ਰਾਬਿੰਦਰ ਨਾਥ ਟੈਗੋਰ
• ਜਾਣ-ਪਛਾਣ – ਸਾਡੇ ਦੇਸ ਦੇ ਰਾਸ਼ਟਰੀ ਗੀਤ ‘ਜਨ ਗਣ ਮਨ ….. ‘ ਦੇ ਲੇਖਕ ਅਤੇ ਪ੍ਰਸਿੱਧ ਨੋਬਲ ਪੁਰਸਕਾਰ ਜੇਤੂ ਕਵੀ ਰਾਬਿੰਦਰਨਾਥ ਟੈਗੋਰ ਦਾ ਨਾਂ ਕੌਣ ਨਹੀਂ ਜਾਣਦਾ? ਉਹਨਾਂ ਦੀਆਂ ਲਿਖਤਾਂ ਸਾਰੇ ਦੇਸਵਾਸੀ ਬੜੀ ਦਿਲਚਸਪੀ ਨਾਲ਼ ਪੜ੍ਹਦੇ ਹਨ। ਇਹ ਉਹ ਅਣਖ਼ੀਲੇ ਭਾਰਤੀ ਸਨ ਜਿਨ੍ਹਾਂ ਨੇ ਜੱਲ੍ਹਿਆਂਵਾਲ਼ਾ ਬਾਗ਼ ਦੇ ਸਾਕੇ ਦੇ ਰੋਸ ਵਜੋਂ ਅੰਗਰੇਜ਼ਾਂ ਵੱਲੋਂ ਦਿੱਤਾ ‘ਸਰ’ ਦਾ ਖ਼ਿਤਾਬ ਵਾਪਸ ਕਰ ਦਿੱਤਾ ਸੀ।
• ਜਨਮ ਅਤੇ ਸਥਾਨ – ਟੈਗੋਰ ਦਾ ਜਨਮ 7 ਮਈ, 1861 ਈਸਵੀ ਨੂੰ ਕਲਕੱਤੇ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ। ਉਹਨਾਂ ਨੂੰ ਘਰ ਵਿੱਚ ਹੀ ਸਾਹਿਤਿਕ ਅਤੇ ਕਲਾਮਈ ਵਾਤਾਵਰਨ ਪ੍ਰਾਪਤ ਹੋਇਆ। ਉਹ ਅਜ਼ਾਦ ਸੁਭਾਅ ਵਾਲ਼ੇ ਬੱਚੇ ਸਨ ਇਸ ਲਈ ਖੁੱਲ੍ਹੀਆਂ ਤੇ ਕੁਦਰਤੀ ਦ੍ਰਿਸ਼ਾਂ ਵਾਲ਼ੀਆਂ ਥਾਂਵਾਂ ਪਸੰਦ ਕਰਦੇ ਸਨ। ਉਹਨਾਂ ਆਪਣੇ ਜੀਵਨ ਵਿੱਚ ਮਨਮੋਹਣੇ ਪ੍ਰਕਿਰਤਿਕ ਸਥਾਨਾਂ ਦੀ ਯਾਤਰਾ ਕੀਤੀ। ਉਹ ਅੰਮ੍ਰਿਤਸਰ ਵੀ ਆਏ ਅਤੇ ਹਰਿਮੰਦਰ ਸਾਹਿਬ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ।
• ਪੜ੍ਹਾਈ – ਉਹਨਾਂ ਨੇ ਮੁਢਲੀ ਵਿੱਦਿਆ ਵਧੇਰੇ ਕਰਕੇ ਘਰ ਵਿੱਚ ਹੀ ਅਧਿਆਪਕਾਂ ਰਾਹੀਂ ਪ੍ਰਾਪਤ ਕੀਤੀ। ਸਤਾਰਾਂ ਸਾਲ ਦੀ ਉਮਰ ਵਿੱਚ ਉਹ ਉਚੇਰੀ ਵਿੱਦਿਆ ਲਈ ਇੰਗਲੈਂਡ ਗਏ। ਉਹਨਾਂ ਦਾ ਵਧੇਰੇ ਝੁਕਾਅ ਸਾਹਿਤ ਅਤੇ ਕਲਾ ਵੱਲ ਸੀ ਜਿਸ ਕਰਕੇ ਉਹਨਾਂ ਨੇ ਆਪਣੀ ਇਹ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ।
• ਸਾਹਿਤਕ ਰਚਨਾਵਾਂ – ਟੈਗੋਰ ਨੇ ਛੋਟੀ ਉਮਰ ਵਿੱਚ ਹੀ ਸਾਹਿਤ-ਰਚਨਾ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਆਪਣੀ ਮਾਂ-ਬੋਲੀ ਬੰਗਲਾ ਵਿੱਚ ਸਾਹਿਤ ਦੇ ਹਰ ਰੂਪ – ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਅਤੇ ਨਿਬੰਧ ਵਿੱਚ ਰਚਨਾ ਕੀਤੀ ਪਰ ਉਹਨਾਂ ਨੂੰ ਵਧੇਰੇ ਪ੍ਰਸਿੱਧੀ ਕਵੀ ਦੇ ਤੌਰ ‘ਤੇ ਮਿਲੀ। ਉਹਨਾਂ ਦੇ ਕਾਵਿ-ਸੰਗ੍ਰਹਿ ‘ਗੀਤਾਂਜਲੀ’ ਨੂੰ 1913 ਈ: ਵਿੱਚ ਸੰਸਾਰ-ਪ੍ਰਸਿੱਧ ਨੋਬਲ ਪੁਰਸਕਾਰ ਮਿਲ਼ਿਆ। ਇਸ ਨਾਲ਼ ਉਹਨਾਂ ਦਾ ਨਾਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਇਆ ਅਤੇ ਭਾਰਤ ਮਾਂ ਦਾ ਸਿਰ ਵੀ ਉੱਚਾ ਹੋਇਆ। ਉਹਨਾਂ ਦੇ ਗੀਤ ਬਹੁਤ ਹਰਮਨ-ਪਿਆਰੇ ਹੋਏ। ਉਹਨਾਂ ਨੇ ਬੱਚਿਆਂ ਲਈ ਵੀ ਸਾਹਿਤ-ਰਚਨਾ ਕੀਤੀ। ਉਹਨਾਂ ਦੀਆਂ ਕੁਝ ਕਹਾਣੀਆਂ ਅਤੇ ਕਵਿਤਾਵਾਂ ਵਿਦਿਆਰਥੀ ਆਪਣੀਆਂ ਪਾਠ ਪੁਸਤਕਾਂ ਵਿੱਚ ਵੀ ਪੜ੍ਹਦੇ ਹਨ। ਉਹਨਾਂ ਦੀ ਜਗਤ-ਪ੍ਰਸਿੱਧ ਕਹਾਣੀ ‘ਕਾਬਲੀਵਾਲ਼ਾ’ ਉੱਪਰ ਫ਼ਿਲਮ ਵੀ ਬਣ ਚੁੱਕੀ ਹੈ। ਉਹਨਾਂ ਨੇ ਕਈ ਦਰਜਨ ਗ੍ਰੰਥਾਂ ਦੀ ਰਚਨਾ ਕੀਤੀ। ਉਹਨਾਂ ਦੀਆਂ ਕੁਝ ਮੁੱਖ ਰਚਨਾਵਾਂ ਹਨ: ਗੀਤਾਂਜਲੀ (ਕਾਵਿ-ਸੰਗ੍ਰਹਿ), ਗੋਰਾ (ਨਾਵਲ), ਡਾਕਘਰ (ਨਾਟਕ) ਆਦਿ।
• ਹੋਰ ਕਲਾਵਾਂ – ਟੈਗੋਰ ਦੀ ਸਾਹਿਤ ਤੋਂ ਬਿਨਾਂ ਹੋਰ ਕਲਾਵਾਂ ਵਿੱਚ ਵੀ ਰੁਚੀ ਸੀ। ਉਹਨਾਂ ਦੇ ਬਣਾਏ ਚਿੱਤਰ, ਚਿੱਤਰ-ਕਲਾ ਦੇ ਖੇਤਰ ਵਿੱਚ ਖ਼ਾਸ ਸਥਾਨ ਰੱਖਦੇ ਹਨ। ਸੰਗੀਤ ਵਿੱਚ ਉਹਨਾਂ ਦੀਆਂ ਬਣਾਈਆਂ ਧੁਨਾਂ ‘ਰਾਬਿੰਦਰ ਸੰਗੀਤ’ ਵਜੋਂ ਪ੍ਰਸਿੱਧ ਹਨ।
