1. ਸ਼ੇਖ਼ ਫ਼ਰੀਦ ਜੀ
••• ਸਲੋਕ •••
(ੳ) ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖੁ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਦੂਸਰਿਆਂ ਦੀ ਨਿੰਦਿਆ ਕਰਨ ਤੋਂ ਵਰਜਿਆ ਹੈ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ! ਜੇਕਰ ਆਪ ਬੜੀ ਸੂਖਮ ਤੇ ਬਰੀਕ ਸਮਝ ਵਾਲ਼ੇ ਹੋ, ਤਾਂ ਤੁਹਾਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਤੁਹਾਨੂੰ ਕਿਸੇ ਦੀ ਬੁਰਾਈ ਕਰਨ ਤੋਂ ਪਹਿਲਾਂ ਆਪਣੇ–ਆਪ ਵੱਲ ਦੇਖਣਾ ਚਾਹੀਦਾ ਹੈ ਕਿ ਤੂੰ ਆਪ ਕਿੰਨੇ ਔਗੁਣਾਂ ਨਾਲ ਭਰਿਆ ਹੋਇਆ ਹੈਂ।
(ਅ) ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨ੍ਹਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ, ਪੈਰ ਤਿਨ੍ਹਾ ਦੇ ਚੁੰਮਿ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਬੁਰਾ ਵਰਤਾਓ ਕਰਨ ਵਾਲ਼ੇ ਨਾਲ਼ ਵੀ ਚੰਗਾ ਸਲੂਕ ਕਰਨ ਲਈ ਕਿਹਾ ਹੈ।
ਵਿਆਖਿਆ – ਫ਼ਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਲਿਖਦੇ ਹਨ ਕਿ ਜੇਕਰ ਤੇਰੇ ਕੋਈ ਮੁੱਕੀਆਂ ਵੀ ਮਾਰਦਾ ਹੈ, ਤਾਂ ਬਦਲੇ ਵਿੱਚ ਤੈਨੂੰ ਉਸ ਦੇ ਮੁੱਕੀਆਂ ਨਹੀਂ ਮਾਰਨੀਆਂ ਚਾਹੀਦੀਆਂ ਭਾਵ ਤੈਨੂੰ ਬੁਰਾ ਵਰਤਾਓ ਕਰਨ ਵਾਲ਼ੇ ਨਾਲ਼ ਚੰਗਾ ਵਰਤਾਓ ਹੀ ਕਰਨਾ ਚਾਹੀਦਾ ਹੈ। ਤੈਨੂੰ ਉਸ ਦੇ ਪੈਰ ਚੁੰਮ ਕੇ ਹੀ ਆਪਣੇ ਘਰ ਜਾਣਾ ਚਾਹੀਦਾ ਹੈ ਕਿਉਂਕਿ ਕਿਸੇ ਨੂੰ ਮੁਆਫ਼ ਕਰਨ ਨਾਲ਼ ਮਨੁੱਖ ਸ਼ਾਂਤੀ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ।
(ੲ) ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਕਿਹਾ ਕਿ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ।
