ਭਰੂਣ-ਹੱਤਿਆ
- ਜਾਣ-ਪਛਾਣ – ਸਮਾਜ ਦੀ ਸਭ ਤੋਂ ਛੋਟੀ ਇਕਾਈ ਇੱਕ ਪਰਿਵਾਰ ਨੂੰ ਮੰਨਿਆ ਜਾਂਦਾ ਹੈ। ਔਰਤ ਅਤੇ ਮਰਦ ਦੋਵੇਂ ਪਰਿਵਾਰ ਰੂਪੀ ਗੱਡੀ ਦੇ ਦੋ ਪਹੀਏ ਹਨ। ਦੋਵੇਂ ਇੱਕ-ਦੂਜੇ ਦੇ ਪੂਰਕ ਹਨ। ਕੋਈ ਵੀ ਵੱਡਾ ਜਾਂ ਛੋਟਾ, ਚੰਗਾ ਜਾਂ ਮਾੜਾ ਨਹੀਂ। ਪਰ ਅੱਜ ਦੇ ਸਮੇਂ ਵਿੱਚ ਮਨੁੱਖ ਦੀ ਸੋਚ ਵਿੱਚ ਏਨੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ ਕਿ ਉਹ ‘ਜੱਗ-ਜਣਨੀ’ ਔਰਤ ਨੂੰ ਵਾਧੂ ਅਤੇ ਘਟੀਆ ਸਮਝਣ ਲੱਗ ਪਿਆ ਹੈ। ਹਾਲਾਤ ਏਨੇ ਬਦਤਰ ਹੋ ਗਏ ਹਨ ਕਿ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਰਿਹਾ ਹੈ। ਵਿਗਿਆਨਿਕ ਮਸ਼ੀਨਾਂ ਰਾਹੀਂ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਲਿੰਗ ਸੰਬੰਧੀ ਪਤਾ ਲਾ ਲਿਆ ਜਾਂਦਾ ਹੈ। ਜੇਕਰ ਬੱਚਾ ਮਾਦਾ ਹੋਵੇ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।
- ਭਰੂਣ-ਹੱਤਿਆ ਦੀ ਸ਼ੁਰੂਆਤ – ਮਾਂ ਦੀ ਕੁੱਖ ਵਿੱਚ ਵਿਕਸਿਤ ਹੋ ਰਿਹਾ ਬੱਚਾ ਜਦੋਂ ਲਗ-ਪਗ ਅੱਠ ਹਫ਼ਤਿਆਂ ਦਾ ਹੁੰਦਾ ਹੈ, ਉਸ ਨੂੰ ਭਰੂਣ ਕਿਹਾ ਜਾਂਦਾ ਹੈ। ਵਿਕਾਸ ਦੇ ਇਸ ਪੜਾਅ ਉੱਤੇ ਬੱਚੇ ਦੇ ਲਿੰਗ ਸਮੇਤ ਸਾਰੇ ਅੰਗਾਂ ਨੂੰ ‘ਅਲਟ੍ਰਾ-ਸਾਊਂਡ ਸਕੈਨਿੰਗ’ ਰਾਹੀਂ ਪਛਾਣਿਆ ਜਾ ਸਕਦਾ ਹੈ। ਜੇਕਰ ਭਰੂਣ ਦੀ ਪਛਾਣ ‘ਨਰ’ ਵਜੋਂ ਹੋਵੇ ਤਾਂ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸ੍ਵੀਕਾਰ ਕਰ ਲਿਆ ਜਾਂਦਾ ਹੈ। ਜੇਕਰ ਭਰੂਣ ‘ਮਾਦਾ’ ਹੋਵੇ ਤਾਂ ਹੀ ਉਸ ਦੀ ਹੱਤਿਆ ਕਰਵਾਈ ਜਾਂਦੀ ਹੈ। 1980 ਵਿੱਚ ‘ਅਲਟ੍ਰਾ-ਸਾਊਂਡ ਸਕੈਨਿੰਗ’ ਮਸ਼ੀਨਾਂ ਭਾਰਤ ਵਿੱਚ ਆਈਆਂ। ਉਦੋਂ ਤੋਂ ਹੀ ਮਾਦਾ ਭਰੂਣ-ਹੱਤਿਆ ਸ਼ੁਰੂ ਹੋਈ ਹੈ ਜਿਸਦੇ ਨਤੀਜੇ ਵਜੋਂ ਸਮਾਜ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘਟ ਰਹੀ ਹੈ।
- ਵੱਖ-ਵੱਖ ਕਾਲ ਵਿੱਚ ਔਰਤ ਦੀ ਸਥਿਤੀ – ਭਾਰਤੀ ਸਮਾਜ ਵਿੱਚ ਔਰਤ ਦਾ ਮਹੱਤਵ ਸਮੇਂ-ਸਮੇਂ ਬਦਲਦਾ ਰਿਹਾ ਹੈ। ਵੈਦਿਕ ਕਾਲ ਵਿੱਚ ਔਰਤ ਦੀ ਸਥਿਤੀ ਬਹੁਤ ਸਨਮਾਨ ਵਾਲ਼ੀ ਸੀ। ਪੁਰਾਣਾਂ ਵਿੱਚ ਤਾਂ ਔਰਤ ਨੂੰ ਲੱਛਮੀ, ਸਰਸਵਤੀ ਅਤੇ ਸ਼ਕਤੀ ਦਾ ਰੂਪ ਮੰਨਿਆ ਗਿਆ ਹੈ। ਕਦੇ ਇਹ ਕਿਹਾ ਜਾਂਦਾ ਸੀ, “ਜਿਸ ਪਹਿਲੀ ਜਾਈ ਲੱਛਮੀ, ਸੋਈ ਕੁੱਖ ਸੁਲੱਖਣੀ।” ਅਰਥਾਤ ਜਿਹੜੀ ਔਰਤ ਪਹਿਲਾਂ ਧੀ ਦੀ ਮਾਂ ਬਣਦੀ ਹੈ, ਉਸ ਦੀ ਕੁੱਖ ਸੁਲੱਖਣੀ ਹੁੰਦੀ ਹੈ। ਫਿਰ ਸਾਡੇ ਸਮਾਜ ਵਿੱਚ ਉਹ ਸਮਾਂ ਵੀ ਆਇਆ ਜਦੋਂ ਧੀਆਂ ਨੂੰ ਜਨਮ ਤੋਂ ਤੁਰੰਤ ਬਾਅਦ ਮੂੰਹ ਵਿੱਚ ਗੁੜ ਪਾ ਕੇ, ਹੱਥ ਵਿੱਚ ਪੂਣੀ ਫੜਾ ਕੇ, ਘੜੇ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ, “ਗੁੜ ਖਾਈਂ, ਪੂਣੀਂ ਕੱਤੀਂ; ਆਪ ਨਾ ਆਈਂ, ਵੀਰ ਨੂੰ ਘੱਤੀਂ, ਪਰ ਸਮਾਜ-ਸੁਧਾਰਕ ਇਸ ਕੁਰੀਤੀ ਨੂੰ ਭੰਡਦੇ ਰਹੇ ਹਨ। ਅੱਜ ਤੋਂ ਲਗ-ਪਗ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਪ੍ਰਤਿ ਸਤਿਕਾਰ ਪ੍ਰਗਟ ਕਰਦਿਆਂ ਆਖਿਆ ਸੀ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਇਸੇ ਪ੍ਰਕਾਰ ਬਾਅਦ ਵਿੱਚ ਗੁਰੂ ਅਮਰਦਾਸ ਜੀ ਨੇ ‘ਸਤੀ-ਪ੍ਰਥਾ’ ਵਿਰੁੱਧ ਅਵਾਜ਼ ਉਠਾ ਕੇ ਔਰਤ ਦੇ ਹੱਕ ਦੀ ਗੱਲ ਕੀਤੀ।
- ਔਰਤ ਪ੍ਰਤਿ ਸਮਾਜ ਦੀ ਨਾਂਹ-ਪੱਖੀ ਸੋਚ ਦਾ ਕਾਰਨ – ਨਿਰਸੰਦੇਹ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਚਾਰਨ ਦੀ ਲੋੜ ਹੈ ਕਿ ਧੀਆਂ ਪ੍ਰਤਿ ਮਾਪਿਆਂ ਅਤੇ ਸਮਾਜ ਦੀ ਸੋਚ ਨਾਂਹ-ਪੱਖੀ ਕਿਉਂ ਹੈ? ਯਕੀਨਨ ਹੀ ਦਾਜ ਦੀ ਲਾਹਨਤ ਅਤੇ ਸਮਾਜਿਕ ਅਸੁਰੱਖਿਆ ਇਸ ਦਾ ਵੱਡਾ ਕਾਰਨ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਦਾਜ ਵਿੱਚ ਮੰਗੀਆਂ ਜਾਣ ਵਾਲ਼ੀਆਂ ਵਸਤੂਆਂ ਦੀ ਕੋਈ ਸੀਮਾ ਨਹੀਂ ਰਹੀ। ਵਿਆਹਾਂ ਦੌਰਾਨ ਖਾਣ-ਪੀਣ ਦੇ ਸਮਾਨ ਅਤੇ ਸਜਾਵਟ ਆਦਿ ਕਰਨ ਦੇ ਖ਼ਰਚੇ ਵੀ ਬਹੁਤ ਵਧ ਗਏ ਹਨ। ਇਸ ਕਾਰਨ ਮਾਪੇ ਧੀਆਂ ਨੂੰ ਬੋਝ ਸਮਝਣ ਲੱਗੇ ਹਨ। ਵਿਆਹ ਤੋਂ ਬਾਅਦ ਦਿੱਤੇ ਜਾਣ ਵਾਲ਼ੇ ਛੂਛਕ ਅਤੇ ਹਰੇਕ ਤਿਉਹਾਰ ਉੱਤੇ ਧੀ ਦੇ ਮਾਪਿਆਂ ਵੱਲੋਂ ਦਿੱਤੇ ਜਾਣ ਵਾਲ਼ੇ ਸੰਧਾਰੇ ਆਦਿ ਵੀ ਮਾਪਿਆਂ ਦਾ ਆਰਥਿਕ ਬੋਝ ਵਧਾਉਂਦੇ ਹਨ। ਸਾਡੇ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨਿਘਾਰ ਵੱਲ ਜਾ ਰਹੀਆਂ ਹਨ। ਅਨੈਤਿਕਤਾ ਦਾ ਬੋਲਬਾਲਾ ਹੋ ਰਿਹਾ ਹੈ। ਪਰਾਈਆਂ ਔਰਤਾਂ ਨੂੰ ਮਾਂਵਾਂ, ਧੀਆਂ, ਭੈਣਾਂ ਸਮਝਣਾ ਹੁਣ ਸਾਡੇ ਚਰਿੱਤਰ ਦਾ ਅੰਗ ਨਹੀਂ ਰਿਹਾ। ਇਸੇ ਕਰਕੇ ਦੇਰ-ਸਵੇਰ ਘਰੋਂ ਨਿਕਲ਼ਨ ਲੱਗਿਆਂ ਲੜਕੀਆਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।
- ਬੁਰਾਈ ਵਿਰੁੱਧ ਕਨੂੰਨ – ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਖ਼ਤਮ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ। ਅਜਿਹਾ ਕਰਕੇ ਮਨੁੱਖ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ ਕਿਉਂਕਿ ਧੀਆਂ ਨੂੰ ਖ਼ਤਮ ਕਰਨ ਦਾ ਅਰਥ ਹੈ ਭਵਿਖ ਦੀਆਂ ਮਾਂਵਾਂ ਨੂੰ ਖ਼ਤਮ ਕਰਨਾ। ਇਸ ਬੁਰਾਈ ਦਾ ਅੰਤ ਕਰਨ ਲਈ ਸਰਕਾਰ ਨੇ ਕਨੂੰਨ ਬਣਾਏ ਹਨ ਅਤੇ ਲਿੰਗ-ਟੈੱਸਟ ਕਰਨ ਉੱਤੇ ਪੂਰੀ ਪਾਬੰਦੀ ਲਾਈ ਹੋਈ ਹੈ। ਹਰ ਇੱਕ ਹਸਪਤਾਲ ਅਤੇ ਅਲਟ੍ਰਾ-ਸਾਊਂਡ ਸਕੈਨਿੰਗ ਸੈਂਟਰਾਂ ਵਿੱਚ ਇਹ ਸੂਚਨਾ-ਬੋਰਡ ਲਾਉਣਾ ਜ਼ਰੂਰੀ ਹੈ। ਪਰ ਫਿਰ ਵੀ ਇਹ ਅਪਰਾਧ ਚੋਰੀ-ਛਿਪੇ ਹੁੰਦਾ ਰਹਿੰਦਾ ਹੈ। ਇਹ ਕੁਕਰਮ ਕਰਨ ਵਾਲ਼ੇ ਡਾਕਟਰਾਂ ਅਤੇ ਮਾਪਿਆਂ ਉੱਤੇ ਸਮੇਂ-ਸਮੇਂ ਕੇਸ ਵੀ ਦਰਜ ਹੁੰਦੇ ਹਨ। ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਦੇ ਯਤਨਾਂ ਸਦਕਾ ਲਿੰਗ-ਅਨੁਪਾਤ ਵਿੱਚ ਕੁਝ ਸੁਧਾਰ ਵੀ ਹੋਇਆ ਹੈ। 1991 ਦੀ ਜਨ-ਗਣਨਾ ਵਿੱਚ 100 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 882 ਸੀ, 2001 ਵਿੱਚ 874 ਅਤੇ 2011 ਵਿੱਚ ਇਹ ਵਧ ਕੇ 893 ਹੋ ਗਈ ਹੈ। ਸਮੁੱਚੇ ਯਤਨਾਂ ਸਦਕਾ ਭਵਿਖ ਵਿੱਚ ਇਸ ਪਾਸੇ ਹੋਰ ਸੁਧਾਰ ਹੋਣ ਦੀ ਆਸ ਹੈ।
- ਹੋਰ ਕੋਸ਼ਸ਼ਾਂ – ਆਪਣੀ ਸੁਰੱਖਿਆ ਲਈ ਤੇ ਔਰਤ ਜਾਤੀ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਸਾਰੀਆਂ ਮਾਂਵਾਂ ਨੂੰ ਭਰੂਣ-ਹੱਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਸ੍ਵੈ-ਸੁਰੱਖਿਆ ਲਈ ਜੂਡੋ-ਕਰਾਟੇ ਆਦਿ ਦੀ ਸਿੱਖਿਆ ਲੜਕੀਆਂ ਲਈ ਜ਼ਰੂਰੀ ਹੋਣੀ ਚਾਹੀਦੀ ਹੈ। ਸਾਡੇ ਸਕੂਲਾਂ ਵਿੱਚ ਇਹ ਸਿੱਖਿਆ ਦਿੱਤੀ ਵੀ ਜਾਣ ਲੱਗੀ ਹੈ। ਨੈਤਿਕ ਸਿੱਖਿਆ ਨੂੰ ਵੀ ਪਾਠ-ਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਅਨੈਤਿਕ ਕੰਮ ਕਰਨ ਵਾਲ਼ੇ ਲੋਕਾਂ ਲਈ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਮੁੰਡੇ ਅਤੇ ਕੁੜੀ ਵਿੱਚ ਕਿਸੇ ਵੀ ਕਿਸਮ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ। ਇਸ ਗੱਲ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਔਰਤ ਦੀ ਹੋਂਦ ਨਾਲ਼ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037