ਅੱਖੀ ਡਿੱਠਾ ਮੇਲਾ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਵੱਖ-ਵੱਖ ਰੁੱਤਾਂ, ਤਿਉਹਾਰਾਂ, ਧਰਮਾਂ, ਇਤਿਹਾਸਕ-ਪਾਤਰਾਂ, ਯੋਧਿਆ ਅਤੇ ਸ਼ਹੀਦਾਂ ਨਾਲ਼ ਸਬੰਧਿਤ ਬਹੁਤ ਸਾਰੇ ਮੇਲੇ ਲਗਦੇ ਹਨ । ਪੁਰਾਣੇ ਸਮਿਆਂ ਵਿੱਚ ਇਹ ਮੇਲੇ ਨਦੀਆਂ ਦੇ ਕੰਢੇ, ਢਾਬਾਂ, ਝਿੜੀਆਂ, ਬੇਲਿਆਂ ਅਤੇ ਵੱਡੇ ਪਿੰਡਾਂ ਜਾਂ ਇਤਿਹਾਸਿਕ ਸ਼ਹਿਰਾਂ ਵਿੱਚ ਲੱਗਦੇ ਸਨ। ਉਸ ਸਮੇਂ ਲੋਕ ਆਪਣੀਆਂ ਘਰੇਲੂ ਜ਼ਰੂਰਤਾਂ ਦਾ ਸਮਾਨ ਵੀ ਮਿਲਿਆ ਵਿੱਚੋਂ ਖਰੀਦ ਕੇ ਲਿਆਉਂਦੇ ਸਨ। ਮੇਲੇ ਤਾਂ ਹੁਣ ਵੀ ਲੱਗਦੇ ਹਨ ਪਰ ਹੁਣ ਇਹਨਾਂ ਦਾ ਸਰੂਪ ਬਦਲ ਗਿਆ ਹੈ । ਲੋਕ ਹੁਣ ਵੀ ਬੜੇ ਚਾਅ ਨਾਲ਼ ਮੇਲਾ ਦੇਖਣ ਜਾਂਦੇ ਹਨ । ਹਰ ਥਾਂ ‘ਤੇ ਆਪਣੇ-ਆਪਣੇ ਰਿਵਾਜ ਅਨੁਸਾਰ ਮੇਲੇ ਲਗਦੇ ਹਨ ਜੋ ਸਾਡੇ ਸੱਭਿਆਚਾਰ ਅਤੇ ਰਹਿਣੀਬਹਿਣੀ ਨੂੰ ਦਰਸਾਉਂਦੇ ਹਨ । ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਭਾਰਤ ਵਿੱਚ ਥਾਂ-ਥਾਂ ਤੇ ਲੱਗਦਾ ਹੈ । ਇਹ ਤਿਉਹਾਰ ਹਾੜੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ ।
ਸਾਡੇ ਪਿੰਡ ਤੋਂ ਤਿੰਨ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ । ਐਤਕੀਂ, ਮੈਂ ਆਪਣੇ ਪਿਤਾ ਜੀ ਨਾਲ਼ ਮੇਲਾ ਦੇਖਣ ਲਈ ਗਿਆ । ਰਸਤੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਤੇ ਨੌਜਵਾਨ ਮੇਲਾ ਦੇਖਣ ਲਈ ਜਾ ਰਹੇ ਸਨ । ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਾਏ ਹੋਏ ਸਨ । ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਵਾਢੀ ਦੇ ਸ਼ਗਨ ਕਰਦਿਆਂ ਦੇਖਿਆ । ਆਲੇ-ਦੁਆਲੇ ਖਿੱਲਰੀਆਂ ਪਈਆਂ ਕਣਕਾਂ ਇਸ ਤਰ੍ਹਾਂ ਦਿਖਾਈ ਦੇ ਰਹੀਆਂ ਸਨ, ਜਿਵੇਂ ਖੇਤਾਂ ਵਿੱਚ ਦੂਰ-ਦੂਰ ਤੱਕ ਸੋਨਾ ਹੀ ਸੋਨਾ ਵਿਛਿਆ ਪਿਆ ਹੋਵੇ । ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ਼ ਦਾ ਇੱਕ ਬਹੁਤ ਪੁਰਾਣਾ ਤਿਉਹਾਰ ਹੈ। ਇਸ ਨੂੰ ਹਾੜੀ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ । ਇਸ ਦਾ ਸੰਬੰਧ ਮਹਾਨ ਇਤਿਹਾਸਿਕ ਘਟਨਾ ਨਾਲ਼ ਵੀ ਜੁੜਿਆ ਹੋਇਆ ਹੈ । ਇਸ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ 1699 ਈ. ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਪਿੱਛੋਂ ਇਸ ਦਿਨ ਨਾਲ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇਕ ਹੋਰ ਘਟਨਾ ਦਾ ਸੰਬੰਧ ਜੁੜ ਗਿਆ । 13 ਅਪ੍ਰੈਲ 1919 ਈ. ਨੂੰ ਵਿਸਾਖੀ ਵਾਲੇ ਦਿਨ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ਼ ਵਿੱਚ ਬਹੁਤ ਸਾਰੇ ਨਿਹੱਥੇ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਸੀ ।
ਇਹ ਗੱਲਾਂ ਕਰਦੇ-ਕਰਦੇ ਅਸੀਂ ਮੇਲੇ ਵਿੱਚ ਪਹੁੰਚ ਗਏ । ਮੇਲੇ ਵਿੱਚ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । ਇਸ ਜਗ੍ਹਾ ਤੇ ਕਾਫੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ । ਆਲੇ-ਦੁਆਲੇ ਮਠਿਆਈਆਂ, ਖਿਡਾਉਣਿਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ । ਅਸੀਂ ਜਲੇਬੀਆਂ ਦੀ ਇੱਕ ਦੁਕਾਨ ਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ । 3
ਮੇਲੇ ਵਿੱਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ । ਮੈਂ ਵੀ ਪੰਘੂੜੇ ਵਿੱਚ ਝੂਟੇ ਲਏ ਤੇ ਫਿਰ ਜਾਦੂਗਰ ਦੇ ਖੇਲ ਦੇਖੇ । ਜਾਦੂਗਰ ਨੇ ਤਾਸ਼ ਦੇ ਕਈ ਖੇਲ ਦਿਖਾਏ। ਉਸ ਨੇ ਕੁਝ ਕਾਗਜ਼ਾਂ ਨੂੰ ਖਾ ਕੇ ਆਪਣੇ ਮੂੰਹ ਵਿੱਚੋਂ ਰੁਮਾਲ ਬਣਾ ਕੇ ਕੱਢ ਦਿੱਤਾ। ਫਿਰ ਉਸ ਨੇ ਹਵਾ ਵਿੱਚੋਂ ਬਹੁਤ ਸਾਰੇ ਪੈਸੇ ਫੜ ਕੇ ਡੱਬਾ ਭਰ ਦਿੱਤਾ ।
ਅਸੀਂ ਥਾਂ-ਥਾਂ ਤੇ ਜੱਟਾਂ ਨੂੰ ਭੰਗੜਾ ਪਾਉਂਦੇ, ਬੜ੍ਹਕਾਂ ਮਾਰਦੇ ਅਤੇ ਬੋਲੀਆਂ ਪਾਉਂਦੇ ਹੋਏ ਦੇਖਿਆ । ਜਿਉਂ-ਜਿਉਂ ਦਿਨ ਬੀਤ ਰਿਹਾ ਸੀ ਮੇਲੇ ਦੀ ਭੀੜ ਵਧਦੀ ਜਾ ਰਹੀ ਸੀ । ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਦੇਖਿਆ । ਇੱਕ ਪਾਸੇ ਦੰਗਲ ਹੋ ਰਿਹਾ ਸੀ ਤੇ ਇੱਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀ ।
ਇੰਨੇ ਨੂੰ ਸੂਰਜ ਛਿਪਣ ਲੱਗਾ । ਇੱਕ ਪਾਸੇ ਬੜੀ ਖੱਪ ਜਿਹੀ ਪੈ ਗਈ ਕਿਉਂਕਿ ਮੇਲੇ ਵਿੱਚ ਦੋ ਟੋਲੀਆਂ ਵਿੱਚ ਲੜਾਈ ਹੋ ਗਈ ਸੀ । ਅਸੀਂ ਛੇਤੀ-ਛੇਤੀ ਕੁਝ ਮਠਿਆਈਆਂ ਖਰੀਦ ਕੇ ਪਿੰਡ ਦਾ ਰਸਤਾ ਫੜ ਲਿਆ । ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ।