ਟੈਲੀਵਿਜ਼ਨ ਦੇ ਲਾਭ-ਹਾਨੀਆਂ
ਵਿਗਿਆਨ ਨੇ ਬਹੁਤ ਹੀ ਹੈਰਾਨੀਜਨਕ ਅਤੇ ਮਹੱਤਵਪੂਰਨ ਕਾਢਾਂ ਕੱਢੀਆਂ ਹਨ । ਇਨ੍ਹਾਂ ਕਾਢਾਂ ਨੇ ਮਨੁੱਖੀ ਜੀਵਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਇਸ ਤਰ੍ਹਾਂ ਟੈਲੀਵਿਜ਼ਨ ਵੀ ਵਿਗਿਆਨ ਦੀ ਮਹੱਤਵਪੂਰਨ ਕਾਢ ਹੈ। ਵਰਤਮਾਨ ਮਨੁੱਖ ਦੇ ਸਾਧਨਾਂ ਵਿੱਚ ਟੈਲੀਵੀਜ਼ਨ ਦਾ ਇੱਕ ਖ਼ਾਸ ਸਥਾਨ ਹੈ।
ਟੈਲੀਵਿਜ਼ਨ ਦੀ ਕਾਢ ਸੰਨ 1926 ਈ. ਵਿੱਚ ਵਿਗਿਆਨੀ ਜਾਨ ਲਾਗੀ ਬੇਅਰਡ ਨੇ ਕੀਤੀ ਸੀ। ਰੰਗੀਨ ਟੈਲੀਵਿਜ਼ਨ ਦੀ ਖੋਜ 1928 ਈ. ਵਿੱਚ ਕੀਤੀ ਗਈ ਸੀ। ਟੈਲੀਵਿਜ਼ਨ ਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ – ਖ਼ਬਰਾਂ, ਕਹਾਣੀਆਂ, ਲੜੀਵਾਰ ਨਾਟਕ, ਗੀਤ, ਫੈਸ਼ਨ-ਮੁਕਾਬਲੇ, ਖੇਡ-ਮੁਕਾਬਲੇ, ਖੇਤੀਬਾੜੀ, ਬੱਚਿਆਂ, ਇਸਤਰੀਆਂ, ਵਿਦਿਆਰਥੀਆਂ, ਸਿਹਤ, ਹਾਸੇ-ਮਜ਼ਾਕ, ਗਿਆਨ ਵਿੱਚ ਵਾਧਾ ਕਰਨ ਵਾਲ਼ੇ ਪ੍ਰੋਗਰਾਮ ਆਦਿ ਪ੍ਰਸਾਰਿਤ ਕੀਤੇ ਜਾਂਦੇ ਹਨ।
ਭਾਵੇਂ ਕਿ ਟੈਲੀਵਿਜ਼ਨ ਮਨੋਰੰਜਨ ਦਾ ਇੱਕ ਬਹੁਤ ਵਧੀਆ ਸਾਧਨ ਹੈ, ਪਰ ਫਿਰ ਵੀ ਇਸ ਦੇ ਬਹੁਤ ਸਾਰੇ ਫਾਇਦੇ ਅਤੇ ਨੁਕਸਾਨ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ :-
ਲਾਭ :-
ਟੈਲੀਵਿਜ਼ਨ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਸਾਰਾ ਫਾਇਦਾ ਪਹੁੰਚਾਇਆ ਜਾ ਸਕਦਾ ਹੈ। ਕਰੋਨਾ ਸਮੇਂ ਵਿੱਚ ਸਰਕਾਰਾਂ ਨੇ ਸਕੂਲੀ ਸਿਖਿਆ ਟੈਲੀਵਿਜ਼ਨ ਰਾਹੀਂ ਵਿਦਿਆਰਥੀਆਂ ਲਈ ਦੇਸ਼ ਦੇ ਹਰੇਕ ਕੋਨੇ ਵਿੱਚ ਪਹੁੰਚਾਈ । ਅੱਜ ਵੀ ਐਨ ਸੀ ਆਰ ਟੀ ਵਲੋਂ ਫ੍ਰੀ ਡੀ. ਟੀ. ਐਚ. ਰਾਹੀਂ ਸਾਰੀਆਂ ਜਮਾਤ ਦੀ ਸਿਖਣ ਸਮਗਰੀ ਵਿਦਿਆਰਥੀਆਂ ਤੱਕ ਪਹੁੰਚਾਈ ਜਾ ਰਹੀ ਹੈ। ਪੀ ਐਮ ਏ ਵਿਦ੍ਯਾ ਨਾਂ ਦੇ ਚੈਨਲ 143, 144 ਅਤੇ 145 ਰਾਹੀਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਪਾਠ ਪ੍ਰਸਾਰਿਤ ਹੋ ਰਹੇ ਹਨ
