3. ਬੁੱਲ੍ਹੇ ਸ਼ਾਹ
1. ਬੁਲ੍ਹਾ ਕੀ ਜਾਣਾ ਮੈਂ ਕੌਣ
(ੳ) ਨਾ ਮੈਂ ਮੋਮਨ ਵਿੱਚ ਮਸੀਤਾਂ,ਨਾ ਮੈਂ ਕੁਫਰ ਇਮਾਨ ਦੀਆਂ ਰੀਤਾਂ।
ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰਔਨ।
ਬੁਲ੍ਹਾ ਕੀ ਜਾਣਾ ਮੈਂ ਕੌਣ?
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਬੁਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਨਣ ਦਾ ਯਤਨ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਆਖਦਾ ਹੈ ਕਿ ਮੇਰੀ ‘ਮੈਂ’, ਮਸੀਤਾਂ ਵਿੱਚ ਰਹਿਣ ਵਾਲਾ ਮੁਸਲਮਾਨ ਸ਼ਰ੍ਹਾ ਦਾ ਪਾਬੰਦ ਮੋਮਨ ਹੋਣ ਵਿੱਚ ਨਹੀਂ ਹੈ। ਮੇਰੀ ‘ਮੈਂ’, ਕੁਫ਼ਰ ਜਾਂ ਇਮਾਨ ਦੇ ਝਗੜੇ ਵਿੱਚ ਪੈਣ ਵਿੱਚ ਵੀ ਨਹੀਂ ਹੈ। ਮੇਰੀ ‘ਮੈਂ’, ਆਪਣੇ ਆਪ ਨੂੰ ਪਵਿੱਤਰ ਜਾਂ ਅਪਵਿੱਤਰ ਲੋਕਾਂ ਵਿੱਚ ਗਿਣਨ ਵੀ ਨਹੀਂ ਹੈ। ਮੇਰੀ ‘ਮੈਂ’, ਮਿਸਰ ਦੇ ਬਾਦਸ਼ਾਹ ਫਿਰਔਨ ਵਾਂਗ ਹੰਕਾਰੀ ਹੋਣ ਵਿੱਚ ਵੀ ਨਹੀਂ ਹੈ ਅਤੇ ਫਿਰਔਨ ਦਾ ਮਾਣ ਤੋੜਨ ਵਾਲ਼ਾ ਮੂਸਾ ਹੋਣ ਵਿੱਚ ਵੀ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ।
(ਅ) ਨਾ ਮੈਂ ਅੰਦਰ ਵੇਦ ਕਿਤਾਬਾਂ , ਨਾ ਮੈਂ ਭੰਗਾਂ ਵਿੱਚ ਸ਼ਰਾਬਾਂ,
ਨਾ ਵਿੱਚ ਰਿੰਦਾਂ ਮਸਤ ਖ਼ਰਾਬਾਂ, ਨਾ ਵਿੱਚ ਜਾਗਣ ਨਾ ਵਿੱਚ ਸੌਣ।
ਬੁਲ੍ਹਾ ਕੀ ਜਾਣਾ ਮੈਂ ਕੌਣ?
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਵੇਦਾਂ ਅਤੇ ਭੰਗ ਸ਼ਰਾਬ ਦੇ ਨਸ਼ਿਆਂ ਵਿਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਨਣ ਦਾ ਯਤਨ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੇਰੀ ‘ਮੈਂ’ ਵੇਦ–ਪੁਰਾਣ ਅਤੇ ਹੋਰ ਧਾਰਮਿਕ ਗ੍ਰੰਥ ਪੜ੍ਹਨ ਵਾਲ਼ਿਆਂ ਵਿੱਚ ਸ਼ਾਮਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਮੇਰੀ ‘ਮੈਂ’ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ‘ਮੈਂ’ ਮਲੰਗਾਂ ਵਿੱਚ ਸ਼ਾਮਿਲ ਹੋਣ ਵਿੱਚ ਹੈ ਅਤੇ ਨਾ ਹੀ ਮੇਰੀ ‘ਮੈਂ’ ਨਸ਼ਾ ਪੀ ਕੇ ਬਦਮਸਤ ਹੋਣ ਵਾਲ਼ਿਆਂ ਵਿੱਚ ਹੈ। ਨਾ ਮੇਰੀ ‘ਮੈਂ’ ਜਗਰਾਤੇ ਕੱਟਣ ਵਾਲ਼ਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ ਅਤੇ ਨਾ ਹੀ ਸੁੱਤੇ ਰਹਿਣ ਵਾਲ਼ਿਆਂ ਵਿੱਚ ਹੋਣ ਕਰਕੇ ਹੈ। ਮੈਂ ਇਹ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕਿਸ ਵਿੱਚ ਹੈ ਅਤੇ ਕੀ ਹੈ।
(ੲ) ਨਾ ਵਿੱਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿੱਚ ਪਲੀਤੀ ਪਾਕੀ।
ਨਾ ਮੈਂ ਆਬੀ ਨਾ ਮੈਂ ਖ਼ਾਕੀ , ਨਾ ਮੈਂ ਆਤਸ਼ ਨਾ ਮੈਂ ਪੌਣ।
ਬੁਲ੍ਹਾ ਕੀ ਜਾਣਾ ਮੈਂ ਕੌਣ?
