ਤਸੀਂ ਸਕੂਲ ਵੱਲੋਂ ਕਿਸੇ ਵਿੱਦਿਅਕ ਯਾਤਰਾ ’ਤੇ ਗਏ ਸੀ, ਪੱਤਰ ਰਾਹੀਂ ਆਪਣੇ ਅਨੁਭਵ ਕਿਸੇ ਰਿਸ਼ਤੇਦਾਰ ਨਾਲ਼ ਸਾਂਝੇ ਕਰੋ।
ਪਰੀਖਿਆ ਭਵਨ,
ਪਿੰਡ/ਸ਼ਹਿਰ………….।
ਮਿਤੀ : 28 ਜੁਲਾਈ, 2024.
ਸਤਿਕਾਰਯੋਗ ਮਾਮਾ ਜੀ,
ਸਤਿ ਸ੍ਰੀ ਅਕਾਲ!
ਇੱਕ ਹਫ਼ਤਾ ਪਹਿਲਾਂ ਸਾਡੇ ਸਕੂਲ ਵੱਲੋਂ ਬੱਚਿਆਂ ਨੂੰ ਜਲੰਧਰ-ਕਪੂਰਥਲਾ ਸੜਕ ਉੱਤੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਿਖਾਇਆ ਗਿਆ। ਇੱਥੇ ਅਸੀਂ ਵਿਗਿਆਨ ਦੀਆਂ ਖੋਜਾਂ ਨਾਲ਼ ਸੰਬੰਧਤ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਅਤੇ ਬਹੁਤ ਸਾਰੀ ਨਵੀਂ ਜਾਣਕਾਰੀ ਪ੍ਰਾਪਤ ਕੀਤੀ। ਇੱਥੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇੱਕ ਬਹੁਤ ਵੱਡੇ ਗਲੋਬ ਉੱਤੇ ਪਈ, ਅਸਲ ਵਿੱਚ ਇਹ ਇੱਕ ਥਿਏਟਰ ਹੈ, ਜਿਸ ਵਿੱਚ ਆਮ ਸਿਨਮਾ-ਘਰ ਨਾਲ਼ੋਂ 10 ਗੁਣਾਂ ਵੱਡੀ ਸਕਰੀਨ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ। ਇਹ ਇੱਕ ਤਰ੍ਹਾਂ ਦਾ ਇੱਕ ਸਪੇਸ-ਥਿਏਟਰ ਹੈ, ਜਦੋਂ ਅਸੀਂ ਇਸ ਵਿੱਚ ਬੈਠ ਕੇ ਫ਼ਿਲਮ ਵੇਖ ਰਹੇ ਸੀ, ਤਾਂ ਸਾਨੂੰ ਇਸ ਵਿੱਚ ਬੱਦਲ਼ਾਂ ਦੇ ਗਰਜਣ ਤੋਂ ਲੈ ਕੇ ਸੂਈ ਦੇ ਡਿੱਗਣ ਤੱਕ ਦੀ ਅਵਾਜ਼ ਬਿਲਕੁਲ ਸਾਫ਼ ਸੁਣਾਈ ਦੇ ਰਹੀ ਸੀ। ਫਿਰ ਇਹ ਇੱਕ ਦਮ ਰਾਤ ਦੇ ਅਕਾਸ਼ ਵਿੱਚ ਬਦਲ ਗਿਆ ਤੇ ਫਿਰ ਸ਼ੁਰੂ ਹੋ ਗਈ ਹੈ ਤਾਰਿਆਂ ਦੀ ਦਾਸਤਾਨ, ਤਾਰਿਆਂ ਦਾ ਟੁੱਟਣਾ , ਗਲੈਕਸੀਆਂ ਦਾ ਬਣਨਾ ਤੇ ਹੋਰਨਾਂ ਗ੍ਰਹਿਆਂ ਬਾਰੇ ਗਿਆਨ ਜੋ ਕਿ ਬਹੁਤ ਹੀ ਅਚੰਭੇ ਭਰਿਆ ਸੀ।
