3. ਹਾਸ਼ਮ ਸ਼ਾਹ
ਕਿੱਸਾ ਸੱਸੀ ਪੁੰਨੂੰ
ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪੁਰ ਧਰਸਾਂ।
ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨ ਡਰਸਾਂ।
ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਇ ਮਿਲਾਂ ਪਗ ਪਰਸਾਂ।
ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿੱਚ ਮਰਸਾਂ।94।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਸੱਸੀ ਦੇ ਇਰਾਦੇ ਆਪਣੇ ਪੁੰਨੂੰ ਨੂੰ ਲੱਭਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ ਅਤੇ ਉਹ ਆਪਣੀ ਮਾਂ ਦੀ ਨਸੀਹਤ ਦੇ ਬਾਅਦ ਵੀ ਮਾਰੂਥਲਾਂ ਦੇ ਦੁੱਖਾਂ ਤੋਂ ਡਰ ਕੇ ਨਹੀਂ ਰੁਕਦੀ।
ਵਿਆਖਿਆ – ਇਹਨਾਂ ਸਤਰਾਂ ਵਿੱਚ ਸੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਪੁੰਨੂੰ ਨੂੰ ਲੱਭਣ ਲਈ ਰਸਤਾ ਭਾਵੇਂ ਬਹੁਤ ਮੁਸੀਬਤਾਂ ਭਰਿਆ ਹੈ ਪਰ ਉਹ ਇਸ ਰਸਤੇ ’ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧੇਗੀ। ਜਦੋਂ ਤੱਕ ਉਸ ਦੇ ਸਾਹ ਚੱਲਣਗੇ ਉਹ ਨਿਰਾਸ਼ ਨਹੀਂ ਹੋਵੇਗੀ ਅਤੇ ਨਾ ਹੀ ਆਪਣੀ ਮੌਤ ਦੀ ਫ਼ਿਕਰ ਕਰੇਗੀ। ਜੇਕਰ ਪਰਮਾਤਮਾ ਨੇ ਉਸ ਦੀ ਪੁਕਾਰ ਸੁਣ ਲਈ ਤਾਂ ਉਹ ਆਪਣੇ ਪੁੰਨੂੰ ਨੂੰ ਮਿਲ਼ ਕੇ ਉਸ ਦੇ ਪੈਰਾਂ ਨੂੰ ਛੋਹੇਗੀ, ਨਹੀਂ ਤਾਂ ਉਹ ਆਪਣੇ ਰਸਤੇ ਉੱਤੇ ਚਲਦੀ ਹੋਈ ਆਪਣੇ ਪੁੰਨੂੰ ਲਈ ਮਾਰੂਥਲ ਵਿੱਚ ਜਾਨ ਦੇ ਕੇ ਸ਼ਹੀਦ ਹੋ ਜਾਵੇਗੀ।
ਫੜਿਆ ਪੰਧ ਹੋਈ ਤਦ ਪਾਂਧਣ, ਟੁੱਟ ਗਈ ਡੋਰ ਪਤੰਗੋਂ।
ਸੱਸੀ ਉਹ ਨਾ ਧਰਦੀ ਆਹੀ, ਭੁਇੰ ਪਰ ਪੈਰ ਪਲੰਘੋ।
ਦਿਲ ਤੋਂ ਖ਼ਉਫ਼ ਉਤਾਰ ਸਿਧਾਈ, ਵਾਂਗੂੰ ਸ਼ੇਰ ਪਲੰਗੋਂ।