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਖ਼ੁਸ਼ੀਆਂ,ਗ਼ਮੀਆਂ ਅਤੇ ਪਵਿੱਤਰ ਲੋਕਾਂ ਵਿਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਹਿਚਾਨਣ ਦਾ ਯਤਨ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੇਰੀ ‘ਮੈਂ’ ਖ਼ੁਸ਼ੀਆਂ ਮਨਾਉਣ ਵਾਲ਼ਿਆਂ ਵਿੱਚ ਸ਼ਾਮਿਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਦੁਖੀ ਰਹਿਣ ਵਾਲ਼ਿਆਂ ਵਿੱਚ ਹੈ। ਨਾ ਮੇਰੀ ‘ਮੈਂ’ ਪਵਿੱਤਰ ਲੋਕਾਂ ਵਿੱਚ ਹੈ ਅਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ‘ਮੈਂ’ ਪਾਣੀ ਦਾ ਬਣਿਆ ਹੋਇਆ ਹੋਣ ਵਿੱਚ ਹੈ ਅਤੇ ਨਾ ਹੀ ਮਿੱਟੀ ਦਾ ਬਣਿਆ ਹੋਇਆ ਹੋਣ ਵਿੱਚ ਹੈ। ਨਾ ਮੇਰੀ ‘ਮੈਂ’ ਅੱਗ ਦਾ ਬਣਿਆ ਹੋਣ ਵਿੱਚ ਹੈ ਅਤੇ ਨਾ ਹੀ ਹਵਾ ਦਾ ਬਣਿਆ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ ਅਤੇ ਮੈਂ ਕੌਣ ਹਾਂ।
(ਸ) ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ।
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ।
ਬੁਲ੍ਹਾ ਕੀ ਜਾਣਾ ਮੈਂ ਕੌਣ?
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਧਰਮ, ਖੇਤਰ ਅਤੇ ਭਾਸ਼ਾ ਦੀਆਂ ਬੰਦਸ਼ਾਂ ਵਿਚੋਂ ਬਾਹਰ ਦੱਸ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਹਿਚਾਨਣ ਦਾ ਯਤਨ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਨਾ ਮੇਰੀ ‘ਮੈਂ’ ਅਰਬ ਦਾ ਰਹਿਣ ਵਾਲਾ ਹੋਣ ਵਿੱਚ ਹੈ ਅਤੇ ਨਾ ਹੀ ਲਾਹੌਰ ਦਾ ਰਹਿਣ ਵਾਲ਼ਾ ਹੋਣ ਵਿੱਚ ਹੈ। ਨਾ ਮੇਰੀ ‘ਮੈਂ’ ਹਿੰਦੀ ਹੋਣ ਵਿੱਚ ਹੈ ਅਤੇ ਨਾ ਹੀ ਨਗੌਰ ਸ਼ਹਿਰ ਦਾ ਰਹਿਣ ਵਾਲ਼ਾ ਹੋਣ ਵਿੱਚ ਹੈ। ਨਾ ਮੇਰੀ ‘ਮੈਂ’ ਹਿੰਦੂ ਹੋਣ ਵਿੱਚ ਹੈ , ਨਾ ਪਿਸ਼ੌਰੀ ਤੁਰਕ ਹੋਣ ਵਿੱਚ ਹੈ ਅਤੇ ਨਾ ਹੀ ਨਦੌਣ ਦੇ ਸੂਫ਼ੀ ਤਕੀਏ ਨਾਲ ਸੰਬੰਧ ਰੱਖਣ ਵਾਲ਼ਾ ਹੋਣ ਵਿੱਚ ਹੈ। ਮੈਂ ਕੁਝ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ ਜਾਂ ਕੀ ਹੋਣ ਵਿੱਚ ਹੈ।
(ਹ) ਨਾ ਮੈਂ ਭੇਦ ਮਜ਼੍ਹਬ ਦਾ ਪਾਇਆ, ਨਾ ਮੈਂ ਆਦਮ ਹੱਵਾ ਜਾਇਆ।
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ ਨਾ ਵਿੱਚ ਭੌਣ।
ਬੁਲ੍ਹਾ ਕੀ ਜਾਣਾ ਮੈਂ ਕੌਣ?
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਜਾਤ–ਪਾਤ ਅਤੇ ਰਿਸ਼ਤਿਆਂ ਦੀਆਂ ਬੰਦਸ਼ਾਂ ਵਿਚੋਂ ਬਾਹਰ ਦੱਸ ਕੇ ਆਪਣੀ ਅਸਲੀਅਤ ਦੀ ਪਛਾਣ ਕਰਨ ਦਾ ਯਤਨ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੇਰੀ ‘ਮੈਂ’ ਮਜ੍ਹਬ ਦਾ ਭੇਤ ਜਾਣਨ ਵਿੱਚ ਨਹੀਂ ਹੈ। ਮੇਰੀ ‘ਮੈਂ’ ਬਾਬੇ ਆਦਮ ਤੇ ਮਾਈ ਹੱਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ ਹੈ ਅਤੇ ਨਾ ਹੀ ਮੇਰੀ ‘ਮੈਂ’ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਂਅ ਕਰਵਾਉਣ ਵਿੱਚ ਹੈ। ਨਾ ਮੇਰੀ ‘ਮੈਂ’ ਇਕ ਥਾਂ ਡੇਰਾ ਲਾਉਣ ਵਾਲੇ ਫ਼ਕੀਰ ਹੋਣ ਵਿੱਚ ਹੈ ਅਤੇ ਨਾ ਹੀ ਘੁੰਮਣ ਵਾਲ਼ਿਆਂ ਵਿੱਚ ਹੋਣ ਸ਼ਾਮਿਲ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਹਾਂ ਕਿ ਮੇਰੀ ‘ਮੈਂ’ ਕੀ ਹੈ।
(ਕ) ਅੱਵਲ ਆਖ਼ਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ।
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ।
ਬੁਲ੍ਹਾ ਕੀ ਜਾਣਾ ਮੈਂ ਕੌਣ?