ਇੱਥੋਂ ਦੀ ਪੁਲਾੜੀ ਗੈਲਰੀ ਤੋਂ ਸਾਨੂੰ ਪੁਲਾੜ ਵਿੱਚ ਰਹਿਣ-ਸਹਿਣ ਤੇ ਖਾਣ-ਪੀਣ ਬਾਰੇ ਬਹੁਮੁੱਲਾ ਗਿਆਨ ਪ੍ਰਾਪਤ ਹੋਇਆ । ਫ਼ਲਾਈਟ ਸਿਮੂਲੇਟਰ ਵਿੱਚ ਬੈਠ ਕੇ ਸਾਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੋਇਆ। ਰੋਲਰ ਕੋਸਟਰ ਦੀ ਫ਼ਿਲਮ ਦੇਖਦਿਆਂ ਅਸੀਂ ਰੋਲਰ ਕੋਸਟਰ ਵਿੱਚ ਬੈਠੇ ਅਨੁਭਵ ਕੀਤਾ। ਇਸ ਤੋਂ ਇਲਾਵਾ ਅਰਥਕੁਏਕ ਸਿਮੂਲੇਟਰ ਸ਼ੋਅ ਉੱਤੇ ਬੈਠਿਆਂ ਸਾਨੂੰ ਭੁਚਾਲ ਦੇ ਬਿਲਕੁਲ ਅਸਲੀ ਝਟਕੇ ਮਹਿਸੂਸ ਹੋਏ। ਇਸ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾ ਰਿਹਾ ਸੀ ਕਿ ਤੁਸੀਂ ਘਰ ਦੀਆਂ ਵੱਖ-ਵੱਖ ਮੰਜ਼ਲਾਂ ਵਿੱਚ ਭੂਚਾਲ ਆਉਣ ‘ਤੇ ਇੱਕ ਦਮ ਕੀ ਕਰਨਾ ਚਾਹੀਦਾ ਹੈ। ਅਸੀਂ 3-ਡੀ ਸ਼ੋਅ ਸਪੈਸ਼ਲ ਐਨਕਾਂ ਨਾਲ਼ ਦੇਖਿਆ। ਇਸ ਥਿਏਟਰ ਵਿਚ ਸਾਨੂੰ ਇੰਝ ਮਹਿਸੂਸ ਹੋਇਆ, ਜਿਵੇਂ ਫ਼ਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਸਾਨੂੰ ਛੋਹ ਰਹੇ ਹਨ। ਇਸ ਤੋਂ ਇਲਾਵਾ ਇੱਥੇ ਲੇਜ਼ਰ-ਸ਼ੋਅ ਦਾ ਵੀ ਪ੍ਰਬੰਧ ਹੈ। ਇੱਥੇ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਇਸ ਗੈਲਰੀ ਦੇ ਅੰਦਰ 12 ਫੁੱਟ ਉੱਚੇ ਦਿਲ ਦੇ ਮਾਡਲ ਵਿੱਚੋਂ ਲੰਘਦਿਆਂ ਸਾਨੂੰ ਦਿਲ ਦੀ ਅਸਲੀ ਧੜਕਣ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਇਸ ਤੋਂ ਇਲਾਵਾ ਅਸੀਂ ਦੇਖਿਆ ਪਾਰਦਰਸ਼ੀ ਮਨੁੱਖ ਬੋਲ ਕੇ ਦੱਸ ਰਿਹਾ ਸੀ ਕਿ ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਹੈ ਤੇ ਅਸੀਂ ਕਿੰਨੀ ਵਾਰੀ ਸਾਹ ਲੈਂਦੇ ਹਾਂ।
ਇਕ ਹੋਰ ਗੈਲਰੀ ਵਿਚ ਵਿਗਿਆਨ ਦੇ ਮੁਢਲੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਸਮਝਾਇਆ ਗਿਆ ਹੈ। ਇੱਥੇ ਵੋਰਟੈਕਸ ਦੀ ਘੁੰਮਣਘੇਰੀ ਵਿੱਚ ਜਾ ਕੇ ਅਸੀਂ ਆਪਣੇ ਆਪ ਨੂੰ ਘੁੰਮ ਰਹੇ ਅਨੁਭਵ ਕੀਤਾ, ਪਰ ਅਸਲ ਵਿੱਚ ਜਿਸ ਥਾਂ ਅਸੀਂ ਖੜੇ ਸਾਂ , ਉਹ ਘੁੰਮ ਨਹੀਂ ਸੀ ਰਹੀ, ਸਿਰਫ਼ ਆਲ਼ਾ-ਦੁਆਲ਼ਾ ਹੀ ਘੁੰਮ ਰਿਹਾ ਸੀ। ਇੱਥੇ ਤਿੰਨ ਏਕੜ ਵਿੱਚ ਊਰਜਾ ਪਾਰਕ ਬਣਾਇਆ ਗਿਆ ਹੈ, ਜਿੱਥੇ ਸਿਰਫ਼ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ। ਜਦੋਂ ਅਸੀਂ ਸੰਗੀਤਕ ਕੁਰਸੀ ਉੱਤੇ ਬੈਠੇ, ਤਾਂ ਮੀਂਹ ਪੈਣਾ ਆਰੰਭ ਹੋ ਗਿਆ ਤੇ ਨਾਲ਼ ਹੀ ਮਿੱਠੀ ਸੰਗੀਤਕ ਧੁਨ ਸੁਣਾਈ ਦੇਣ ਲੱਗੀ। ਇੱਥੇ ਖੜ੍ਹੇ ਹਾਥੀ ਦੀ ਸੁੰਡ ਉੱਤੇ ਪਾਣੀ ਪਾਉਣ ਨਾਲ਼ ਹਾਥੀ ਪਾਣੀ ਸੁੱਟਦਾ ਦਿਖਾਈ ਦੇਣ ਲੱਗਾ। ਪਣ-ਸ਼ਕਤੀ ਕੇਂਦਰ ਵਿਖੇ ਰੱਖਿਆ ਰਣਜੀਤ ਸਾਗਰ ਡੈਮ ਦਾ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੱਥੇ ਦੱਸਿਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਹੁੰਦੀ ਹੈ। ਇੱਥੇ ਬਣੀ ਝੀਲ ਵਿੱਚ ਇੱਕ ਟਾਪੂ ਬਣਿਆ ਹੋਇਆ ਹੈ, ਜਿਸ ਉੱਤੇ ਡਾਇਨਾਸੋਰਾਂ ਦੇ ਲਗ-ਪਗ 44 ਮਾਡਲ ਹਨ, ਜੋ ਕੁਦਰਤੀ ਦਿਖਾਈ ਦਿੰਦੇ ਹਨ। ਇਸ ਵਿੱਚ ਪੌਦੇ ਵੀ ਉਸੇ ਸਮੇਂ ਦੇ ਲਾਏ ਗਏ ਹਨ। ਡਾਇਨਾਸੋਰਾਂ ਦੇ ਅੰਤ ਨਾਲ ਸੰਬੰਧਿਤ ਅਨੁਮਾਨਾਂ ਅਨੁਸਾਰ ਇੱਥੇ ਇੱਕ ਜਵਾਲਾਮੁਖੀ ਦਾ ਇੱਕ ਵਿਸ਼ਾਲ ਮਾਡਲ ਵੀ ਬਣਾਇਆ ਗਿਆ ਹੈ, ਜਿਸ ਦੇ ਅੰਦਰ ਹਿਲਦੇ-ਜੁਲਦੇ ਡਾਇਨਾਸੋਰ ਰੱਖੇ ਗਏ ਹਨ। ਇਸ ਪ੍ਰਕਾਰ ਇਹ ਸਾਇੰਸ ਸਿਟੀ, ਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਹੈ। ਮੈਨੂੰ ਉਮੀਦ ਹੈ ਕਿ ਇਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਵੀ ਇਸ ਸਾਇੰਸ ਸਿਟੀ ਨੂੰ ਦੇਖਣਾ ਚਾਹੋਗੇ।
ਆਪ ਦਾ ਭਾਣਜਾ,
ਨਾਮ………….।
ਟਿਕਟ
ਨਾਮ……………………. ਪਿੰਡ…………………….. ਜ਼ਿਲ੍ਹਾ…………………… ਪਿੰਨ ਕੋਡ……………… |
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037