ਵਿਆਖਿਆ – ਸ਼ੇਖ਼ ਫ਼ਰੀਦ ਜੀ ਮਨੁੱਖ ਨੂੰ ਸਮਝਾਉਣ ਲਈ ਲਿਖਦੇ ਹਨ ਕਿ ਤੈਨੂੰ ਪਰਮਾਤਮਾ ਦੀ ਭਾਲ ਵਿੱਚ ਜੰਗਲਾਂ ਵਿੱਚ ਨਹੀਂ ਘੁੰਮਣਾ ਚਾਹੀਦਾ। ਉੱਥੇ ਤੈਨੂੰ ਕੰਡੇ ਹੀ ਮਿਲਣਗੇ ਕਿਉਂਕਿ ਰੱਬ ਤਾਂ ਮਨੁੱਖ ਦੇ ਹਿਰਦੇ ਵਿੱਚ ਵੱਸਦਾ ਹੈ। ਇਸ ਲਈ ਮਨੁੱਖ ਨੂੰ ਰੱਬ ਦੀ ਭਾਲ ਇੱਧਰ–ਉੱਧਰ ਜੰਗਲ਼ਾਂ ਵਿੱਚ ਕਰਨ ਦੀ ਥਾਂ ਆਪਣੇ ਹਿਰਦੇ ਵਿੱਚ ਕਰਨੀ ਚਾਹੀਦੀ ਹੈ।
(ਸ) ਫਰੀਦਾ ਸਕਰ ਖੰਡੁ ਨਿਵਾਤ ਗੁੜੁ, ਮਾਖਿਉ ਮਾਝਾ ਦੁਧੁ॥
ਸਭੇ ਵਸਤੂ ਮਿਠੀਆਂ, ਰਬ ਨ ਪੁਜਨਿ ਤੁਧੁ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਦੱਸਿਆ ਕਿ ਰੱਬ ਦਾ ਨਾਮ ਸਭ ਵਸਤਾਂ ਤੋਂ ਮਿੱਠਾ ਹੈ।
ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਮੱਝ ਦਾ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ, ਪਰ ਉਸ ਪਰਮਾਤਮਾ ਦੇ ਨਾਮ ਵਿੱਚ ਜੋ ਮਿਠਾਸ ਹੈ। ਉਸ ਤੱਕ ਇਹ ਨਹੀਂ ਪਹੁੰਚ ਸਕਦੀਆਂ। ਭਾਵ ਪਰਮਾਤਮਾ ਦਾ ਨਾਮ ਸਭ ਤੋਂ ਮਿੱਠਾ ਹੈ।
(ਹ) ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣੁ ਮੇਰੀ ਭੁਖ॥
ਜਿਨਾ ਖਾਧੀ ਚੋਪੜੀ, ਘਣੇ ਸਹਨਿਗੇ ਦੁਖ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਦੱਸਿਆ ਕਿ ਪਰਾਇਆ ਹੱਕ ਖਾਣ ਨਾਲ਼ ਕਈ ਪ੍ਰਕਾਰ ਦੇ ਦੁੱਖ ਸਹਿਣ ਕਰਨੇ ਪੈਂਦੇ ਹਨ।
ਵਿਆਖਿਆ – ਫ਼ਰੀਦ ਜੀ ਸਾਦਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹੋਏ ਫ਼ਰਮਾਉਂਦੇ ਹਨ ਕਿ ਮੇਰੀ ਰੋਟੀ ਜੌਆਂ ਦੀ ਬਣੀ ਹੋਈ ਹੈ। ਇਸ ਨਾਲ ਹੀ ਮੇਰੀ ਭੁੱਖ ਨੇ ਸ਼ਾਂਤ ਹੋਣਾ ਹੈ। ਜਿਹੜੇ ਇਸ ਸੰਸਾਰ ਵਿੱਚ ਚੋਪੜੀਆਂ ਖਾਂਦੇ ਹਨ ਭਾਵ ਸਾਦਾ ਜੀਵਨ ਨਹੀਂ ਜਿਉਂਦੇ, ਉਨ੍ਹਾਂ ਨੂੰ ਪਰਮਾਤਮਾ ਦੀ ਦਰਗਾਹ ਕਬੂਲ ਨਹੀਂ ਹੁੰਦੀ ਅਤੇ ਕਈ ਪ੍ਰਕਾਰ ਦੇ ਦੁੱਖ ਸਹਿਣ ਕਰਨੇ ਪੈਂਦੇ ਹਨ।
(ਕ) ਰੁਖੀ ਸੁਖੀ ਖਾਇ ਕੈ, ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ, ਨਾ ਤਰਸਾਏ ਜੀਉ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਹੱਕ–ਸੱਚ ਦੀ ਕਮਾਈ ਕਰਕੇ ਖਾਣ ਲਈ ਪ੍ਰੇਰਿਆ ਹੈ।
ਵਿਆਖਿਆ – ਫ਼ਰੀਦ ਜੀ ਸਬਰ–ਸੰਤੋਖ ਰੱਖਣ ਦੀ ਪ੍ਰਰੇਨਾ ਦਿੰਦੇ ਹੋਏ ਫ਼ਰਮਾਉਂਦੇ ਹਨ ਕਿ ਮਨੁੱਖ ਨੂੰ ਸੰਸਾਰ ਵਿੱਚ ਰੱਬ ਦੀ ਬਖ਼ਸ਼ੀ ਰੁੱਖੀ–ਸੁੱਖੀ ਖਾ ਕੇ ਠੰਢਾ ਪਾਣੀ ਪੀ ਕੇ ਸਬਰ ਕਰਨਾ ਚਾਹੀਦਾ ਹੈ। ਉਸ ਨੂੰ ਪਰਾਈਆਂ ਚੋਪੜੀਆਂ ਦੇਖ ਕੇ ਆਪਣੇ ਮਨ ਨੂੰ ਤਰਸਾਉਣਾ ਨਹੀਂ ਚਾਹੀਦਾ, ਸਗੋਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ।
(ਖ) ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ ਤੂੰ ਆਹੋ ਕੇਰੇ ਕੰਮਿ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਆਪਣਾ ਸਮਾਂ ਚੰਗੇ ਕੰਮਾਂ ਵਿੱਚ ਲਾਉਣ ਲਈ ਕਿਹਾ ਹੈ।
ਵਿਆਖਿਆ – ਫ਼ਰੀਦ ਜੀ ਮਨੁੱਖ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਉਹ ਇਸ ਸੰਸਾਰ ਵਿੱਚ ਆ ਕੇ ਦਿਨ ਦੇ ਚਾਰ ਪਹਿਰ ਭੱਜ–ਦੌੜ ਵਿੱਚ ਗੁਆ ਰਿਹਾ ਹੈ ਅਤੇ ਰਾਤ ਦੇ ਚਾਰ ਪਹਿਰ ਸੌਂ ਕੇ ਗੁਆ ਰਿਹਾ ਹੈ। ਆਖਰੀ ਸਮੇਂ ਜਦੋਂ ਉਸ ਦੇ ਜੀਵਨ ਦਾ ਹਿਸਾਬ ਮੰਗਿਆ ਜਾਣਾ, ਤਾਂ ਇਹ ਕੀਤੇ ਹੋਏ ਕੰਮ ਉਸ ਦੇ ਕਿਸੇ ਕੰਮ ਨਹੀਂ ਆਉਣੇ। ਉੱਥੇ ਨਾਮ–ਸਿਮਰਨ ਅਤੇ ਨੇਕ ਅਮਲਾਂ ਨੇ ਹੀ ਕੰਮ ਆਉਣਾ ਹੈ।
(ਗ) ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ, ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਮਨੁੱਖ ਨੂੰ ਅਜਿਹੇ ਕੰਮਾਂ ਦਾ ਤਿਆਗ ਕਰਨ ਲਈ ਕਿਹਾ ਹੈ, ਜਿਨ੍ਹਾਂ ਦਾ ਕੋਈ ਆਤਮਿਕ ਲਾਭ ਨਹੀਂ।
ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ! ਤੈਨੂੰ ਅਜਿਹੇ ਕੰਮਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਕਰਨ ਨਾਲ ਕੋਈ ਆਤਮਿਕ ਲਾਭ ਪ੍ਰਾਪਤ ਨਹੀਂ ਹੁੰਦਾ। ਅਜਿਹੇ ਕੰਮ ਕਰਕੇ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਅੰਤ ਸਮੇਂ ਸ਼ਰਮਿੰਦਾ ਹੀ ਹੋਣਾ ਪਵੇਗਾ।