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਬੁਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਰੱਬ ਦੀ ਹੋਂਦ ਤੋਂ ਇਲਾਵਾ ਸਭ ਕੁਝ ਨਿਕਾਰਦਾ ਹੋਇਆ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਨਣ ਦਾ ਯਤਨ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਹੇ ਪ੍ਰਭੂ! ਮੇਰੀ ‘ਮੈਂ’ ਕਿਸੇ ਵੀ ਸਥਿਤੀ ਵਿੱਚ ਵੀ ਮੌਜੂਦ ਨਹੀਂ। ਮੈਂ ਮੁੱਢ–ਕਦੀਮ ਤੋਂ ਅੰਤ ਤੱਕ ਇੱਕ ਤੈਨੂੰ ਹੀ ਜਾਣਦਾ ਹਾਂ ਅਤੇ ਤੇਰੇ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਪਛਾਣਦਾ ਵੀ ਨਹੀਂ ਹਾਂ। ਮੈਥੋਂ ਤੇਰੇ ਬਿਨਾਂ ਕਿਸੇ ਹੋਰ ਦੀ ਪਛਾਣ ਹੀ ਨਹੀਂ ਹੁੰਦੀ ਅਤੇ ਬੁੱਲ੍ਹੇ ਸ਼ਾਹ ਦੀ ਹਸਤੀ ਤੇਰੇ ਸਾਹਮਣੇ ਕੁਝ ਵੀ ਨਹੀਂ ਹੈ। ਮੈਂ ਕੇਵਲ ਤੇਰੀ ਹਸਤੀ ਨੂੰ ਜਾਣਦਾ ਹਾਂ, ਇਸ ਤੋਂ ਇਲਾਵਾ ਪ੍ਰਭੂ ਮੈਂ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ।
••• ਕੇਂਦਰੀ ਭਾਵ •••
ਸੂਫ਼ੀ ਰਹੱਸਵਾਦੀ ਅਨੁਭਵ ਰਾਹੀਂ ਰੱਬ ਨਾਲ਼ ਇਕਮਿਕਤਾ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਆਪਣੀ ‘ਮੈਂ’ ਦੀ ਕਿਸੇ ਸਥਿਤੀ ਵਿੱਚ ਵੀ ਕੋਈ ਹੋਂਦ ਨਹੀਂ ਰਹਿੰਦੀ ਅਤੇ ਉਸ ਨੂੰ ਆਪਣੇ–ਆਪ ਸਮੇਤ ਸਾਰਾ ਸੰਸਾਰ ਉਸ ਸੱਚੇ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਬੁਲ੍ਹਾ ਕੀ ਜਾਣਾ ਮੈਂ ਕੌਣ’ ਕਿਸ ਦੀ ਰਚਨਾ ਹੈ?
ਉੱਤਰ – ਬੁੱਲ੍ਹੇ ਸ਼ਾਹ ਦੀ।
ਪ੍ਰਸ਼ਨ 2. ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਕਿੰਨਾ ਰੀਤਾਂ ਦਾ ਪਾਬੰਦ ਨਹੀਂ ਮੰਨਦਾ?
ਉੱਤਰ – ਕੁਫ਼ਰ ਜਾਂ ਇਮਾਨ ਦੀਆਂ।
ਪ੍ਰਸ਼ਨ 3. ਫਿਰਔਨ ਕਿੱਥੋਂ ਦਾ ਹੰਕਾਰੀ ਬਾਦਸ਼ਾਹ ਸੀ?
ਉੱਤਰ – ਮਿਸਰ ਦਾ?
ਪ੍ਰਸ਼ਨ 4. ਬੁੱਲ੍ਹੇ ਸ਼ਾਹ ਕਿਹੜੀ ਇੱਕੋ ਗੱਲ ਨੂੰ ਜਾਣਦਾ ਹੈ?
ਉੱਤਰ – ਰੱਬ ਦੀ ਹੋਂਦ ਨੂੰ।
ਪ੍ਰਸ਼ਨ 5. ਫਿਰਔਨ ਦਾ ਮਾਣ ਕਿਸ ਨੇ ਤੋੜਿਆ ਸੀ?
ਉੱਤਰ – ਹਜ਼ਰਤ ਮੂਸਾ ਨੇ।
ਪ੍ਰਸ਼ਨ 6. ਬੁੱਲ੍ਹੇ ਸ਼ਾਹ ਕਿਸ ਭੇਦ ਨੂੰ ਪਾਉਣ ਦਾ ਦਾਅਵਾ ਨਹੀਂ ਕਰਦਾ?
