ਪਾਠ 5: ਖਣਿਜ ਪਦਾਰਥ ਅਤੇ ਊਰਜਾ ਦੇ ਸਰੋਤ – ਵਿਸ਼ਾ: ਸਮਾਜਿਕ ਵਿਗਿਆਨ ਸ਼੍ਰੇਣੀ: ਦਸਵੀਂ (ਭੂਗੋਲ)
ਬਹੁ ਚੋਣਵੇ ਪ੍ਰਸ਼ਨ:-
(i) ਹੇਠ ਲਿਖਿਆਂ ਵਿੱਚੋਂ ਕਿਹੜੀ ਖਣਿਜ ਪਦਾਰਥਾਂ ਦੀ ਵਿਸ਼ੇਸ਼ਤਾ ਨਹੀਂ ਹੈ?
(ੳ) ਇਕਹਿਰੇ ਗੁਣ
(ਅ) ਕੁਦਰਤੀ ਵਾਪਰੇ ਤੱਤ
(ੲ) ਵਿਆਖਿਆਮਈ ਸਰੰਚਨਾ
(ਸ) ਕੋਈ ਵੀ ਨਹੀਂ
ਉੱਤਰ:- ਇਕਹਿਰੇ ਗੁਣ
(ii) ਰੂਹਰ ਘਾਟੀ ਕਿਸ ਦੇਸ਼ ਵਿੱਚ ਪੈਂਦੀ ਹੈ?
(ੳ) ਆਸਟ੍ਰੇਲੀਆ
(ਅ)ਜਰਮਨੀ
(ੲ) ਜਾਪਾਨ
(ਸ) ਭਾਰਤ
ਉੱਤਰ:- ਜਰਮਨੀ
(iii) ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਹਨ ?
(ੳ) ਪੌਣ ਤੇ ਕੋਲਾ
(ਅ) ਜਵਾਰੀ ਤੇ ਸੂਰਜੀ
(ੲ) ਕੁਦਰਤੀ ਗੈਸਾਂ ਤੇ ਤਿਰੰਗਾ
(ਸ) ਕੋਲਾ ਤੇ ਪੈਟਰੋਲੀਅਮ
ਉੱਤਰ:- ਕੋਲਾ ਤੇ ਪੈਟਰੋਲੀਅਮ
(iv) ਮੁੰਬਈ ਹਾਈ ਕੀ ਹੈ?
(ੳ) ਪਹਾੜੀ ਸਥਾਨ
(ਅ)ਤੇਲ ਉਤਪਾਦਕ ਸਥਾਨ
(ੲ) ਕੋਲਾ ਉਤਪਾਦਨ ਪੇਟੀ
(ਸ) ਮੈਟਰੋ ਸਟੇਸ਼ਨ
ਉੱਤਰ:- ਤੇਲ ਉਤਪਾਦਕ ਸਥਾਨ
(v) ਸਹੀ ਮਿਲਾਨ ਕਰੋ:-
(i) ਇਸਪਾਤ ਕਾਲ (b) 1780-1980
(ii) ਕਾਂਸੀ ਕਾਲ (c) ਤਾਂਬਾ+ਟਿਨ(ਕਲੱਈ)
(iii) ਲੋਹ-ਕਾਲ (a) 3000 ਸਾਲ ਪੂਰਵ
(iv) ਸਿਲੀਕੋਨ ਕਾਲ (d) 1980 ਤੋਂ ਪਹਿਲਾਂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਕੁ ਸ਼ਬਦਾਂ ਤੱਕ ਦਿਓ:-
(i) ਧਾਤਵੇਂ ਖਣਿਜ ਕੀ ਹੁੰਦੇ ਹਨ?
ਉੱਤਰ:- ਇਨਾ ਖਣਿਜਾਂ ਵਿੱਚ ਧਾਤਾਂ ਜਿਵੇਂ ਕਿ ਤਾਂਬਾ, ਸੋਨਾ, ਮੈਂਗਨੀਜ਼, ਬਾਕਸਾਈਟ ਆਦਿ ਤੱਤ ਸ਼ਾਮਲ ਹੁੰਦੇ ਹਨ। ਧਾਤਵੇਂ ਖਣਿਜ ਦੋ ਤਰ੍ਹਾਂ ਦੇ ਹੁੰਦੇ ਹਨ:-
1. ਲੋਹ ਧਾਤਵੇਂ ਖਣਿਜ:- ਇਹ
ਉਹ ਖਣਿਜ ਹਨ, ਜਿਨ੍ਹਾਂ ਵਿੱਚ ਧਾਤਾਂ ਵਿੱਚ ਵੀ ਲੋਹ ਧਾਤਾਂ, ਜਿਵੇਂ ਕਿ ਲੋਹਾ, ਮੈਂਗਨੀਜ਼,ਨਿੱਕਲ ਆਦਿ ਤੱਤਾਂ ਵਜੋਂ ਸ਼ਾਮਲ ਹੁੰਦੀਆਂ ਹਨ।
2. ਲੋਹ- ਰਹਿਤ ਧਾਤਵੇਂ ਖਣਿਜ:- ਇਹ ਉਹ ਖਣਿਜ ਹਨ, ਜਿਨ੍ਹਾਂ ਦੇ ਤੱਤਾਂ ਵਿੱਚ ਲੋਹ ਧਾਤਾਂ ਤੋਂ ਇਲਾਵਾ ਧਾਤਾਂ ਜਿਵੇਂ ਕਿ ਸੋਨਾ, ਚਾਂਦੀ
ਅਤੇ ਤਾਂਬਾ ਆਦਿ ਸ਼ਾਮਲ ਹੁੰਦੀਆਂ ਹਨ।
(ii) ਭਾਰਤ ਦੇ ਕੋਈ ਪੰਜ ਕੋਲਾ ਉਤਪਾਦਕ ਰਾਜਾਂ ਦੇ ਨਾਮ ਲਿਖੋ?
ਉੱਤਰ:-ਜੰਮੂ ਤੇ ਕਸ਼ਮੀਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼।
(iii) ਕੱਚੇ ਕੋਲੇ ਦੀਆਂ ਕਿਸਮਾਂ ਤੇ ਉਨ੍ਹਾਂ ਵਿੱਚ ਲੋਹ-ਧਾਤ ਅੰਸ਼ ਲਿਖੋ?
ਉੱਤਰ:-
ਕਿਸਮ ਲੋਹ-ਧਾਤ ਅੰਸ਼
ਮੈਗਨੇਟਾਈਟ 70% ਲੋਹ ਤੱਤ ਜਾਂ ਵੱਧ
ਹੇਮੇਟਾਈਟ 60% ਤੋਂ 70% ਲੋਹ ਤੱਤ
ਲਿਮੋਨਾਇਟ 50% ਤੋਂ 60% ਲੋਹ ਤੱਤ
ਸੀਡਰਾਈਟ 50% ਤੋਂ ਘੱਟ ਲੋਹ ਤੱਤ
(iv) ‘ਭਾਰਤ ਦੀ ਰੂਹਰ ਕਿਹੜਾ ਇਲਾਕਾ ਹੈ ਤੇ ਕਿਉਂ?
ਉੱਤਰ:- ਰੂਹਰ ਘਾਟੀ ਪੱਛਮੀ ਜਰਮਨੀ ਵਿੱਚ ਸਥਿੱਤ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਇਹ ਘਾਟੀ ਜਰਮਨੀ ਵਿੱਚ ਖਣਿਜ ਲੋਹਾ ਤੇ ਇਸਪਾਤ ਸਨਅਤ ਸਮੇਤ, ਕਈ ਸਨਅਤਾਂ ਦੇ ਵਿਕਸਤ ਹੋਣ ਦਾ ਆਧਾਰ ਬਣੀ ਹੈ। ਲਗਭਗ ਉਸੇ ਹੀ ਤਰਜ਼ ‘ਤੇ ਭਾਰਤ ਵਿਚ ਦਮੋਦਰ ਘਾਟੀ ਜੋ ਕਿ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਫੈਲੀ ਹੋਈ ਹੈ, ਜੋ ਕੋਲੇ ਤੇ ਅਬਰਕ ਦੇ ਉਤਪਾਦਨ ਲਈ ਮੰਨਿਆ-ਪ੍ਰਮੰਨਿਆ ਇਲਾਕਾ ਹੈ ਅਤੇ ਵੱਡੇ ਸਨਅਤੀ ਵਿਕਾਸ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਅਣਗਿਣਤ ਵੱਡੇ ਅਤੇ ਛੋਟੇ ਪੱਧਰ ‘ਦੇ ਉਦਯੋਗ ਸਥਾਪਤ ਹਨ, ਜਿਨ੍ਹਾਂ ਵਿੱਚ ਵੱਡੀ ਸਮਰੱਥਾ ਵਾਲੇ ਤਾਪ ਬਿਜਲੀ ਘਰ ਅਤੇ ਭਾਰਤ ਦੇ ਤਿੰਨ ਵੱਡੇ ਇਸਪਾਤ ਉਤਪਾਦਕ ਪਲਾਂਟ ਸ਼ਾਮਲ ਹਨ। ਦਮੋਦਰ ਘਾਟੀ ਦੇ ਇਸ ਸਨਅਤੀ ਵਿਕਾਸ ਕਥਾ ਨੇ ਹੀ ਭਾਰਤ ਇਸ ਨੂੰ ‘ਭਾਰਤ ਦੀ ਰੂਹਰ’ ਦੀ ਉਪਮਾ ਦਿਵਾਈ ਹੈ।
(v) ਬ੍ਰਹਮਪੁੱਤਰ ਘਾਟੀ ਦੇ ਉਪਰੀ ਤੇਲ ਭੰਡਾਰਾਂ ‘ਤੇ ਨੋਟ ਲਿਖੋ।
