ਖੁਸ਼ਾਮਦੀ ਹੈ। ਉਹ ਆਪਣੇ ਨਵੇਂ ਅਫ਼ਸਰ ਥਾਣੇਦਾਰ ਨੂੰ ਖ਼ੁਸ਼ ਰੱਖਣ ਲਈ ਉਸ ਦੀ ਝੂਠੀ ਤਰੀਫ਼ ਕਰਦਾ ਹੈ ਅਤੇ ਉਸ ਤੋਂ ਪਹਿਲੇ ਥਾਣੇਦਾਰ ਨੂੰ ਘਟੀਆ ਤੇ ਅਯੋਗ ਦੱਸਦਾ ਹੈ।
3. ਸੇਖੀਆਂ ਮਾਰਨ ਵਾਲ਼ਾ – ਉਹ ਲੋਕਾਂ ਸਾਹਮਣੇ ਨਵੇਂ ਥਾਣੇਦਾਰ ਦੇ ਸਖਤ ਸੁਭਾ ਅਤੇ ਕੁੱਟਣ ਦੇ ਤਰੀਕਿਆਂ ਦੀ ਬਿਨਾ ਕੁਝ ਜਾਣੇ ਹੀ ਤਰੀਫ਼ ਕਰਦਾ ਹੈ। ਉਹ ਆਪਣੀ ਵਡਿਆਈ ਲਈ ਇਲਾਕੇ ਦੇ ਲੋਕਾਂ ਬਾਰੇ ਗ਼ਲਤ ਜਾਣਕਾਰੀ ਥਾਣੇਦਾਰ ਨੂੰ ਦਿੰਦਾ ਹੈ।
4. ਸਧਾਰਨ ਲੋਕਾਂ ਦਾ ਵਿਰੋਧੀ – ਉਹ ਸਧਾਰਨ ਲੋਕਾਂ ਦਾ ਵਿਰੋਧੀ ਹੈ, ਪਰ ਜ਼ਿਮੀਦਾਰਾਂ ਦਾ ਪੱਖੀ ਹੈ। ਉਹ ਥਾਣੇਦਾਰ ਨੂੰ ਇਲਾਕੇ ਦੇ ਲੋਕਾਂ ਨੂੰ ਪੱਕੇ ਡਾਕੂ ਦੱਸਦਾ ਹੋਇਆ ਉਹਨਾਂ ਨੂੰ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਦੱਬਣ ਕੇ ਬੈਠਣ ਵਾਲ਼ੇ ਆਖਦਾ ਹੈ। ਉਹ ਕਹਿੰਦਾ ਹੈ ਕਿ ਜੇ ਇਹ ਵਾਹੀ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜ਼ਿਮੀਂਦਾਰਾਂ ਦੇ ਖੇਤਾਂ ਉੱਪਰ ਕਬਜ਼ਾ ਕਰ ਲੈਣ।
5. ਚਲਾਕ – ਉਹ ਇੱਕ ਚਲਾਕ ਵਿਅਕਤੀ ਹੈ। ਉਹ ਵੀਰਾਂਵਾਲੀ ਨੂੰ ਬੜੀ ਚਲਾਕੀ ਤੇ ਮਕਾਰੀ ਨਾਲ਼ ਕਹਿੰਦਾ ਹੈ ਕਿ ਉਹ ਉਸ ਦੇ ਇੱਕ ਪੁੱਤਰ ਲਈ ਸਰਕਾਰੀ ਕੋਠੜੀ ਅਤੇ ਸਰਕਾਰੀ ਰੋਟੀ ਦਾ ਪ੍ਰਬੰਧ ਕਰ ਦੇਣਗੇ।
6. ਬਸਮਝ – ਉਹ ਚਲਾਕ ਹੋਣ ਦੇ ਨਾਲ਼ ਬੇਸਮਝ ਵੀ ਹੈ। ਉਹ ਅਨਜਾਣ ਥਾਣੇਦਾਰ ਦੁਆਰਾ ਬਿਨਾਂ ਕੁਝ ਸੋਚੇ ਸਮਝੇ ਵਜ਼ੀਰੇ ਨੂੰ ਬੰਬ ਕੇਸ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਭਾਈਵਾਲ ਹੈ, ਪਰ ਉਸ ਦੀ ਇਸ ਬੇਸਮਝੀ ਦਾ ਕਾਰਨ ਉਸ ਵੱਲੋਂ ਥਾਣੇਦਾਰ ਦੀ ਕੀਤੀ ਜਾ ਰਹੀ ਖੁਸ਼ਾਮਦ ਹੈ।
7. ਹਾਸ-ਰਸ ਪੈਦਾ ਕਰਨ ਵਾਲ਼ਾ – ਉਸ ਦੀ ਚਲਾਕੀ, ਵਿਅੰਗ, ਥਾਣੇਦਾਰ ਦੀ ਕੀਤੀ ਖੁਸ਼ਾਮਦ ਅਤੇ ਬੇਸਮਝੀ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਦੀ ਹੈ।