(ਘ) ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਕਿਹਾ ਕਿ ਬਾਹਰੀ ਫਕੀਰੀ ਲਿਬਾਸ ਧਾਰਨ ਕਰਨ ਨਾਲ ਕੋਈ ਦਰਵੇਸ਼ ਨਹੀਂ ਬਣ ਜਾਂਦਾ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮੇਰੇ ਕੱਪੜੇ ਫਕੀਰਾਂ ਵਾਂਗ ਕਾਲੇ ਹਨ, ਮੇਰਾ ਪਹਿਰਾਵਾ ਕਾਲਾ ਹੈ, ਪਰ ਮੇਰੇ ਅੰਦਰ ਫ਼ਕੀਰਾਂ ਵਾਲੇ ਗੁਣ ਨਹੀਂ ਹਨ। ਮੈਂ ਅੰਦਰੋਂ ਗੁਨਾਹਾਂ ਨਾਲ਼ ਭਰਿਆ ਹੋਇਆ ਹਾਂ। ਪਰ ਸੰਸਾਰ ਦੇ ਲੋਕ ਮੈਨੂੰ ਫ਼ਕੀਰ ਆਖਦੇ ਹਨ। ਅਸਲ ਧਰਮੀ ਮਨੁੱਖ ਦਾ ਜੀਵਨ ਅਜਿਹੇ ਪਾਖੰਡਾਂ ਅਤੇ ਦਿਖਾਵੇ ਵਾਲ਼ਾ ਨਹੀਂ ਹੁੰਦਾ, ਸਗੋਂ ਉਸ ਦਾ ਅੰਦਰ ਸ਼ੁੱਧ ਹੁੰਦਾ ਹੈ।
(ਙ) ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਕਿਹਾ ਕਿ ਮਨੁੱਖ ਨੂੰ ਬੁਰੇ ਵਿਅਕਤੀ ਦਾ ਵੀ ਭਲਾ ਕਰਨਾ ਚਾਹੀਦਾ ਹੈ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਨੂੰ ਬੁਰਾ ਕਰਨ ਵਾਲ਼ੇ ਵਿਅਕਤੀ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ। ਉਸ ਦੇ ਕੀਤੇ ਬੁਰੇ ਦਾ ਗੁੱਸਾ ਮਨ ਵਿੱਚ ਨਹੀਂ ਰੱਖਣਾ ਚਾਹੀਦਾ। ਇਸ ਤਰ੍ਹਾਂ ਦੀ ਭਲਾਈ ਕਰਨ ਨਾਲ ਉਸ ਦਾ ਸਰੀਰ ਰੋਗਾਂ ਤੋਂ ਰਹਿਤ ਰਹੇਗਾ ਅਤੇ ਉਸ ਦੇ ਅੰਦਰ ਚੰਗੇ ਗੁਣ ਪੈਦਾ ਹੋਣਗੇ।
(ਚ) ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ, ਤਾਂ ਘਰਿ ਘਰਿ ਏਹਾ ਅਗਿ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਕਿਹਾ ਇਸ ਸੰਸਾਰ ਵਿੱਚ ਹਰ ਕੋਈ ਦੁੱਖਾਂ ਨਾਲ ਭਰਪੂਰ ਹੈ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮੈਨੂੰ ਇੰਝ ਲੱਗਿਆ ਜਿਵੇਂ ਕੇਵਲ ਮੈਂ ਹੀ ਦੁੱਖ ਸਹਿਣ ਕਰ ਰਿਹਾ ਹਾਂ। ਪਰ ਇਹ ਸਾਰਾ ਸੰਸਾਰ ਹੀ ਦੁੱਖਾਂ ਦਾ ਘਰ ਹੈ। ਜਦੋਂ ਮੈਂ ਉੱਚੀ ਥਾਂ ਖੜ੍ਹ ਕੇ ਦੇਖਿਆ, ਤਾਂ ਹਰ ਘਰ ਵਿੱਚ ਹੀ ਦੁੱਖਾਂ ਦੀ ਅੱਗ ਬਲ ਰਹੀ ਹੈ। ਭਾਵ ਸਾਰਾ ਸੰਸਾਰ ਹੀ ਦੁਖੀ ਹੈ।
