ਲੋਹੜੀ ਦਾ ਤਿਉਹਾਰ
ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ। ਇੱਥੇ ਸ਼ਾਇਦ ਹੀ ਕੋਈ ਮਹੀਨਾ ਹੋਵੇ ਜਦੋਂ ਕੋਈ ਮੇਲਾ ਜਾਂ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਦੇ ਪ੍ਰਸਿੱਧ ਤਿਉਹਾਰਾਂ ਵਿੱਚੋਂ ਲੋਹੜੀ ਦਾ ਤਿਉਹਾਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਨੂੰ ਪੰਜਾਬ ਵਿੱਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਬੜੇ ਧੂਮ-ਧਾਮ ਨਾਲ਼ ਮਨਾਇਆ ਜਾਂਦਾ ਹੈ। ਲੋਹੜੀ ਸ਼ਬਦ ਤਿਲ+ਰੋੜੀ ਸ਼ਬਦ ਤੋਂ ਬਣਿਆ ਹੈ ਜੋ ਸਮਾਂ ਪਾ ਕੇ ‘ਤਿਲੋੜੀ’ ਤੇ ਫਿਰ ‘ਲੋਹੜੀ’ ਬਣ ਗਿਆ।
ਲੋਹੜੀ ਦੇ ਤਿਉਹਾਰ ਦਾ ਤਿਲਾਂ ਅਤੇ ਗੁੜ੍ਹ ਨਾਲ਼ ਗੂੜ੍ਹਾ ਸੰਬੰਧ ਹੈ। ਕਿਹਾ ਜਾਂਦਾ ਹੈ ਕਿ ਤਿਲ਼ ਅਤੇ ਗੁੜ੍ਹ ਦੀ ਰੋੜੀ ਭਾਵ ਤਿਲ਼-ਰੋੜੀ ਤੋਂ ਹੌਲ਼ੀ-ਹੌਲ਼ੀ ਸ਼ਬਦ ਲੋਹੜੀ ਬਣ ਗਿਆ। ਅੱਜ ਕੱਲ੍ਹ ਇਹ ਤਿਉਹਾਰ ਗੁੜ੍ਹ ਅਤੇ ਤਿਲਾਂ ਦੇ ਨਾਲ਼-ਨਾਲ਼ ਰਿਉੜੀਆਂ, ਮੂੰਗਫ਼ਲੀ, ਮੱਕੀ ਦੀਆਂ ਖਿੱਲਾਂ, ਭੁੱਗਾ, ਤਲੋਏ, ਪਤਾਸੇ, ਮਿਠਾਈਆਂ ਅਤੇ ਤਿਲਾਂ ਤੋਂ ਬਣਾਈਆਂ ਵੰਨ-ਸੁਵੰਨੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ ਹੈ।
ਪਿੰਡਾਂ ਵਿੱਚ ਇਸ ਤਿਉਹਾਰ ਨੂੰ ਸਾਂਝੀ ਥਾਂ, ਪਿੰਡ ਦੀ ਸੱਥ ਵਿੱਚ ਲੱਕੜਾਂ ਤੇ ਪਾਥੀਆਂ ਦੀ ਲੋਹੜੀ ਬਾਲ਼ ਕੇ ਮਨਾਇਆ ਜਾਂਦਾ ਹੈ। ਲੋਹੜੀ ਵਾਲ਼ੀ ਰਾਤ ਨੂੰ ਠੰਡ ਦਾ ਬਹੁਤ ਜ਼ੋਰ ਹੁੰਦਾ ਹੈ। ਪਰਿਵਾਰ ਦਾ ਹਰ ਜੀਅ – ਬੱਚੇ, ਬੁੱਢੇ ਤੇ ਬਜ਼ੁਰਗ ਬਲ਼ਦੀ ਹੋਈ ਲੋਹੜੀ ਦੁਆਲ਼ੇ ਬੈਠ ਕੇ ਨਿੱਘ ਦਾ ਆਨੰਦ ਮਾਣਦੇ ਹਨ। ਇਸਤਰੀਆਂ ਬਲਦੀ ਲੋਹੜੀ ਵਿੱਚ ਤੇਲ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ :
“ਈਸ਼ਰ ਆਏ ਦਲਿੱਦਰ ਜਾਏ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ।”
