ਛੱਬੀ ਜਨਵਰੀ
ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਸਾਡੇ ਕੌਮੀ ਤਿਉਹਾਰ ਹਨ । ਪੰਦਰਾਂ ਅਗਸਤ ਅਜਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਛੱਬੀ ਜਨਵਰੀ ਗਣਤੰਤਰ ਦਿਵਸ ਵਜੋਂ।
ਆਜ਼ਾਦੀ ਲਈ ਦੇਸ਼ ਵਾਸੀਆਂ ਦੀ ਲੰਬੀ ਜਦੋ-ਜਹਿਦ ਤੋਂ ਪਿੱਛੋਂ ਆਖ਼ਰ 15 ਅਗਸਤ, 1947 ਦਾ ਦਿਨ ਆਇਆ । ਦੇਸ ਸੁਤੰਤਰ ਹੋ ਚੁੱਕਾ ਸੀ। ਇਸ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ।
26 ਜਨਵਰੀ 1950 ਈ. ਨੂੰ ਦੇਸ ਦੀ ਕਾਇਆ ਕਲਪ ਕਰ ਦੇਣ ਵਾਲ਼ਾ, ਇਹ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਉਹ ਸੰਵਿਧਾਨ ਜਿਸ ਨੂੰ ਆਪਣੇ ਸਮੇਂ ਦੇ ਇੱਕ ਕਾਨੂੰਨਦਾਨ ਤੇ ਬੁੱਧੀਜੀਵੀ ਡਾ. ਬੀ. ਆਰ. ਅੰਬੇਦਕਰ ਜੀ ਨੇ ਆਪਣੀ ਟੀਮ ਦੀ ਅਗਵਾਈ ਕਰਦੇ ਹੋਏ ਬੜੀ ਮਿਹਨਤ ਅਤੇ ਸੂਝ-ਬੂਝ ਨਾਲ ਦੋ ਸਾਲ 11 ਮਹੀਨੇ ਅਤੇ 18 ਦਿਨ ਵਿੱਚ (ਲਗਭਗ ਤਿੰਨ ਸਾਲ ਵਿੱਚ) ਤਿਆਰ ਕੀਤਾ ਸੀ। ਭਾਰਤੀ ਸੰਵਿਧਾਨ ਦੀ ਖ਼ੂਬੀ ਇਹ ਹੈ ਕਿ ਇਹ ਸਖ਼ਤ ਵੀ ਹੈ ਅਤੇ ਲਚਕਦਾਰ ਵੀ। ਇਸ ਨੂੰ ਗਣਰਾਜ ਭਾਰਤ ਦੀ ਸੰਵਿਧਾਨ ਸਭਾ ਨੇ 26 ਨਵੰਬਰ, 1949 ਨੂੰ ਗ੍ਰਹਿਣ ਕੀਤਾ ਸੀ ਅਤੇ 26 ਜਨਵਰੀ 1950 ਤੋਂ ਇਹ ਪ੍ਰਭਾਵ ਵਿੱਚ ਆਇਆ। ਇਸ ਤਰ੍ਹਾਂ ਜਦੋਂ ਭਾਰਤ ਨੇ 26 ਜਨਵਰੀ 1950 ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਦਾ ਦਰਜਾ ਗ੍ਰਹਿਣ ਕੀਤਾ।
ਦਿੱਲੀ ਵਿਖੇ 26 ਜਨਵਰੀ ਦਾ ਗਣਤੰਤਰ ਸਮਾਰੋਹ ਇੱਕ ਵਿਸ਼ੇਸ਼ ਖਿੱਚ ਰੱਖਦਾ ਹੈ। ਸਮਾਰੋਹ ਵਿੱਚ ਦੇਸ਼ ਦੇ ਰਾਸ਼ਟਰਪਤੀ ਇੱਕ ਸ਼ਾਨਦਾਰ ਬੱਘੀ ਰਾਹੀਂ ਪਹੁੰਚਦੇ ਹਨ। ਪ੍ਰਧਾਨ ਮੰਤਰੀ ਉਨ੍ਹਾਂ ਦੇ ਸਹਿਯੋਗੀ ਮੰਤਰੀ ਅਤੇ ਤਿੰਨਾਂ ਸੈਨਾਵਾਂ ਦੇ ਮੁੱਖੀ ਉਨ੍ਹਾਂ ਦਾ ਸਵਾਗਤ ਕਰਦੇ ਹਨ । ਤਦ ਰਾਸ਼ਟਰੀ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਅਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਇਹ ਸਾਰਾ ਦ੍ਰਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਮੌਕੇ ਤੇ ਦੇਸ਼ ਦੇ ਵੱਖ-ਵੱਖ ਪ੍ਰਾਂਤ ਆਪਣੀਆਂ ਝਲਕੀਆਂ ਪੇਸ਼ ਕਰਕੇ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਪ੍ਰਗਟ ਕਰਦੇ ਹਨ। ਦੇਸ਼ ਦੀ ਫੌਜ ਦੇ ਤਿੰਨੇ ਅੰਗ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਦੀ ਪਰੇਡ ਹੁੰਦੀ ਹੈ। ਇਸ ਪਰੇਡ ਵਿੱਚ ਐਨ. ਸੀ. ਸੀ. ਦੇ ਕੈਡਿਟ ਅਤੇ ਸਕਾਊਟ ਦੇ ਗਾਇਡ ਵੀ ਭਾਗ ਲੈਂਦੇ ਹਨ। ਇਸ ਜਸ਼ਨ ਨੂੰ ਦੇਖਣ ਲਈ ਬਾਹਰਲੇ ਦੇਸ਼ਾਂ ਦੇ ਨੁਮਾਇੰਦੇ ਵੀ ਬੁਲਾਏ ਜਾਂਦੇ ਹਨ।
ਇਸ ਦਿਨ ਵੱਖ-ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਵਾਲੇ ਨਾਗਰਿਕਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। 26 ਜਨਵਰੀ ਦਾ ਦਿਨ ਮਨਾਉਣ ਦੇ ਖ਼ਾਸ ਮਨੋਰਥ ਹਨ। ਇਸ ਮੌਕੇ ਤੇ ਉਨ੍ਹਾਂ ਸੁਤੰਤਰਤਾ ਸੈਲਾਨੀਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਅਣਗਿਣਤ ਕਸ਼ਟ ਝੱਲ ਕੇ ਦੇਸ਼ ਨੂੰ ਆਜ਼ਾਦ ਕਰਵਾਇਆ।