7. ਵੱਖ-ਵੱਖ ਵਸਤਾਂ ਵਿੱਚ ਮਿਲ਼ਾਵਟ ਬਾਰੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਨਹਿਰੂ ਗਾਰਡਨ ਰੋਡ,
ਜਲੰਧਰ।
ਵਿਸ਼ਾ : ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਹੋ ਰਹੀ ਮਿਲ਼ਾਵਟ ਸੰਬੰਧੀ।
ਸ੍ਰੀਮਾਨ ਜੀ,
ਮੈਂ ਆਪਣੇ ਇਸ ਪੱਤਰ ਦੁਆਰਾ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਹੁੰਦੀ ਮਿਲ਼ਾਵਟ ਵੱਲ ਸਰਕਾਰ ਅਤੇ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੀ ਹਾਂ। ਅੱਜ-ਕੱਲ੍ਹ ਸਾਡੇ ਦੇਸ ਵਿੱਚ ਕੁਝ ਵਪਾਰੀ ਅਤੇ ਦੁਕਾਨਦਾਰ ਵਧੇਰੇ ਮੁਨਾਫ਼ੇ ਲਈ ਖਾਣ-ਪੀਣ ਵਾਲ਼ੀਆਂ ਵਸਤਾਂ ਵਿੱਚ ਮਿਲ਼ਾਵਟ ਕਰ ਰਹੇ ਹਨ। ਦੇਸੀ ਘਿਓ ਦੀ ਕਹਿ ਕੇ ਵੇਚੀ ਜਾਂਦੀ ਮਿਠਿਆਈ ਅਕਸਰ ਬਣਾਉਟੀ ਘਿਓ ਦੁਆਰਾ ਤਿਆਰ ਕੀਤੀ ਜਾਂਦੀ ਹੈ। ਕੇਸਰ ਦੇ ਬਣੇ ਆਖੇ ਜਾਂਦੇ ਲੱਡੂਆਂ ਵਿੱਚ ਕੈਮੀਕਲ ਰੰਗ ਹੀ ਮਿਲ਼ਾਇਆ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਦੇ ਲਾਲਚੀ ਲੋਕ ਮਨੁੱਖੀ ਸਿਹਤ ਨਾਲ਼ ਸ਼ਰ੍ਹੇਆਮ ਖਿਲਵਾੜ ਕਰ ਰਹੇ ਹਨ। ਕੱਲ੍ਹ ਦੀ ਹੀ ਗੱਲ ਹੈ ਕਿ ਮੇਰੇ ਮਾਤਾ ਜੀ ਬਜ਼ਾਰ ਵਿੱਚੋਂ ਘਰ ਲਈ ਰਾਸ਼ਨ ਖ਼ਰੀਦ ਕੇ ਲਿਆਏ। ਘਰ ਜਾ ਕੇ ਵੇਖਿਆ ਕਿ ਦਾਲ਼ਾਂ ਵਿੱਚ ਬਰੀਕ ਕੰਕਰ ਕਾਫ਼ੀ ਮਾਤਰਾ ਵਿੱਚ ਰਲ਼ੇ ਹੋਏ ਸਨ। ਚਾਹ-ਪੱਤੀ ਵਿੱਚ ਲੋਹ-ਚੂਰਨ ਮਿਲ਼ਿਆ ਹੋਇਆ ਸੀ। ਦੇਸੀ ਘਿਓ ਵਿੱਚ ਬਣਾਉਟੀ ਘਿਓ ਮਿਲ਼ਾਇਆ ਪ੍ਰਤੀਤ ਹੁੰਦਾ ਸੀ। ਅਸੀਂ ਇਸ ਸੰਬੰਧੀ ਉਪਭੋਗਤਾ ਸੁਰੱਖਿਆ ਵਿਭਾਗ ਨੂੰ ਸ਼ਿਕਾਇਤ ਕਰਨ ਦਾ ਫ਼ੈਸਲਾ ਕੀਤਾ ਹੈ।
ਦੁੱਧ, ਪਨੀਰ, ਖੋਏ ਅਤੇ ਮਿਠਿਆਈ ਨੂੰ ਤਿਆਰ ਕਰਨ ਵਾਲ਼ੀਆਂ ਫ਼ੈਕਟਰੀਆਂ ਦੇ ਫੜੇ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਰਾਹੀਂ ਜੱਗ-ਜ਼ਾਹਰ ਹੋ ਰਹੀਆਂ ਹਨ ਪਰੰਤੂ ਇਹਨਾਂ ਦੋਸ਼ੀਆਂ ‘ਤੇ ਕੋਈ ਸਖ਼ਤ ਕਾਰਵਾਈ ਨਾ ਹੋਣ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ।
ਮੇਰਾ ਸੁਝਾਅ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਦੇ ਟਿਕਾਣਿਆਂ ‘ਤੇ ਲਗਾਤਾਰ ਛਾਪੇ ਮਾਰ ਕੇ ਉਹਨਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੇ ਨਮੂਨੇ ਭਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕ ਮਿਲ਼ਾਵਟ ਨਾ ਕਰ ਸਕਣ। ਜੇਕਰ ਇਸ ਸੰਬੰਧੀ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਉੱਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਆਸ ਹੈ ਕਿ ਸੰਬੰਧਿਤ ਅਧਿਕਾਰੀ ਅਤੇ ਜਨਤਾ ਦੇ ਆਗੂ ਇਸ ਪ੍ਰਕਾਰ ਦੇ ਹੋ ਰਹੇ ਘਿਣਾਉਣੇ ਅਪਰਾਧ ਰੋਕਣ ਲਈ ਹਰ ਸੰਭਵ ਯਤਨ ਕਰਨਗੇ।
ਆਪ ਜੀ ਦੀ ਵਿਸ਼ਵਾਸਪਾਤਰ,
ਨਾਮ……………..,
ਮਿਤੀ:8 ਜੁਲਾਈ, 2024 ਪਤਾ……………..।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037