ਹਾਸ਼ਮ ਜੇ ਦਮ ਜਾਣ ਖ਼ਲਾਸੀ, ਹੋਗਸੁ ਕੈਦ ਫ਼ਿਰੰਗੋਂ।95।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਉਸ ਸਮੇਂ ਦਾ ਵਰਣਨ ਕਰਦਾ ਹੈ ਜਦੋਂ ਸੱਸੀ ਬਾਬਲ ਘਰ ਅਰਾਮ ਦਾ ਜੀਵਨ ਛੱਡ ਕੇ ਤਪਦੇ ਮਾਰੂਥਲ ਵਿੱਚ ਪੁੰਨੂੰ ਨੂੰ ਲੱਭਣ ਚੱਲ ਪੈਂਦੀ ਹੈ।
ਵਿਆਖਿਆ – ਸੱਸੀ ਨੇ ਪੁੰਨੂੰ ਦੀ ਭਾਲ ਵਿੱਚ ਮਾਰੂਥਲ ਦੇ ਰਸਤੇ ਦੀ ਰਾਹੀ ਬਣ ਗਈ ਅਤੇ ਉਸ ਦੀ ਹਾਲਤ ਡੋਰ ਨਾਲ਼ੋਂ ਟੁੱਟੀ ਹੋਈ ਪਤੰਗ ਵਰਗੀ ਹੋ ਗਈ। ਜਿਸ ਸੱਸੀ ਨੇ ਪਿਤਾ ਘਰ ਕਦੇ ਪਲੰਘ ਤੋਂ ਪੈਰ ਹੇਠਾਂ ਨਹੀਂ ਧਰਿਆ ਸੀ ਉਹ ਮਾਰੂਥਲ ਦੀ ਤਪਦੀ ਹੋਈ ਰੇਤ ’ਤੇ ਤੁਰਨ ਲਈ ਤਿਆਰ ਹੋ ਗਈ। ਉਸ ਨੇ ਆਪਣੇ ਦਿਲ ਵਿੱਚੋਂ ਡਰ ਕੱਢ ਦਿੱਤਾ ਅਤੇ ਇਸ ਤਰ੍ਹਾਂ ਚਲ ਪਈ ਜਿਵੇਂ ਸ਼ੇਰ ਜਾਂ ਚੀਤਾ ਜੰਗਲ਼ ਵਿੱਚ ਬਿਨਾਂ ਕਿਸੇ ਡਰ-ਭੈਅ ਤੋਂ ਚੱਲਦੇ ਹਨ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਜੇਕਰ ਇਸ ਰਸਤੇ ’ਤੇ ਸੱਸੀ ਦੀ ਮੌਤ ਵੀ ਹੋ ਗਈ ਤਾਂ ਉਹ ਵਿਛੋੜੇ ਦੇ ਦੁੱਖਾਂ ਤੋਂ ਇਸ ਤਰ੍ਹਾਂ ਮੁਕਤ ਹੋ ਜਾਵੇਗੀ ਜਿਵੇਂ ਕੋਈ ਅੰਗਰੇਜਾਂ ਦੀ ਕੈਦ ਵਿੱਚੋਂ ਮੁਕਤ ਹੋਇਆ ਹੋਵੇ।
ਕਰ ਅਸਬਾਬ ਲਇਆ ਸ਼ਹਿਜ਼ਾਦੀ, ਫੜਿਆ ਰਾਹੁ ਸ਼ੁਤਰ ਦਾ।
ਪਾਣੀ ਖ਼ੂਨ, ਖ਼ੁਰਾਕ ਕਲੇਜਾ, ਰਹਿਬਰੁ ਦਰਦੁ ਹਿਜਰ ਦਾ।
ਗਲ ਵਿੱਚ ਵਾਲ, ਅੱਖੀਂ ਵਿੱਚ ਸੁਰਖ਼ੀ, ਸੋਜ਼ ਜਨੂੰਨ ਕਹਿਰ ਦਾ।
ਹਾਸ਼ਮ ਵੇਖ ਹਵਾਲ ਕਲੇਜਾ, ਘਾਇਲ ਸ਼ਮਸ ਕਮਰ ਦਾ।96।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਮਾਰੂਥਲ ਵਿੱਚ ਸੱਸੀ ਦੀ ਦੁੱਖਾਂ ਭਰੀ ਹਾਲਤ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਿੱਸਾਕਾਰ ਲਿਖਦਾ ਕਿ ਸ਼ਹਿਜ਼ਾਦੀ ਸੱਸੀ ਨੇ ਆਪਣੇ ਪੁੰਨੂੰ ਨੂੰ ਲੱਭਣ ਜਾਣ ਲਈ ਸਮਾਨ ਦੀ ਤਿਆਰੀ ਕਰ ਲਈ ਅਤੇ ਮਾਰੂਥਲ ਦੇ ਖ਼ਤਰਿਆਂ ਭਰੇ ਰਸਤੇ ’ਤੇ ਊਠ ਦੀ ਪੈੜ ਦੇ ਰਾਹ ’ਤੇ ਚੱਲ ਪਈ। ਉਸ ਨੇ ਆਪਣੇ ਖ਼ੂਨ ਨੂੰ ਪਾਣੀ ਤੇ ਕਲੇਜੇ ਨੂੰ ਆਪਣੀ ਖ਼ੁਰਾਕ ਬਣਾ ਤੇ ਜਿਗਰ ਦੇ ਦਰਦ ਨੂੰ ਰਾਹ ਦੱਸਣ ਵਾਲ਼ਾ ਬਣਾ ਲਿਆ। ਉਸ ਦੇ ਵਾਲ ਖੁੱਲ੍ਹ ਕੇ ਉਸ ਦੇ ਗਲ ਵਿੱਚ ਪੈ ਗਏ, ਉਸ ਦੀਆਂ ਅੱਖਾਂ ਵਿੱਚ ਲਾਲੀ ਆ ਗਈ ਅਤੇ ਦਿਲ ਵਿੱਚ ਇਸ਼ਕ ਦਾ ਕਹਿਰੀ ਜਨੂੰਨ ਤੇ ਦਰਦ ਭਰ ਗਿਆ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਤਪਦੇ ਮਾਰੂਥਲ ਵਿੱਚ ਉਸ ਦੀ ਹਾਲਤ ਦੇਖ ਕੇ ਤਾਂ ਸੂਰਜ ਅਤੇ ਚੰਦਰਮਾ ਦਾ ਕਲੇਜਾ ਵੀ ਘਾਇਲ ਹੁੰਦਾ ਸੀ।
ਚਮਕੀ ਆਣ ਦੁਪਹਿਰੀਂ ਵੇਲੇ, ਗਰਮੀ ਗਰਮ ਬਹਾਰੇ।
ਤਪਦੀ ਵਾਉ ਵਗੇ ਅਸਮਾਨੋਂ, ਪੰਛੀ ਮਾਰਿ ਉਤਾਰੇ।
ਆਤਸ਼ ਦਾ ਦਰਿਆਉ ਖਲੋਤਾ, ਥਲ ਮਾਰੂ ਵਲਿ ਚਾਰੇ।
ਹਾਸ਼ਮ ਫੇਰ ਪਿਛਾਂਹ ਨਾ ਮੁੜਦੀ, ਲੂੰ ਲੂੰ ‘ਹੋਤ’ ਪੁਕਾਰੇ।97।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਦੁਪਹਿਰ ਸਮੇਂ ਅੱਗ ਵਾਂਗ ਤਪੇ ਮਾਰੂਥਲ ਵਿੱਚ ਸੱਸੀ ਦੀ ਦੁੱਖਾਂ ਭਰੀ ਹਾਲਤ ਨੂੰ ਬਿਆਨ ਕੀਤਾ ਹੈ।
ਵਿਆਖਿਆ – ਹਾਸ਼ਮ ਸ਼ਾਹ ਲਿਖਦਾ ਕਿ ਗਰਮੀ ਦੀ ਰੁੱਤ ਵਿੱਚ ਦੁਪਹਿਰ ਸਮੇਂ ਗਰਮੀ ਬਹੁਤ ਵਧ ਗਈ। ਅਸਮਾਨ ਵਿੱਚੋਂ ਆ ਰਹੀ ਤਪਦੀ ਹੋਈ ਗਰਮ ਹਵਾ ਏਨੀ ਗਰਮ ਸੀ ਕਿ ਅਸਮਾਨ ਵਿੱਚ ਉੱਡ ਰਹੇ ਪੰਛੀਆਂ ਨੂੰ ਮਾਰ–ਮਾਰ ਕੇ ਥੱਲੇ ਸੁੱਟ ਰਹੀ ਸੀ। ਗਰਮੀ ਕਰਕੇ ਤਪੀ ਹੋਈ ਰੇਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਸੀ ਕਿ ਜਿਵੇਂ ਸਾਰਾ ਮਾਰੂਥਲ ਅੱਗ ਦਾ ਦਰਿਆ ਬਣ ਗਿਆ ਹੋਵੇ। ਹਾਸ਼ਮ ਕਹਿੰਦਾ ਹੈ ਕਿ ਇਹਨਾਂ ਸਾਰੀਆਂ ਤਕਲੀਫ਼ਾਂ ਦੇ ਬਾਵਜੂਦ ਵੀ ਸੱਸੀ ਪਿੱਛੇ ਨਹੀਂ ਮੁੜਦੀ ਅਤੇ ਉਸ ਦਾ ਲੂੰ–ਲੂੰ ਆਪਣੇ ਪੁੰਨੂੰ ਨੂੰ ਪੁਕਾਰ ਰਿਹਾ ਸੀ।