ਉੱਤਰ – ਮਜ਼੍ਹਬ ਦਾ।
2. ਇਸ਼ਕ ਦੀ ਨਵੀਉਂ ਨਵੀਂ ਬਹਾਰ
(ੳ) ਫੂਕ ਮੁਸੱਲਾ ਭੰਨ ਸਿੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ,
ਆਲਿਮ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋਂ ਖਾ ਮੁਰਦਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ–ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਆਖਦਾ ਹੈ ਕਿ ਸ਼ਫ਼ ਨੂੰ ਫੂਕ ਦਿਓ ਅਤੇ ਲੋਟੇ ਨੂੰ ਭੰਨ ਕੇ ਛੁੱਟ ਦਿਓ। ਫ਼ਕੀਰੀ ਦੇ ਚਿੰਨ੍ਹ ਮਾਲਾ, ਕਚਕੌਲ ਤੇ ਸੋਟਾ ਆਦਿ ਫੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ। ਰੱਬੀ ਗਿਆਨ ਦੀ ਸਮਝ ਰੱਖਣ ਵਾਲ਼ਾ ਇਹ ਆਖਦਾ ਹੈ ਕਿ ਸਾਰੇ ਸੰਸਾਰ ਵਿੱਚ ਇਨ੍ਹਾਂ ਵਿਚਾਰਾਂ ਦਾ ਹੋਕਾ ਦੇ ਦੇਵੋ ਕਿ ਹਲਾਲ ਜਾਂ ਹਰਾਮ ਦੇ ਝਗੜੇ ਵਿੱਚ ਨਾ ਪਵੋ। ਰੱਬ ਨਾਲ ਇਸ਼ਕ ਦੀ ਬਹਾਰ ਨਵੀਉਂ ਨਵੀਂ ਹੈ। ਭਾਵ ਰੱਬ ਦੇ ਆਸ਼ਿਕ ਮਜ਼ਹਬੀ ਬੰਧਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਉੱਚੀ ਅਵਸਥਾ ਵਿੱਚ ਵਿੱਚਰਦੇ ਹਨ।
(ਅ) ਉਮਰ ਗਵਾਈ ਵਿੱਚ ਮਸੀਤੀ , ਅੰਦਰ ਭਰਿਆ ਨਾਲ ਪਲੀਤੀ,
ਕਦੇ ਨਮਾਜ਼ ਵਹਿਦਤ ਨਾ ਕੀਤੀ, ਹੁਣ ਕਿਉਂ ਕਰਨਾ ਏ ਧਾੜੋ ਧਾੜ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਧਾਰਮਿਕ ਸਥਾਨ ਤੇ ਜਾ ਕੇ ਲੰਘਾਏ ਸਮੇਂ ਨੂੰ ਵਿਅਰਥ ਦੱਸਕੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ–ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਆਖਦਾ ਹੈ ਕਿ ਬੰਦਾ ਆਪਣੀ ਸਾਰੀ ਉਮਰ ਪਵਿੱਤਰ ਮਸੀਤ ਵਿੱਚ ਗੁਜ਼ਾਰਦਾ ਹੈ, ਪਰ ਨੇਕ ਕੰਮ ਨਾ ਕਰਨ ਕਰਕੇ ਉਸ ਦਾ ਅੰਦਰ ਗੁਨਾਹਾਂ ਅਤੇ ਪਾਪਾਂ ਨਾਲ ਭਰਿਆ ਰਹਿੰਦਾ ਹੈ। ਉਹ ਕਦੇ ਵੀ ਸੱਚੇ ਦਿਲੋਂ ਰੱਬ ਦੀ ਬੰਦਗੀ ਨਹੀਂ ਕਰਦਾ, ਪਰ ਸਮਾਂ ਲੰਘ ਜਾਣ ਤੇ ਉਹ ਹਫੜਾ – ਦਫੜੀ ਵਿੱਚ ਪੈ ਜਾਂਦਾ ਹੈ। ਪਰਮਾਤਮਾ ਦੇ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ। ਪਰਮਾਤਮਾ ਦੇ ਸੱਚੇ ਆਸ਼ਕ ਦਿਖਾਵੇ ਨਹੀਂ ਕਰਦੇ, ਸਗੋਂ ਉਹ ਇਸ਼ਕ ਤੋਂ ਪ੍ਰਾਪਤ ਹੋਣ ਵਾਲ਼ੀ ਪਰਮਾਤਮਾ ਨਾਲ਼ ਇਕਮਿਕਤਾ ਦੀ ਬਹਾਰ ਨੂੰ ਮਾਣਦੇ ਹਨ।
(ੲ) ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ,