(ਛ) ਫਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲਿ ਜਿਨਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਕਿਹਾ ਕਿ ਮੈਂ ਪੰਛੀਆਂ ਤੋਂ ਕੁਰਬਾਨ ਹਾਂ, ਜੋ ਸਾਦਾ ਜੀਵਨ ਜੀ ਕੇ ਵੀ ਰੱਬ ਦਾ ਲੜ ਨਹੀਂ ਛੱਡਦੇ।
ਵਿਆਖਿਆ – ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮੈਂ ਉਨ੍ਹਾਂ ਪੰਛੀਆਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦਾ ਵਾਸਾ ਜੰਗਲ਼ ਵਿੱਚ ਹੁੰਦਾ ਹੈ। ਉੱਥੇ ਰਹਿ ਕੇ ਹੀ ਉਹ ਕੰਕਰ ਅਤੇ ਪੱਥਰ ਚੁਗ ਕੇ ਆਪਣਾ ਜੀਵਨ ਨਿਰਬਾਹ ਕਰਦੇ ਹਨ। ਪਰ ਉਹ ਪਰਮਾਤਮਾ ਦਾ ਲੜ ਨਹੀਂ ਛੱਡਦੇ। ਭਾਵ ਪੰਛੀ ਅਰਾਮਦਾਇਕ ਜੀਵਨ ਜੀਣ ਵਾਲ਼ਿਆਂ ਤੋਂ ਚੰਗੇ ਹਨ।
(ਜ) ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥
ਪ੍ਰਸੰਗ – ਇਹ ਕਾਵਿ–ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲਾ’ ਵਿੱਚ ਸੂਫ਼ੀ–ਕਾਵਿ ਭਾਗ ਅਧੀਨ ਦਰਜ ਹੈ। ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਸ਼ੇਖ਼ ਫ਼ਰੀਦ ਜੀ ਦੇ 112 ਸਲੋਕਾਂ ਵਿੱਚੋਂ ਇੱਕ ਹੈ। ਇਸ ਵਿੱਚ ਫ਼ਰੀਦ ਜੀ ਨੇ ਕਿਹਾ ਕਿ ਸਭ ਦੇ ਅੰਦਰ ਪ੍ਰਭੂ ਦਾ ਵਾਸ ਹੈ, ਇਸ ਲਈ ਸਾਨੂੰ ਕਿਸੇ ਨੂੰ ਵੀ ਬੁਰਾ ਨਹੀਂ ਕਹਿਣਾ ਚਾਹੀਦਾ।
ਵਿਆਖਿਆ – ਫ਼ਰੀਦ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਲਿਖਦੇ ਹਨ ਕਿ ਸਾਨੂੰ ਕਿਸੇ ਨੂੰ ਵੀ ਬੁਰਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਸਾਰਿਆਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਆਪ ਵਸਦਾ ਹੈ। ਇਸ ਲਈ ਸਾਰੇ ਮਨੁੱਖ ਹੀ ਬਹੁਤ ਹੀ ਬਹੁਮੁੱਲੇ ਮੋਤੀ ਹਨ ਤੇ ਸਾਨੂੰ ਕਿਸੇ ਦਾ ਵੀ ਦਿਲ ਬੁਰਾ ਬੋਲ ਕੇ ਨਹੀਂ ਤੋੜਨਾ ਚਾਹੀਦਾ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿਥੇ ਵਸਦਾ ਹੈ?
ਉੱਤਰ – ਹਿਰਦੇ ਵਿੱਚ।
ਪ੍ਰਸ਼ਨ 2. ਬਾਬਾ ਫ਼ਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ?