ਨਾਜ਼ਕ ਪੈਰ ਗੁਲਾਬ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ।
ਆਸ਼ਕ ਵੇਖ ਬਹੇ ਇੱਕ ਵਾਰੀ, ਜੀਉ ਤਿਨ੍ਹਾ ਪਰ ਵਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ, ਜੌਂ ਭੁੰਨਣ ਭਠਿਆਰੇ।
ਹਾਸ਼ਮ ਵੇਖ ਯਕੀਨ ਜੱਸੀ ਦਾ, ਫੇਰ ਨਹੀਂ ਦਿਲ ਹਾਰੇ।98।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਕਿ ਮਾਰੂਥਲ ਦੀ ਗਰਮੀ ਅਤੇ ਵਿਛੋੜੇ ਦੇ ਦਰਦ ਨੇ ਸੱਸੀ ਦਾ ਬੁਰਾ ਹਾਲ ਕਰ ਦਿੱਤਾ ਪਰ ਉਸ ਦਾ ਸਿਦਕ ਨਹੀਂ ਹਾਰਦਾ।
ਵਿਆਖਿਆ – ਕਿੱਸਾਕਾਰ ਲਿਖਦਾ ਕਿ ਸੱਸੀ ਦੇ ਗੁਲਾਬ ਵਰਗੇ ਨਾਜ਼ਕ ਪੈਰ ਸੁੰਦਰ ਅਤੇ ਮਹਿੰਦੀ ਨਾਲ਼ ਸ਼ਿੰਗਾਰੇ ਹੋਏ ਸਨ। ਜੇਕਰ ਕੋਈ ਆਸ਼ਕ ਉਸ ਦੇ ਸੁੰਦਰ ਪੈਰਾਂ ਨੂੰ ਵੇਖ ਲੈਂਦਾ ਤਾਂ ਉਹ ਉਹਨਾਂ ਲਈ ਆਪਣੀ ਜਾਨ ਵਾਰ ਸਕਦਾ ਹੈ। ਮਾਰੂਥਲ ਵਿੱਚ ਰੇਤ ਏਨੀ ਤਪੀ ਹੋਈ ਹੈ ਜਿੰਨੀ ਤਪਦੀ ਰੇਤ ਵਿੱਚ ਭਠਿਆਰੇ ਭੱਠੀ ’ਤੇ ਜੌਂ ਦੇ ਦਾਣੇ ਭੁੰਨਦੇ ਹਨ। ਹਾਸ਼ਮ ਸ਼ਾਹ ਆਖਦਾ ਕਿ ਸੱਸੀ ਦਾ ਆਪਣੇ ਪੁੰਨੂੰ ਨੂੰ ਲੱਭਣ ਦਾ ਯਕੀਨ ਦੇਖਿਆਂ ਪਤਾ ਲੱਗਦਾ ਕਿ ਉਹ ਸਿਦਕ ਤੋਂ ਪਿੱਛੇ ਨਹੀਂ ਹਟ ਸਕਦੀ।
ਦਿਲ ਵਿੱਚ ਤਪਸ਼ ਥਲਾਂ ਦੀ ਗਰਮੀ, ਆਣ ਫ਼ਿਰਾਕ ਰੰਞਾਣੀ।
ਕਿਚਰਕੁ ਨੈਣ ਦੇਣ ਦਿਲਬਰੀਆਂ, ਚੋਣ ਲਬਾਂ ਵਿੱਚ ਪਾਣੀ।
ਫਿਰ ਫਿਰ ਡਾਢ ਕਰੇ ਹਠ ਦਿਲ ਦਾ, ਪਰ ਜਦ ਬਹੁਤ ਵਿਹਾਣੀ।
ਹਾਸ਼ਮ ਯਾਦ ਭੰਬੋਰ ਪਇਓ ਸੂ, ਟੁੱਟ ਗਿਆ ਮਾਣ ਨਿਮਾਣੀ।99।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਕਿ ਮਾਰੂਥਲ ਦੀ ਗਰਮੀ ਅਤੇ ਵਿਛੋੜੇ ਦੇ ਦਰਦ ਨੇ ਸੱਸੀ ਦਾ ਬੁਰਾ ਹਾਲ ਕਰ ਦਿੱਤਾ ਪਰ ਉਸ ਦਾ ਸਿਦਕ ਨਹੀਂ ਹਾਰਦਾ।