ਉੱਤਰ:- ਭਾਰਤ ਵਿੱਚ ਸਭ ਤੋਂ ਪਹਿਲਾਂ ਕੱਚਾ ਤੇਲ ਬ੍ਰਹਮਪੁੱਤਰ ਦੀ ਘਾਟੀ ਵਿਚ ਮਿਲਿਆ ਸੀ। ਤੇਲ ਦੀ ਇਹ ਚੱਟਾਨ ਦਿਹਾਂਗ ਬੇਸਿਨ ‘ਸੂਰਮਾ ਘਾਟੀ ਤਕ ਪਸਰੀ ਹੋਈ ਹੈ। ਤੇਲ ਦੇ ਮੁਖ ਖੂਹ, ਉਪਰੀ ਅਸਾਮ ਦੇ ਜ਼ਿਲ੍ਹਿਆਂ ਡਿਬਰੂਗੜ੍ਹ ਤੇ ਸਬਸਾਗਰ ਵਿੱਚ ਸਥਿੱਤ ਹਨ। ਤੋਂ ਇਲਾਕੇ ਵਿੱਚ ਹੋਰ ਵੀ ਕਈ ਮਹੱਤਵਪੂਰਨ ਤੇਲ ਉਤਪਾਦਕ ਕੇਂਦਰ ਹਨ।
(vi) ਗੈਰ-ਰਵਾਇਤੀ ਊਰਜਾ ਸਰੋਤਾਂ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ:- ਊਰਜਾ ਦੀ ਮੰਗ ਵੱਧਣ ਅਤੇ ਰਵਾਇਤੀ ਸਾਧਨਾਂ ਦੇ ਭੰਡਾਰ ਘੱਟਣ ਕਾਰਨ, ਊਰਜਾ ਦੇ ਕਈ ਨਵੇਂ ਗੈਰ-ਰਵਾਇਤੀ ਸਰੋਤਾਂ ਦੇ
ਮਹੱਤਵ ਨੇ ਜ਼ੋਰ ਫੜ ਲਿਆ ਹੈ। ਇਹਨਾਂ ਗੈਰ-ਰਵਾਇਤੀ ਸਰੋਤਾਂ ਵਿੱਚ ਸ਼ਾਮਲ ਹਨ: ਸੂਰਜੀ ਊਰਜਾ, ਪੌਣ ਊਰਜਾ, ਭੌਂ-ਤਾਪੀ ਊਰਜਾ,
ਜਵਾਰੀ ਊਰਜਾ, ਸਾਗਰੀ ਛੱਲਾ ਊਰਜਾ, ਪਣ ਬਿਜਲਈ ਊਰਜਾ ਤੇ ਜੈਵ ਪੁੰਜ ਊਰਜਾ ਆਦਿ।
(vii) ਪਥਰਾਟ ਬਾਲਣ ਕੀ ਹੁੰਦੇ ਹਨ?
ਉੱਤਰ:- ਪਥਰਾਟ ਬਾਲਣ ਅਸਲ ਵਿੱਚ ਹਾਈਡਰੋਕਾਰਬਨ ਹੁੰਦੇ ਹਨ ਜਿਵੇਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ। ਇਹ ਨਾਮ
ਦਫ਼ਨ ਹੋਏ ਜੈਵਿਕ ਪਦਾਰਥਾਂ ਨੂੰ ਦਿੱਤਾ ਜਾਂਦਾ ਹੈ ਜੋ ਜਾਨਵਰਾਂ ਦੇ ਗਲਣ-ਸੜਨ ਤੋਂ ਕੱਚੇ ਤੇਲ, ਕੋਲੇ, ਕੁਦਰਤੀ ਗੈਸਾਂ ਜਾਂ ਭਾਰੀ ਤੇਲ ਵਿਚ ਤਬਦੀਲ ਹੋ ਜਾਂਦੀ ਹੈ। ਇਹ ਤਬਦੀਲੀ ਕਰੋੜਾਂ ਸਾਲ ਧਰਤੀ ਦੀ ਪੇਪੜੀ ਹੇਠ ਦੱਬੇ ਰਹਿ ਕੇ ਦਬਾਅ ਤੇ ਤਾਪ ਕਾਰਨ, ਆਈ ਹੋਣ ਕਾਰਨ ਇਨ੍ਹਾਂ ਨੂੰ ਖਣਿਜ ਬਾਲਣ ਵੀ ਕਿਹਾ ਜਾਂਦਾ ਹੈ।
(viii) ਪੰਜਾਬ ਦੇ ਖਣਿਜ ਸਰਮਾਏ ‘ਤੇ ਨੋਟ ਲਿਖੋ?