8. ਵਿਅੰਗਮਈ ਪਾਤਰ – ਉਸ ਦਾ ਟਾਂਗੇ ਦੇ ਬੰਬਾਂ ਨੂੰ ਕੈਮੀਕਲ ਬੰਬ ਸਮਝਣਾ ਅਤੇ ਬਿਨਾ ਸਮਝੇ ਥਾਣੇਦਾਰ ਦੀ ਤਰੀਫ਼ ਕਰਨਾ ਉਸ ਨੂੰ ਇੱਕ ਵਿਅੰਗਮਈ ਪਾਤਰ ਬਣਾ ਦਿੰਦਾ ਹੈ।
••• ਵੀਰਾਂ ਵਾਲੀ ਦਾ ਪਾਤਰ-ਚਿਤਰਨ •••
1. ਜਾਣ-ਪਛਾਣ – ਵੀਰਾਂ ਵਾਲੀ ਬੰਬ ਕੇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਇੱਕ ਸ਼ਰਨਾਰਥੀ ਅਤੇ ਦੁਖੀ ਇਸਤਰੀ ਹੈ। ਉਸ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ। ਉਸ ਦਾ ਇੱਕ ਪੁੱਤਰ ਵਜ਼ੀਰਾ ਇਕਾਂਗੀ ਦਾ ਇੱਕ ਪਾਤਰ ਹੈ। ਦੀਪੋ ਉਸ ਦੀ ਧੀ ਹੈ। ਇਕਾਂਗੀਕਾਰ ਨੇ ਉਸ ਦੀ ਇੱਕ ਮਾਂ ਦੇ ਰੂਪ ਵਿੱਚ ਸਫ਼ਲ ਪਾਤਰ ਸਿਰਜਨਾ ਕੀਤੀ ਹੈ। ਉਹ ਰਾਂਗਲੀਆਂ ਪੀੜ੍ਹੀਆਂ ਉੱਪਰ ਸੁੰਦਰ ਵੇਲ- ਬੂਟੇ ਪਾ ਲੈਂਦੀ ਹੈ ।
2. ਪੁੱਤਰ ਪਿਆਰ ਨਾਲ਼ ਭਰਪੂਰ – ਉਹ ਪੁੱਤਰ ਪਿਆਰ ਨਾਲ਼ ਭਰਪੂਰ ਔਰਤ ਹੈ। ਭਾਵੇਂ ਉਹ ਆਪਣੇ ਪੁੱਤਰਾਂ ਤੋਂ ਨਿਰਾਸ਼ ਹੈ, ਕਿਉਂਕਿ ਉਹ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਆਪਣੀ ਮਾਂ ਪਰਵਾਹ ਵੀ ਨਹੀਂ ਕਰਦੇ, ਪਰ ਉਹ ਕਹਿੰਦੀ ਹੈ ਕਿ ਮਾਪੇ ਕੁਮਾਪੇ ਨਹੀਂ ਹੁੰਦੇ। ਜਦੋਂ ਥਾਣੇਦਾਰ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲੈਂਦਾ ਹੈ ਤਾਂ ਉਹ ਪੁੱਤਰ ਪਿਆਰ ਵਿੱਚ ਉਸ ਨੂੰ ਛਡਾਉਣ ਲਈ ਤਰਲੋ–ਮੱਛੀ ਹੁੰਦੀ ਹੈ।
3. ਧੀ ਦੇ ਵਿਆਹ ਦਾ ਫ਼ਿਕਰ ਕਰਨ ਵਾਲ਼ੀ – ਉਹ ਧੀ ਦੇ ਵਿਆਹ ਦਾ ਫ਼ਿਕਰ ਕਰਨ ਵਾਲ਼ੀ ਹੈ। ਉਹ ਆਪਣੀ ਧੀ ਦੇ ਵਿਆਹ ਦਾ ਬਹੁਤ ਫ਼ਿਕਰ ਕਰਦੀ ਹੈ। ਉਹ ਕਹਿੰਦੀ ਹੈ, “ਹੇ ਰੱਬਾ! ਹੁਣ ਇਹ ਸਿਆਣੀ ਹੋ ਗਈ ਏ, ਕੋਈ ਮੁੰਡਾ ਲੱਭੇ, ਤਾਂ ਇਸ ਦਾ ਵੀ ਤ੍ਰੋਪਾ ਭਰਾਂ।”
4. ਧੀ ਨਾਲ਼ ਵਿਤਕਰਾ ਕਰਨ ਵਾਲ਼ੀ – ਉਹ ਪੁੱਤਰ ਦੇ ਮੁਕਾਬਲੇ ਧੀ ਨਾਲ਼ ਵਿਤਕਰਾ ਰੱਖਦੀ ਹੈ। ਉਹ ਦੀਪੋ ਤੋਂ ਗੁੜ ਦੀ ਡਲੀ ਲੈ ਲੈਂਦੀ ਹੈ, ਜਿਹੜੀ ਕਿ ਉਸ ਨੇ ਲੁਕਾ ਕੇ ਆਪਣੇ ਪੁੱਤਰ ਲਈ ਰੱਖੀ ਹੋਈ ਸੀ। ਮਾਂ ਦੇ ਅਜਿਹੇ ਵਤੀਰੇ ਨੂੰ ਦੇਖ ਕੇ ਦੀਪੋ ਨੂੰ ਗੁੱਸਾ ਲੱਗਦਾ ਹੈ ।
5. ਨਿੱਡਰ ਤੇ ਹੌਂਸਲੇ ਵਾਲ਼ੀ – ਉਹ ਹੌਂਸਲੇ ਵਾਲੀ ਅਤੇ ਨਿੱਡਰ ਔਰਤ ਹੈ। ਉਹ ਖੂਹ ਵਿੱਚ ਵੜ ਕੇ ਕੋਈ ਚੀਜ਼ ਕੱਢਣ ਦੀ ਹਿੰਮਤ ਰੱਖਦੀ ਹੈ। ਇੱਕ ਵਾਰ ਖੂਹ ਵਿੱਚ ਮੇਮਣਾ ਡਿੱਗ ਪਿਆ, ਤਾਂ ਉਹ ਖੂਹ ਵਿੱਚ ਵੜ ਕੇ ਕੱਢ ਲਿਆਈ।
6. ਭੋਲੀ-ਭਾਲੀ ਇਸਤਰੀ – ਉਹ ਭੋਲੀ-ਭਾਲੀ ਔਰਤ ਹੈ। ਥਾਣੇਦਾਰ ਅਤੇ ਸਿਪਹੀ ਦੀਆਂ ਚੁਸਤ ਗੱਲਾਂ ਸਮਝ ਨਹੀਂ ਸਕਦੀ। ਜਦੋਂ ਸਿਪਾਹੀ ਜੇਲ੍ਹ ਨੂੰ ਵਿਅੰਗ ਨਾਲ਼ ਉਸ ਦੇ ਪੁੱਤਰ ਲਈ ਮਿਲ ਰਹੀ ਮੁਫ਼ਤ ਸਰਕਾਰੀ ਕੋਠੜੀ ਦੱਸਦਾ ਹੋਇਆ ਕਹਿੰਦਾ ਹੈ ਕਿ ਉਥੇ ਉਸ ਨੂੰ ਮੁਫ਼ਤ ਖਾਣਾ ਵੀ ਮਿਲੇਗਾ, ਤਾਂ ਉਹ ਇਸ ਨੂੰ ਸੱਚ-ਮੁੱਚ ਮਦਦ ਸਮਝ ਕੇ ਥਾਣੇਦਾਰ ਅਤੇ ਸਿਪਾਹੀ ਦਾ ਧੰਨਵਾਦ ਕਰਦੀ ਹੈ।
7. ਇੱਕ ਦੁਖੀ ਇਸਤਰੀ – ਉਹ ਇੱਕ ਦੁੱਖੀ ਅਤੇ ਦੇਸ਼ ਦੀ ਵੰਡ ਸਮੇਂ ਉਜੜ ਕੇ ਆਈ ਹੋਈ ਸ਼ਰਨਾਰਥੀ ਔਰਤ ਹੈ। ਉਹ ਆਰਥਿਕ ਤੰਗੀਆਂ ਦੀ ਸ਼ਿਕਾਰ ਹੋਣ ਕਰਕੇ ਅਤੇ ਆਪਣੇ ਪੁੱਤਰ ਦੇ ਬਿਨਾਂ ਕਿਸੇ ਕਸੂਰ ਦੇ ਫੜ੍ਹੇ ਜਾਣ ਕਰਕੇ ਦੁਖੀ ਹੈ।
••• ਵਜ਼ੀਰੇ ਦਾ ਪਾਤਰ-ਚਿਤਰਨ •••
1. ਜਾਣ ਪਛਾਣ – ਵਜੀਰਾ ‘ਬੰਬ ਕੇਸ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਵੀਰਾਂ ਵਾਲੀ ਦਾ ਪੁੱਤਰ ਹੈ। ਉਸ ਦੇ ਦੋ ਹੋਰ ਭਰਾ ਅਤੇ ਇੱਕ ਭੈਣ ਹੈ। ਉਹ ਪਾਕਿਸਤਾਨ ਤੋਂ ਵੰਡ ਸਮੇਂ ਉਜੜ ਕੇ ਆਇਆ ਹੈ। ਉਸ ਨੇ ਘਰ ਦਾ ਗੁਜ਼ਾਰਾ ਤੋਰਨ ਲਈ ਕਈ ਪਾਪੜ ਵੇਲੇ ਹਨ। ਹੁਣ ਉਹ ਟਾਂਗਿਆਂ ਦੇ ਬੰਬ ਬਣਾ ਕੇ ਗੁਜ਼ਾਰਾ ਕਰਨ ਲੱਗਾ ਹੈ, ਪਰ ਇਲਾਕੇ ਦਾ ਥਾਣੇਦਾਰ ਬਿਨਾਂ ਕੁਝ ਸੋਚੇ ਸਮਝੇ ਉਸ ਨੂੰ ਕੈਮੀਕਲ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲੈਂਦਾ ਹੈ।