ਭਜ ਭਜ ਠਾਕਰ ਦਵਾਰੇ ਵੜਿਆ, ਘਰ ਵਿੱਚ ਪਾਇਆ ਮਹਿਰਮ ਯਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਦੱਸਦਾ ਹੈ ਕਿ ਮੈਨੂੰ ਰੱਬ ਧਾਰਮਿਕ ਸਥਾਨ ਵਿੱਚੋਂ ਨਹੀਂ ਆਪਣੇ ਹਿਰਦੇ ਵਿਚੋਂ ਪ੍ਰਾਪਤ ਹੋਇਆ ਹੈ। ਕਵੀ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ–ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਜਦੋਂ ਮੈਂ ਆਪਣੇ ਮੁਰਸ਼ਦ ਪਾਸੋਂ ਰੱਬੀ ਇਸ਼ਕ ਦਾ ਸਬਕ ਸਿੱਖ ਲਿਆ, ਤਾਂ ਮੇਰਾ ਦਿਲ ਮਸਜਿਦ ਕੋਲੋਂ ਲੰਘਦਿਆਂ ਡਰਨ ਲੱਗ ਪਿਆ ਅਤੇ ਮੈਂ ਭੱਜ ਕੇ ਠਾਕਰ ਦੁਆਰੇ ਵਿੱਚ ਜਾ ਵੜਿਆ, ਪਰ ਮੈਂ ਦੇਖਿਆ ਕਿ ਉੱਥੇ ਵੀ ਪਰਮਾਤਮਾ ਨਹੀਂ ਸੀ। ਅਸਲ ਵਿੱਚ ਪਰਮਾਤਮਾ ਬਾਹਰ ਕਿਤੇ ਨਹੀਂ ਉਹ ਸਭ ਦੇ ਹਿਰਦਿਆਂ ਵਿੱਚ ਵੱਸਦਾ ਹੈ। ਰੱਬ ਦੇ ਸੱਚੇ ਆਸ਼ਕਾਂ ਨੂੰ ਆਪਣੇ ਹਿਰਦੇ ਵਿੱਚੋਂ ਹੀ ਉਹ ਪਰਮਾਤਮਾ ਮਿਲ਼ਦਾ ਹੈ। ਇਹ ਰੱਬੀ ਇਸ਼ਕ ਦੀ ਨਵੀਂ ਬਹਾਰ ਹੈ।
(ਸ) ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੂਤੀ ਮਾਰ ਗਵਾਈ,
ਅੰਦਰ ਬਾਹਰ ਹੋਈ ਸਫਾਈ, ਜਿਤ ਵਲ ਵੇਖਾ ਯਾਰੋ ਯਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਦੱਸਦਾ ਹੈ ਕਿ ਮੈਨੂੰ ਰੱਬ ਆਪਣੇ ਹਿਰਦੇ ਵਿਚੋਂ ਪ੍ਰਾਪਤ ਹੋਇਆ ਹੈ ਜਿਸ ਨਾਲ਼ ਮੈਂ ਅੰਦਰ–ਬਾਹਰ ਤੋਂ ਪਵਿੱਤਰ ਹੋ ਗਿਆ ਹਾਂ। ਕਵੀ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ–ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਜਦੋਂ ਮੈਂ ਆਪਣੇ ਮੁਰਸ਼ਦ ਦੀ ਸਿੱਖਿਆ ਨਾਲ਼ ਰੱਬ ਦੇ ਇਸ਼ਕ ਦਾ ਭੇਦ ਪਾ ਲਿਆ, ਤਾਂ ਮੇਰੇ ਅੰਦਰੋਂ ਹਉਮੈਂ ਅਤੇ ਹੰਕਾਰ ਖਤਮ ਹੋ ਗਏ ਅਤੇ ਮੇਰੇ ਅਤੇ ਪਰਮਾਤਮਾ ਵਿੱਚ ਮੇਰੇ–ਤੇਰੇ ਵਾਲ਼ਾ ਫ਼ਰਕ ਖ਼ਤਮ ਹੋ ਗਿਆ। ਅਰਥਾਤ ਪਰਮਾਤਮਾ ਅਤੇ ਮੈਂ ਇੱਕ–ਮਿੱਕ ਹੋ ਗਏ ਅਤੇ ਅੰਦਰ–ਬਾਹਰ ਮੇਰਾ ਸਾਫ਼ ਅਤੇ ਪਵਿੱਤਰ ਹੋ ਗਿਆ। ਮੇਰੇ ਸਾਰੇ ਭਰਮ–ਭੁਲੇਖੇ ਅਤੇ ਸ਼ੰਕੇ ਦੂਰ ਹੋ ਗਏ। ਹੁਣ ਮੈਂ ਜਿਸ ਪਾਸੇ ਵੀ ਨਜ਼ਰ ਮਾਰਦਾ ਹਾਂ ਮੈਨੂੰ ਆਪਣਾ ਅਸਲੀ ਯਾਰ ਉਹ ਪਰਮਾਤਮਾ ਹੀ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਇਸ ਪਰਮਾਤਮਾ ਨਾਲ਼ ਇਸ਼ਕ ਦੀ ਇਹ ਨਵੀਂ ਬਹਾਰ ਹੈ। ਇਸ ਨੂੰ ਅਪਣਾ ਕੇ ਮਨੁੱਖ ਰੱਬੀ ਇਸ਼ਕ ਨੂੰ ਪ੍ਰਾਪਤ ਕਰ ਸਕਦਾ ਹੈ।
(ਹ) ਹੀਰ ਰਾਂਝੇ ਦੇ ਹੋ ਗਏ ਮੇਲੇ , ਭੁੱਲੀ ਹੀਰ ਢੂੰਢੇਂਦੀ ਬੇਲੇ,