ਉੱਤਰ:- ਪੰਜਾਬ ਦੀ ਭੂਗੋਲਿਕ ਤੇ ਭੂ-ਗਰਭੀ ਦੀ ਸਥਾਪਨਾ ਦਰਿਆਵਾਂ ਵੱਲੋਂ ਢੋਏ ਗਏ ਜਲੌਢੀ ਪਦਾਰਥਾਂ ਤੋਂ ਹੋਈ ਹੈ ਤੇ ਇਸ ਲਈ ਇੱਥੇ ਤਲਛੱਟੀ ਚਟਾਨਾਂ ਜਿਵੇਂ ਕਿ ਰੇਤ, ਚੀਕਣੀ ਮਿੱਟੀ, ਪੱਥਰ- ਕੰਕਰ ਤੇ ਗਾਧ ਆਦਿ ਮਿਲਦੇ ਹਨ। ਧਰਤੀ ਉੱਤੇ ਜ਼ਿਆਦਾਤਰ ਖਣਿਜ ਪਦਾਰਥ ਅਗਨੀ ਜਾਂ ਰੂਪਾਂਤਰਿਤ ਚੱਟਾਨਾਂ ਵਿੱਚੋਂ ਮਿਲਦੇ ਹਨ, ਜਿਸ ਕਾਰਨ ਉਸ ਪ੍ਰਕਾਰ ਦੇ ਖਣਿਜਾਂ ਦੀ ਪੰਜਾਬ ਵਿੱਚ ਘਾਟ ਹੈ। ਸੂਬੇ ਦੇ ਕਈ ਭਾਗਾਂ ਵਿਚ ਉਸਾਰੀ ਵਿਚ ਕੰਮ ਆਉਣ ਵਾਲੇ ਪਦਾਰਥ ਰੇਤਾ, ਬਜਰੀ, ਰੇਤਲੇ ਪੱਥਰ ਜ਼ਰੂਰ ਮਿਲਦੇ ਹਨ, ਜਿਨ੍ਹਾਂ ‘ਚ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਜਲੰਧਰ ਆਦਿ ਪ੍ਰਸਿੱਧ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਕੁ ਸ਼ਬਦਾਂ ਤੱਕ ਦਿਓ:-
(i) ਭਾਰਤ ਵਿਚ ਗੈਰ-ਰਵਾਇਤੀ ਊਰਜਾ ਸਾਧਨਾਂ ਦੀ ਵਿਆਖਿਆ ਕਰੋ?
ਉੱਤਰ:- ਊਰਜਾ ਦੀ ਮੰਗ ਵੱਧਣ ਅਤੇ ਰਵਾਇਤੀ ਸਾਧਨਾਂ ਦੇ ਭੰਡਾਰ ਘੱਟਣ ਕਾਰਨ, ਊਰਜਾ ਦੇ ਕਈ ਨਵੇਂ ਗੈਰ-ਰਵਾਇਤੀ ਸਰੋਤਾਂ ਦੇ
ਮਹੱਤਵ ਨੇ ਜ਼ੋਰ ਫੜ ਲਿਆ ਹੈ। ਇਹਨਾਂ ਗੈਰ-ਰਵਾਇਤੀ ਸਰੋਤਾਂ ਵਿੱਚ ਸ਼ਾਮਲ ਹਨ: ਸੂਰਜੀ ਊਰਜਾ, ਪੌਣ ਊਰਜਾ, ਭੌਂ-ਤਾਪੀ ਊਰਜਾ, ਜਵਾਰੀ ਊਰਜਾ, ਸਾਗਰੀ ਛੱਲਾ ਊਰਜਾ, ਪਣ ਬਿਜਲਈ ਊਰਜਾ ਤੇ ਜੈਵ ਪੁੰਜ ਊਰਜਾ ਆਦਿ।
1. ਸੂਰਜੀ ਊਰਜਾ: ਧਰਤੀ ਦੀ ਸਤ੍ਹਾ ਉੱਤੇ ਊਰਜਾ ਦਾ ਮੁੱਖ ਸੋਮਾ ਸੂਰਜ ਹੈ। ਭਾਰਤ ਊਸ਼ਣ-ਖੰਡੀ ਦੇਸ਼ ਹੋਣ ਕਾਰਨ ਇਸ ਨੂੰ ਸੂਰਜੀ ਊਰਜਾ ਦਾ ਅਥਾਹ ਭੰਡਾਰ ਮਿਲਿਆ ਹੈ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਸਾਲ ਭਰ ਕਾਫੀ ਧੁੱਪ ਮਿਲਦੀ ਰਹਿੰਦੀ ਹੈ। ਨਵੀਨਤਮ ਤਕਨੀਕ ਦੀ ਵਰਤੋਂ ਨਾਲ ਸੂਰਜੀ ਊਰਜਾ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ।
