ਪੰਦਰਾਂ ਅਗਸਤ
- ਜਾਣ-ਪਛਾਣ – ਸੁਤੰਤਰ ਜੀਵਨ ਜਿਊਣ ਦੀ ਇੱਛਾ ਹਰ ਕੋਈ ਰੱਖਦਾ ਹੈ। ਇੱਕ ਸੁਤੰਤਰ ਮਨੁੱਖ ਹੀ ਆਪਣੇ ਜੀਵਣ ਦਾ ਪੂਰਾ ਆਨੰਦ ਮਾਣ ਸਕਦਾ ਹੈ। ਸਾਡਾ ਦੇਸ ਬਹੁਤ ਸਾਲ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ। ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ 15 ਅਗਸਤ, 1947 ਈ. ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਅਜ਼ਾਦ ਹੋ ਗਿਆ। ਇਸ ਦਿਨ ਨੂੰ ਹਰ ਸਾਲ ਅਸੀਂ ਅਜ਼ਾਦੀ ਦਿਵਸ ਵਜੋਂ ਮਨਾਉਂਦੇ ਹਾਂ।
- ਅਜ਼ਾਦੀ ਲਈ ਸੰਘਰਸ਼ – ਭਾਰਤ ਨੂੰ ਲਗਪਗ 1000 ਸਾਲ ਵਿਦੇਸ਼ੀਆਂ ਦੀ ਗ਼ੁਲਾਮੀ ਦਾ ਦੁੱਖ ਕੱਟਣਾ ਪਿਆ ਹੈ। ਸਮੇਂ-ਸਮੇਂ ਦੇਸ ਵਿੱਚੋਂ ਵਿਦੇਸੀ ਹਮਲਾਵਰਾਂ ਦੇ ਜਬਰ ਤੇ ਅਨਿਆਂ ਵਿਰੁੱਧ ਅਵਾਜ਼ ਉੱਠਦੀ ਰਹੀ ਹੈ ਤੇ ਕੁੱਝ ਰਾਜੇ-ਮਹਾਰਾਜੇ ਤੇ ਲੋਕ-ਆਗੂ ਇਸ ਵਿਰੁੱਧ ਹਥਿਆਰਬੰਦ ਸੰਘਰਸ਼ ਕਰਦੇ ਰਹੇ ਹਨ। ਵਿਦੇਸੀ ਪਠਾਣਾਂ ਤੇ ਮੁਗਲਾਂ ਦੀ ਗ਼ੁਲਾਮੀ ਵਿਰੁੱਧ ਰਾਣਾ ਪ੍ਰਤਾਪ, ਸ਼ਿਵਾ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀਆਂ ਕੁਰਬਾਨੀਆਂ ਭਰੇ ਸੰਘਰਸ਼ਾਂ ਨੂੰ ਅਸੀਂ ਭੁਲਾ ਨਹੀਂ ਸਕਦੇ। ਵਿਦੇਸੀ ਪਠਾਣ ਤੇ ਮੁਗਲ ਤਾਂ ਭਾਰਤ ਵਿੱਚ ਆ ਕੇ ਭਾਰਤ ਵਾਸੀ ਹੀ ਬਣ ਕੇ ਰਹਿ ਗਏ, ਜਿਸ ਕਰਕੇ ਭਾਰਤ ਦੇ ਲੋਕਾਂ ਨੇ ਗ਼ੁਲਾਮੀ ਦੇ ਦੁੱਖਾਂ ਨੂੰ ਬਹੁਤਾ ਅੰਗਰੇਜ਼ੀ ਰਾਜ ਵਿੱਚ ਹੀ ਮਹਿਸੂਸ ਕੀਤਾ। ਪੰਜਾਬ, ਬੰਗਾਲ ਤੇ ਮਹਾਂਰਾਸ਼ਟਰ ਆਦਿ ਭਾਰਤ ਦੇ ਸਮੁੱਚੇ ਦੇਸਾਂ ਵਿੱਚੋਂ ਉੱਠੇ ਦੇਸ-ਭਗਤਾਂ ਨੇ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਤੇ ਸੁਤੰਤਰਤਾ ਪ੍ਰਾਪਤੀ ਲਈ ਬਹੁਤ ਸਾਰੇ ਕਸ਼ਟ ਸਹਿ ਕੇ ਕੁਰਬਾਨੀਆਂ ਦਿੱਤੀਆਂ। ਇਸ ਸੰਬੰਧ ਵਿੱਚ ਨਾਮਧਾਰੀ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ, ਕਾਂਗਰਸ ਪਾਰਟੀ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਅਜ਼ਾਦ ਹਿੰਦ ਫ਼ੌਜ ਤੇ ਦੇਸ ਭਰ ਦੀਆਂ ਹੋਰ ਬਹੁਤ ਸਾਰੀਆਂ ਦੇਸ-ਭਗਤੀ ਲਹਿਰਾਂ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਅਜੀਤ ਸਿੰਘ, ਬਾਲ ਗੰਗਾਧਰ ਤਿਲਕ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਅਜ਼ਾਦੀ ਦੀ ਲਹਿਰ ਦੇ ਪ੍ਰਸਿੱਧ ਆਗੂ ਹੋਏ ਹਨ।
- ਅਜ਼ਾਦੀ ਦੀ ਪ੍ਰਾਪਤੀ – ਅੰਤ ਦੇਸ-ਭਗਤਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਸਦਕਾ ਸਾਡਾ ਦੇਸ 15 ਅਗਸਤ, 1947 ਈ. ਨੂੰ ਅੰਗਰੇਜਾਂ ਦੀ ਗ਼ੁਲਾਮੀ ਤੋਂ ਹਮੇਸ਼ਾ ਲਈ ਅਜ਼ਾਦ ਹੋ ਗਿਆ। ਇਸ ਦਿਨ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਸਮੁੱਚੇ ਭਾਰਤ-ਵਾਸੀਆਂ ਨੂੰ ਅਜ਼ਾਦ ਵਾਤਾਵਰਨ ਵਿੱਚ ਸਾਹ ਲੈਣ ਦਾ ਮੌਕਾ ਪ੍ਰਾਪਤ ਹੋਇਆ।
- ਪੰਦਰਾਂ ਅਗਸਤ ’ਤੇ ਸਮਾਰੋਹ – 15 ਅਗਸਤ ਦਾ ਦਿਨ ਸਮੁੱਚੇ ਭਾਰਤ-ਵਾਸੀਆਂ ਲਈ ਗੌਰਵ ਭਰਿਆ ਦਿਨ ਹੈ। ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਹਰੇਕ ਸਾਲ 8:58 ਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਇਸ ਸਮੇਂ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਇਸ ਦਿਨ ਦੇ ਪਿੱਛੇ ਸੰਘਰਸ਼ ਭਰੇ ਤੇ ਖੂਨ ਰੰਗੇ ਇਤਿਹਾਸ ਦੀ ਇਕ ਲੰਮੀ ਕਹਾਣੀ ਹੈ। ਹਰ ਸਾਲ ਭਾਰਤ-ਵਾਸੀ ਇਸ ਦਿਨ ਨੂੰ ਇਕ ਤਿਉਹਾਰ ਵਾਂਗ ਬੜੇ ਚਾਅ ਤੇ ਉਤਸ਼ਾਹ ਨਾਲ਼ ਮਨਾਉਂਦੇ ਹਨ। ਅਜ਼ਾਦੀ ਦਿਵਸ ਦੇ ਸਮੇਂ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਸ ਦਿਨ ਵੱਖ-ਵੱਖ ਰਾਜਾਂ ਵਿੱਚ ਵੀ ਭਿੰਨ-ਭਿੰਨ ਮਿੱਥੇ ਥਾਂਵਾਂ ਉੱਪਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਅਤੇ ਅਜ਼ਾਦੀ ਦੇ ਯੋਧਿਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਹਵਾਈ ਜਹਾਜ਼ ਅਸਮਾਨ ਵਿੱਚੋਂ ਫੁੱਲਾਂ ਦੀ ਵਰਖਾ ਕਰਦੇ ਹਨ। ਪੁਲਿਸ ਤੇ ਨੀਮ ਸੈਨਿਕ ਬਲਾਂ ਦੇ ਦਸਤੇ ਪਰੇਡ ਵਿੱਚ ਸ਼ਾਮਲ ਹੁੰਦੇ ਹਨ। ਇਸ ਵਿੱਚ ਭਿੰਨ-ਭਿੰਨ ਸਕੂਲਾਂ ਦੇ ਬੱਚੇ ਆਪਣੀਆਂ ਰੰਗ-ਬਰੰਗੀਆਂ ਵਰਦੀਆਂ ਪਾ ਕੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ। ਇਸ ਪ੍ਰਕਾਰ ਸਮੁੱਚੇ ਦੇਸ-ਵਾਸੀ 15 ਅਗਸਤ ਨੂੰ ਇੱਕ ਮਹਾਨ ਤੇ ਪਵਿੱਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ।
- ਦੇਸ ਵਿੱਚ ਕੁਝ ਬੁਰਾਈਆਂ ਵਿਰੁੱਧ ਲੜਨ ਦੀ ਲੋੜ – ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਹਰ ਸਾਲ 15 ਅਗਸਤ ਨੂੰ ਆਪਣੀ ਅਜ਼ਾਦੀ ਦੇ ਮਹਾਨ ਦਿਵਸ ਨੂੰ ਮਨਾਉਂਦੇ ਹਾਂ, ਪਰ ਅਜ਼ਾਦੀ ਦੇ 73 ਸਾਲ ਬੀਤ ਜਾਣ ਮਗਰੋਂ ਵੀ ਸਾਨੂੰ ਆਪਣੇ ਦੇਸ ਨੂੰ ਅਜੇ ਤੱਕ ਵੀ ਭੁੱਖ-ਨੰਗ, ਕੰਗਾਲੀ, ਭ੍ਰਿਸ਼ਟਾਚਾਰ, ਚੋਰ-ਬਾਜ਼ਾਰੀ ਬੇਰੁਜ਼ਗਾਰੀ ਅਤੇ ਫ਼ਿਰਕਾਪ੍ਰਸਤੀ ਵਿੱਚ ਫਸਿਆ ਦੇਖ ਕੇ ਬੜਾ ਦੁੱਖ ਹੁੰਦਾ ਹੈ। ਦੇਸ ਨੂੰ ਅਜਿਹੀਆਂ ਲਾਹਣਤਾਂ ਦਾ ਸ਼ਿਕਾਰ ਬਣਿਆ ਦੇਖ ਕੇ ਉਨ੍ਹਾਂ ਮਹਾਂਪੁਰਖਾਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ, ਜਿਨ੍ਹਾਂ ਨੇ ਦੇਸ ਨੂੰ ਅਜ਼ਾਦ ਕਰਾਉਣ ਲਈ ਉਮਰਾਂ ਕਾਲੇ ਪਾਣੀ ਸਜਾਵਾਂ ਕੱਟੀਆਂ ਤੇ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਗਲਾਂ ਵਿੱਚ ਪਾਇਆ। ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਸਿਰਲੱਥ ਸੂਰਮਿਆਂ ਦੇ ਸੁਪਨਿਆਂ ਦਾ ਭਾਰਤ ਉਸਾਰਨ ਲਈ ਰਾਤ-ਦਿਨ ਇਕ ਕਰੀਏ।
- ਸਿੱਟਾ – ਸੁਤੰਤਰਤਾ ਇਕ ਬਹੁਮੁੱਲੀ ਵਸਤੂ ਹੈ। 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ ਦਿੰਦਾ ਹੈ ਕਿ ਜਿਸ ਤਰ੍ਹਾਂ ਦੇਸ-ਭਗਤਾਂ ਨੇ ਦੇਸ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਸਾਨੂੰ ਦੇਸ ਦੀ ਅਜ਼ਾਦੀ ਕਾਇਮ ਰੱਖਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037