ਵਧਦੀ ਅਬਾਦੀ ਦੀ ਸਮੱਸਿਆ
ਅਜੋਕੇ ਭਾਰਤ ਦੀਆਂ ਗੰਭੀਰ ਸਮੱਸਿਆਵਾਂ ਵਿੱਚੋਂ ਪ੍ਰਮੁੱਖ ਹੈ ਵਧ ਰਹੀ ਜਨ-ਸੰਖਿਆ। ਭਾਰਤ ਨੂੰ ਵੈਸੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵਧ ਰਹੀ ਅਬਾਦੀ ਸਭ ਤੋਂ ਗੰਭੀਰ ਸਮੱਸਿਆ ਹੈ। ਭਾਰਤ ਵਿੱਚ ਲਗਭਗ 70,000 ਬੱਚੇ ਹਰ ਰੋਜ਼ ਜਨਮ ਲੈਂਦੇ ਹਨ। ਭਾਰਤ ਦੀ ਅਬਾਦੀ 1951 ਈ. ਵਿੱਚ 35.67 ਕਰੋੜ ਸੀ ਤੇ ਲਗਾਤਾਰ ਵਾਧੇ ਕਾਰਨ 2022 ਵਿੱਚ ਭਾਰਤ ਦੀ ਅਬਾਦੀ 141 ਕਰੋੜ ਹੋ ਗਈ। ਵਧਦੀ ਅਬਾਦੀ ਗੰਭੀਰ ਸਮੱਸਿਆ ਦਾ ਰੂਪ ਲੈਂਦੀ ਜਾ ਰਹੀ ਹੈ।
ਵਧਦੀ ਅਬਾਦੀ ਦੇ ਨੁਕਸਾਨ:
ਅੰਨ ਦੀ ਘਾਟ : ਵਧਦੀ ਵਸੋਂ ਦਾ ਸਿੱਧਾ ਅਸਰ ਅੰਨ ਤੇ ਪੈਂਦਾ ਹੈ। ਅੰਨ ਉਪਜਾਉਣ ਵਾਲੀ ਧਰਤੀ ਤਾਂ ਓਨੀ ਹੀ ਰਹਿੰਦੀ ਹੈ ਪਰੰਤੂ ਲੋਕ ਵਧਦੇ ਜਾਂਦੇ ਹਨ। ਸਗੋਂ ਵਧ ਰਹੀ ਵਸੋਂ ਲਈ ਰਹਾਇਸੀ ਮਕਾਨ ਬਣਨ ਕਰਕੇ ਖੇਤੀ ਵਾਲੀ ਜ਼ਮੀਨ ਘਟਦੀ ਜਾ ਰਹੀ ਹੈ।
ਮਹਿੰਗਾਈ ਵਿੱਚ ਵਾਧਾ: ਅਬਾਦੀ ਦੇ ਵਾਧੇ ਨਾਲ਼ ਅਨਾਜ ਅਤੇ ਹੋਰ ਜ਼ਰੂਰੀ ਵਸਤਾਂ ਦੀ ਮੰਗ ਵਧਦੀ ਹੈ। ਮੰਗ ਵਧਣ ਕਾਰਨ ਮਹਿੰਗਾਈ ਵਧਦੀ ਹੈ। ਇਸੇ ਕਾਰਨ ਲੋਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾ ਖਰੀਦਣ ਵਿੱਚ ਵੀ ਔਖ ਮਹਿਸੂਸ ਹੁੰਦੀ ਹੈ।
ਭ੍ਰਿਸ਼ਟਾਚਾਰ ਵਿੱਚ ਵਾਧਾ: ਅਬਾਦੀ ਵਧਣ ਨਾਲ਼ ਬੇਰੁਜ਼ਗਾਰੀ ਵੀ ਵਧਦੀ ਜਾ ਰਹੀ ਹੈ। ਬੇਰੁਜ਼ਗਾਰ ਲੋਕ ਕੰਮ-ਕਾਰ ਲਈ ਹਰ ਤਰੀਕੇ ਹੱਥ-ਪੈਰ ਮਾਰਦੇ ਹਨ-ਸਿਫਾਰਸਾਂ ਪੁਆਉਂਦੇ ਹਨ, ਰਿਸ਼ਵਤਾਂ ਦਿੰਦੇ ਹਨ। ਇਵੇਂ ਭ੍ਰਿਸ਼ਟਾਚਾਰ ਦਾ ਜਨਮ ਹੁੰਦਾ ਹੈ।