2. ਪੌਣ ਊਰਜਾ: ਗੈਰ-ਰਵਾਇਤੀ ਊਰਜਾ ਦਾ ਇਕ ਹੋਰ ਮਹੱਤਵਪੂਰਨ ਸਰੋਤ ਪੌਣ ਊਰਜਾ ਹੈ। ਜਿਸ ਲਈ ਭਾਰਤ ਕੋਲ ਬਹੁਤ ਵਧੀਆ ਸੰਭਾਵਨਾਵਾਂ ਹਨ। ਪੌਣ ਊਰਜਾ ਉਤਪਾਦਨ ਪ੍ਰਾਜੈਕਟ ਸਥਾਪਤ ਕਰਨ ਵੇਲੇ ਹੀ ਸਿਰਫ਼ ਪੂੰਜੀ ਦੀ ਲੋੜ ਹੁੰਦੀ ਹੈ, ਪ੍ਰਾਜੈਕਟ ਸਥਾਪਿਤ ਹੋਣ ਮਗਰੋਂ ਲਗਭਗ 20 ਸਾਲ ਤੱਕ ਵੱਡੇ ਪੱਧਰ ‘ਤੇ ਇਸ ਤੋਂ ਉਤਪਾਦਨ ਕੀਤਾ ਜਾ ਸਕਦਾ ਹੈ। ਭਾਰਤ ਦੇ ਤੱਟੀ ਰਾਜਾਂ ਤਾਮਿਲਨਾਡੂ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਪੌਣ ਊਰਜਾ ਨਾਲ ਬਿਜਲੀ ਉਤਪਾਦਨ ਆਰੰਭਿਆ ਜਾ ਚੁੱਕਾ ਹੈ।
3. ਜਵਾਰੀ ਊਰਜਾ:- ਭਾਰਤੀ ਸਾਗਰਾਂ ਵਿੱਚ ਜਵਾਰਾਂ ਦਾ ਉਛਾਲ ਨਿਯਮਿਤ ਤਰੀਕੇ ਨਾਲ ਹੁੰਦਾ ਹੈ।ਜਵਾਰੀ ਊਰਜਾ ਤੋਂ ਵੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਜਵਾਰ ਆਉਣ ਸਮੇਂ ਸਾਗਰੀ ਛੱਲਾਂ ਦੇ ਜ਼ੋਰ ਨੂੰ ਟਰਬਾਈਨਾਂ ਚਲਾਉਣ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ।
4. ਭੌਂ-ਤਾਪੀ ਊਰਜਾ:- ਇਸ ਕਿਸਮ ਦੇ ਊਰਜਾ ਉਤਪਾਦਨ ਵਿੱਚ ਧਰਤੀ ਦੀ ਤਾਪ-ਊਰਜਾ ਨੂੰ ਵਰਤਿਆ ਜਾਂਦਾ ਹੈ ਜੋ ਕਿ ਸਿੱਧੇ ਤਾਪ ਦੀ ਵਰਤੋਂ ਲਈ ਤੇ ਊਰਜਾ ਉਤਪਾਦਨ ਲਈ ਵੀ ਸਹਾਈ ਹੁੰਦਾ ਹੈ।
5. ਜੈਵਿਕ ਗੈਸ:- ਜੈਵਿਕ ਗੈਸ ਤੋਂ ਭਾਵ, ਆਕਸੀਜਨ ਦੀ ਅਣਹੋਂਦ ਵਿੱਚ ਜੈਵਿਕ ਰਹਿੰਦ ਖੂੰਦ ਦੇ ਅਣੂਆਂ ਦੀ ਟੁੱਟ-ਭੱਜ ਕਾਰਨ ਪੈਦਾ ਹੁੰਦੀਆਂ ਗੈਸਾਂ ਦਾ ਮਿਸ਼ਰਣ। ਬਾਇਓ ਗੈਸ ਦੇ ਉਤਪਾਦਨ ਲਈ ਕੱਚੇ ਮਾਲ ਵਜੋਂ ਡੰਗਰਾਂ ਦੇ ਗੋਹੇ, ਮੁਰਗੀਖਾਨੇ ਦੀ ਰਹਿੰਦ-ਖੂੰਹਦ, ਰਸੋਈਆਂ ਦੀ ਰਹਿੰਦ -ਖੂੰਹਦ, ਖੇਤਾਂ ਦੀ ਰਹਿੰਦ-ਖੂੰਹਦ, ਮਿਊਂਸਪਲ ਰਹਿੰਦ- ਖੂੰਹਦ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਬਾਇਓ ਗੈਸ ਉਤਪਾਦਨ ਪਲਾਂਟ ਤਿੰਨ ਦਹਾਕਿਆਂ ਤੋਂ ਵਰਤੋਂ ਵਿੱਚ ਹਨ।
(ii) ਖਣਿਜ ਪਦਾਰਥਾਂ ਦੀ ਬੱਚਤ ਤੋਂ ਕੀ ਭਾਵ ਹੈ ਇਸ ਲਈ ਕੀ ਕਦਮ ਚੁੱਕੇ ਜਾ ਸਕਦੇ?