• ਸਾਂਤੀਨਿਕੇਤਨ ਸਕੂਲ – ਰਾਬਿੰਦਰਨਾਥ ਟੈਗੋਰ ਦੀ ਸਿੱਖਿਆ ਦੇ ਖੇਤਰ ਵਿੱਚ ਵੀ ਵਿਸ਼ੇਸ਼ ਥਾਂ ਹੈ। ਬਚਪਨ ਤੋਂ ਹੀ ਉਹ ਆਪਣੇ ਸਮੇਂ ਦੀ ਸਕੂਲ-ਸਿੱਖਿਆ ਤੇ ਢੰਗ ਤੋਂ ਸੰਤੁਸ਼ਟ ਨਹੀਂ ਸਨ। ਸਿੱਖਿਆ ਬਾਰੇ ਉਹਨਾਂ ਦੇ ਮਨ ਵਿੱਚ ਜਿਹੜਾ ਸੁਪਨਾ ਬਣਿਆ ਹੋਇਆ ਸੀ ਉਹ ਉਹਨਾਂ ਨੇ 1901 ਈ: ਵਿੱਚ ਸ਼ਾਂਤੀਨਿਕੇਤਨ ਨਾਂ ਦਾ ਸਕੂਲ ਸਥਾਪਿਤ ਕਰਕੇ ਪੂਰਾ ਕੀਤਾ। ਇਸ ਸਕੂਲ ਦੀਆਂ ਖ਼ਾਸ ਗੱਲਾਂ ਵਿੱਚੋਂ ਮਾਂ-ਬੋਲੀ ਵਿੱਚ ਪੜ੍ਹਾਈ, ਪਾਠ-ਕ੍ਰਮ ਵਿੱਚ ਵੱਖ-ਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਅਤੇ ਕੁਦਰਤ ਦੇ ਸੁਹਜ ਵਿੱਚ ਜਿਊਂਣਾ ਸ਼ਾਮਲ ਸਨ। ਅੱਜ-ਕੱਲ੍ਹ ਸ਼ਾਂਤੀਨਿਕੇਤਨ ਵਿਸ਼ਵ-ਵਿਦਿਆਲਾ ਹੈ।
• ਮਾਂ-ਬੋਲੀ ਪ੍ਰਤੀ ਪਿਆਰ – ਟੈਗੋਰ ਦੇ ਹਿਰਦੇ ਵਿੱਚ ਆਪਣੀ ਮਾਂ-ਬੋਲੀ ਲਈ ਬੜਾ ਪਿਆਰ ਸੀ। ਉਹ ਹੋਰ ਪ੍ਰਾਂਤਾਂ ਦੇ ਲੇਖਕਾਂ ਨੂੰ ਵੀ ਆਪੋ-ਆਪਣੀ ਮਾਂ-ਬੋਲੀ ਵਿੱਚ ਲਿਖਣ ਲਈ ਪ੍ਰੇਰਦੇ ਸਨ। ਪ੍ਰਸਿੱਧ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਅਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਲਿਖਣ ਲਈ ਉਹਨਾਂ ਨੇ ਉਤਸ਼ਾਹਿਤ ਕੀਤਾ। ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ-ਬੋਲੀ ਵਿੱਚ ਦਿੱਤੀ ਸਿੱਖਿਆ ਹੀ ਸਭ ਤੋਂ ਵੱਧ ਅਸਰਦਾਰ ਹੁੰਦੀ ਹੈ।
• ਦੇਸ ਪ੍ਰਤੀ ਪਿਆਰ – ਉਹਨਾਂ ਦੀ ਮਹਾਨਤਾ ਅੱਗੇ ਅੰਗਰੇਜ਼ ਸਰਕਾਰ ਵੀ ਸਿਰ ਝੁਕਾਉਂਦੀ ਸੀ। ਸਰਕਾਰ ਵੱਲੋਂ ਉਹਨਾਂ ਨੂੰ ‘ਸਰ’ ਦਾ ਖ਼ਿਤਾਬ ਦਿੱਤਾ ਗਿਆ ਸੀ। ਪਰ ਉਹਨਾਂ ਲਈ ਕੋਈ ਵੀ ਸਨਮਾਨ ਆਪਣੇ ਪਿਆਰੇ ਭਾਰਤ ਦੀ ਅਣਖ ਕਾਇਮ ਰੱਖਣ ਨਾਲ਼ੋਂ ਵੱਡਾ ਨਹੀਂ ਸੀ। ਜਦੋਂ 13 ਅਪ੍ਰੈਲ, 1919 ਈ. ਦੇ ਵਿਸਾਖੀ ਵਾਲ਼ੇ ਦਿਨ ਅੰਮ੍ਰਿਤਸਰ ਵਿਖੇ ਜੱਲ੍ਹਿਆਂਵਾਲ਼ੇ ਬਾਗ਼ ਵਿੱਚ ਅੰਗਰੇਜ਼ਾਂ ਵੱਲੋਂ ਨਿਹੱਥੇ ਭਾਰਤੀਆਂ ਉੱਤੇ ਗੋਲ਼ੀ ਚਲਾਈ ਗਈ ਤਾਂ ਇਸ ਖ਼ੂਨੀ ਸਾਕੇ ਨੂੰ ਸੁਣ ਕੇ ਉਹਨਾਂ ਦੀ ਰੂਹ ਕੰਬ ਉੱਠੀ। ਉਹਨਾਂ ਨੂੰ ਅਜਿਹੀ ਜ਼ਾਲਮ ਸਰਕਾਰ ਵੱਲੋਂ ਦਿੱਤਾ ‘ਸਰ’ ਦਾ ਸਨਮਾਨ ਇੱਕ ਬੋਝ ਜਾਪਣ ਲੱਗ ਪਿਆ। ਇਸ ਲਈ ਉਹਨਾਂ ਨੇ ਇਹ ਖ਼ਿਤਾਬ ਰੋਸ ਵਜੋਂ ਵਾਪਸ ਕਰ ਦਿੱਤਾ।
• ਦਿਹਾਂਤ – ਰਾਬਿੰਦਰਨਾਥ ਟੈਗੋਰ ਨੇ ਕਦੇ ਵੀ ਸਰਗਰਮ ਰਾਜਨੀਤੀ ਵਿੱਚ ਭਾਗ ਨਹੀਂ ਲਿਆ ਪਰ ਭਾਰਤ ਦੇ ਮਹਾਨ ਨੇਤਾ ਉਹਨਾਂ ਦਾ ਬਹੁਤ ਸਨਮਾਨ ਕਰਦੇ ਸਨ। ਮਹਾਤਮਾ ਗਾਂਧੀ ਤਾਂ ਉਹਨਾਂ ਨੂੰ ਸਤਿਕਾਰ ਨਾਲ਼ ‘ਗੁਰੂਦੇਵ’ ਕਹਿੰਦੇ ਸਨ। ਰਾਬਿੰਦਰਨਾਥ ਟੈਗੋਰ ਦਾ ਸੰਨ 1941 ਵਿੱਚ ਦਿਹਾਂਤ ਹੋ ਗਿਆ।
• ਸਾਰ-ਅੰਸ਼ – ਸਮੁੱਚੇ ਤੌਰ ‘ਤੇ ਟੈਗੋਰ ਇੱਕ ਮਹਾਨ ਸਾਹਿਤਕਾਰ ਸਨ। ਉਹਨਾਂ ਨੇ ਆਪਣੀ ਬਹੁਤੀ ਰਚਨਾ ਆਪਣੀ ਮਾਂ-ਬੋਲੀ ਬੰਗਲਾ ਵਿੱਚ ਕੀਤੀ। ਉਹਨਾਂ ਦੀਆਂ ਰਚਨਾਵਾਂ ਉਚੇਰੀਆਂ ਮਾਨਵੀ ਕਦਰਾਂ-ਕੀਮਤਾਂ ਕਾਰਨ ਸੰਸਾਰ-ਸਾਹਿਤ ਦਾ ਮਹੱਤਵਪੂਰਨ ਅੰਗ ਬਣ ਗਈਆਂ ਹਨ। ਉਹਨਾਂ ਨੇ ਮਨੁੱਖ ਨੂੰ ਜਾਤ-ਪਾਤ, ਰੰਗ, ਨਸਲ ਆਦਿ ਦੇ ਵਿਤਕਰਿਆਂ ਤੋਂ ਉੱਚਾ ਉੱਠਣ ਦੀ ਪ੍ਰੇਰਨਾ ਦਿੱਤੀ। ਉਹਨਾਂ ਦੀਆਂ ਰਚਨਾਵਾਂ ਵਿੱਚ ਅਜ਼ਾਦੀ ਲਈ ਲੜਦੇ ਭਾਰਤੀਆਂ ਦੀਆਂ ਭਾਵਨਾਵਾਂ, ਕੌਮੀ ਏਕਤਾ ਤੇ ਵਿਸ਼ਵ-ਏਕਤਾ ਦੇ ਭਾਵ ਇਕਸੁਰ ਹੋਏ ਹਨ। ਉਹ ਏਨੇ ਹਰਮਨ-ਪਿਆਰੇ ਸਾਹਿਤਕਾਰ ਸਨ ਕਿ ਉਹਨਾਂ ਦੀ ਖੁੱਲ੍ਹੀ ਦਾੜ੍ਹੀ ਵਾਲ਼ੀ ਸੁੰਦਰ ਤਸਵੀਰ ਲਗ-ਪਗ ਹਰ ਭਾਰਤੀ ਘਰ ਵਿੱਚ ਮਿਲ਼ ਜਾਂਦੀ ਹੈ।
ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037