ਵਿਆਖਿਆ – ਕਵੀ ਲਿਖਦਾ ਹੈ ਕਿ ਸੱਸੀ ਦੇ ਦਿਲ ਵਿੱਚ ਪੁੰਨੂੰ ਦੇ ਵਿਛੋੜੇ ਦੀ ਤਪਸ਼ ਅਤੇ ਬਾਹਰ ਮਾਰੂਥਲ ਦੀ ਗਰਮੀ ਸੀ ਜਿਸ ਕਾਰਨ ਸੱਸੀ ਦਾ ਹਾਲ ਮਾੜਾ ਹੋ ਗਿਆ। ਉਸ ਦੀ ਅੱਖਾਂ ਵੀ ਉਸ ਦਾ ਕਿੰਨਾ ਕੁ ਚਿਰ ਸਾਥ ਦੇ ਸਕਦੇ ਸਨ ਜੋ ਸਾਥ ਦਿੰਦੇ ਹੋਏ ਰੋ–ਰੋ ਕੇ ਉਸ ਦੇ ਪਿਆਸੇ ਬੁੱਲਾਂ ਨੂੰ ਪਾਣੀ ਦੇ ਰਹੇ ਸਨ। ਉਸ ਦਾ ਦਿਲ ਵਾਰ-ਵਾਰ ਪੁੰਨੂੰ ਨੂੰ ਮਿਲ਼ਣ ਦੀ ਜਿਦ ਕਰ ਰਿਹਾ ਸੀ ਪਰ ਉਹ ਵੀ ਸਮਾਂ ਲੰਘ ਚੁੱਕਾ ਸੀ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਜਦ ਸੱਸੀ ਨੂੰ ਭੰਬੋਰ ਸ਼ਹਿਰ ਦੀ ਯਾਦ ਆਈ, ਜਿੱਥੋਂ ਦੀ ਉਹ ਸ਼ਹਿਜ਼ਾਦੀ ਸੀ, ਉਸ ਨਿਮਾਣੀ ਦਾ ਮਾਣ ਟੁੱਟ ਗਿਆ।
ਜੇ ਜਾਣਾ ਛਡ ਜਾਣ ਸੁੱਤੀ ਨੂੰ, ਇਕ ਪਲ ਪਲਕ ਨਾ ਝਮਕਾਂ।
ਗਰਦ ਹੋਇ ਵਿਚ ਗਰਦ ਥਲਾਂ ਦੀ, ਵਾਂਗ ਜਵਾਹਰ ਦਮਕਾਂ।
ਜਲ ਵਾਂਗੁਰ ਰਲ ਦੇਣ ਦਿਖਾਈ, ਥਲ ਮਾਰੂ ਦੀਆਂ ਚਮਕਾਂ।
ਹਾਸ਼ਮ ਕੌਣ ਸੱਸੀ ਬਿਨ ਵੇਖੇ, ਏਸ ਇਸ਼ਕ ਦੀਆਂ ਰਮਕਾਂ।100।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਕਿ ਜਦੋਂ ਮਾਰੂਥਲ ਦੀ ਗਰਮੀ ਅਤੇ ਵਿਛੋੜੇ ਦੇ ਦਰਦ ਨੇ ਸੱਸੀ ਦਾ ਬੁਰਾ ਹਾਲ ਕਰ ਦਿੱਤਾ ਤਾਂ ਉਹ ਕਹਿੰਦੀ ਹੈ ਕਿ ਜੇ ਪਤਾ ਹੁੰਦਾ ਕਿ ਪੁੰਨੂੰ ਉਸ ਨੂੰ ਸੁੱਤੀ ਪਈ ਨੂੰ ਛੱਡ ਕੇ ਤੁਰ ਜਾਵੇਗਾ ਤਾਂ ਉਹ ਇੱਕ ਪਲ ਲਈ ਵੀ ਨਾ ਸੌਂਦੀ।
ਵਿਆਖਿਆ – ਕਵੀ ਲਿਖਦਾ ਹੈ ਕਿ ਮਾਰੂਥਲ ਦੀ ਗਰਮੀ ਤੇ ਵਿਛੋੜੇ ਦੇ ਦੁੱਖਾਂ ਨਾਲ਼ ਬੇਹਾਲ ਸੱਸੀ ਸੋਚਦੀ ਹੈ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਪੁੰਨੂੰ ਉਸ ਨੂੰ ਸੁੱਤੀ ਪਈ ਨੂੰ ਛੱਡ ਕੇ ਚਲਾ ਜਾਵੇਗਾ ਤਾਂ ਉਹ ਸਾਰੀ ਰਾਤ ਜਾਗਦੀ ਰਹਿੰਦੀ। ਸੱਸੀ ਪੁੰਨੂੰ ਦੀ ਖ਼ਾਤਰ ਮਾਰੂਥਲਾਂ ਦੀ ਮਿੱਟੀ ਵਿੱਚ ਮਿਲ਼ ਕੇ ਮਿੱਟੀ ਹੀ ਬਣ ਜਾਣਾ ਚਾਹੁੰਦੀ ਹੈ ਅਤੇ ਇਸ ਵਿੱਚ ਜਵਾਹਰ ਵਾਂਗ ਚਮਕਣਾ ਚਾਹੁੰਦੀ ਹੈ। ਸੱਸੀ ਨੂੰ ਦੂਰ ਮਾਰੂਥਲ ਦੀ ਚਮਕ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਪਾਣੀ ਹੋਵੇ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਸੱਸੀ ਤੋਂ ਬਿਨਾਂ ਇਸ਼ਕ ਦੀਆਂ ਜ਼ੋਰਾਵਰੀਆਂ ਨੂੰ ਕੋਈ ਨਹੀਂ ਦੇਖ ਸਕਦਾ।
ਕੁਛ ਡਿਗਦੀ ਕੁਛ ਢਹਿੰਦੀ ਉਠਦੀ, ਬਹਿੰਦੀ ਤੇ ਦਮ ਲੈਂਦੀ।
ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉਤੇ ਵਲ ਵੈਂਦੀ।
ਢੂਡੇ ਖੋਜ ਸ਼ੁਤਰ ਦਾ ਕਿਤ ਵਲ, ਹਰਗਿਜ਼ ਭਾਲ ਨਾ ਪੈਂਦੀ।
ਹਾਸ਼ਮ ਜਗਤ ਨਾ ਕਿਉਂ ਕਰ ਗਾਵੇ, ਪ੍ਰੀਤ ਸੰਪੂਰਨ ਜੈਂਦੀ।102।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਸੱਸੀ ਦੇ ਉਸ ਸਮੇਂ ਦਾ ਹਾਲਤ ਨੂੰ ਬਿਆਨ ਕਰਦਾ ਹੈ ਜਦੋਂ ਸੱਸੀ ਤਪਦੇ ਮਾਰੂਥਲ ਵਿੱਚ ਊਠ ਦੇ ਪੈਰਾਂ ਦੇ ਨਿਸ਼ਾਨ ਦੇ ਸਹਾਰੇ ਪੁੰਨੂੰ ਨੂੰ ਲੱਭ ਰਹੀ ਸੀ।
ਵਿਆਖਿਆ – ਕਵੀ ਲਿਖਦਾ ਹੈ ਕਿ ਸੱਸੀ ਤਪਦੇ ਮਾਰੂਥਲ ਵਿੱਚ ਡਿਗਦੀ–ਢਹਿੰਦੀ ਤੇ ਵਾਰ-ਵਾਰ ਦਮ ਲੈ ਕੇ ਉੱਠਦੀ ਹੋਈ ਪੁੰਨੂੰ ਦੀ ਭਾਲ ਵਿੱਚ ਅੱਗੇ ਵਧਦੀ ਰਹੀ। ਉਸ ਦੀ ਹਾਲਤ ਇਸ ਤਰ੍ਹਾਂ ਦੀ ਲੱਗਦੀ ਹੈ ਜਿਵੇਂ ਕਿਸੇ ਸ਼ਰਾਬੀ ਨੂੰ ਸ਼ਰਾਬ ਦੀ ਤੋਟ ਆ ਗਈ ਹੋਵੇ। ਉਹ ਡਿੱਗਣ ਤੋਂ ਮਗਰੋਂ ਫਿਰ ਉੱਠਦੀ ਤੇ ਅੱਗੇ ਚਲ ਪੈਂਦੀ ਸੀ। ਉਸ ਨੂੰ ਊਠ ਦਾ ਖੁਰਾ ਕਿਤੇ ਵੀ ਨਹੀਂ ਮਿਲ਼ ਰਿਹਾ ਸੀ ਜਿਸ ਦੀ ਉਹ ਪੁੰਨੂੰ ਨੂੰ ਲੱਭਣ ਲਈ ਭਾਲ ਕਰ ਰਹੀ ਸੀ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਜਿਹੜੇ ਸੱਸੀ ਵਾਂਗ ਪਿਆਰ ਕਰਨ ਵਾਲ਼ੇ ਪਿਆਰ ਨਿਭਾਉਂਦੇ ਹਨ, ਸੰਸਾਰ ਉਹਨਾਂ ਦੀ ਪ੍ਰੀਤ ਦੇ ਕਿੱਸੇ ਲਿਖ ਕੇ ਗਾਉਂਦਾ ਹੈ।