ਉੱਤਰ:- ਖਣਿਜ ਪਦਾਰਥ, ਕੁਦਰਤ ਦਾ ਮੁਫ਼ਤ ਤੋਹਫ਼ਾ ਹੁੰਦੇ ਹਨ। ਖਣਿਜਾਂ ਨੂੰ ਆਪਣਾ ਰੂਪ ਧਾਰਨ ਕਰਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਮਨ। ਇਹਨਾਂ ਦੇ ਭੰਡਾਰ ਸੀਮਿਤ ਹਨ ਤੇ ਨਵਿਆਉਣ ਯੋਗ ਵੀ ਨਹੀਂ। ਇਨ੍ਹਾਂ ਦਾ ਸੌਖਾ ਬਦਲ ਵੀ ਸੰਭਵ ਨਹੀਂ ਹੈ। ਮਨੁੱਖ ਬੇਹੱਦ ਤੇਜ਼ੀ ਨਾਲ, ਨਾ ਸਿਰਫ਼ ਖਣਿਜ ਖੋਜ ਰਿਹਾ ਹੈ,ਸਗੋਂ ਅਗਲੀਆਂ ਪੀੜ੍ਹੀਆਂ ਦੀਆਂ ਲੋੜਾਂ ਬਾਰੇ ਸੋਚੇ ਬਗੈਰ ਹੀ ਇਨ੍ਹਾਂ ਦੀ ਵਰਤੋਂ ਕਰ ਰਿਹਾ ਹੈ। ਇਸੇ ਲਈ ਖਣਿਜਾਂ ਦੀ ਸੰਜਮ ਤੇ ਸੂਝ ਨਾਲ ਵਰਤੋਂ ਵੱਡੀ ਲੋੜ ਬਣ ਗਈ ਹੈ।
ਖਣਿਜਾਂ ਦੀ ਸਾਂਭ ਸੰਭਾਲ ਜਾਂ ਬੱਚਤ ਲਈ ਕੁਝ ਕਦਮ :
1.ਖਣਿਜਾਂ ਦੀ ਵਰਤੋਂ ਬੱਚਤ ਅਤੇ ਯੋਜਨਾਬੱਧ ਤਰੀਕੇ ਅਨੁਸਾਰ ਕਰਨੀ ਚਾਹੀਦੀ ਹੈ।
2. ਧਾਤਾਂ ਦੀ ਮੁੜ ਵਰਤੋਂ ਦੇ ਢੰਗ ਅਪਣਾਉਣੇ ਚਾਹੀਦੇ ਹਨ।
3. ਨਵਿਆਉਣਯੋਗ ਬਦਲ ਲੱਭਣੇ ‘ਤੇ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਨਿਮਨ ਦਰਜੇ ਦੇ ਖਣਿਜਾਂ ਨੂੰ ਲਾਹੇਵੰਦ ਤਰੀਕੇ ਨਾਲ ਵਰਤਣ ਦੀ ਤਕਨੀਕ ਅਪਣਾਉਣੀ ਚਾਹੀਦ ਹੈ।
5. ਖਣਿਜ ਸਾਧਨਾਂ ਦੀ ਅਜਾਈਂ ਵਰਤੋਂ ਪੂਰੀ ਤਰ੍ਹਾਂ ਰੋਕ ਕੇ, ਸੰਜਮ ਨਾਲ ਵਰਤਣਾ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
(iii) ਰਵਾਇਤੀ ਤੇ ਗੈਰ -ਰਵਾਇਤੀ ਊਰਜਾ ਸਾਧਨਾਂ ਦੀ ਤੁਲਨਾ ਕਰੋ ?
ਉੱਤਰ:-ਖਣਿਜਾਂ ਦੀ ਪ੍ਰਕਿਰਤੀ ਦੇ ਅਧਾਰ ‘ਤੇ ਊਰਜਾ ਸਾਧਨਾਂ ਨੂੰ ਦੋ ਵੱਖਰੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਰਵਾਇਤੀ ਅਤੇ
ਰਵਾਇਤੀ ਸਾਧਨ
1. ਇਹ ਨਾ- ਨਵਿਆਉਣਯੋਗ ਹਨ।
2. ਇਸ ਤਰ੍ਹਾਂ ਦੇ ਊਰਜਾ ਸਾਧਨ ਲੰਬੇ ਸਮੇਂ ਤੋਂ ਵਰਤੋਂ ਵਿੱਚ ਹਨ।
3. ਇਹਨਾਂ ਵਿੱਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਤਾਪ ਬਿਜਲੀ ਰਵਾਇਤੀ ਊਰਜਾ ਸਾਧਨਾਂ ਵਜੋਂ ਸ਼ਾਮਲ ਕੀਤੇ ਜਾ ਸਕਦੇ ਹਨ।
ਗੈਰ-ਰਵਾਇਤੀ ਸਾਧਨ
1. ਇਹ ਨਵਿਆਉਣਯੋਗ ਹਨ।
