ਲੇਖ – ਛੱਬੀ ਜਨਵਰੀ
ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਸਾਡੇ ਕੌਮੀ ਤਿਉਹਾਰ ਹਨ। ਪੰਦਰਾਂ ਅਗਸਤ ਅਜਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਛੱਬੀ ਜਨਵਰੀ ਗਣਤੰਤਰ ਦਿਵਸ ਵਜੋਂ।
ਸਾਡੇ ਦੇਸ਼ ਦੇ ਇਤਿਹਾਸ ਵਿੱਚ ਛੱਬੀ ਜਨਵਰੀ ਦਾ ਮਹੱਤਵਪੂਰਨ ਸਥਾਨ ਹੈ । ਇਸ ਦਿਨ 1929 ਈ. ਵਿੱਚ ਰਾਵੀ ਦਰਿਆ ਦੇ ਕੰਢੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇੱਥੇ ਇੱਕ ਸਮਾਗਮ ਵਿੱਚ ਬੋਲਦਿਆਂ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਅਸੀਂ ਭਾਰਤ ਵਾਸੀ ਅੱਜ ਤੋਂ ਆਜ਼ਾਦ ਹਾਂ। ਅੰਗਰੇਜ਼ ਸਰਕਾਰ ਨੂੰ ਅਸੀਂ ਆਪਣੀ ਸਰਕਾਰ ਨਹੀਂ ਮੰਨਦੇ । ਅਸੀਂ ਆਖਰੀ ਦਮ ਤੱਕ ਭਾਰਤ ਦੀ ਆਜ਼ਾਦੀ ਲਈ ਲੜਦੇ ਰਹਾਂਗੇ। ਆਜ਼ਾਦੀ ਲਈ ਦੇਸ ਵਾਸੀਆਂ ਦੀ ਇਸ ਲੰਬੀ ਜਦੋ-ਜਹਿਦ ਤੋਂ ਪਿੱਛੋਂ ਆਖਰ 15 ਅਗਸਤ 1947 ਦਾ ਦਿਨ ਆਇਆ । ਹੁਣ ਦੇਸ ਸੁਤੰਤਰ ਹੋ ਚੁੱਕਾ ਸੀ। ਇਸ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ।
26 ਜਨਵਰੀ 1950 ਈ. ਨੂੰ ਦੇਸ ਦੀ ਕਾਇਆ ਕਲਪ ਕਰ ਦੇਣ ਵਾਲਾ ਇਹ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਉਹ ਸੰਵਿਧਾਨ ਜਿਸ ਨੂੰ ਆਪਣੇ ਸਮੇਂ ਦੇ ਇੱਕ ਕਾਨੂੰਨਦਾਨ ਤੇ ਬੁੱਧੀਜੀਵੀ ਡਾ. ਬੀ. ਆਰ. ਅੰਬੇਦਕਰ ਜੀ ਨੇ ਆਪਣੀ ਟੀਮ ਦੀ ਅਗਵਾਈ ਕਰਦੇ ਹੋਏ ਬੜੀ ਮਿਹਨਤ ਅਤੇ ਸੂਝ-ਬੂਝ ਨਾਲ ਦੋ ਸਾਲ 11 ਮਹੀਨੇ ਅਤੇ 18 ਦਿਨ ਵਿੱਚ (ਲਗਭਗ ਤਿੰਨ ਸਾਲ ਵਿੱਚ) ਤਿਆਰ ਕੀਤਾ ਸੀ। ਭਾਰਤੀ ਸੰਵਿਧਾਨ ਦੀ ਖੂਬੀ ਇਹ ਹੈ ਕਿ ਇਹ ਸਖ਼ਤ ਵੀ ਹੈ ਅਤੇ ਲਚਕਦਾਰ ਵੀ। ਇਸ ਨੂੰ ਗਣਰਾਜ ਭਾਰਤ ਦੀ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਗ੍ਰਹਿਣ ਕੀਤਾ ਸੀ ਅਤੇ 26 ਜਨਵਰੀ 1950 ਤੋਂ ਇਹ ਪ੍ਰਭਾਵ ਵਿੱਚ ਆਇਆ। ਇਸ ਤਰ੍ਹਾਂ ਜਦੋਂ ਭਾਰਤ ਨੇ 26 ਜਨਵਰੀ 1950 ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਦਾ ਦਰਜਾ ਗ੍ਰਹਿਣ ਕੀਤਾ ਤਾਂ ਉਸ ਸਮੇਂ ਡਾ. ਰਜਿੰਦਰ ਪ੍ਰਸ਼ਾਦ ਜੀ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਇਸ ਦਿਨ ਤੋਂ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਮੁਖੀ ਬਣ ਗਿਆ।