ਵਿੱਦਿਆ ਨਹੀਂ ਦੇ ਸਕਦੇ: ਭਾਰਤ ਵਿੱਚ ਅਨਪੜ੍ਹ ਅਨਪੜ੍ਹਤਾ ਵਿੱਚ ਵਾਧਾ : ਆਰਥਿਕ ਤੰਗੀ ਕਾਰਨ ਮਾਪੇ ਆਪਣੇ ਸਾਰੇ ਬੱਚਿਆਂ ਪਹਿਲਾਂ ਹੀ ਜ਼ਿਆਦਾ ਹਨ। ਅਨਪੜ੍ਹਤਾ ਮਨੁੱਖਤਾ ਦੇ ਵਿਕਾਸ ਦਾ ਰਾਹ ਰੋਕ ਕੇ ਰੱਖਦੀ ਹੈ।
ਸਹੀ ਪਾਲਣ-ਪੋਸਣ ਦੀ ਕਮੀ: ਵੱਡੇ ਪਰਿਵਾਰਾਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪਾਲਣਾ ਠੀਕ ਢੰਗ ਨਾਲ਼ ਨਹੀਂ ਕਰ ਸਕਦੇ। ਫਲਸਰੂਪ ਉਹ ਸਿਹਤ ਅਤੇ ਸ਼ਖ਼ਸੀਅਤ ਵਿਕਾਸ ਪੱਖੋਂ ਅਣਵਿਕਸਿਤ ਰਹਿ ਜਾਂਦੇ ਹਨ।
ਗਰੀਬੀ ਵਿੱਚ ਵਾਧਾ: ਆਮ ਭਾਰਤੀ ਗਰੀਬ ਹੈ ਤੇ ਅਬਾਦੀ ਦਾ ਵਾਧਾ ਇਸ ਨੂੰ ਹੋਰ ਗਰੀਬ ਬਣਾ ਰਿਹਾ ਹੈ। ਪਹਿਲਾਂ ਜੇ ਕਿਸੇ ਕੋਲ਼ 10 ਕਿਲੇ ਜਮੀਨ ਸੀ ਤਾਂ ਅੱਗੇ ਉਸ ਦੇ 3 ਬੱਚੇ ਹੋਣ ਤੇ ਹਰੇਕ ਕੋਲ 3-3 ਕਿੱਲੇ ਜਮੀਨ ਰਹਿ ਗਈ। ਇਸ ਤਰ੍ਹਾਂ ਗਰੀਬੀ ਦਾ ਵਾਧਾ ਅੱਗੇ ਲਗਾਤਾਰ ਜਾਰੀ ਰਹਿੰਦਾ ਹੈ।
ਵਧਦੀ ਅਬਾਦੀ ਦੇ ਕਾਰਨ :
ਅੰਧਵਿਸ਼ਵਾਸ: ਸਾਡੇ ਦੇਸ ਵਿੱਚ ਅਜੇ ਵੀ ਇਹ ਗੱਲ ਪ੍ਰਚਲਿਤ ਹੈ ਕਿ ਬੱਚਾ ਰੱਬ ਦੀ ਦਾਤ ਹੈ। ਇਸ ਦਾ ਮੁੜਨਾ ਰੱਬ ਦੀ ਕਰੋਪੀ ਦਾ ਸ਼ਿਕਾਰ ਹੋਣਾ ਹੈ। ਇਹੋ-ਜਿਹੇ ਵਿਚਾਰਾਂ ਦੇ ਫਲਸਰੂਪ ਅਬਾਦੀ ਲਗਾਤਾਰ ਵਧਦੀ ਹੈ।
ਆਮਦਨੀ ਦਾ ਸਾਧਨ: ਗਰੀਬ ਮਾਪੇ ਬੱਚਿਆਂ ਨੂੰ ਆਪਣੀ ਆਮਦਨੀ ਵਿੱਚ ਵਾਧਾ ਕਰਨ ਦਾ ਸਾਧਨ ਸਮਝਦੇ ਹਨ। ਉਹ ਸੋਚਦੇ ਹਨ ਕਿ ਜਿੰਨੇ ਜ਼ਿਆਦਾ ਹੱਥ ਹੋਣਗੇ ਉਹ ਓਨੀ ਜ਼ਿਆਦਾ ਕਮਾਈ ਕਰ ਸਕਣਗੇ ।