2. ਊਰਜਾ ਦੀ ਮੰਗ ਵੱਧਣ ਅਤੇ ਰਵਾਇਤੀ ਸਾਧਨਾਂ ਦੇ ਭੰਡਾਰ ਘੱਟਣ ਕਾਰਨ, ਊਰਜਾ ਦੇ ਕਈ ਨਵੇਂ ਗੈਰ-ਰਵਾਇਤੀ ਸਰੋਤਾਂ ਦੇ ਮਹੱਤਵ ਨੇ ਜ਼ੋਰ ਫੜ ਲਿਆ ਹੈ।
3. ਇਹਨਾਂ ਗੈਰ-ਰਵਾਇਤੀ ਸਰੋਤਾਂ ਵਿੱਚ ਸ਼ਾਮਲ ਹਨ: ਸੂਰਜੀ ਊਰਜਾ, ਪੌਣ ਊਰਜਾ, ਭੌਂ-ਤਾਪੀ ਊਰਜਾ, ਜਵਾਰੀ ਊਰਜਾ, ਸਾਗਰੀ ਛੱਲਾ ਊਰਜਾ, ਪਣ ਬਿਜਲਈ ਊਰਜਾ ਤੇ ਜੈਵ ਪੁੰਜ ਊਰਜਾ ਆਦਿ।
(iv)ਹੇਠ ਲਿਖਿਆਂ ਤੇ ਨੋਟ ਲਿਖੋ:-
(ੳ) ਮਕਰਾਣਾ (ਰਾਜਸਥਾਨ) ਪੱਥਰ ਦਾ ਖਣਨ:- ਕੌਮਾਂਤਰੀ ਭੂ-ਗਰਭ ਵਿਗਿਆਨ ਸੰਸਥਾ, ਇੰਟਰਨੈਸ਼ਨਲ ਯੂਨੀਅਨ ਆਫ਼
ਜਿਔਲੋਜੀਕਲ ਸਾਇੰਸਿਜ਼ ਨੇ ਮਕਰਾਣਾ ਦੇ ਸੰਗਮਰਮਰ ਨੂੰ ਕੌਮਾਂਤਰੀ ਪੱਧਰ ਦਾ ਵਿਰਾਸਤੀ ਪੱਥਰ ਐਲਾਨਿਆ ਹੈ। ਤਾਜ ਮਹੱਲ ਦੀ ਉਸਾਰੀ ਲਈ ਵਰਤਿਆ ਗਿਆ ਸੰਗਮਰਮਰ ਮਕਰਾਣਾ ਤੋਂ ਲਿਆ ਗਿਆ ਸੀ। ਇਹ ਸਥਾਨ ਕਿਸ਼ਨਗੜ੍ਹ ਤੋਂ 60 ਕਿਲੋਮੀਟਰ ਦੂਰ, ਜ਼ਿਲ੍ਹਾ ਨਾਗੌਰ ਵਿੱਚ ਪੈਂਦਾ ਹੈ। ਇਸ ਇਲਾਕੇ ਵਿੱਚ ਖਾਣਾਂ ਦੀਆਂ ਕਈ ਲੜੀਆਂ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ:- ਡੂੰਗਰੀ ਦੇਵੀ, ਉਲੋਡੀ, ਸਾਬਵਲੀ, ਗੁਲਾਬੀ, ਕੁਮਾਰੀ, ਨਹਿਰਖਾਨ, ਮਾਤਾਭਰ, ਮਾਤਾਭਰ ਕੁਮਾਰੀ, ਚੁੱਕ ਡੂੰਗਰੀ, ਚੌਸਿਰਾ ਤੇ ਪਹਾੜ ਕੂਆਂ ਆਦਿ।
(ਅ) ਕੁਲਾਰ ਤੇ ਹੱਟੀ ਸੋਨਾ ਖਾਵਾਂ:- ਕਰਨਾਟਕ ਵਿਚ ਪ੍ਰੀਚੈਂਬਰੀਅਨ ਕਾਲ ਦੀਆਂ ਵਿਸ਼ੇਸ਼ਤਾਵਾਂ ਵਾਲੀ ਧਰਤੀ ਦੇ ਹਿੱਸੇ ਵਿੱਚ ਪੈਂਦੀ ਹੱਟੀ ਪੱਟੀ ਵਿੱਚੋਂ ਮਿਲਦੇ ਖਣਿਜ ਪਦਾਰਥਾਂ ਕਾਰਨ ਹੀ, ਹੱਟੀ ਮਸਕੀ ਪੱਟੀ ਪ੍ਰਸਿੱਧ ਹੈ। ਇਸ ਖੇਤਰ ਦੇ ਪੂਰਬੀ ਹਿੱਸੇ ਵਿੱਚ ਪੈਂਦੀ ਗਰੀਨ ਸਟੋਨ ਪੱਟੀ ਵਿੱਚ ਸਥਿੱਤ ਹੱਟੀ, ਰਾਮਗਿਰੀ, ਕੋਲਾਰ ਆਦਿ ਸਥਾਨ ਸੋਨੇ ਦੀਆਂ ਖਾਣਾਂ ਸੋਨੇ ਲਈ ਜਾਣੇ ਜਾਂਦੇ ਹਨ।