2. ਮਿਹਨਤ ਮਜ਼ਦੂਰੀ ਕਰਨ ਵਾਲ਼ਾ – ਉਹ ਇੱਕ ਮਿਹਨਤ ਮਜ਼ਦੂਰੀ ਕਰਨ ਵਾਲ਼ਾ ਆਦਮੀ ਹੈ। ਪਾਕਿਸਤਾਨ ਤੋਂ ਉਜੜਨ ਮਗਰੋਂ ਉਸ ਨੇ ਘਰ ਦਾ ਗੁਜ਼ਾਰਾ ਤੋਰਨ ਲਈ ਕਈ ਪਾਪੜ ਵੇਲੇ ਅਤੇ ਅੰਤ ਟਾਂਗਿਆਂ ਦੇ ਬੰਬ ਬਣਾਉਣ ਦਾ ਕੰਮ ਕਰਨ ਲੱਗ ਪਿਆ। ਉਹ ਆਪਣੇ ਕੰਮ ਕਰਨ ਵਾਲ਼ੇ ਸੰਦ ਤੇਸਾ ਤੇ ਆਰੀ ਚੁੱਕ ਕੇ ਲੋਕਾਂ ਦੇ ਘਰ ਵਿੱਚ ਲੱਕੜੀ ਦਾ ਕੰਮ ਕਰਨ ਵੀ ਜਾਂਦਾ ਹੈ ।
3. ਸਰਕਾਰੀ ਅਫ਼ਸਰਾਂ ਤੋਂ ਡਰਨ ਵਾਲ਼ਾ – ਉਹ ਥਾਣੇਦਾਰ ਤੋਂ ਡਰਦਾ ਹੈ ਤੇ ਉਸ ਨਾਲ਼ ਬੜੀ ਅਧੀਨਗੀ ਨਾਲ਼ ਗੱਲ ਕਰਦਾ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੇ ਟਾਂਗੇ ਦੇ ਬੰਬ ਟੁੱਟੇ ਹੋਏ ਹਨ, ਤਾਂ ਉਹ ਉਸ ਲਈ ਛੇਤੀ ਬਣਾ ਦੇਵੇਗਾ। ਉਹ ਥਾਣੇਦਾਰ ਦੀਆਂ ਚੁਸਤ ਗੱਲਾਂ ਨਹੀਂ ਸਮਝ ਸਕਦਾ।
4. ਆਪਣੇ ਭਰਾਵਾਂ ਨਾਲ਼ ਲੜਦਾ ਰਹਿਣ ਵਾਲ਼ਾ – ਵੀਰਾਂ ਵਾਲੀ ਅਨੁਸਾਰ ਵਜ਼ੀਰੇ ਸਮੇਤ ਉਸ ਦੇ ਤਿੰਨ ਪੁੱਤਰ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਉਸ ਨੂੰ ਪਿਆਰ ਵੀ ਨਹੀਂ ਕਰਦੇ।
5. ਹਾਸ-ਰਸ ਉਪਜਾਉਣ ਵਾਲ਼ਾ – ਇਕਾਂਗੀ ਵਿੱਚ ਉਸ ਦੀ ਥਾਣੇਦਾਰ ਨਾਲ਼ ਹੋਈ ਵਾਰਤਾਲਾਪ ਅਤੇ ਉਸ ਦੁਆਰਾ ਥਾਣੇਦਾਰ ਦੇ ਕੀਤੇ ਤਰਲੇ ਇਕਾਂਗੀ ਵਿੱਚ ਹਾਸ-ਰਸ ਪੈਦਾ ਕਰਦੇ ਹਨ ਅਤੇ ਥਾਣੇਦਾਰ ਦੇ ਵਿਅੰਗਮਈ ਚਰਿੱਤਰ ਨੂੰ ਖੂਬ ਉਘਾੜਦੇ ਹਨ।
••• ਦੀਪੋ ਦਾ ਪਾਤਰ-ਚਿਤਰਨ •••
1. ਜਾਣ ਪਛਾਣ – ਦੀਪੋ ‘ਬੰਬ ਕੇਸ’ ਇਕਾਂਗੀ ਵਿੱਚ ਇੱਕ ਨਿਮਨ ਪਾਤਰ ਹੈ। ਉਹ ਵੀਰਾਂ ਵਾਲੀ ਦੀ ਧੀ ਤੇ ਵਜ਼ੀਰੇ ਦੀ ਭੈਣ ਹੈ। ਉਸ ਦੇ ਚਰਿੱਤਰ ਵਿੱਚ ਹੇਠ ਲਿਖੇ ਗੁਣ ਸਾਹਮਣੇ ਆਉਂਦੇ ਹਨ।
2. ਇੱਕ ਮੁਟਿਆਰ ਕੁੜੀ – ਦੀਪੋ ਇੱਕ ਮੁਟਿਆਰ ਕੁੜੀ ਹੈ। ਇਸ ਕਰਕੇ ਵੀਰਾਂ ਵਾਲੀ ਕਹਿੰਦੀ ਹੈ, “ਹੇ ਰੱਬਾ! ਹੁਣ ਇਹ ਸਿਆਣੀ ਹੋ ਗਈ ਏ। ਕੋਈ ਮੁੰਡਾ ਲੱਭੇ, ਤਾਂ ਇਸਦਾ ਤ੍ਰੋਪਾ ਭਰਾਂ।”
