ਰੇਲਵੇ ਸਟੇਸ਼ਨ
ਭਾਰਤ ਵਿੱਚ ਰੇਲ-ਗੱਡੀਆਂ ਆਵਾਜਾਈ ਅਤੇ ਢੋਆ-ਢੁਆਈ ਦਾ ਮੁੱਖ ਸਾਧਨ ਹਨ । ਭਾਰਤ ਦਾ ਰੇਲਵੇ ਮਹਿਕਮਾ ਸਭ ਤੋਂ ਵੱਡਾ ਮਹਿਕਮਾ ਹੈ । ਰੇਲ ਗੱਡੀਆਂ ਰਾਹੀਂ ਹਰ ਰੋਜ਼ ਲਗਭਗ ਦੋ ਕਰੋੜ ਤੀਹ ਲੱਖ ਲੋਕ ਸਫ਼ਰ ਕਰਦੇ ਹਨ । ਸਫ਼ਰ ਕਰਨ ਲਈ ਰੇਲ ਗੱਡੀ ਸਭ ਤੋਂ ਸਸਤਾ ਤੇ ਅਸਾਨ ਸਾਧਨ ਹੈ । ਰੇਲਗੱਡੀਆਂ ਸੈਂਕੜੇ ਮੁਸਾਫਰਾਂ ਨੂੰ ਇੱਕੋ ਸਮੇਂ ਲੈ ਕੇ ਲੰਬੀ ਦੂਰੀ ਦਾ ਸਫ਼ਰ ਕਰ ਸਕਦੀਆਂ ਹਨ। ਭਾਰਤ ਵਿੱਚ ਰੇਲ ਦਾ ਇਤਿਹਾਸ ਬਹੁਤ ਪੁਰਾਣਾ ਹੈ । ਭਾਫ਼ ਇੰਜਣ ਤੋਂ ਸ਼ੁਰੂ ਹੋ ਕੇ ਹੁਣ ਤੱਕ ਬਿਜਲੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਦੀ ਖੋਜ ਕੀਤੀ ਜਾ ਚੁੱਕੀ ਹੈ।
ਰੇਲਵੇ ਸਟੇਸ਼ਨ ਰੇਲ ਪਟੜੀ ਤੇ ਇਕ ਅਜਿਹਾ ਸਥਾਨ ਹੁੰਦਾ ਹੈ ਜਿੱਥੇ ਰੇਲਗੱਡੀ ਆਪਣੇ ਸਮੇਂ ਅਨੁਸਾਰ ਆ ਕੇ ਰੁਕਦੀ ਹੈ। ਰੇਲਵੇ ਸਟੇਸ਼ਨ ਤੇ ਰੇਲ ਦੀ ਪਟੜੀ ਨਾਲ ਇੱਕ ਪਲੇਟਫਾਰਮ ਹੁੰਦਾ ਹੈ, ਜਿੱਥੋਂ ਯਾਤਰੀ ਅਸਾਨੀ ਨਾਲ ਰੇਲ ਗੱਡੀ ਵਿੱਚ ਚੜ੍ਹ ਅਤੇ ਉੱਤਰ ਸਕਦੇ ਹਨ, ਇਸ ਦੇ ਨਾਲ ਇੱਕ ਟਿਕਟ-ਘਰ ਹੁੰਦਾ ਹੈ, ਜਿੱਥੋਂ ਟਿਕਟ ਮਿਲਦੀ ਹੈ, ਉਡੀਕ ਕਰਨ ਲਈ ਬੈਠਣ ਦੀ ਥਾਂ ਹੁੰਦੀ ਹੈ । ਰੇਲਵੇ ਸਟੇਸ਼ਨਾਂ ਤੇ ਆਮ ਕਰਕੇ ਰੇਲਗੱਡੀਆਂ ਦੀ ਆਵਾਜਾਈ, ਕੁਲੀਆਂ ਦੀ ਭੱਜ ਦੌੜ, ਚੀਜਾਂ ਵੇਚਣ ਵਾਲਿਆਂ ਦੀਆਂ ਆਵਾਜ਼ਾਂ ਆਦਿ ਇਨ੍ਹਾਂ ਦਾ ਮਿਲਿਆ ਜੁਲਿਆ ਰੂਪ ਵੀ ਰੇਲਵੇ ਸਟੇਸ਼ਨ ਹੈ । ਰੇਲਵੇ ਸਟੇਸ਼ਨ ਦਾ ਸ਼ਹਿਰ ਦੇ ਜਨ-ਜੀਵਨ ਵਿੱਚ ਆਪਣਾ ਇੱਕ ਖ਼ਾਸ ਸਥਾਨ ਹੁੰਦਾ ਹੈ। ਰੇਲਵੇ ਸਟੇਸ਼ਨ ਤੇ ਇਕੱਠੀ ਹੋਈ ਭੀੜ ਨੂੰ ਵੇਖ ਕੇ ਇੰਜ ਲਗਦਾ ਹੈ, ਜਿਵੇਂ ਸਾਰੇ ਦਾ ਸਾਰਾ ਸ਼ਹਿਰ ਕਿਧਰੇ ਜਾ ਰਿਹਾ ਹੋਵੇ | ਯਾਤਰੀਆਂ ਦੀਆਂ ਸਹੂਲਤਾਂ ਲਈ ਪੀਣ ਲਈ ਪਾਣੀ ਅਤੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਚਾਹ ਅਤੇ ਫ਼ਲ ਵੇਚਣ ਵਾਲ਼ੇ ਰੇਲ-ਗੱਡੀਆਂ ਵਿੱਚ ਜਾ ਕੇ ਆਪਣਾ ਸਾਮਾਨ ਵੇਚਦੇ ਹਨ | ਰੇਲਵੇ ਪਲੇਟਫਾਰਮ ਤੇ ਬਹੁਤ ਸਾਰੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਰੇਲਗੱਡੀ ਵਿੱਚ ਇੱਕ ਇੰਜਣ ਅਤੇ ਬਹੁਤ ਸਾਰੇ ਡੱਬੇ ਹੁੰਦੇ ਹਨ । ਗੱਡੀਆਂ ਦੇ ਆਉਣ ਜਾਣ ਬਾਰੇ ਜਾਣਕਾਰੀ ਦੇਣ ਲਈ ਲਾਊਡ ਸਪੀਕਰ ਲੱਗੇ ਹੁੰਦੇ ਹਨ | ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਤੇ ਏਟੀਐਮ ਮਸ਼ੀਨ ਅਤੇ ਰੈਸਟੋਰੈਂਟ ਵੀ ਹੁੰਦੇ ਹਨ । ਰੇਲ ਗੱਡੀਆਂ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਵੱਡੀ ਸਕ੍ਰੀਨ ਤੇ ਦਿਖਾਈ ਜਾਂਦੀ ਹੈ । ਮੁਸਾਫਰਾਂ ਦਾ ਸਾਮਾਨ ਚੁੱਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਲਈ ਉੱਥੇ ਬਹੁਤ ਸਾਰੇ ਕੁਲੀ ਹੁੰਦੇ ਹਨ, ਜਿਹੜੇ ਇਸ ਕੰਮ ਲਈ ਕੁਝ ਪੈਸੇ ਲੈਂਦੇ ਹਨ। ਗਾਰਡ ਤੋਂ ਹਰੀ ਝੰਡੀ ਦਿਖਾਉਂਦਾ ਹਾਂ ਅਤੇ ਸੀਟੀ ਵਜਾਉਂਦਾ ਹੈ ਰੇਲ ਗੱਡੀ ਦੇ ਤੁਰਨ ਦਾ ਸਮਾਂ ਹੋ ਜਾਂਦਾ ਹੈ । ਫਿਰ ਇੰਜਣ ਸੀਟੀ ਵਜਾਉਂਦਾ ਹੈ। ਅਤੇ ਰੇਲ ਗੱਡੀ ਚੱਲ ਪੈਂਦੀ ਹੈ । ਇਸ ਤਰ੍ਹਾਂ ਰੇਲਵੇ ਸਟੇਸ਼ਨ ਤੇ ਹਰ ਸਮੇਂ ਸ਼ੋਰ ਸ਼ਰਾਬੇ ਭਰਿਆ ਬਣਿਆ ਰਹਿੰਦਾ ਹੈ ।
ਬੀਤੇ ਕੱਲ ਮੈਨੂੰ ਆਪਣੇ ਵੱਡੇ ਭਰਾ ਨਾਲ਼ ਆਪਣੇ ਚਾਚਾ ਜੀ ਨੂੰ ਲਿਆਉਣ ਦੇ ਲਈ ਰੇਲਵੇ ਸਟੇਸ਼ਨ ਤੇ ਜਾਣਾ ਪਿਆ । ਮੈਂ ਸਟੇਸ਼ਨ ਦੇ ਬਾਹਰ ਸਕੂਟਰਾਂ, ਕਾਰਾਂ, ਟੈਕਸੀਆਂ ਅਤੇ ਰਿਕਸ਼ਿਆਂ ਦੀ ਭੀੜ ਦੇਖ ਕੇ ਹੈਰਾਨ ਸੀ । ਸਟੇਸ਼ਨ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਪਲੇਟਫਾਰਮ ਟਿਕਟਾਂ ਖਰੀਦੀਆਂ ਅਤੇ ਬੜੀ ਮੁਸ਼ਕਲ ਨਾਲ਼ ਪਲੇਟਫਾਰਮ ਤੇ ਪਹੁੰਚੇ । ਸਾਡੇ ਆਲੇ-ਦੁਆਲੇ ਬਹੁਤ ਜ਼ਿਆਦਾ ਭੀੜ ਸੀ। ਹਰ ਪਾਸੇ ਮੁਸਾਫ਼ਰ ਹੀ ਮੁਸਾਫ਼ਰ ਨਜ਼ਰ ਆ ਰਹੇ ਸਨ। ਲੋਕਾਂ ਦਾ ਇੰਨਾ ਇਕੱਠ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ | ਚਾਰੇ ਪਾਸੇ ਲੋਕੀ ਇੱਧਰ-ਉੱਧਰ ਨੂੰ ਭੱਜੇ ਜਾ ਰਹੇ ਸਨ। ਕੋਈ ਆ ਰਿਹਾ ਸੀ ਅਤੇ ਕੋਈ ਜਾ ਰਿਹਾ ਸੀ । ਸਟੇਸ਼ਨ ਤੇ ਖੜੇ ਇੰਜਣ ਉੱਚੀ-ਉੱਚੀ ਚੀਕਾਂ ਮਾਰ ਰਹੇ ਸਨ ਜਿਵੇਂ ਕਿ ਮੁਸਾਫ਼ਰਾਂ ਨੂੰ ਛੇਤੀ-ਛੇਤੀ ਆਉਣ ਲਈ ਕਹਿ ਰਹੇ ਹੋਣ ।
ਪਲੇਟਫਾਰਮ ਤੇ ਛੋਟੀਆਂ-ਛੋਟੀਆਂ ਦੁਕਾਨਾਂ ਸਨ, ਜਿੱਥੇ ਪਾਨ, ਚਾਹ, ਸਿਗਰਟ ਵੇਚੇ ਜਾ ਰਹੇ ਸਨ। ਕੁਝ ਲੋਕ ਖਾਣ ਦੀਆਂ ਚੀਜ਼ਾਂ ਖੀਦ ਰਹੇ ਸਨ। ਬਹੁਤ ਸਾਰੇ ਲੋਕ ਆਪਣੀ-ਆਪਣੀ ਗੱਡੀ ਦੀ ਉਡੀਕ ਕਰ ਰਹੇ ਸਨ। ਕੁਝ ਲੋਕ ਅਖ਼ਬਾਰ ਅਤੇ ਰਸਾਲੇ ਪੜ੍ਹ ਰਹੇ ਸਨ। ਅਸੀਂ ਵੀ ਆਪਣੇ ਚਾਚਾ ਜੀ ਦੀ ਉਡੀਕ ਵਿੱਚ ਉੱਥੇ ਹੀ ਬੈਠ ਗਏ।
ਕੁਲੀ ਸਿਰਾਂ ਤੇ ਸਾਮਾਨ ਲੱਦ ਕੇ ਇੱਧਰ-ਉਧਰ ਜਾ ਰਹੇ ਸਨ । ਕੁਝ ਪੁਲਿਸ ਵਾਲੇ ਵੀ ਉੱਥੇ ਖੜੇ ਸਨ | ਥਾਂ-ਥਾਂ ਤੇ ਭਿਖਾਰੀ ਭੀਖ ਮੰਗ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਜੀਵਨ ਉੱਤੇ ਬਹੁਤ ਤਰਸ ਆ ਰਿਹਾ ਸੀ । ਥੋੜ੍ਹੀ ਦੇਰ ਬਾਅਦ ਹੀ ਰੇਲ ਗੱਡੀ ਆ ਗਈ ਜਿਸ ਵਿੱਚੋਂ ਅਸੀਂ ਆਪਣੇ ਚਾਚਾ ਜੀ ਨੂੰ ਲੱਭਣਾ ਸ਼ੁਰੂ ਕੀਤਾ । ਲੋਕ ਇੱਕ-ਦੂਜੇ ਨੂੰ ਧੱਕੇ ਮਾਰਦੇ ਹੋਏ ਅੱਗੇ ਵਧ ਰਹੇ ਸਨ। ਜਦੋਂ ਉਹ ਸਾਨੂੰ ਨਜ਼ਰੀਂ ਪਏ ਤਾਂ ਅਸੀਂ ਸੁੱਖ ਦਾ ਸਾਹ ਲਿਆ ।
ਰੇਲਵੇ ਸਟੇਸ਼ਨ ਤੇ ਪਲੇਟਫਾਰਮ ਦਾ ਦ੍ਰਿਸ਼ ਮੇਲੇ ਤੋਂ ਘੱਟ ਨਹੀਂ ਹੁੰਦਾ । ਇੱਥੇ ਰੰਗ-ਬਰੰਗੇ ਕੱਪੜਿਆਂ ਵਿਚ ਹਰ ਤਰ੍ਹਾਂ ਦੇ ਇਨਸਾਨ, ਬੱਚੇ-ਬੁੱਢੇ, ਇਸਤਰੀਆਂ-ਪੁਰਖ ਹੁੰਦੇ ਹਨ । ਸਾਰਿਆਂ ਕੋਲ ਕੁਝ ਨਾ ਕੁਝ ਸਮਾਨ ਹੁੰਦਾ ਹੈ । ਅਸੀਂ ਆਪਣੇ ਚਾਚਾ ਜੀ ਨੂੰ ਰੇਲਵੇ ਸਟੇਸ਼ਨ ਤੋਂ ਲਿਆ ਅਤੇ ਖੁਸ਼ੀ-ਖੁਸ਼ੀ ਘਰ ਵਾਪਸ ਪਰਤ ਆਏ ।