ਸਿਰ ਧਰ ਖੋਜ ਉੱਤੇ ਗ਼ਸ ਆਈਆ, ਮੌਤ ਸੱਸੀ ਦੀ ਆਈ।
ਖ਼ੁਸ਼ ਰਹੁ ਯਾਰ ਅਸਾਂ ਤੁਧ ਕਾਰਣ, ਥਲ ਵਿੱਚ ਜਾਨ ਗਵਾਈ।
ਡਿਗਦੀ ਸਾਰ ਗਿਆ ਦਮ ਨਿਕਲ, ਤਨ ਥੋਂ ਜਾਨ ਸਿਧਾਈ।
ਹਾਸ਼ਮ ਕਰ ਲੱਖ ਲੱਖ ਸ਼ੁਕਰਾਨੇ, ਇਸ਼ਕ ਵਲੋਂ ਰਹਿ ਆਈ।111।
ਪ੍ਰਸੰਗ – ਇਹ ਕਾਵਿ–ਟੋਟਾ ਪੰਜਾਬੀ ਦੀ ਪੁਸਤਕ ‘ਸਾਹਿਤ–ਮਾਲ਼ਾ’ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ–ਕਹਾਣੀ ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਪੁੰਨੂੰ ਨੂੰ ਲੱਭ ਰਹੀ ਸੱਸੀ ਦੀ ਤਪਦੇ ਮਾਰੂਥਲ ਵਿੱਚ ਮੌਤ ਨੂੰ ਬਿਆਨ ਕੀਤਾ ਹੈ।
ਵਿਆਖਿਆ – ਕਵੀ ਲਿਖਦਾ ਹੈ ਕਿ ਸੱਸੀ ਊਠ ਦੀ ਪੈੜ ਲੱਭ ਕੇ ਉਸ ’ਤੇ ਆਪਣਾ ਸਿਰ ਰੱਖ ਲੈਂਦੀ ਹੈ ਅਤੇ ਉੱਥੇ ਹੀ ਉਸ ਨੂੰ ਮੌਤ ਹੋ ਗਈ। ਮਰਦੇ ਸਮੇਂ ਉਸ ਦਾ ਦਿਲ ਕਹਿ ਰਿਹਾ ਸੀ ਕਿ ਉਸ ਦਾ ਪੁੰਨੂੰ ਯਾਰ ਖ਼ੁਸ਼ ਰਹੇ ਅਤੇ ਉਹ ਉਸ ਲਈ ਹੀ ਮਾਰੂਥਲ ਵਿੱਚ ਆਪਣੀ ਜਾਨ ਗੁਆ ਦਿੰਦੀ ਹੈ। ਊਠ ਦੀ ਪੈੜ ’ਤੇ ਡਿੱਗਦਿਆਂ ਹੀ ਉਸ ਦੀ ਮੌਤ ਹੋ ਗਈ। ਹਾਸ਼ਮ ਸ਼ਾਹ ਲਿਖਦਾ ਕਿ ਅੰਤ ਸਮੇਂ ਸੱਸੀ ਰੱਬ ਦਾ ਲੱਖ–ਲੱਖ ਸ਼ੁਕਰਾਨਾ ਕਰ ਰਹੀ ਸੀ ਕਿ ਉਹ ਇਸ਼ਕ ਨੂੰ ਨਿਭਾਉਣ ਵਿੱਚ ਸਫ਼ਲ ਹੋ ਗਈ।
••• ਕੇਂਦਰੀ ਭਾਵ •••
ਸੱਸੀ ਆਪਣੇ ਪੁੰਨੂੰ ਨੂੰ ਤਪਦੇ ਮਾਰੂਥਲ ਵਿੱਚ ਊਠ ਦੀ ਪੈੜ ਦੇ ਸਹਾਰੇ ਲੱਭਦੀ ਹੋਈ ਅਤਿ ਦੀ ਗਰਮੀ ਵਿੱਚ ਆਪਣੀ ਜਾਨ ਗਵਾ ਗਈ। ਮਰਨ ਸਮੇਂ ਉਹ ਰੱਬ ਦਾ ਲੱਖ–ਲੱਖ ਸ਼ੁਕਰਨਾ ਕਰ ਰਹੀ ਸੀ ਕਿ ਉਹ ਇਸ਼ਕ ਵਿੱਚ ਪੂਰੀ ਉੱਤਰੀ ਹੈ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ‘ਕਿੱਸਾ ਸੱਸੀ–ਪੁੰਨੂੰ’ ਕਿਸ ਦੀ ਰਚਨਾ ਹੈ?