3. ਮਾਂ ਦੇ ਵਿਤਕਰੇ ਦੀ ਸ਼ਿਕਾਰ – ਉਸ ਦੀ ਮਾਂ ਆਪਣੇ ਪੁੱਤਰਾਂ ਦੇ ਮੁਕਾਬਲੇ ਉਸ ਨਾਲ਼ ਵਿਤਕਰਾ ਕਰਦੀ ਹੈ। ਇਸ ਕਰਕੇ ਉਹ ਉਸ ਦੇ ਦਾਣਿਆਂ ਵਿੱਚ ਰਲਾਉਣ ਲਈ ਲਿਆ ਗੁੜ ਵਾਪਸ ਲੈ ਲੈਂਦੀ ਹੈ, ਕਿਉਂਕਿ ਉਸ ਨੇ ਉਹ ਛੁਪਾ ਕੇ ਉਸ ਦੇ ਭਰਾ ਲਈ ਰੱਖਿਆ ਹੋਇਆ ਸੀ। ਇਹ ਦੇਖ ਕੇ ਦੀਪੋ ਨੂੰ ਗੁੱਸਾ ਚੜ੍ਹ ਜਾਂਦਾ ਹੈ ਅਤੇ ਉਹ ਗੁੜ ਦੀ ਡਲੀ ਵੀਰਾਂ ਵਾਲੀ ਨੂੰ ਦੇ ਦਿੰਦੀ ਹੈ।
4. ਮਾਂ ਦੀ ਆਗਿਆ ਦਾ ਪਾਲਣ ਕਰਨ ਵਾਲ਼ੀ – ਉਹ ਮਾਂ ਦੀ ਆਗਿਆਕਾਰ ਹੈ। ਉਸ ਦੇ ਕਹਿਣ ਤੇ ਗੁੜ ਦੀ ਡਲੀ ਦੇ ਦਿੰਦੀ ਹੈ ਅਤੇ ਵੀਰਾਂ ਵਾਲੀ ਦੇ ਨਾਲ਼ ਘਰ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ। ਉਸ ਦੇ ਕਹਿਣ ਤੇ ਉਹ ਜੁੱਲੀਆਂ ਸੁੱਕਣੀਆਂ ਪਾਉਣ ਚਲੀ ਜਾਂਦੀ ਹੈ।
5. ਆਸ਼ਾਵਾਦੀ – ਉਹ ਆਸ਼ਾਵਾਦੀ ਹੈ। ਉਸ ਦੇ ਦਿਲ ਵਿੱਚ ਇਹ ਆਸ ਹੈ ਕਿ ਜਿਸ ਤਰ੍ਹਾਂ ਡਾਕੀਏ ਦੇ ਕਹਿਣ ਅਨੁਸਾਰ ਸਰਕਾਰ ਨੇ ਰਫਿਊਜੀਆਂ ਨੂੰ ਪੱਕੀਆਂ ਕੋਠੀਆਂ ਬਣਾ ਦਿੱਤੀਆਂ ਹਨ, ਇਸੇ ਤਰ੍ਹਾਂ ਉਨ੍ਹਾਂ ਲਈ ਵੀ ਬਣਾ ਦਿੱਤੀਆਂ ਜਾਣਗੀਆਂ। ਇਸੇ ਕਰਕੇ ਉਹ ਆਪਣੀ ਮਾਂ ਨੂੰ ਇਸ ਬਾਰੇ ਖ਼ਬਰ ਸੁਣਾਉਂਦੀ ਹੈ।
••• ਵਾਰਤਾਲਾਪ ਅਧਾਰਿਤ ਪ੍ਰਸ਼ਨ •••
1. “ਹਜ਼ੂਰ ਕੀ ਪੁੱਛਦੇ ਓ, ਦਿਨ ਦਿਹਾੜੇ ਡਾਕੇ ਵੱਜਦੇ ਨੇ ਪਰ ਜੇ ਥੋਡੀਆਂ ਗਸ਼ਤਾਂ ਏਕਰ ਈ ਜਾਰੀ ਰਹੀਆਂ ਤਾਂ, ਸਭਨਾਂ ਨੇ ਸੁੱਸਰੀ ਵਾਂਗ ਸੌਂ ਜਾਣੈ। ਕਿਸੇ ਨੇ ਚੂੰ ਨਹੀਂ ਕਰਨੀ।”
ਪ੍ਰਸ਼ਨ – 1. ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?
2. ਇਸ ਇਕਾਂਗੀ ਦਾ ਲੇਖਕ ਕੌਣ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਇਨ੍ਹਾਂ ਸ਼ਬਦਾਂ ਦੀ ਸੁਰ ਕਿਹੋ ਜਿਹੀ ਹੈ?
