ਅਖ਼ਬਾਰ ਦੇ ਸੰਪਾਦਕ ਨੂੰ ਵਿਦਿਆਰਥੀ ਜੀਵਨ ਵਿੱਚ ਮੋਬਾਈਲ ਫ਼ੋਨ ਦੀ ਦੁਰਵਰਤੋਂ ਸੰਬੰਧੀ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ………….।
ਮਿਤੀ : 28 ਜੁਲਾਈ, 2021.
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਵਿਦਿਆਰਥੀਆਂ ਦੁਆਰਾ ਮੋਬਾਈਲ ਫ਼ੋਨ ਦੀ ਦੁਰਵਰਤੋਂ ਸੰਬੰਧੀ।
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਆਪ ਆਪਣੇ ਅਖ਼ਬਾਰ ਵਿੱਚ ਵਿਦਿਆਰਥੀਆਂ ਦੁਆਰਾ ਮੋਬਾਈਲ ਫ਼ੋਨ ਦੀ ਹੋ ਰਹੀ ਦੁਰਵਰਤੋਂ ਸੰਬੰਧੀ ਵੱਧ ਤੋਂ ਵੱਧ ਖ਼ਬਰਾਂ ਅਤੇ ਲੇਖ ਛਾਪ ਕੇ ਸਮਾਜ ਅਤੇ ਵਿਦਿਆਰਥੀ ਵਰਗ ਨੂੰ ਇਸ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਓ। ਮੈਂ ਵੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ, ਉਮੀਦ ਕਰਦਾ ਹਾਂ ਕਿ ਆਪ ਆਪਣੇ ਅਖ਼ਬਾਰ ਵਿੱਚ ਇਸ ਨੂੰ ਜ਼ਰੂਰ ਜਗ੍ਹਾ ਦੇਵੋਗੇ। ਅਜੋਕੇ ਸਮੇਂ ਮੋਬਾਈਲ ਦੀ ਸਭ ਤੋਂ ਵੱਧ ਵਰਤੋਂ ਨੌਜਵਾਨ ਵਰਗ ਵਲੋਂ ਕੀਤੀ ਜਾ ਰਹੀ ਹੈ। ਬੇਸ਼ੱਕ ਮੋਬਾਈਲ ਫ਼ੋਨ ਵਿਦਿਆਰਥੀ ਵਰਗ ਲਈ ਕਈ ਪੱਖਾਂ ਤੋਂ ਬਹੁਤ ਹੀ ਲਾਭਦਾਇਕ ਯੰਤਰ ਹੈ। ਪਰੰਤੂ ਇਸ ਦੇ ਨਾਲ਼ ਹੀ ਇਸ ਤੋਂ ਬੱਚਿਆਂ ਤੇ ਨੌਜਵਾਨ ਵਰਗ ਖ਼ਾਸ ਕਰ ਵਿਦਿਆਰਥੀਆਂ ਨੂੰ ਬਹੁਤ ਸਾਰਾ ਨੁਕਸਾਨ ਵੀ ਪਹੁੰਚਿਆ ਹੈ।
ਅੱਜ-ਕੱਲ੍ਹ ਬੱਚਿਆਂ ਕੋਲ਼ ਮੋਬਾਈਲ ਫ਼ੋਨ ਦਾ ਹੋਣਾ ਆਮ ਜਿਹੀ ਗੱਲ ਹੈ। ਪਰ ਬੱਚੇ ਇਸ ਦੀ ਸਹੀ ਵਰਤੋਂ ਕਰਨ ਦੀ ਥਾਂ ਜ਼ਿਆਦਾਤਰ ਇਸ ਦੀ ਗ਼ਲਤ ਵਰਤੋਂ ਹੀ ਕਰਦੇ ਹਨ। ਬੱਚਿਆਂ ਨੂੰ ਜੋ ਸਮਾਂ ਵਿਹਲਾ ਮਿਲ਼ਦਾ ਹੈ, ਜ਼ਿਆਦਾਤਰ ਬੱਚੇ ਕਿਤਾਬਾਂ ਪੜ੍ਹਨ ਜਾਂ ਖੇਡਣ ਦੀ ਥਾਂ ਇਸ ਸਮੇਂ ਨੂੰ ਮੋਬਾਈਲ ਫ਼ੋਨ ਉੱਪਰ ਵਾਧੂ ਦੀਆਂ ਕਿਰਿਆਵਾਂ ਲਈ ਨਸ਼ਟ ਕਰ ਦਿੰਦੇ ਹਨ। ਕੁਝ ਬੱਚੇ ਤਾਂ ਆਪਣਾ ਪੜ੍ਹਾਈ ਦਾ ਸਮਾਂ ਵੀ ਮੋਬਾਈਲ ਫ਼ੋਨ ਉੱਪਰ ਹੀ ਗੁਜ਼ਾਰ ਦਿੰਦੇ ਹਨ। ਇਸ ਨਾਲ਼ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਉੱਥੇ ਉਹਨਾਂ ਨੂੰ ਸਰੀਰਕ ਪੱਖ ਤੋਂ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਕਾਫ਼ੀ ਬੱਚਿਆਂ ਦੇ ਛੋਟੀ ਉਮਰ ਵਿੱਚ ਹੀ ਐਨਕ ਲੱਗ ਜਾਂਦੀ ਹੈ। ਮੋਬਾਈਲ ਫ਼ੋਨ ਵਿੱਚ ਰੁੱਝ ਕੇ ਬੱਚੇ ਸਮਾਜ ਨਾਲ਼ੋਂ ਵੀ ਟੁੱਟ ਰਹੇ ਹਨ। ਬੱਚਿਆਂ ਅੰਦਰੋਂ ਸਮਾਜ ਵਿੱਚ ਵਿਚਰਨ ਦੀ ਜੀਵਨ-ਜਾਂਚ ਗੁਆਚ ਰਹੀ ਹੈ। ਮੋਬਾਈਲ ਫ਼ੋਨ ਵਿੱਚ ਰੁੱਝੇ ਬੱਚਿਆਂ ਕੋਲ਼ ਆਪਣੇ ਮਾਂ-ਬਾਪ ਅਤੇ ਦਾਦਾ-ਦਾਦੀ ਕੋਲ਼ ਬੈਠ ਕੇ ਗੱਲਾਂ ਕਰਨ ਅਤੇ ਜੀਵਨ-ਸੇਧ ਲੈਣ ਦਾ ਵੀ ਸਮਾਂ ਨਹੀਂ। ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ਼ ਬਹੁਤ ਬੱਚੇ ਅਪਰਾਧ ਦੀ ਦੁਨੀਆ ਦਾ ਸ਼ਿਕਾਰ ਹੋ ਰਹੇ ਹਨ ਜਾਂ ਖੁਦ ਅਪਰਾਧ ਵਿੱਚ ਸ਼ਾਮਲ ਹੋ ਰਹੇ ਹਨ।
ਇਸ ਪ੍ਰਕਾਰ ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ਼ ਬੱਚੇ ਸਮਾਜ ਤੋਂ ਦੂਰ ਜਾਣ ਦੇ ਨਾਲ਼-ਨਾਲ਼ ਨੈਤਿਕ ਕਦਰਾਂ-ਕੀਮਤਾਂ ਤੋਂ ਵੀ ਸੱਖਣੇ ਹੋ ਰਹੇ ਹਨ। ਜੇਕਰ ਇਸ ਗ਼ਲਤ ਵਰਤੋਂ ਨੂੰ ਰੋਕਿਆ ਨਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਨੌਜੁਆਨ ਪੀੜ੍ਹੀ ਪੜ੍ਹਾਈ ਪੱਖ ਤੋਂ ਪਿਛੜਨ ਦੇ ਨਾਲ਼-ਨਾਲ਼ ਨੈਤਿਕ ਅਤੇ ਸਮਾਜਿਕ ਪੱਖ ਤੋਂ ਵੀ ਕੋਰੀ ਹੋ ਜਾਵੇਗੀ। ਦਿਨੋ-ਦਿਨ ਅਪਰਾਧ ਵੱਧਣ ਦਾ ਕਾਰਨ ਵੀ ਮੋਬਾਈਲ ਫ਼ੋਨ ਦੀ ਦੁਰਵਰਤੋਂ ਹੀ ਹੈ। ਮੈਂ ਆਸ ਕਰਦਾ ਹਾਂ ਮੇਰੇ ਇਹ ਵਿਚਾਰ ਪੜ੍ਹ ਕੇ ਬਹੁਤ ਸਾਰੇ ਸਮਾਜ-ਸੇਵੀ ਲੋਕ ਅਤੇ ਮਾਤਾ-ਪਿਤਾ ਇਸ ਪ੍ਰਤੀ ਫ਼ਿਕਰਮੰਦ ਜ਼ਰੂਰ ਹੋਣਗੇ ਅਤੇ ਕੋਈ ਢੁਕਵਾਂ ਉਪਾਅ ਵੀ ਸੋਚਣਗੇ।
ਧੰਨਵਾਦ ਸਹਿਤ
ਆਪ ਦਾ ਪਾਠਕ,
ਨਾਮ……………।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037