ਲੇਖ – ਅਤਿ ਸਰਦੀ ਦਾ ਇੱਕ ਦਿਨ
ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਹਰ ਰੁੱਤ ਦਾ ਸਾਡੇ ਜੀਵਨ ਨਾਲ਼ ਡੂੰਘਾ ਸੰਬੰਧ ਹੈ। ਗਰਮੀ ਦੀ ਰੁੱਤ, ਸਰਦੀ ਦੀ ਰੁੱਤ ਬਸੰਤ ਦਾ ਆਗਮਨ, ਪੱਤਝੜ ਦੀ ਰੁੱਤ – ਹਰ ਰੁੱਤ ਦਾ ਆਪਣਾ ਹੀ ਮਹੱਤਵ ਹੈ। ਨਵੰਬਰ ਮਹੀਨੇ ਤੋਂ ਸਰਦੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਪੰਜਾਬ ਵਿੱਚ ਦਸੰਬਰ ਤੇ ਜਨਵਰੀ ਵਿੱਚ ਅਤਿ ਦੀ ਸਰਦੀ ਪੈਂਦੀ ਹੈ। ਇਸ ਵਾਰ ਤਾਂ ਜਨਵਰੀ ਮਹੀਨੇ ਵਿੱਚ ਅੰਤਾਂ ਦੀ ਠੰਢ ਪਈ। 13 ਜਨਵਰੀ ਦਾ ਦਿਨ ਤਾਂ ਅਤਿ ਸਰਦੀ ਦਾ ਦਿਨ ਸੀ। ਇਸ ਦਿਨ ਲੋਹੜੀ ਦਾ ਤਿਉਹਾਰ ਵੀ ਸੀ। ਜਦੋਂ ਮੈਂ ਰੋਜ਼ ਵਾਂਗ ਸਵੇਰੇ ਉੱਠ ਕੇ, ਬਾਹਰ ਨਿਕਲ ਕੇ ਵੇਖਿਆ ਚਾਰੇ ਪਾਸੇ ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਹੀ ਸੀ। ਹਰ ਪਾਸੇ ਧੁੰਦ ਹੀ ਧੁੰਦ ਨਜ਼ਰ ਆ ਰਹੀ ਸੀ। ਸੱਤ ਵੱਜ ਚੁੱਕੇ ਸਨ ਮੈਂ ਸਿੱਧਾ ਰਸੋਈ ਵਿੱਚ ਗਿਆ। ਮੇਰੇ ਮਾਤਾ ਜੀ ਨੇ ਮੈਨੂੰ ਗਰਮ-ਗਰਮ ਚਾਹ ਪੀਣ ਲਈ ਦਿੱਤੀ ਤੇ ਗਰਮ-ਗਰਮ ਚਾਹ ਪੀ ਕੇ ਮੈਂ ਕੁਝ ਨਿੱਘ ਮਹਿਸੂਸ ਕੀਤਾ। ਇਸ ਸਮੇਂ ਦੌਰਾਨ ਨਹਾਉਣ ਲਈ ਪਾਣੀ ਗਰਮ ਹੋ ਗਿਆ ਸੀ। ਮੈਂ ਨਹਾ-ਧੋ ਕੇ ਸਕੂਲ ਦੀ ਵਰਦੀ ਪਾਈ ਤੇ ਸਕੂਲ ਜਾਣ ਲਈ ਤਿਆਰ ਹੋ ਗਿਆ। ਮਾਤਾ ਜੀ ਨੇ ਮੈਨੂੰ ਮੱਕੀ ਦੀ ਮੇਥਿਆਂ ਵਾਲੀ ਗਰਮ-ਗਰਮ ਰੋਟੀ ਦਹੀਂ ਅਤੇ ਮੱਖਣ ਨਾਲ਼ ਖਾਣ ਨੂੰ ਦਿੱਤੀ। ਨਾਸ਼ਤਾ ਕਰਕੇ ਮੈਂ ਅੱਠ ਵਜੇ ਬਿਲਕੁੱਲ ਸਕੂਲ ਜਾਣ ਲਈ ਤਿਆਰ ਹੋ ਗਿਆ। ਮੈਂ ਆਪਣਾ ਬਸਤਾ ਚੁੱਕਿਆ ਅਤੇ ਸਾਈਕਲ ਤੇ ਸਕੂਲ ਲਈ ਚੱਲ ਪਿਆ।
ਜਦੋਂ ਮੈਂ ਘਰੋਂ ਬਾਹਰ ਗਲੀ ਵਿੱਚ ਨਿਕਲ ਕੇ ਦੇਖਿਆ ਤਾਂ ਚਾਰੇ ਪਾਸੇ ਧੁੰਦ ਹੀ ਧੁੰਦ ਸੀ। ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸੜਕ ਤੇ ਨਾ ਕੋਈ ਬੱਚਾ ਦਿਖਾਈ ਦੇ ਰਿਹਾ ਸੀ ਅਤੇ ਨਾ ਹੀ ਵੱਡਾ। ਮੇਰੇ ਕਾਫ਼ੀ ਸਾਰੇ ਗਰਮ ਕੱਪੜੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਦਸਤਾਨੇ ਵੀ ਪਹਿਨੇ ਹੋਏ ਸਨ ਪਰ ਫਿਰ ਵੀ ਮੈਨੂੰ ਠੰਢ ਲੱਗ ਰਹੀ ਸੀ ਅਤੇ ਮੇਰੇ ਹੱਥ ਵੀ ਠਰ ਰਹੇ ਸਨ। ਰਸਤੇ ਵਿੱਚ ਕੁਝ ਬੰਦੇ ਇਕੱਠੇ ਹੋ ਕੇ ਅੱਗ ਬਾਲੀ ਬੈਠੇ ਸਨ। ਮੈਂ ਵੀ ਕੁਝ ਸਮਾਂ ਰੁਕ ਕੇ ਧੂਣੀ ਸੇਕੀ ਤੇ ਥੋੜ੍ਹੀ ਗਰਮੀ ਮਹਿਸੂਸ ਕਰਨ ਤੋਂ ਬਾਅਦ ਸਕੂਲ ਲਈ ਚੱਲ ਪਿਆ।
ਕੁਝ ਮਿੰਟਾਂ ਵਿੱਚ ਹੀ ਮੈਂ ਸਕੂਲ ਪਹੁੰਚ ਗਿਆ। ਸਾਇਕਲ-ਸਟੈਂਡ ਤੇ ਸਾਈਕਲ ਖੜ੍ਹਾਇਆ ਅਤੇ ਆਪਣੀ ਜਮਾਤ ਦੇ ਕਮਰੇ ਵਿੱਚ ਆਪਣਾ ਬਸਤਾ ਰੱਖ ਦਿੱਤਾ। ਬਹੁਤ ਥੋੜ੍ਹੇ ਬੱਚੇ ਸਕੂਲ ਆਏ ਹੋਏ ਸਨ। ਜਿਹੜੇ ਬੱਚੇ ਆਏ ਸਨ ਉਨ੍ਹਾਂ ਵਿੱਚੋਂ ਕੁਝ ਧੂਣੀ ਬਾਲ ਕੇ ਅੱਗ ਸੇਕ ਰਹੇ ਸਨ। ਕੁੱਝ ਬੱਚੇ ਮੈਦਾਨ ਵਿੱਚ ਖੇਡ ਰਹੇ ਸਨ। ਪ੍ਰਾਰਥਨਾ ਦੀ ਘੰਟੀ ਵੱਜੀ ਸਾਰੇ ਵਿਦਿਆਰਥੀ ਪ੍ਰਾਰਥਨਾ ਲਈ ਖੁੱਲ੍ਹੇ ਮੈਦਾਨ ਵਿੱਚ ਇਕੱਠੇ ਹੋ ਗਏ। ਸਾਰੇ ਠੰਡ ਨਾਲ ਠੁਰ-ਠੁਰ ਕੰਬ ਰਹੇ ਸਨ। ਪ੍ਰਾਰਥਨਾ ਅਤੇ ਰਾਸ਼ਟਰੀ ਗਾਣ ਤੋਂ ਬਾਅਦ ਸਾਡੇ ਅਧਿਆਪਕ ਮੌਸਮ ਨੂੰ ਦੇਖਦਿਆਂ ਸਾਨੂੰ ਜਲਦੀ ਹੀ ਕਲਾਸਾਂ ਵਾਲੇ ਕਮਰਿਆਂ ਵਿੱਚ ਲੈ ਗਏ।
ਪੰਜਾਬੀ ਦੇ ਅਧਿਆਪਕ ਸਰਦਾਰ ਸਿੰਘ ਨੇ ਕਿਹਾ ਕਿ ਅੱਜ ਲੋਹੜੀ ਦੇ ਗੀਤ ਸਣਾਓ। ਫਿਰ ਵਿਦਿਆਰਥੀਆਂ ਨੇ ਲੋਹੜੀ ਦੇ ਅਲੱਗ-ਅਲੱਗ ਗੀਤ ਸੁਣਾਏ। ਅਸੀਂ ਸਾਰਿਆਂ ਨੇ ਰਲ ਕੇ ਸੁੰਦਰ ਮੁੰਦਰੀਏ ਵਾਲਾ ਗੀਤ ਗਾਇਆ। ਉਨ੍ਹਾਂ ਨੇ ਸਾਨੂੰ ਮੂੰਗਫਲੀ ਤੇ ਰਿਉੜੀਆਂ ਖਾਣ ਨੂੰ ਦਿੱਤੀਆਂ। ਇੱਕ ਤਾਂ ਬੱਚਿਆਂ ਦੀ ਗਿਣਤੀ ਬਹੁਤ ਘੱਟ ਸੀ ਤੇ ਦੂਜਾ ਸਰਦੀ ਬਹੁਤ ਜ਼ਿਆਦਾ ਜ਼ੋਰ ਸੀ, ਇਸ ਕਰਕੇ ਇਸ ਦਿਨ ਪੜ੍ਹਾਈ ਦਾ ਕੰਮ ਬਿਲਕੁਲ ਵੀ ਨਾ ਹੋਇਆ। ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਜਦੋਂ ਛੁੱਟੀ ਹੋਈ ਤਾਂ ਮੈਂ ਸਿੱਧਾ ਘਰ ਪਹੁੰਚ ਗਿਆ। ਮਾਤਾ ਜੀ ਨੇ ਗਰਮ-ਗਰਮ ਪਾਲਕ ਵਾਲੇ ਪਕੌੜੇ ਬਣਾਏ ਹੋਏ ਸਨ। ਘਰ ਪਹੁੰਚ ਕੇ ਸਭ ਤੋਂ ਪਹਿਲਾਂ ਮੈਂ ਗਰਮ-ਗਰਮ ਪਕੌੜਿਆਂ ਨਾਲ ਚਾਹ ਪੀਤੀ। ਉਨ੍ਹਾਂ ਨੇ ਖੀਰ ਤੇ ਸਾਗ ਵੀ ਬਣਾਇਆ ਹੋਇਆ ਸੀ ਜੋ ਅਸੀਂ ਅਗਲੇ ਦਿਨ (ਮਾਘੀ ਵਾਲੇ ਦਿਨ) ਖਾਣਾ ਸੀ। ਗਰਮ- ਗਰਮ ਪਕੌੜੇ ਖਾ ਕੇ ਮੈਂ ਫਿਰ ਠੰਢ ਤੋਂ ਕੁਝ ਸਮੇਂ ਲਈ ਰਾਹਤ ਮਹਿਸੂਸ ਕੀਤੀ। ਹੁਣ ਮੈਂ ਚੁੱਲੇ ਕੋਲ ਹੀ ਬੈਠ ਗਿਆ ਤੇ ਆਪਣੇ ਮਾਤਾ ਜੀ ਨਾਲ ਗੱਲਾਂ ਕਰਨ ਲੱਗ ਪਿਆ। ਇਹ ਅਤਿ ਸਰਦੀ ਦਾ ਇੱਕ ਦਿਨ ਮੈਨੂੰ ਹਮੇਸ਼ਾਂ ਯਾਦ ਰਹੇਗਾ।