ਉੱਤਰ – 1. ਬੰਬ ਕੇਸ।
2. ਬਲਵੰਤ ਗਾਰਗੀ।
3. ਇਹ ਸ਼ਬਦ ਸਿਪਾਹੀ ਨੇ ਨਵੇਂ ਆਏ ਥਾਣੇਦਾਰ ਨੂੰ ਕਹੇ।
4. ਇਨ੍ਹਾਂ ਸ਼ਬਦਾਂ ਦੀ ਸੁਰ ਖੁਸ਼ਾਮਦ ਭਰੀ ਹੈ।
2. “ਜੀ ਚੋਰ ਨਾਲੋਂ ਚੋਰ ਦੀ ਮਾਂ ਚਤੁਰ ਹੁੰਦੀ ਏ । ਕੁਝ ਨਹੀਂ ਦੱਸਣਾ ਏਸ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਅਤੇ ਕਿਸ ਦੀ ਰਚਨਾ ਹਨ?
2. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
3. ਚੋਰ ਦੀ ਮਾਂ ਕਿਸ ਨੂੰ ਕਿਹਾ ਗਿਆ ਹੈ?
4. ਚੋਰ ਦੀ ਮਾਂ ਕਿਹੋ ਜਿਹੀ ਹੁੰਦੀ ਹੈ?
ਉੱਤਰ – 1. ਇਕਾਂਗੀ ਬੰਬ ਕੇਸ ਅਤੇ ਇਕਾਂਗੀਕਾਰ ਬਲਵੰਤ ਗਾਰਗੀ।
2. ਇਹ ਸ਼ਬਦ ਸਿਪਾਹੀ ਨੇ ਥਾਣੇਦਾਰ ਨੂੰ ਕਹੇ।
3. ਵੀਰਾਂਵਾਲੀ ਨੂੰ।
4. ਚੋਰ ਦੀ ਮਾਂ ਬਹੁਤ ਚੁਸਤ-ਚਲਾਕ ਹੁੰਦੀ ਹੈ।
3. “ਲਿਆ ਓਏ ਨੱਥਾ ਸਿਹਾਂ ਹੱਥਕੜੀਆਂ। ਇਹ ਬੰਬ ਬਣਾਂਦਾ ਏ। ਇਸਦਾ ਖ਼ਿਆਲ ਏ ਕਿ ਅਸੀਂ ਇਸ ਦੀਆਂ ਗੱਲਾਂ ਨੂੰ ਮਖੌਲ ’ਚ ਟਾਲ ਦੇਵਾਂਗੇ, ਪਰ ਮੈਂ ਸਾਰੀਆਂ ਗੱਲਾਂ ਜਾਣਦਾ ਹਾਂ। ਲਿਆ ਹੱਥਕੜੀਆਂ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਥਾਣੇਦਾਰ ਕਿਸ ਨੂੰ ਹੱਥਕੜੀਆਂ ਲਾਉਣੀਆਂ ਚਾਹੁੰਦਾ ਹੈ?
ਉੱਤਰ – 1. ਬੰਬ ਕੇਸ।
2. ਬਲਵੰਤ ਗਾਰਗੀ।
3. ਇਹ ਸ਼ਬਦ ਥਾਣੇਦਾਰ ਨੇ ਸਿਪਾਹੀ ਨੂੰ ਉਹ ਕਹੇ।
4. ਵਜ਼ੀਰੇ ਨੂੰ।
4. “ਬੜੀ ਖਚਰੀ ਏਂ ਬੁੱਢੀਏ। ਲੈ ਹੁਣ ਸਫ਼ੈਦ ਪੋਸ਼ਾਂ, ਸਰਕਾਰੀ ਅਫ਼ਸਰਾਂ ਤੇ ਸਰਦਾਰਾਂ ਨੂੰ ਵੀ ਵਿੱਚ ਲੈਣ ਲੱਗੀ ਏਂ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਖਚਰੀ ਬੁੱਢੀ ਕਿਸ ਨੂੰ ਕਿਹਾ ਗਿਆ ਹੈ?
ਉੱਤਰ – 1. ਬੰਬ ਕੇਸ।
2. ਬਲਵੰਤ ਗਾਰਗੀ।
3. ਇਹ ਸ਼ਬਦ ਥਾਣੇਦਾਰ ਨੇ ਵੀਰਾਂਵਾਲੀ ਨੂੰ ਕਹੇ।
4. ਖਚਰੀ ਬੁੱਢੀ ਵੀਰਾਂ ਵਾਲੀ ਨੂੰ ਕਿਹਾ ਗਿਆ ਹੈ।
5. “ਆਹੋ ਹਜ਼ੂਰ, ਮੈਂ ਤੁਹਾਨੂੰ ਕਦ ਇਨਕਾਰੀ ਕੀਤੀ ਏ? ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਹੋਏ ਹਨ, ਤਾਂ ਬਣਾ ਦੇਵਾਂਗਾ। ਹਜ਼ੂਰ ਛੇਤੀ ਤਿਆਰ ਕਰ ਦੇਵਾਂਗਾ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਵਜੀਰਾ ਕਿਹੜੇ ਬੰਬ ਬਣਾਉਂਦਾ ਸੀ?