ਰਾਂਝਾਣ ਯਾਰ ਬੁੱਕਲ ਵਿੱਚ ਖੇਲੇ,ਮੈਨੂੰ ਸੁੱਧ ਬੁਧ ਰਹੀ ਨਾ ਸਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਦੱਸਦਾ ਹੈ ਕਿ ਰੱਬ ਨੂੰ ਮੈਂ ਬਾਹਰ ਲੱਭਿਆ,ਪਰ ਉਹ ਮੇਰੇ ਹਿਰਦੇ ਵਿੱਚ ਹੀ ਬੈਠਾ ਹੋਇਆ ਸੀ। ਕਵੀ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼੍ਹਬੀ ਕਰਮ–ਕਾਂਡ ਦਾ ਖੰਡਨ ਕਰਦਾ ਹੈ ਅਤੇ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੁਰਸ਼ਦ ਪਾਸੋਂ ਪ੍ਰਭੂ ਨੂੰ ਮਿਲਣ ਦਾ ਗਿਆਨ ਹਾਸਲ ਕਰਨ ਮਗਰੋਂ ਮੇਰਾ ਆਪਣੇ ਪਿਆਰੇ ਪ੍ਰਭੂ ਨਾਲ ਇਸ ਪ੍ਰਕਾਰ ਮਿਲਾਪ ਹੋ ਗਿਆ ਜਿਵੇਂ ਰਾਂਝੇ ਦਾ ਹੀਰ ਨਾਲ਼ ਮਿਲਾਪ ਹੋਇਆ ਹੋਵੇ। ਇਸ ਸਥਿਤੀ ਵਿੱਚ ਪਹੁੰਚਣ ਤੋਂ ਪਹਿਲਾਂ ਮੇਰੀ ਹਾਲਤ ਵੀ ਹੀਰ ਵਰਗੀ ਸੀ, ਜੋ ਕਿ ਭੁੱਲੀ ਭਟਕੀ ਰਾਂਝੇ ਨੂੰ ਜੰਗਲ਼ਾਂ ਵਿੱਚ ਲੱਭਦੀ ਹੈ, ਜਦਕਿ ਰਾਂਝਾ ਤਾਂ ਉਸ ਦੀ ਬਗਲ ਵਿੱਚ ਨੇੜੇ ਹੀ ਖੇਡ ਰਿਹਾ ਸੀ। ਪਰ ਉਸ ਦੀ ਉਸ ਨੂੰ ਕੋਈ ਸੁੱਧ–ਬੁੱਧ ਜਾਂ ਖ਼ਬਰ ਨਹੀਂ ਸੀ। ਰੱਬੀ ਇਸ਼ਕ ਦੁਆਰਾ ਆਪਣੇ ਪ੍ਰੀਤਮ ਨੂੰ ਪਾ ਕੇ ਰੱਬੀ ਆਸ਼ਕ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ।
(ਕ) ਵੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸਿਜਦੇ ਕਰਦਿਆਂ ਘਸ ਗਏ ਮੱਥੇ,
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਨ ਪਾਇਆ ਤਿਨ ਨੂਰ ਅਨਵਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਦੱਸਦਾ ਹੈ ਕਿ ਮੈਂ ਰੱਬ ਨੂੰ ਪ੍ਰਾਪਤ ਕਰਨ ਲਈ ਮਜ਼੍ਹਬੀ ਕਰਮ–ਕਾਂਡ ਕੀਤੇ, ਪਰ ਸਾਰੇ ਵਿਅਰਥ ਸਨ। ਕਵੀ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਧਾਰਮਿਕ ਕਰਮ–ਕਾਂਡ ਕਰਕੇ ਵੇਦਾਂ ਅਤੇ ਕੁਰਾਨਾਂ ਨੂੰ ਪੜ੍ਹ ਕੇ ਮੈਂ ਥੱਕ ਗਿਆ ਸੀ। ਮੰਦਰਾਂ ਅਤੇ ਮਸੀਤਾਂ ਵਿੱਚ ਮੱਥਾ ਟੇਕ ਕੇ ਮੇਰੇ ਮੱਥੇ ਵੀ ਘਸ ਗਏ ਸਨ। ਰੱਬ ਤੀਰਥ ਅਸਥਾਨਾਂ ਅਤੇ ਮੱਕੇ ਵਿੱਚ ਜਾ ਕੇ ਨਹੀਂ ਮਿਲਦਾ। ਜਿਹੜਾ ਹਕੀਕੀ ਇਸ਼ਕ ਕਰਕੇ ਪਰਮਾਤਮਾ ਨੂੰ ਪਾ ਲੈਂਦਾ ਹੈ, ਉਹ ਉਸ ਦੇ ਨੂਰ ਨਾਲ਼ ਇੱਕ–ਮਿੱਕ ਹੋ ਜਾਂਦਾ ਹੈ। ਰੱਬ ਦੇ ਆਸ਼ਕ ਪਰਮਾਤਮਾ ਨਾਲ਼ ਇਸ਼ਕ ਕਰਕੇ ਇੱਕ–ਮਿੱਕ ਹੋ ਕੇ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ।
(ਖ) ਇਸ਼ਕ ਭੁਲਾਇਆ ਸਿਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇ ਝੇੜਾ?
