ਸਾਈਕਲ/ਸਕੂਟਰ/ਮੋਟਰ-ਸਾਈਕਲ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਪੱਤਰ।
ਸੇਵਾ ਵਿਖੇ
ਐੱਸ. ਐੱਚ. ਓ. ਸਾਹਿਬ,
ਥਾਣਾ ਕੋਟਭਾਈ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਵਿਸ਼ਾ: ਚੋਰੀ ਹੋ ਗਏ ਸਾਈਕਲ ਦੀ ਰਿਪੋਰਟ ਦਰਜ ਕਰਵਾਉਣ ਬਾਰੇ।
ਸ੍ਰੀਮਾਨ ਜੀ,
ਮੈਂ ਕੱਲ੍ਹ ਦੁਪਹਿਰ ਤੋਂ ਬਾਅਦ ਸਟੇਟ ਬੈਂਕ ਆਫ਼ ਪਟਿਆਲਾ ਦੀ ਸ਼ਾਖਾ ਵਿੱਚ ਆਪਣਾ ਖਾਤਾ ਖੁਲ੍ਹਵਾਉਣ ਲਈ ਗਿਆ ਸੀ। ਮੈਂ ਬੈਂਕ ਅੱਗੇ ਆਪਣਾ ਸਾਈਕਲ ਖੜ੍ਹਾ ਕਰਕੇ ਅਤੇ ਇਸ ਨੂੰ ਤਾਲਾ ਲਾ ਕੇ ਬੈਂਕ ਅੰਦਰ ਚਲਾ ਗਿਆ। ਬੈਂਕ ਵਿੱਚ ਭੀੜ ਹੋਣ ਕਾਰਨ ਮੈਨੂੰ ਉੱਥੇ ਲਗ-ਪਗ ਇੱਕ ਘੰਟਾ ਸਮਾਂ ਲੱਗ ਗਿਆ। ਜਦੋਂ ਮੈਂ ਬੈਂਕ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਉਸ ਜਗ੍ਹਾ ਨਹੀਂ ਸੀ, ਜਿਸ ਜਗ੍ਹਾ ਮੈਂ ਖੜ੍ਹਾ ਕੀਤਾ ਸੀ। ਆਲ਼ੇ-ਦੁਆਲ਼ੇ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲ਼ਿਆਂ ਤੋਂ ਪੁੱਛ-ਗਿੱਛ ਕੀਤੀ ਪਰ ਕਿਸੇ ਨੂੰ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ । ਅੱਧਾ ਘੰਟਾ ਪੜਤਾਲ ਕਰਨ ਤੋਂ ਬਾਅਦ ਮੈਂ ਇਸ ਸਿੱਟੇ ‘ਤੇ ਪੁੱਜਾ ਕਿ ਮੇਰਾ ਸਾਈਕਲ ਚੋਰੀ ਹੋ ਗਿਆ ਸੀ।
ਮੈਂ ਇਹ ਸਾਈਕਲ ਇਸੇ ਸਾਲ ਰਾਮਾ ਮੰਡੀ ਦੇ ‘ਪੰਜਾਬ ਸਾਈਕਲ ਸਟੋਰ’ ਤੋਂ ਖ਼ਰੀਦਿਆ ਸੀ । ਮੇਰੇ ਕੋਲ਼ ਦੁਕਾਨ ਦੀ ਰਸੀਦ ਵੀ ਹੈ। ਸਾਈਕਲ ਐਟਲਸ ਕੰਪਨੀ ਦਾ ਹੈ ਅਤੇ ਇਸ ਦਾ ਨੰ: ਐੱਸ –936589 ਹੈ। ਸਾਈਕਲ ਦਾ ਰੰਗ ਨੀਲਾ ਹੈ। ਇਸ ਨੂੰ ਕੈਰੀਅਰ ਅਤੇ ਸਟੀਲ ਦੀ ਟੋਕਰੀ ਲੱਗੀ ਹੋਈ ਹੈ।
ਕਿਰਪਾ ਕਰਕੇ ਮੇਰੇ ਸਾਈਕਲ ਨੂੰ ਲੱਭਣ ਲਈ ਯੋਗ ਕਾਰਵਾਈ ਕੀਤੀ ਜਾਵੇ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸਪਾਤਰ,
ਨਾਮ……………………,
ਮਿਤੀ: 10 ਜੁਲਾਈ, 2024 ਪਤਾ……………………।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037