ਉੱਤਰ – 1. ਬੰਬ ਕੇਸ।
2. ਬਲਵੰਤ ਗਾਰਗੀ।
3. ਇਹ ਵਾਰਤਾਲਾਪ ਵਜ਼ੀਰੇ ਨੇ ਥਾਣੇਦਾਰ ਨੂੰ ਕਹੇ।
4. ਵਜੀਰਾ ਟਾਂਗਿਆਂ ਦੇ ਬੰਬ ਬਣਾਉਂਦਾ ਸੀ।
6. “ਸਗੋਂ ਘੁੱਗੂ ਬਣਿਆ ਖੜ੍ਹਾ ਏਂ। ਜੀਭ ਤਾਲੂ ਨਾਲ਼ ਲੱਗ ਗਈ। ਗੱਲਾਂ ਮਾਰਦਾ ਸੀ ਚਪੜ-ਚਪੜ। ਸਾਨੂੰ ਧੋਖਾ ਦੇਣ ਲਈ ਆਖਦਾ ਏ ਟਾਂਗੇ ਦੇ ਬੰਬ। ਓਥੇ ਜਾ ਕੇ ਪੁੱਛਾਂਗੇ ਕਿਹੜੇ ਬੰਬ ਬਣਾਂਦਾ ਏਂ ਤੂੰ। ਚੱਲ।”
ਪ੍ਰਸ਼ਨ – 1. ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ?
2. ਇਹ ਇਕਾਂਗੀ ਕਿਸ ਦੀ ਰਚਨਾ ਹੈ?
3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
4. ਘੁੱਗੂ ਬਣਿਆ ਕੌਣ ਖੜ੍ਹਾ ਸੀ?
ਉੱਤਰ – 1. ਬੰਬ ਕੇਸ।
2. ਬਲਵੰਤ ਗਾਰਗੀ।
3. ਇਹ ਸ਼ਬਦ ਥਾਣੇਦਾਰ ਨੇ ਇਕਾਂਗੀ ਦੇ ਅੰਤ ਵਿੱਚ ਵਜ਼ੀਰੇ ਨੂੰ ਕਹੇ।
4. ਵਜੀਰਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬੰਬ ਕੇਸ’ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ – ਬਲਵੰਤ ਗਾਰਗੀ।
ਪ੍ਰਸ਼ਨ 2. ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਹੈ?
ਉੱਤਰ – ਪੁੱਤਰ।
ਪ੍ਰਸ਼ਨ 3. ਦੀਪੋ ਵਜ਼ੀਰੇ ਦੀ ਕੀ ਲੱਗਦੀ ਹੈ?
ਉੱਤਰ – ਭੈਣ।
ਪ੍ਰਸ਼ਨ 4. ਥਾਣੇਦਾਰ ਵਜ਼ੀਰੇ ਬਾਰੇ ਕਿਸ ਦੀ ਰਿਪੋਰਟ ਦਾ ਜ਼ਿਕਰ ਕਰਦਾ ਹੈ?
ਉੱਤਰ – ਕੇਹਰ ਸਿੰਘ ਦੀ।
ਪ੍ਰਸ਼ਨ 5. ਸਿਪਾਹੀ ਅਨੁਸਾਰ ਵਜ਼ੀਰਾ ਕਿੱਥੇ ਰਹਿੰਦਾ ਸੀ?
ਉੱਤਰ – ਮਿੱਤੂ ਲੁਹਾਰ ਦੇ ਮੁਹੱਲੇ ਵਿੱਚ।
ਪ੍ਰਸ਼ਨ 6. ਥਾਣੇਦਾਰ ਅਨੁਸਾਰ ਮੁਲਜ਼ਮਾਂ ਨੂੰ ਕੁੱਟਣ ਵਿੱਚ ਕੌਣ ਅੱਵਲ ਸਨ?
ਉੱਤਰ – ਰੂੜ ਸਿੰਘ ਤੇ ਬੂੜ ਸਿੰਘ।
ਪ੍ਰਸ਼ਨ 7. ਵੀਰਾਂ ਵਾਲੀ ਦੇ ਰਹਿਣ ਦੀ ਥਾਂ ਕਿਹੋ ਜਿਹੀ ਹੈ?
ਉੱਤਰ – ਕੁੱਲੀ।
ਪ੍ਰਸ਼ਨ 8. ਦੀਪੋ ਕਿਸ ਦੀ ਭੱਠੀ ਤੋਂ ਦਾਣੇ ਭੁੰਨਾ ਕੇ ਲਿਆਈ ਸੀ?
ਉੱਤਰ – ਸੋਧਾਂ ਦੀ।
ਪ੍ਰਸ਼ਨ 9. ਵੀਰਾਂ ਵਾਲੀ ਦੀਪੋ ਨੂੰ ਕਿਸ ਦੇ ਤੰਦੂਰ ਤੋਂ ਰੋਟੀਆਂ ਲਾ ਕੇ ਲਿਆਉਣ ਨੂੰ ਕਹਿੰਦੀ ਹੈ?
ਉੱਤਰ – ਜੁਆਲੀ ਦੇ।
ਪ੍ਰਸ਼ਨ 10. ਮਾਨਾਂ ਕੌਣ ਸੀ?
ਉੱਤਰ – ਵੀਰਾਂ ਵਾਲੀ ਦੀ ਗੁਆਂਢਣ।
ਪ੍ਰਸ਼ਨ 11. ਮਾਨਾਂ ਦੇ ਪੁੱਤਰ ਦਾ ਨਾਂ ਕੀ ਹੈ?
ਉੱਤਰ – ਪਾਲੀ।
ਪ੍ਰਸ਼ਨ 12. ਪਾਲੀ ਕੀ ਕਰਨ ਲਈ ਰੱਟਾ ਪਾਈ ਬੈਠਾ ਸੀ?
ਉੱਤਰ – ਪੀਂਘ ਪਾਉਣ ਲਈ।
ਪ੍ਰਸ਼ਨ 13. ਮਾਨਾਂ ਕਿਸ ਦੇ ਘਰੋਂ ਲੱਜ ਮੰਗ ਕੇ ਲਿਆਈ ਸੀ?
ਉੱਤਰ – ਕੌੜੀ ਦੇ।
ਪ੍ਰਸ਼ਨ 14. ਵਜ਼ੀਰਾ ਕਿਸ ਦੀ ਹਵੇਲੀ ਵਿੱਚ ਕੰਮ ਕਰਨ ਗਿਆ ਸੀ?
ਉੱਤਰ – ਬੁੱਘੇ ਮੱਲ ਦੀ।
ਪ੍ਰਸ਼ਨ 15. ਵਜ਼ੀਰਾਂ ਘਰੋਂ ਕਿਹੜੇ ਸੰਦ ਲੈ ਕੇ ਗਿਆ ਸੀ?
ਉੱਤਰ – ਤੇਸਾ ਤੇ ਆਰੀ ।
ਪ੍ਰਸ਼ਨ 16. ਮਾਨਾਂ ਅਨੁਸਾਰ ਬੁੱਘਾ ਮੱਲ ਕਿਹੋ ਜਿਹਾ ਆਦਮੀ ਸੀ?
ਉੱਤਰ – ਝੂਠਾਂ ਦੀ ਪੰਡ।
ਪ੍ਰਸ਼ਨ 17. ਵੀਰਾਂ ਵਾਲੀ ਦੇ ਕਿੰਨੇ ਪੁੱਤਰ ਸਨ?
ਉੱਤਰ – ਤਿੰਨ।
ਪ੍ਰਸ਼ਨ 18. ਵੀਰਾਂ ਵਾਲੀ ਦਾ ਪਰਿਵਾਰ ਕਿੱਥੋਂ ਉੱਜੜ ਕੇ ਆਇਆ ਸੀ?
ਉੱਤਰ – ਪਾਕਿਸਤਾਨ ਤੋਂ।
ਪ੍ਰਸ਼ਨ 19. ਥਾਣੇਦਾਰ ਵੀਰਾਂ ਵਾਲੀ ਦੇ ਕਿਹੜੇ ਪੁੱਤਰ ਦਾ ਨਾਂ ਡਾਇਰੀ ਵਿੱਚ ਲਿਖਦਾ ਹੈ?
ਉੱਤਰ – ਕਰਨੈਲ ਸਿੰਘ ਦਾ।
ਪ੍ਰਸ਼ਨ 20. ਵੀਰਾਂ ਵਾਲੀ ਦਾ ਕਿਹੜਾ ਪੁੱਤਰ ਸਹੁਰੀਂ ਗਿਆ ਸੀ?
ਉੱਤਰ – ਜਰਨੈਲ ਸਿੰਘ।
ਪ੍ਰਸ਼ਨ 21. ਵੀਰਾਂ ਵਾਲੀ ਨੇ ਖੂਹ ਵਿੱਚੋਂ ਕੀ ਕੱਢਿਆ ਸੀ?
ਉੱਤਰ – ਮੇਮਣਾ।
ਪ੍ਰਸ਼ਨ 22. ਸਿਪਾਹੀ ਦਾ ਨਾਂ ਕੀ ਹੈ?
ਉੱਤਰ – ਨੱਥਾ ਸਿੰਘ।
ਪ੍ਰਸ਼ਨ 23. ਵਜ਼ੀਰਾ ਅਸਲ ਵਿੱਚ ਕਿਹੜੇ ਬੰਬ ਬਣਾਉਂਦਾ ਸੀ?
ਉੱਤਰ – ਟਾਂਗਿਆਂ ਦੇ।
ਪ੍ਰਸ਼ਨ 24. ਥਾਣੇਦਾਰ ਵਜ਼ੀਰੇ ਨੂੰ ਕਿਹੜੇ ਬੰਬ ਬਣਾਉਣ ਵਾਲ਼ਾ ਸਮਝਦਾ ਹੈ?
ਉੱਤਰ – ਕੈਮੀਕਲ ਬੰਬ।
ਪ੍ਰਸ਼ਨ 25. ਵੀਰਾਂ ਵਾਲੀ ਵਜ਼ੀਰੇ ਨੂੰ ਫਸਾਉਣ ਲਈ ਕਿਸ ਨੂੰ ਚੁਗਲੀ ਕਰਨ ਵਾਲ਼ਾ ਸਮਝਦੀ ਹੈ?
ਉੱਤਰ – ਕਿਰਪੀ ਸੁਨਿਆਰੀ ਨੂੰ।