ਕਹਾਣੀ ਹੰਕਾਰੀ ਬਾਰਾਂਸਿੰਗਾ
ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ਼ ਵਿਚ ਇੱਕ ਬਾਰਾਂਸਿੰਗਾ ਰਹਿੰਦਾ ਸੀ । ਇਕ ਵਾਰ ਉਹ ਨਦੀ ਕਿਨਾਰੇ ਪਾਣੀ ਪੀ ਰਿਹਾ ਸੀ । ਪਾਣੀ ਪੀਂਦੇ-ਪੀਂਦੇ ਉਸ ਦੀ ਨਿਗ੍ਹਾ ਆਪਣੇ ਸਿੰਗਾਂ ‘ਤੇ ਪਈ । ਉਹ ਮਨ ਹੀ ਮਨ ਵਿਚ ਸੋਚ ਰਿਹਾ ਸੀ ਕਿ ਉਸ ਦੇ ਸਿੰਗ ਕਿੰਨੇ ਸੋਹਣੇ ਹਨ । ਆਪਣੇ ਸਿੰਗਾਂ ਨੂੰ ਦੇਖ ਕੇ ਉਸ ਨੂੰ ਇੰਝ ਮਹਿਸੂਸ ਹੋਇਆ ਜਿਸ ਤਰ੍ਹਾਂ ਕਿਸੇ ਰਾਜੇ ਦੇ ਸਿਰ ਤੇ ਮੁਕਟ ਹੁੰਦਾ ਹੈ।ਫਿਰ ਉਸ ਨੇ ਆਪਣੇ ਪੈਰਾਂ ਵੱਲ ਦੇਖਿਆ । ਉਸ ਨੂੰ ਆਪਣੇ ਪੈਰ ਬਹੁਤ ਹੀ ਭੱਦੇ ਅਤੇ ਕਮਜ਼ੋਰ ਪ੍ਰਤੀਤ ਹੋਏ । ਮਨ ਹੀ ਮਨ ਵਿੱਚ ਉਹ ਆਪਣੇ ਪੈਰਾਂ ਨੂੰ ਨਫ਼ਰਤ ਕਰਨ ਲੱਗਾ । ਉਸ ਨੂੰ ਇੰਝ ਮਹਿਸੂਸ ਹੋਇਆ ਜਿਸ ਤਰ੍ਹਾਂ ਉਸ ਦੇ ਪੈਰ ਉਸ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹੋਣ । ਉਹ ਪਰਮਾਤਮਾ ਅੱਗੇ ਅਰਦਾਸ ਕਰਨ ਲੱਗਾ, ” ਹੇ ਪ੍ਰਮਾਤਮਾ ! ਮੇਰੇ ਪੈਰਾਂ ਨੂੰ ਇੰਨੇ ਭੱਦੇ ਅਤੇ ਕਮਜ਼ੋਰ ਕਿਓਂ ਬਣਾਇਆ ਹੈ ? ਕਾਸ਼! ਇਨ੍ਹਾਂ ਨੂੰ ਵੀ ਸੁੰਦਰ ਬਣਾਇਆ ਹੁੰਦਾ ਤਾਂ ਮੈਂ ਦੁਨੀਆਂ ਦਾ ਸਭ ਤੋਂ ਸੋਹਣਾ ਜਾਨਵਰ ਹੋਣਾ ਸੀ ।”
ਇੰਨੇ ਨੂੰ ਉਸ ਨੂੰ ਸ਼ਿਕਾਰੀ ਕੁੱਤਿਆਂ ਦੀ ਆਵਾਜ਼ ਸੁਣਾਈ ਦਿੱਤੀ । ਆਪਣੇ ਵੱਲ਼ ਵਧਦੇ ਖ਼ਤਰੇ ਨੂੰ ਮਹਿਸੂਸ ਕਰਕੇ ਉਹ ਆਪਣੇ ਆਪ ਨੂੰ ਬਚਾਉਣ ਲਈ ਉਥੋਂ ਬਹੁਤ ਤੇਜ਼ ਦੌੜਿਆ। ਸ਼ਿਕਾਰੀ ਕੁੱਤੇ ਵੀ ਉਸ ਦਾ ਪਿੱਛਾ ਕਰਦੇ ਉਸ ਦੇ ਮਗਰ-ਮਗਰ ਆ ਰਹੇ ਸਨ । ਛੇਤੀ ਹੀ ਉਹ ਸ਼ਿਕਾਰੀ ਕੁੱਤਿਆਂ ਤੋਂ ਬਹੁਤ ਅੱਗੇ ਨਿਕਲ ਗਿਆ। ਅੱਗੇ ਜਾ ਕੇ ਜਦੋਂ ਉਹ ਝਾੜੀਆਂ ਨੂੰ ਪਾਰ ਕਰਨ ਲੱਗਿਆ ਤਾਂ ਉਸਦੇ ਸਿੰਗ ਝਾੜੀਆਂ ਵਿਚ ਫਸ ਗਏ । ਉਸ ਨੇ ਆਪਣੇ ਸਿੰਗਾਂ ਨੂੰ ਝਾੜੀਆਂ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੱਢ ਨਾ ਸਕਿਆ । ਹੁਣ ਉਸ ਨੂੰ ਮਹਿਸੂਸ ਹੋਇਆ ਕਿ ਜਿਨ੍ਹਾਂ ਪੈਰਾਂ ਨਾਲ਼ ਉਹ ਨਫ਼ਰਤ ਕਰਦਾ ਸੀ, ਉਨ੍ਹਾਂ ਪੈਰਾਂ ਨੇ ਉਸ ਦੀ ਜਾਨ ਬਚਾਉਣ ਵਿੱਚ ਕਿੰਨੀ ਮਦਦ ਕੀਤੀ ਅਤੇ ਜਿਨ੍ਹਾਂ ਸਿੰਗਾਂ ‘ਤੇ ਉਹ ਘੁਮੰਡ ਕਰਦਾ ਸੀ, ਉਹ ਸਿੰਗ ਹੀ ਉਸ ਦੀ ਮੌਤ ਦਾ ਕਾਰਨ ਬਣ ਰਹੇ ਸਨ । ਇੰਨੇ ਨੂੰ ਸ਼ਿਕਾਰੀ ਕੁੱਤੇ ਵੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਸਾਰਿਆਂ ਨੇ ਮਿਲ਼ ਕੇ ਉਸ ਤੇ ਹਮਲਾ ਕਰ ਦਿੱਤਾ । ਬਾਰਾਂਸਿੰਗੇ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ ।
ਸਿੱਖਿਆ : ਹੰਕਾਰੀ ਦਾ ਸਿਰ ਨੀਵਾਂ । ਜਾਂ ਹੰਕਾਰਿਆ ਸੋ ਮਾਰਿਆ।