ਛੋਟੀ ਉਮਰ ਦੇ ਵਿਆਹ: ਛੋਟੀ ਉਮਰ ਦੇ ਵਿਆਹ ਵੀ ਅਬਾਦੀ ਵਿੱਚ ਵਾਧੇ ਦਾ ਕਾਰਨ ਬਣਦੇ ਹਨ।
ਪੱਖਪਾਤੀ ਸੋਚ : ਕਈ ਰੂੜ੍ਹੀਵਾਦੀ ਸੋਚ ਦੇ ਲੋਕ ਮੁੰਡਾ ਪੈਦਾ ਕਰਨ ਪਿੱਛੇ 8–10 ਬੱਚੇ ਪੈਦਾ ਕਰ ਲੈਂਦੇ ਹਨ।
ਪ੍ਰਚਾਰ ਦੀ ਘਾਟ : ਭਾਰਤੀ ਲੋਕ ਸ਼ਰਮ ਕਾਰਨ ਦੇਸ ਵਿੱਚ ਪਰਿਵਾਰ-ਨਿਯੋਜਨ ਦੇ ਪ੍ਰਚਾਰ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਇਸ ਦਾ ਪ੍ਰਚਾਰ ਸ਼ਹਿਰਾਂ ਦੇ ਨਾਲ਼-ਨਾਲ਼ ਪਿੰਡਾਂ ਵਿੱਚ ਵੀ ਕੀਤਾ ਜਾਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਬਾਦੀ ਦਾ ਅੱਧੇ ਤੋਂ ਵੱਧ ਹਿੱਸਾ ਪਿੰਡਾਂ ਵਿੱਚ ਨਿਵਾਸ ਕਰਦਾ ਹੈ।
ਸਾਰ-ਅੰਸ਼ : ਅਬਾਦੀ ਦੀ ਰੋਕ ਲਈ ਦੇਰ ਨਾਲ਼ ਵਿਆਹ ਵੀ ਲਾਭਕਾਰੀ ਸਿੱਧ ਹੋ ਸਕਦੇ ਹਨ। ਹਰ ਵਿਆਹੁਤਾ ਜੋੜੇ ਨੂੰ ਚਾਹੀਦਾ ਹੈ ਕਿ ਉਹ ਇੱਕ ਬੱਚੇ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਸਾਲ ਬਾਅਦ ਅਗਲਾ ਬੱਚਾ ਪੈਦਾ ਕਰਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਕਾਨੂੰਨ ਬਣਾ ਕੇ ਉਸ ਦੀ ਸਖ਼ਤੀ ਨਾਲ਼ ਪਾਲਣਾ ਕਰਵਾਵੇ। ਭਾਰਤ ਨੂੰ ਬਰਬਾਦੀ ਦੇ ਜਿੰਨ ਤੋਂ ਬਚਾਉਣ ਲਈ ਅਬਾਦੀ ਦੀ ਰੋਕ ਅਤਿ ਜ਼ਰੂਰੀ ਹੈ, ਨਹੀਂ ਤਾਂ ਇਸ ਦੇ ਅਜਿਹੇ ਭਿਆਨਕ ਸਿੱਟੇ ਨਿਕਲਣਗੇ ਜੋ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ ।