ਮੇਰੇ ਪਿਤਾ ਜੀ ਦਾ ਨਾਮ ਹੈ। ਉਨ੍ਹਾਂ ਦੀ ਉਮਰ 38 ਸਾਲ ਦੀ ਹੈ। ਉਹ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਹਨ। ਉਹ ਐਮ. ਏ., ਬੀ ਐੱਡ. ਹਨ। ਉਹ ਇੱਕ ਸਕੂਲ ਅਧਿਆਪਕ ਹਨ।
ਉਹ ਸਵੇਰੇ ਜਲਦੀ ਉੱਠਦੇ ਹਨ ਅਤੇ ਸੈਰ ਕਰਨ ਲਈ ਜਾਂਦੇ ਹਨ। ਉਹ ਬਹੁਤ ਸਫ਼ਾਈ ਪਸੰਦ ਇਨਸਾਨ ਹਨ। ਉਹ ਹਰ ਰੋਜ਼ ਇਸ਼ਨਾਨ ਕਰਦੇ ਹਨ ਅਤੇ ਸਾਫ਼-ਸੁਥਰੇ ਕੱਪੜੇ ਪਹਿਨਦੇ ਹਨ। ਫਿਰ ਉਹ ਪਾਠ-ਪੂਜਾ ਕਰਨ ਲੱਗ ਜਾਂਦੇ ਹਨ। ਪਾਠ-ਪੂਜਾ ਕਰਨ ਤੋਂ ਪਹਿਲਾਂ ਉਹ ਕੁਝ ਨਹੀਂ ਖਾਂਦੇ। ਉਹ ਸਦਾ ਸਾਦਾ ਪਹਿਰਾਵਾ ਪਹਿਨਦੇ ਹਨ। ਉਹ ਸਮੇਂ ਦੇ ਬੜੇ ਪਾਬੰਦ ਹਨ ਅਤੇ ਕਦੇ ਸਮਾਂ ਵਿਅਰਥ ਨਹੀਂ ਗੁਆਉਂਦੇ।
ਉਹ ਮੋਟਰ-ਸਾਈਕਲ ਤੇ ਸਕੂਲ ਜਾਂਦੇ ਹਨ। ਉਹ ਸੜਕਾਂ ਉੱਤੇ ਟਰੈਫਿਕ ਨਿਯਮਾਂ ਦਾ ਪੂਰਾ ਧਿਆਨ ਰੱਖਦੇ ਹਨ। ਉਹ ਸਦਾ ਸੱਚ ਬੋਲਦੇ ਹਨ। ਉਹਨਾਂ ਦੇ ਬਹੁਤ ਸਾਰੇ ਮਿੱਤਰ ਹਨ। ਉਹ ਮੁਹੱਲੇ ਦੀ ਭਲਾਈ ਸਭਾ ਦੇ ਸੈਕਟਰੀ ਹਨ। ਸਾਰੇ ਮੁਹੱਲੇ ਵਾਲੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ। ਮੁਹੱਲੇ ਦੇ ਲੋਕ ਬਹੁਤ ਸਾਰੇ ਕੰਮਾਂ ਵਿੱਚ ਉਹਨਾਂ ਦੀ ਸਲਾਹ ਲੈਂਦੇ ਹਨ ਅਤੇ ਉਸੇ ਅਨੁਸਾਰ ਕੰਮ ਕਰਦੇ ਹਨ।
ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਦੇ ਹੀ ਬਿਤਾਉਂਦੇ ਹਨ। ਉਹ ਸਵੇਰੇ ਅਖ਼ਬਾਰ ਪੜ੍ਹਨਾ ਬਿਲਕੁਲ ਨਹੀਂ ਭੁੱਲਦੇ। ਸਦਾ ਕਿਤਾਬਾਂ ਅਤੇ ਅਖ਼ਬਾਰ ਨਾਲ ਜੁੜੇ ਰਹਿਣ ਕਰਕੇ ਉਹਨਾਂ ਦੀ ਆਮ ਜਾਣਕਾਰੀ ਬਹੁਤ ਜਿਆਦਾ ਹੈ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੋਂ ਭਾਸ਼ਾਵਾਂ ਜਾਣਦੇ ਹਨ। ਉਹ ਬਹੁਤ ਹਰਮਨ ਪਿਆਰੇ ਅਧਿਆਪਕ ਹਨ। ਉਹ ਆਪਣੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਉਂਦੇ ਹਨ। ਉਹ ਗਰੀਬ ਅਤੇ ਕਮਜ਼ੋਰ ਬੱਚਿਆਂ ਦੀ ਹਰ ਪੱਖੋਂ ਮਦਦ ਕਰਦੇ ਹਨ। ਸਕੂਲ ਵਿੱਚ ਸਾਰੇ ਵਿਦਿਆਰਥੀ ਅਤੇ ਅਧਿਆਪਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਉਹ ਆਪਣੇ ਸਾਰੇ ਕੰਮ ਬੜੀ ਮਿਹਨਤ ਅਤੇ ਲਗਨ ਨਾਲ ਕਰਦੇ ਹਨ। ਉਹ ਕਦੇ ਗੁੱਸੇ ਵਿੱਚ ਨਹੀਂ ਆਉਂਦੇ।
ਉਨ੍ਹਾਂ ਨੇ ਘਰ ਵਿੱਚ ਇੱਕ ਛੋਟਾ ਬਗੀਚਾ ਬਣਾਇਆ ਹੋਇਆ ਹੈ। ਸਕੂਲੋਂ ਆ ਕੇ ਕੁਝ ਸਮਾਂ, ਉਹ ਉਸਦੀ ਦੇਖਭਾਲ ਕਰਦੇ ਹਨ। ਇਸ ਵਿੱਚ ਉਹਨਾਂ ਨੇ ਫੁੱਲ ਬੂਟੇ ਅਤੇ ਕੁਝ ਸਬਜ਼ੀਆਂ ਲਗਾਈਆਂ ਹੋਈਆਂ ਹਨ। ਉਹ ਬਜ਼ਾਰ ਦੇ ਸਾਰੇ ਕੰਮ ਆਪ ਕਰਦੇ ਹਨ। ਉਹ ਸਾਨੂੰ ਸਾਰਿਆਂ ਨੂੰ ਕਦੇ-ਕਦੇ ਸੈਰ-ਸਪਾਟੇ ਤੇ ਵੀ ਲੈ ਕੇ ਜਾਂਦੇ ਹਨ। ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਸਾਡੀ ਹਰ ਇੱਛਾ ਪੂਰੀ ਕਰਦੇ ਹਨ। ਉਹ ਮਾਤਾ ਜੀ ਨਾਲ ਬਹੁਤ ਪਿਆਰ ਨਾਲ ਰਹਿੰਦੇ ਹਨ। ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ।
ਲੇਖ – ਮੇਰੇ ਪਿਤਾ ਜੀ
Leave a review