ਬੁਲ੍ਹਾ ਹੋ ਰਹੁ ਚੁਪ ਚੁਪੇੜਾ , ਚੱਕੀ ਸਗਲੀ ਕੂਕ ਪੁਕਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ–ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਦੱਸਦਾ ਹੈ ਕਿ ਜਦੋਂ ਮੈਂ ਰੱਬ ਨੂੰ ਆਪਣੇ ਹਿਰਦੇ ਵਿਚੋਂ ਪਾ ਲਿਆ, ਤਾਂ ਮੈਂ ਸਭ ਮਜ਼੍ਹਬੀ ਕਰਮ–ਕਾਂਡ ਭੁੱਲ ਗਿਆ। ਕਵੀ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣ–ਗਾਣ ਕਰਦਾ ਹੈ।
ਵਿਆਖਿਆ – ਬੁੱਲੇ ਸ਼ਾਹ ਕਹਿੰਦਾ ਹੈ ਕਿ ਹੇ ਪ੍ਰਭੂ! ਤੇਰੇ ਸੱਚੇ ਇਸ਼ਕ ਨੇ ਮੈਨੂੰ ਕਰਮ–ਕਾਂਡੀਆਂ ਵਾਂਗ ਮੱਥੇ ਟੇਕਣਾ ਭੁਲਾ ਦਿੱਤਾ। ਜਦੋਂ ਮੈਂ ਤੇਰੇ ਨਾਲ ਇੱਕ–ਮਿੱਕ ਹੋ ਗਿਆ ਹਾਂ, ਤਾਂ ਮੈਨੂੰ ਕਿਸੇ ਹੋਰ ਝਗੜੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਰਹੀ ਹੈ। ਹੁਣ ਮੈਂ ਚੁੱਪ–ਚਾਪ ਕਰਕੇ ਬੈਠਣਾ ਚਾਹੁੰਦਾ ਹੈ। ਹੁਣ ਮੇਰੀ ਹਰ ਤਰ੍ਹਾਂ ਦੀ ਭੜਕਣਾ ਅਤੇ ਕੂਕ–ਪੁਕਾਰ ਖ਼ਤਮ ਹੋ ਗਈ ਹੈ। ਮੈਂ ਜਾਣ ਗਿਆ ਹਾਂ ਕਿ ਪਰਮਾਤਮਾ ਮੇਰੇ ਅੰਦਰ ਵੱਸਦਾ ਹੈ। ਇਸ ਤਰ੍ਹਾਂ ਮੈਂ ਰੱਬੀ ਇਸ਼ਕ ਦੀ ਨਵੀਓਂ ਨਵੀਂ ਬਹਾਰ ਦਾ ਆਨੰਦ ਮਾਣ ਰਿਹਾ ਹਾਂ।
••• ਕੇਂਦਰੀ ਭਾਵ •••
ਸੂਫ਼ੀ ਫ਼ਕੀਰ ਮਜ਼੍ਹਬਾਂ ਦੇ ਕਰਮਕਾਂਡਾਂ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਦਾ ਪਿਆਰ ਪਾ ਕੇ ਉਸ ਦੇ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦਾ ਹੋਇਆ ਉਸ ਨਾਲ ਇੱਕ ਮਿੱਕ ਹੋ ਜਾਂਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਕਵਿਤਾ ਵਿੱਚ ਕਵੀ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ?
ਉੱਤਰ – ਹਕੀਕੀ ਇਸ਼ਕ ਦੀ।
ਪ੍ਰਸ਼ਨ 2. ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਫੂਕਣ ਲਈ ਕਹਿੰਦਾ ਹੈ?
ਉੱਤਰ – ਮੁਸੱਲਾ।
ਪ੍ਰਸ਼ਨ 3. ਬੁੱਲ੍ਹੇ ਸ਼ਾਹ ਕਿਹੜੀ ਚੀਜ਼ ਭੰਨਣ ਲਈ ਕਹਿੰਦਾ ਹੈ?
ਉੱਤਰ – ਲੋਟਾ।
ਪ੍ਰਸ਼ਨ 4. ਬੁੱਲੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ।
ਉੱਤਰ – ਰੱਬ।
ਪ੍ਰਸ਼ਨ 5. ਬੁੱਲ੍ਹੇ ਸ਼ਾਹ ਨੇ ‘ਹੀਰ’ ਸ਼ਬਦ ਕਿਸ ਲਈ ਵਰਤਿਆ ਹੈ?
ਉੱਤਰ – ਆਪਣੇ ਲਈ।
ਪ੍ਰਸ਼ਨ 6. ‘ਬੇਲਾ’ ਕਾਹਦਾ ਪ੍ਰਤੀਕ ਹੈ?
ਉੱਤਰ – ਮਜ਼ਹਬੀ ਕਰਮ–ਕਾਂਡ ਦਾ।
3. ਤੇਰਾ ਨਾਮ ਧਿਆਈਦਾ ਸਾਈਂ
ਤੇਰਾ ਨਾਮ ਧਿਆਈਦਾ ਸਾਈਂ, ਤੇਰਾ ਨਾਮ ਧਿਆਈਦਾ।
ਬੁਲ੍ਹੇ ਨਾਲੋਂ ਚੁਲ੍ਹਾ ਚੰਗਾ, ਜਿਸ ਪਰ ਤਾਮ ਪਕਾਈਦਾ।
ਰਲ ਫ਼ਕੀਰਾਂ ਮਜਲਸ ਕੀਤੀ , ਭੋਰਾ – ਭੋਰਾ ਖਾਈਦਾ।
ਰੰਗੜ ਨਾਲੋਂ ਖਿੰਗਰ ਚੰਗਾ,ਜਿਸ ਪਰ ਪੈਰ ਘਸਾਈਦਾ।
ਬੁਲ੍ਹਾ ਸ਼ਹੁ ਨੂੰ ਸੋਈ ਪਾਵੇ , ਜੋ ਬੱਕਰਾ ਬਣੇ ਕਸਾਈਦਾ।
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਲਿਖੀ ਕਾਫ਼ੀ ‘ਤੇਰਾ ਨਾਮ ਧਿਆਈਦਾ ਸਾਈਂ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਦੱਸਦਾ ਹੈ ਕਿ ਮੇਰੀ ਆਪਣੀ ਕੋਈ ਹਸਤੀ ਨਹੀਂ ਹੈ। ਮੈਂ ਆਪਣੇ ਮਾਲਕ–ਪ੍ਰਭੂ ਨੂੰ ਧਿਆਉਂਦਾ ਹਾਂ।
ਵਿਆਖਿਆ – ਕਵੀ ਕਹਿੰਦਾ ਹੈ ਕਿ ਹੇ ਪ੍ਰਭੂ! ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਦਾ ਹਾਂ। ਮੈਂ ਇੱਕ ਨਿਕਾਰੀ ਜਿਹੀ ਵਸਤੂ ਹਾਂ। ਮੇਰੇ ਨਾਲੋਂ ਤਾਂ ਚੁੱਲ੍ਹਾ ਹੀ ਚੰਗਾ ਹੈ, ਜਿਸ ਉੱਤੇ ਰੋਟੀ ਪਕਾਈ ਜਾਂਦੀ ਹੈ ਅਤੇ ਫ਼ਕੀਰ ਲੋਕ ਇੱਕ ਦੂਜੇ ਦੀ ਸੰਗਤ ਵਿੱਚ ਬੈਠ ਕੇ ਭੋਰਾ–ਭੋਰਾ ਖਾ ਕੇ ਢਿੱਡ ਨੂੰ ਆਸਰਾ ਦਿੰਦੇ ਹਨ। ਮੈਂ ਕਿਸੇ ਕੰਮ ਆਉਣ ਜੋਗਾ ਨਹੀਂ ਹਾਂ। ਮੇਰੇ ਵਿੱਚ ਰੰਗੜ ਵਾਲੀ ਹਉਮੈਂ ਤੇ ਹੰਕਾਰ ਨਹੀਂ ਹੈ। ਮੈਂ ਰੰਗੜ ਨਾਲੋਂ ਖਿੰਗਰ ਨੂੰ ਚੰਗਾ ਸਮਝਦਾ ਹਾਂ ,ਜਿਸ ਉੱਤੇ ਪੈਰਾਂ ਨੂੰ ਘਸਾ ਕੇ ਸਾਫ ਕੀਤਾ ਜਾ ਸਕਦਾ ਹੈ। ਅਸਲ ਵਿੱਚ ਹੰਕਾਰੀ ਬੰਦਾ ਰੱਬ ਨੂੰ ਪਾ ਨਹੀਂ ਸਕਦਾ। ਉਹ ਹੀ ਰੱਬ ਨੂੰ ਪਾ ਸਕਦਾ ਹੈ, ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋਵੇ, ਭਾਵ ਸਭ ਪ੍ਰਕਾਰ ਦੇ ਹੰਕਾਰ ਅਤੇ ਮਾਣ ਤਿਆਗ ਕੇ ਨਿਮਾਣਾ ਬਣ ਜਾਵੇ।
••• ਕੇਂਦਰੀ ਭਾਵ •••
ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਅਤੇ ਨਿਰਮਾਣਤਾ ਨੂੰ ਧਾਰਨ ਕਰਕੇ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦੇ ਇਸ਼ਕ ਵਿੱਚ ਜਾਨ ਦੀ ਬਾਜ਼ੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਬੁੱਲ੍ਹੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
ਉੱਤਰ – ਚੁੱਲ੍ਹੇ ਨੂੰ।
ਪ੍ਰਸ਼ਨ 2. ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
ਉੱਤਰ – ਖਿੰਗਰ ਨੂੰ।
ਪ੍ਰਸ਼ਨ 3. ਸ਼ਹੁ ਨੂੰ ਕੌਣ ਪਾਉਂਦਾ ਹੈ?
ਉੱਤਰ – ਜੋ ਕੁਰਬਾਨੀ ਦਿੰਦਾ ਹੈ।
ਪ੍ਰਸ਼ਨ 4. ਬੁੱਲ੍ਹੇ ਸ਼ਾਹ ਦਾ ਜਨਮ ਕਦੋਂ ਹੋਇਆ?
ਉੱਤਰ – 1680 ਈ:।
ਪ੍ਰਸ਼ਨ 5. ਬੁੱਲ੍ਹੇ ਸ਼ਾਹ ਦਾ ਮੁਰਸ਼ਦ ਕੌਣ ਸੀ?
ਉੱਤਰ – ਇਨਾਇਤ ਸ਼ਾਹ ਕਾਦਰੀ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037