ਉੱਤਰ – ਰੱਬ ਦਾ ਨਾਮ।
ਪ੍ਰਸ਼ਨ 3. ਫ਼ਰੀਦ ਜੀ ਕਿੰਨਾ ਤੋਂ ਬਲਿਹਾਰ ਜਾਂਦੇ ਹਨ?
ਉੱਤਰ – ਪੰਛੀਆਂ ਤੋਂ।
ਪ੍ਰਸ਼ਨ 4. ਜੰਗਲ਼ ਵਿੱਚ ਵਸਦੇ ਪੰਛੀ ਕਿਸ ਦਾ ਲੜ ਨਹੀਂ ਛੱਡਦੇ?
ਉੱਤਰ – ਰੱਬ ਦਾ।
ਪ੍ਰਸ਼ਨ 5. ਫ਼ਰੀਦ ਜੀ ਕਿਸੇ ਨਾਲ਼ ਕਿਹੋ ਜਿਹਾ ਬੋਲਣ ਤੋਂ ਵਰਜਦੇ ਹਨ?
ਉੱਤਰ – ਫਿੱਕਾ।
ਪ੍ਰਸ਼ਨ 6. ਫ਼ਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵੱਸਦਾ ਹੈ?
ਉੱਤਰ – ਸੱਚਾ ਰੱਬ।
ਪ੍ਰਸ਼ਨ 7. ਫ਼ਰੀਦ ਜੀ ਮਨੁੱਖ ਨੂੰ ਕਿਸੇ ਦੇ ਔਗੁਣ ਫਰੋਲਣ ਤੋਂ ਪਹਿਲਾਂ ਕਿੱਧਰ ਵੇਖਣ ਲਈ ਕਹਿੰਦੇ ਹਨ?
ਉੱਤਰ – ਆਪਣੇ ਔਗੁਣਾਂ ਵੱਲ।
ਪ੍ਰਸ਼ਨ 8. ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਨਹੀਂ ਵੱਸਦਾ?
ਉੱਤਰ – ਜੰਗਲਾਂ ਵਿੱਚ।
ਪ੍ਰਸ਼ਨ 9. ਫਰੀਦ ਜੀ ਅਨੁਸਾਰ ਕੌਣ ਘਣੇ ਦੁੱਖ ਸਹਿਣਗੇ?
ਉੱਤਰ – ਚੋਪੜੀਆਂ ਖਾਣ ਵਾਲ਼ੇ।
ਪ੍ਰਸ਼ਨ 10. ਫ਼ਰੀਦ ਜੀ ਅਨੁਸਾਰ ਪੰਛੀ ਕਿੱਥੇ ਵਸਦੇ ਹਨ?
ਉੱਤਰ – ਜੰਗਲ਼ਾਂ ਵਿੱਚ।
ਪ੍ਰਸ਼ਨ 11. ਸ਼ੇਖ਼ ਫ਼ਰੀਦ ਜੀ ਕਿਸ ਕਾਵਿ–ਧਾਰਾ ਦੇ ਮੋਢੀ ਕਵੀ ਹਨ?
ਉੱਤਰ – ਸੂਫ਼ੀ ਕਾਵਿ–ਧਾਰਾ ਦੇ।
ਪ੍ਰਸ਼ਨ 12. ਸ਼ੇਖ਼ ਫਰੀਦ ਜੀ ਦਾ ਜਨਮ ਕਦੋਂ ਹੋਇਆ?
ਉੱਤਰ – 1173 ਈ: ਵਿੱਚ।
ਪ੍ਰਸ਼ਨ 13. ਸੇਖ਼ ਫ਼ਰੀਦ ਜੀ ਦਾ ਦੇਹਾਂਤ ਕਦੋਂ ਹੋਇਆ?
ਉੱਤਰ – 1266 ਈ: ਵਿੱਚ।
ਪ੍ਰਸ਼ਨ 14. ਪੰਛੀ ਕੀ ਚੁਗ ਕੇ ਗੁਜ਼ਾਰਾ ਕਰਦੇ ਹਨ?
ਉੱਤਰ – ਕੰਕਰ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037