ਲੋਹੜੀ ਦੁਆਲੇ ਬੈਠੇ ਲੋਕਾਂ ਵਿੱਚ ਕੋਈ ਵਡੇਰੀ ਉਮਰ ਦਾ ਬਜ਼ੁਰਗ ਲੋਕ-ਕਥਾਵਾਂ ਦੇ ਵੀਰ-ਨਾਇਕ ਦੁੱਲਾ ਭੱਟੀ ਦੀ ਕਥਾ ਸੁਣਾਉਂਦਾ ਹੈ। ਲੋਕ-ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਲੋਹੜੀ ਵਾਲੇ ਦਿਨ ਗਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਸ਼ਗਨ ਵਜੋਂ ਪੱਲੇ ਵਿੱਚ ਸ਼ੱਕਰ ਪਾ ਕੇ ਉਹਨਾਂ ਦਾ ਡੋਲਾ ਤੋਰਿਆ ਸੀ। ਇਸ ਲਈ ਘਰਾਂ ਤੋਂ ਲੋਹੜੀ ਮੰਗਦੇ ਬੱਚੇ ਇਸ ਵੀਰ ਨਾਇਕ ਨੂੰ ਅੱਜ ਵੀ ਯਾਦ ਕਰਦੇ ਹਨ :-
ਸੁੰਦਰ ਮੁੰਦਰੀਏ – ਹੋ,
ਤੇਰਾ ਕੌਣ ਵਿਚਾਰਾ – ਹੋ,
ਦੁੱਲਾ ਭੱਟੀ ਵਾਲਾ – ਹੋ,
ਦੁਲੇ ਦੀ ਧੀ ਵਿਆਹੀ-ਹੋ,
ਸੇਰ ਸੱਕਰ ਪਾਈ – ਹੋ ।
ਲੋਹੜੀ ਦਾ ਤਿਉਹਾਰ ਨਵ-ਜਨਮੇ ਬਾਲਾਂ ਨਾਲ਼ ਜੁੜਿਆ ਹੋਇਆ ਹੈ। ਨਵ-ਜੰਮੇ ਬਾਲ ਨੂੰ ਸੁਘੜ ਸੁਜਾਨ ਭੈਣਾਂ, ਭੂਆਂ, ਚਾਚੀਆਂ, ਮਾਮੀਆਂ, ਮਾਸੀਆਂ, ਦਰਾਣੀਆਂ, ਜਠਾਣੀਆਂ ਪੁਸ਼ਾਕਾਂ ਤੇ ਖਿਡੌਣੇ ਤੋਹਫ਼ੇ ਵਜੋਂ ਦਿੰਦੀਆਂ ਹਨ। ਪਰਿਵਾਰ ਵਿੱਚੋਂ ਬਾਲ ਦੀ ਦਾਦੀ, ਨਾਨੀ, ਮਾਂ ਅਤੇ ਭੈਣਾਂ ਗੁੜ ਦੀਆਂ ਭੇਲੀਆਂ ਭੰਨ ਕੇ ਰੋੜ੍ਹੀਆਂ ਬਣਾਉਂਦੀਆਂ ਹਨ। ਇਹ ਗੁੜ ਸ਼ਗਨ ਵਜੋਂ ਗਲੀ ਮੁਹੱਲੇ ਪਿੰਡ ਵਿੱਚ ਵੰਡਿਆ ਜਾਂਦਾ ਹੈ। ਇਸ ਮੌਕੇ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਭੈਣਾਂ ਵੀਰ ਦੀ ਲੰਮੀ ਉਮਰ ਲਈ ਦੁਆਵਾਂ ਕਰਦੀਆਂ ਹਨ।
ਲੋਹੜੀ ਦਾ ਤਿਉਹਾਰ ਸ਼ਹਿਰਾਂ ਵਿੱਚ ਵੀ ਗਲ਼ੀ-ਮਹੱਲੇ ਵਿੱਚ ਲੋਹੜੀ ਬਾਲ਼ ਕੇ ਮਨਾਇਆ ਜਾਂਦਾ ਹੈ। ਕੁਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਸ਼ਹਿਰਾਂ ਵਿੱਚ ਲੋਹੜੀ-ਮੇਲੇ ਵੀ ਲਗਦੇ ਹਨ। ਉਂਝ ਵੀ ਇਹ ਤਿਉਹਾਰ ਸੱਭਿਆਚਾਰਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਲਈ ਅੱਜ-ਕੱਲ੍ਹ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਅਤੇ ਦੇਸਾਂ-ਵਿਦੇਸ਼ਾਂ ਵਿੱਚ, ਜਿੱਥੇ ਕਿਧਰੇ ਵੀ ਪੰਜਾਬੀ ਵੱਸਦੇ ਹਨ, ਉਨ੍ਹਾਂ ਵੱਲੋਂ ਇਹ ਤਿਉਹਾਰ ਚਾਵਾਂ ਨਾਲ਼ ਮਨਾਇਆ ਜਾਣ ਲਗ ਪਿਆ ਹੈ। ਖੁਸ਼ੀ ਦੀ ਗੱਲ ਇਹ ਵੀ ਹੈ ਕਿ ਬਦਲ ਰਹੇ ਸਮਾਜ ਵਿੱਚ ਪੁੱਤਰਾਂ ਦੇ ਨਾਲ਼-ਨਾਲ਼ ਧੀਆਂ ਦੀ ਲੋਹੜੀ ਵੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ। ਉਹ ਦਿਨ ਦੂਰ ਨਹੀਂ ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ।