ਤੁਹਾਡਾ ਰਿਸ਼ਤੇਦਾਰ ਤੁਹਾਨੂੰ ਪਾਸ ਹੋਣ ’ਤੇ ਸੁਗਾਤ ਦੇਣੀ ਚਾਹੁੰਦਾ ਹੈ, ਆਪਣੀ ਰੁਚੀ ਅਨੁਸਾਰ ਸੁਝਾਅ ਦਿਓ।
ਪਰੀਖਿਆ ਭਵਨ,
ਸਕੂਲ …………….।
25 ਅਪ੍ਰੈਲ , 2024.
ਸਤਿਕਾਰਯੋਗ ਭੂਆ ਜੀ,
ਪਿਆਰ ਸਹਿਤ ਸਤਿ ਸ੍ਰੀ ਅਕਾਲ।
ਮੈਨੂੰ ਤੁਹਾਡਾ ਪੱਤਰ ਮਿਲਿਆ ਜਿਸ ਵਿੱਚ ਤੁਸੀਂ ਮੈਨੂੰ ਚੰਗੇ ਨੰਬਰ ਲੈ ਕੇ ਪਾਸ ਹੋਣ ‘ਤੇ ਵਧਾਈ ਦਿੱਤੀ ਹੈ। ਮੈਂ ਇਸ ਲਈ ਤੁਹਾਡੀ ਬਹੁਤ ਧੰਨਵਾਦੀ ਹਾਂ। ਮੈਨੂੰ ਇਹ ਸ਼ਾਨਦਾਰ ਸਫ਼ਲਤਾ ਤੁਹਾਡੇ ਕੋਲੋਂ ਲਗਾਤਾਰ ਮਿਲ਼ਦੇ ਉਤਸ਼ਾਹ ਅਤੇ ਅਸ਼ੀਰਵਾਦ ਸਦਕਾ ਹੀ ਮਿਲੀ ਹੈ। ਮੈਨੂੰ ਇਹ ਪੜ੍ਹ ਕੇ ਹੋਰ ਵੀ ਖ਼ੁਸ਼ੀ ਹੋਈ ਹੈ ਕਿ ਤੁਸੀਂ ਮੈਨੂੰ ਹੋਰ ਉਤਸ਼ਾਹਿਤ ਕਰਨ ਲਈ ਇਸ ਮੌਕੇ ‘ਤੇ ਕੋਈ ਸੁਗਾਤ ਭੇਜਣਾ ਚਾਹੁੰਦੇ ਹੋ। ਪਿਆਰੇ ਭੂਆ ਜੀ, ਮੈਨੂੰ ਪਤਾ ਹੈ ਕਿ ਤੁਸੀਂ ਸੁਗਾਤ ਵਜੋਂ ਜੋ ਵੀ ਕੁਝ ਮੈਨੂੰ ਦੇਵੋਗੇ, ਮੇਰੇ ਲਈ ਬਹੁਤ ਉਪਯੋਗੀ ਤੇ ਕੀਮਤੀ ਹੋਵੇਗਾ। ਤੁਹਾਡੇ ਪਿਆਰ ਅਤੇ ਅਸ਼ੀਰਵਾਦ ਸਦਕਾ ਮੈਂ ਤੁਹਾਨੂੰ ਨਿਮਰਤਾ ਸਹਿਤ ਸੁਝਾਅ ਦੇਣਾ ਚਾਹੁੰਦੀ ਹਾਂ ਕਿ ਚੰਗਾ ਹੋਵੇ ਜੇ ਤੁਸੀਂ ਮੈਨੂੰ ਸੁਗਾਤ ਵਜੋਂ ਕੁਝ ਚੰਗੀਆਂ ਪੁਸਤਕਾਂ ਭੇਜ ਦੇਵੋ। ਇਸਦੇ ਨਾਲ਼ ਹੀ ਜੇਕਰ ਤੁਸੀਂ ਮੁਕਾਬਲੇ ਦੀ ਪਰੀਖਿਆ ਦੀ ਦ੍ਰਿਸ਼ਟੀ ਤੋਂ ਕੋਈ ਮਿਆਰੀ ਰਿਸਾਲਾ ਵੀ ਲਗਵਾ ਦਿਓ ਤਾਂ ਹੋਰ ਵੀ ਵਧੀਆ ਹੋਵੇਗਾ। ਸਾਡੇ ਅਧਿਆਪਕ ਦੱਸਦੇ ਹੁੰਦੇ ਹਨ ਕਿ ਚੰਗੀਆਂ ਪੁਸਤਕਾਂ ਨਾ ਕੇਵਲ ਗਿਆਨ ਵਿੱਚ ਹੀ ਵਾਧਾ ਕਰਦੀਆਂ ਹਨ ਸਗੋਂ ਹਮੇਸ਼ਾਂ ਪ੍ਰੇਰਨਾ ਦਾ ਸੋਮਾ ਵੀ ਹੁੰਦੀਆਂ ਹਨ। ਸਾਡੇ ਪੰਜਾਬੀ ਵਾਲ਼ੇ ਅਧਿਆਪਕ ਆਮ ਤੌਰ ‘ਤੇ ਇਹਨਾਂ ਪੁਸਤਕਾਂ ਦਾ ਜ਼ਿਕਰ ਕਰਦੇ ਹੁੰਦੇ ਹਨ :
ਪਰਮ ਮਨੁੱਖ ਗੁਰਬਖ਼ਸ਼ ਸਿੰਘ ਪ੍ਰੀਤ ਲੜੀ
ਗੌਤਮ ਤੋਂ ਤਾਸਕੀ ਤੱਕ ਡਾ . ਹਰਪਾਲ ਸਿੰਘ ਪੰਨੂ
ਡੂੰਘੀਆਂ ਸਿਖਰਾਂ ਡਾ . ਨਰਿੰਦਰ ਸਿੰਘ ਕਪੂਰ
ਸੁਫਨਿਆਂ ਤੋਂ ਨਾ ਡਰੋ ਡਾ . ਆਰ . ਸ਼ਰਮਾ
ਰੰਗ ਪੁਆਧ ਕੇ ਡਾ . ਗੁਰਮੀਤ ਸਿੰਘ ਬੈਦਵਾਣ
ਪੰਜਵਾਂ ਸਾਹਿਬਜਾਦਾ ਬਲਦੇਵ ਸਿੰਘ
ਪਗਡੰਡੀਆਂ ਬਚਿੰਤ ਕੌਰ
ਮੇਰੀ ਇਹਨਾਂ ਪੁਸਤਕਾਂ ਨੂੰ ਪੜ੍ਹਨ ਦੀ ਬਹੁਤ ਰੀਝ ਹੈ। ਇਸ ਲਈ ਇਹ ਪੁਸਤਕਾਂ ਜਲਦੀ ਤੋਂ ਜਲਦੀ ਭੇਜ ਦਿਓ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ। ਆਦਰ ਨਾਲ਼
ਤੁਹਾਡੀ ਭਤੀਜੀ,
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037