ਉੱਤਰ – ਹਾਸ਼ਮ ਸ਼ਾਹ ਦੀ।
ਪ੍ਰਸ਼ਨ 2. ਸੱਸੀ ਕਿਸ ਦਾ ਪਿੱਛਾ ਕਰ ਰਹੀ ਸੀ?
ਉੱਤਰ – ਪੁੰਨੂੰ ਦਾ।
ਪ੍ਰਸ਼ਨ 3. ਸੱਸੀ ਕਿੱਥੋਂ ਦੀ ਲੰਘ ਰਹੀ ਸੀ?
ਉੱਤਰ – ਤਪਦੇ ਮਾਰੂਥਲ ਵਿੱਚ ਦੀ।
ਪ੍ਰਸ਼ਨ 4. ਸੱਸੀ ਦਾ ਪ੍ਰੇਮੀ ਕੌਣ ਸੀ?
ਉੱਤਰ – ਪੁੰਨੂੰ।
ਪ੍ਰਸ਼ਨ 5. ਪੰਨੂੰ ਕਾਹਦੇ ਉੱਤੇ ਚੜ੍ਹ ਕੇ ਗਿਆ ਸੀ?
ਉੱਤਰ – ਊਠ ਉੱਤੇ।
ਪ੍ਰਸ਼ਨ 6. ਸੱਸੀ ਦਾ ਲੂੰ–ਲੂੰ ਕੀ ਪੁਕਾਰ ਰਿਹਾ ਸੀ?
ਉੱਤਰ – ਹੋਤ(ਪੁੰਨੂੰ)।
ਪ੍ਰਸ਼ਨ 7. ਸੱਸੀ ਦੇ ਨਾਜ਼ੁਕ ਪੈਰ ਕਿਹੋ–ਜਿਹੇ ਸਨ?
ਉੱਤਰ – ਗੁਲਾਬ ਵਰਗੇ।
ਪ੍ਰਸ਼ਨ 8. ਸੱਸੀ ਦੇ ਪੈਰ ਕਾਹਦੇ ਨਾਲ਼ ਸ਼ਿੰਗਾਰੇ ਹੋਏ ਸਨ?
ਉੱਤਰ – ਮਹਿੰਦੀ ਨਾਲ਼।
ਪ੍ਰਸ਼ਨ 9. ਭਠਿਆਰਿਆਂ ਦੇ ਜੌਂ ਭੁੰਨਣ ਲਈ ਰੇਤ ਵਾਂਗ ਕੀ ਤਪ ਰਿਹਾ ਸੀ?
ਉੱਤਰ – ਮਾਰੂਥਲ ਦਾ ਰੇਤਾ।
ਪ੍ਰਸ਼ਨ 10. ਸੱਸੀ ਦੇ ਦਿਲ ਵਿੱਚ ਕੀ ਸੀ?
ਉੱਤਰ – ਇਸ਼ਕ ਦੀ ਤਪਸ਼।
ਪ੍ਰਸ਼ਨ 11. ਸੱਸੀ ਦਾ ਮਾਣ ਕੀ ਯਾਦ ਆਉਣ ‘ਤੇ ਟੁੱਟ ਗਿਆ?
ਉੱਤਰ – ਭੰਬੋਰ ਸ਼ਹਿਰ।
ਪ੍ਰਸ਼ਨ 12. ਸੱਸੀ ਮਾਰੂਥਲ ਵਿੱਚ ਕੀ ਢੂੰਡ ਰਹੀ ਸੀ?
ਉੱਤਰ – ਊਠ ਦੀ ਪੈੜ।
ਪ੍ਰਸ਼ਨ 13. ਮਰਨ ਸਮੇਂ ਸੱਸੀ ਨੇ ਆਪਣਾ ਸਿਰ ਕਾਹਦੇ ਉੱਤੇ ਰੱਖ ਦਿੱਤਾ?
ਉੱਤਰ – ਊਠ ਦੀ ਪੈੜ ਉੱਤੇ।
ਪ੍ਰਸ਼ਨ 14. ਮਰਦੀ ਹੋਈ ਸੱਸੀ ਨੇ ਪੁੰਨੂੰ ਨੂੰ ਕੀ ਕਿਹਾ?
ਉੱਤਰ – ਉਹ ਖ਼ੁਸ਼ ਰਹੇ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037