ਟੈਲੀਵਿਜ਼ਨ ਤੋਂ ਵਪਾਰੀ ਬਹੁਤ ਲਾਭ ਉਠਾਉਂਦੇ ਹਨ । ਉਹ ਆਪਣੀਆਂ ਕੰਪਨੀਆ ਤੇ ਫਰਮਾਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਦੀ ਟੈਲੀਵਿਜ਼ਨ ਜ਼ਰੀਏ ਮਸ਼ਹੂਰੀ ਕਰਕੇ ਉਸ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੇ ਹੁੰਦੇ ਹਨ।
ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਇਸ ਰਾਹੀਂ ਸੈਂਕੜੇ ਲੋਕ ਆਪਣਾ ਜੀਵਨ ਬਸਰ ਕਰਦੇ ਹਨ ।
ਹਾਨੀਆਂ :-
ਟੈਲੀਵਿਜ਼ਨ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਸ ਰਾਹੀਂ ਪ੍ਰਸਾਰਿਤ ਕੀਤੇ ਜਾਣ ਵਾਲੇ ਅਸ਼ਲੀਲ ਨਾਚ, ਗਾਣੇ ਅਤੇ ਫ਼ਿਲਮਾਂ ਦਾ ਨੌਜਵਾਨ ਵਰਗ ਦੇ ਆਚਰਨ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਟੈਲੀਵਿਜ਼ਨ ਦੇ ਪ੍ਰੋਗਰਾਮਾਂ ਰਾਹੀਂ ਨੌਜਵਾਨ ਵਰਗ ਦੇ ਮੁੰਡੇ-ਕੁੜੀਆਂ ਫਿਲਮਾਂ ਦੇ ਨਾਇਕਾਂ-ਨਾਇਕਾਵਾਂ ਦੀ ਨਕਲ ਕਰਦੇ ਹਨ। ਉਸੇ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਹਨ ‘ਤੇ ਹਰਕਤਾਂ ਕਰਦੇ ਹਨ, ਜੋ ਫ਼ਿਲਮਾਂ ਵਿੱਚ ਵੇਖਦੇ ਹਨ । ਇਸ ਤਰ੍ਹਾਂ ਉਹ ਫੈਸ਼ਨਪ੍ਰਸਤੀ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ।
ਬੱਚੇ ਲਗਾਤਾਰ ਟੈਲੀਵਿਜ਼ਨ ਦੇਖਦੇ ਰਹਿੰਦੇ ਹਨ। ਇਸ ਨਾਲ਼ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਅਤੇ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਬੱਚੇ ਆਲਸੀ, ਸੁਸਤ ਅਤੇ ਨਿਕੰਮੇ ਬਣ ਜਾਂਦੇ ਹਨ। ਉਹਨਾਂ ਦਾ ਸਰੀਰਕ ਵਿਕਾਸ ਤੇ ਵਾਧਾ ਰੁਕ ਜਾਂਦਾ ਹੈ।
ਸਿੱਟਾ :- ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਯੁਗ ਵਿੱਚ ਜਿੱਥੇ ਟੈਲੀਵਿਜ਼ਨ ਦੇ ਕੁਝ ਲਾਭ ਵੀ ਹਨ, ਉੱਥੇ ਕੁਝ ਨੁਕਸਾਨ ਵੀ ਹਨ ਪਰ ਜੇਕਰ ਵਿਅਕਤੀ ਵਿਗਿਆਨ ਦੀ ਇਸ ਕਾਢ ਨੂੰ ਆਪਣੇ ਫਾਇਦੇ ਲਈ ਵਰਤੇ ਤਾਂ ਪੂਰੀ ਮਨੁੱਖ ਜਾਤੀ ਦਾ ਬਹੁਤ ਭਲਾ ਹੋ ਸਕਦਾ ਹੈ।