26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਸਮਾਚਾਰ ਪੱਤਰਾਂ ਤੇ ਰਸਾਲਿਆਂ ਵੱਲੋਂ ਵਿਸ਼ੇਸ਼-ਅੰਕ ਕੱਢੇ ਜਾਂਦੇ ਹਨ । ਰੇਡੀਓ ਅਤੇ ਟੈਲੀਵਿਜ਼ਨ ਤੋਂ ਖ਼ਾਸ ਪ੍ਰੋਗਰਾਮ ਕੀਤੇ ਜਾਂਦੇ ਹਨ । ਇਹਨਾਂ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਆਜ਼ਾਦੀ ਲੈਣ ਪਿੱਛੋਂ ਸਾਡੀਆਂ ਪ੍ਰਾਪਤੀਆਂ ਬਾਰੇ ਭਾਸ਼ਣ ਆਦਿ ਹੁੰਦੇ ਹਨ। ਬਹੁਤ ਸਾਰੇ ਲੋਕ ਇਸ ਦਿਨ ਦਿੱਲੀ ਵਿਖੇ ਗਣਤੰਤਰ ਸਮਾਰੋਹ ਵੇਖਣ ਜਾਂਦੇ ਹਨ। ਬਾਕੀ ਲੋਕ ਰੇਡੀਓ ਤੋਂ ਇਸ ਸਮਾਰੋਹ ਦਾ ਅੱਖੀਂ ਡਿੱਠਾ ਹਾਲ ਸੁਣਦੇ ਜਾਂ ਟੈਲੀਵਿਜ਼ਨ ਉੱਤੇ ਇਸ ਸਮਾਰੋਹ ਨੂੰ ਵੇਖਦੇ ਹਨ । 26 ਜਨਵਰੀ ਦਾ ਗਣਤੰਤਰ ਸਮਾਰੋਹ ਇੱਕ ਵਿਸ਼ੇਸ਼ ਖਿੱਚ ਰੱਖਦਾ ਹੈ। ਸਮਾਰੋਹ ਵਿੱਚ ਦੇਸ਼ ਦੇ ਰਾਸ਼ਟਰਪਤੀ ਇੱਕ ਸ਼ਾਨਦਾਰ ਬੱਘੀ ਰਾਹੀਂ ਪਹੁੰਚਦੇ ਹਨ। ਪ੍ਰਧਾਨ ਮੰਤਰੀ ਉਨ੍ਹਾਂ ਦੇ ਸਹਿਯੋਗੀ ਮੰਤਰੀ ਅਤੇ ਤਿੰਨਾਂ ਸੈਨਾਵਾਂ ਦੇ ਮੁੱਖੀ ਉਨ੍ਹਾਂ ਦਾ ਸਵਾਗਤ ਕਰਦੇ ਹਨ । ਤਦ ਰਾਸ਼ਟਰੀ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਅਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਇਹ ਸਾਰਾ ਦ੍ਰਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਮੌਕੇ ਤੇ ਦੇਸ਼ ਦੇ ਵੱਖ-ਵੱਖ ਪ੍ਰਾਂਤ ਆਪਣੀਆਂ ਝਲਕੀਆਂ ਪੇਸ਼ ਕਰਕੇ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਪ੍ਰਗਟ ਕਰਦੇ ਹਨ। ਦੇਸ਼ ਦੀ ਫੌਜ ਦੇ ਤਿੰਨੇ ਅੰਗ – ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਦੀ ਪਰੇਡ ਹੁੰਦੀ ਹੈ। ਇਸ ਪਰੇਡ ਵਿੱਚ ਐਨ. ਸੀ. ਸੀ. ਦੇ ਕੈਡਿਟ ਅਤੇ ਸਕਾਊਟ ਦੇ ਗਾਇਡ ਵੀ ਭਾਗ ਲੈਂਦੇ ਹਨ। ਇਸ ਜਸ਼ਨ ਨੂੰ ਦੇਖਣ ਲਈ ਬਾਹਰਲੇ ਦੇਸ਼ਾਂ ਦੇ ਨੁਮਾਇੰਦੇ ਵੀ ਬੁਲਾਏ ਜਾਂਦੇ ਹਨ।
ਇਸ ਦਿਨ ਵੱਖ-ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਵਾਲੇ ਨਾਗਰਿਕਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। 26 ਜਨਵਰੀ ਦਾ ਦਿਨ ਮਨਾਉਣ ਦੇ ਖ਼ਾਸ ਮਨੋਰਥ ਹਨ। ਇਸ ਮੌਕੇ ਤੇ ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਅਣਗਿਣਤ ਕਸ਼ਟ ਝੱਲ ਕੇ ਦੇਸ਼ ਨੂੰ ਆਜ਼ਾਦ ਕਰਵਾਇਆ।