(ੲ) ਹਿਮਾਚਲ ਪ੍ਰਦੇਸ਼ ਦਾ ਕਾਲਾ ਲੂਣ ਖਣਨ:- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਵਿਚ ਚੱਟਾਨੀ ਲੂਣ ਦੀਆਂ ਆਪਣੀਆਂ, ਦੇਸੀ ਖਾਣਾਂ ਹਨ, ਜਿੱਥੇ 11 ਕਰੋੜ 60 ਲੱਖ ਮੀਟ੍ਰਿਕ ਟਨ ਲੂਣ ਦੇ ਭੰਡਾਰ ਮੌਜੂਦ ਹਨ। ਇਹਨਾਂ ਖਾਣਾਂ ਵਿੱਚ ਖਣਨ ਦਾ ਮੌਜੂਦਾ ਢੰਗ ਸੁੱਕਾ ਖਣਨ ਹੈ, ਜਿਸ ਰਾਹੀਂ ਹਰ ਮਹੀਨੇ 400 ਤੋਂ 500 ਟਨ ਉਤਪਾਦਨ ਕੀਤਾ ਜਾਂਦਾ ਹੈ। ਲੂਣ ਦੀ ਇਸ ਕਿਸਮ ਨੂੰ ਹਿਮਾਚਲੀ ਲੋਕ ਹੀ ਸਭ ਤੋਂ ਵੱਧ ਪਸੰਦ ਕਰਦੇ ਹਨ, ਹਾਲਾਂਕਿ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਇਸ ਦੀ ਮੰਗ ਜੰਮੂ ਅਤੇ ਕਸ਼ਮੀਰ, ਪੰਜਾਬ ਅਤੇ ਹਰਿਆਣਾ ਵਿੱਚ ਵੀ ਕਾਫੀ ਹੈ। ਉਤਪਾਦਨ ਨਾਲੋਂ ਵੱਧਦੀ ਮੰਗ ਦੇਖ ਕੇ ਸਰਕਾਰ ਸੋਲਿਊਸ਼ਨ ਮਾਇਨਿੰਗ ਟੈਕਨਾਲੋਜੀ ਤਹਿਤ ਕੁਝ ਹੋਰ ਨਵੀਆਂ ਖਾਣਾਂ ਖੋਲ੍ਹਣ ਦੀ ਤਿਆਰੀ ਵਿਚ ਹੈ।
(ਸ) ਭੌਂ-ਤਾਪੀ ਊਰਜਾ ਸਾਧਨ:- ਇਸ ਕਿਸਮ ਦੇ ਊਰਜਾ ਉਤਪਾਦਨ ਵਿੱਚ ਧਰਤੀ ਦੀ ਤਾਪ-ਊਰਜਾ ਨੂੰ ਵਰਤਿਆ ਜਾਂਦਾ ਹੈ ਜੋ ਕਿ ਸਿੱਧੇ ਤਾਪ ਦੀ ਵਰਤੋਂ ਲਈ ਅਤੇ ਊਰਜਾ ਉਤਪਾਦਨ ਵਿੱਚ ਵੀ ਸਹਾਈ ਹੁੰਦਾ ਹੈ। ਗੀਜ਼ਰ, ਧਰਤੀ ਦੇ ਸਤ੍ਹਾ ਉੱਤੇ ਖੁੱਲਦਾ ਉਹ ਕੁਦਰਤੀ ਰਾਹ ਹੁੰਦਾ ਹੈ, ਜਿਸ ਵਿੱਚ ਸਮੇਂ-ਸਮੇਂ ਗਰਮ ਪਾਣੀ ਤੇ ਭਾਫ਼ ਬਾਹਰ ਨਿਕਲਦੇ ਰਹਿੰਦੇ ਹਨ। ਲਾਵੇ ਦਾ ਇੱਕ ਫੁਹਾਰਾ ਇਸ ਤੱਥ ਦੀ ਉਦਾਹਰਣ ਹੈ ਕਿ ਧਰਤੀ ਨੇ ਆਪਣੇ ਅੰਦਰ ਕਿੰਨਾ ਤਾਪ ਸਮੋਇਆ ਹੋਇਆ ਹੈ। ਗੀਜ਼ਰ, ਲਾਵੇ ਦੇ ਪਹਾੜ ਅਤੇ ਗਰਮ ਪਾਣੀ ਦੇ ਚਸ਼ਮੇਂ, ਉਹਨਾਂ ਕੁਦਰਤੀ ਵਰਤਾਰਿਆਂ ਦੀ ਉਦਾਹਰਣਾਂ ਹਨ ਜੋ ਧਰਤੀ ਦੀ ਭੌਂ-ਤਾਪੀ ਊਰਜਾ ਦਾ ਅੰਦਾਜ਼ਾ ਕਰਵਾ ਸਕਦੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਚੋਣਵੇਂ ਸਥਾਨਾਂ ‘ਤੇ ਕੀਤੀਆਂ ਵੀ ਗਈਆਂ ਹਨ ਤੇ ਜੋ ਕੁਝ ਹੱਦ ਤੱਕ ਸਫ਼ਲ ਵੀ ਰਹੀਆਂ ਹਨ।
ਤਿਆਰ ਕਰਤਾ: ਰਣਜੀਤ ਕੌਰ (ਸ.ਸ.ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ ਤਿੱਬੜ, ਗੁਰਦਾਸਪੁਰ।
ਪੜਚੋਲ ਕਰਤਾ : ਮਨਦੀਪ ਕੌਰ, ਸ.ਸ.ਮਿਸਟ੍ਰੈਸ, ਸ.ਕੰ.ਸ.ਸ.ਸ.ਦਾਖਾ, (ਲੁਧਿਆਣਾ) ਅਤੇ ਹਰਦਵਿੰਦਰ ਸਿੰਘ, ਸ.ਸ. ਮਾਸਟਰ, ਸ.ਹ.ਸ ਮੀਆਂਪੁਰ ਚੰਗਰ (ਐਸ.ਏ.ਐਸ. ਨਗਰ)