ਸਿਨਮਾ ਲੇਖ 8th punjabi

Listen to this article

ਸਿਨਮਾ

  ਸਿਨਮਾ ਮਨੋਰੰਜਨ ਦਾ ਇੱਕ ਪ੍ਰਮੁੱਖ, ਸਸਤਾ ਅਤੇ ਵਧੀਆ ਸਾਧਨ ਹੈ।ਜਿੱਥੇ ਇਸ ਦੇ ਕਈ ਲਾਭ ਹਨ ਉੱਥੇ ਹੀ ਕਈ ਨੁਕਸਾਨ ਵੀ ਹਨ। ਸਿਨਮਾ ਬਾਰੇ ਕੋਈ ਸਿੱਟਾ ਕੱਢਣ ਤੋਂ ਪਹਿਲਾਂ ਇਸ ਦੇ ਲਾਭ ਤੇ ਨੁਕਸਾਨ ਦੋਹਾਂ ਬਾਰੇ ਜਾਣਨਾ ਪਵੇਗਾ। ਲਾਭ :

  ਵਰਤਮਾਨ ਜੀਵਨ ਦਾ ਜਰੂਰੀ ਅੰਗ : ਸਿਨਮਾ ਅਜੋਕੇ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਬਣ ਚੁੱਕਾ ਹੈ।ਇਸ ਦੀ ਲੋਕਪ੍ਰਿਯਤਾ ਦਿਨੋ-ਦਿਨ ਵੱਧ ਰਹੀ ਹੈ। ਦਿਨ ਭਰ ਦਾ ਥੱਕਿਆ ਟੁੱਟਿਆ ਇਨਸਾਨ ਸਿਨਮੇ ਵਿੱਚ ਜਾ ਕੇ ਆਪਣਾ ਸਾਰੇ ਦਿਨ ਦਾ ਥਕੇਵਾਂ ਲਾਹ ਸਕਦਾ ਹੈ। ਅੱਜ ਵੀ ਲੋਕਾਂ ਵਲੋਂ ਨਵੀਆਂ ਫਿਲਮਾਂ ਸਿਨਮਾ-ਘਰਾਂ ਵਿੱਚ ਬੈਠ ਕੇ ਹੀ ਦੇਖਣੀਆਂ ਪਸੰਦ ਕੀਤੀਆਂ ਜਾਂਦੀਆਂ ਹਨ। ਮਨ ਪ੍ਰਚਾਵੇ ਦਾ ਸਾਧਨ : ਭਾਂਵੇ ਹਰ ਘਰ ਵਿੱਚ ਟੈਲੀਵਿਜ਼ਨ, ਰੇਡੀਓ, ਕੰਪਿਊਟਰ ਆਦਿ ਮਨੁੱਖ ਲਈ ਦਿਲ ਪਰਚਾਵੇ ਦੇ ਸਾਧਨ ਹਨ, ਪਰ ਇਹ ਸਿਨਮਾ ਦੀ ਜਗ੍ਹਾ ਨਹੀਂ ਲੈ ਸਕਦੇ। ਇਨਸਾਨ ਥੋੜੇ ਜਿਹੇ ਪੈਸੇ ਖਰਚ ਕੇ ਢਾਈ-ਤਿੰਨ ਘੰਟੇ ਸਿਨਮਾ ਵਿੱਚ ਆਪਣਾ ਮਨ ਪਰਚਾ ਲੈਂਦਾ ਅਤੇ ਹਲਕਾ-ਫੁਲਕਾ ਹੋ ਜਾਂਦਾ ਹੈ। ਟੈਲੀਵਿਜ਼ਨ ਜਾਂ ਐੱਲ.ਈ.ਡੀ ਦੀ ਛੋਟੀ ਸਕਰੀਨ ਸਿਨਮਾ-ਘਰ ਦੀ ਵੱਡੀ ਸਕਰੀਨ ਜਿੰਨਾ ਅਨੰਦ ਨਹੀਂ ਦਿੰਦੀ।

  ਜਾਣਕਾਰੀ ਵਿੱਚ ਵਾਧਾ : ਅਸੀਂ ਸਿਨਮਾ-ਘਰ ਵਿੱਚ ਬੈਠੇ ਕੇ ਪਹਾੜੀ ਦੇਸ਼ਾਂ, ਇਤਿਹਾਸਿਕ ਸਥਾਨਾਂ, ਚਿੜੀਆ ਘਰਾਂ, ਦਰਿਆਵਾਂ, ਝੀਲਾਂ ਅਤੇ ਵਿਦੇਸ਼ਾ ਦੇ ਸ਼ਹਿਰਾਂ ਅਤੇ ਅਜੂਬਿਆਂ ਨੂੰ ਦੇਖ ਸਕਦੇ ਹਾਂ। ਅਕਸਰ ਦੇਖਣ ਵਿੱਚ ਆਉਂਦਾ ਹੈ ਵਿਦਿਆਰਥੀਆਂ ਫਿਲਮ ਵਿੱਚ ਦੇਖੇ ਦ੍ਰਿਸ਼ਾਂ ਨੂੰ ਅਸਾਨੀ ਨਾਲ਼ ਭੁੱਲਦੇ ਨਹੀਂ ਜਦਕਿ ਕਿਤਾਬ ਵਿੱਚ ਪੜ੍ਹਿਆ ਉਹ ਭੁੱਲ ਜਾਂਦੇ ਹਨ।

  ਵਿੱਦਿਅਕ ਫਾਇਦਾ : ਸਿਨੇਮੇ ਦਾ ਦੇਸ਼ ਦੇ ਵਿੱਦਿਅਕ ਵਿਕਾਸ ਵਿੱਚ ਕਾਫੀ ਹਿੱਸਾ ਹੈ। ਸਿਨਮਾ ਰਾਂਹੀ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਪਹੁੰਚਾਇਆ ਜਾ ਸਕਦਾ ਹੈ।

  ਵਪਾਰੀਆਂ ਨੂੰ ਲਾਭ : ਸਿਨੇਮੇ ਤੋਂ ਵਪਾਰੀ ਲੋਕ ਬਹੁਤ ਲਾਭ ਉਠਾਉਂਦੇ ਹਨ। ਉਹ ਆਪਣੀ ਕੰਪਨੀ ਅਤੇ ਫਰਮਾਂ ਰਾਂਹੀ ਤਿਆਰ ਕੀਤੀਆਂ ਚੀਜ਼ਾਂ ਦੀ ਸਿਨਮਾ ਰਾਂਹੀ ਮਸ਼ਹੂਰੀ ਕਰ ਕੇ ਲਾਭ ਉਠਾਉਂਦੇ ਹਨ ਜਿਸ ਨਾਲ਼ ਮੰਗ ਵੱਧਦੀ ਹੈ ਤੇ ਦੇਸ਼ ਵਿੱਚ ਪੈਦਾਵਾਰ ਨੂੰ ਲਾਭ ਪੁੱਜਦਾ ਹੈ।

  ਰੁਜ਼ਗਾਰ ਦਾ ਸਾਧਨ : ਸਿਨੇਮੇ ਰਾਂਹੀ ਬਹੁਤ ਸਾਰੇ ਲੋਕਾਂ ਨੂੰ ਰੁਜਗਾਰ ਮਿਲਦਾ ਹੈ। ਫਿਲਮ ਸਨਅਤ ਅਤੇ ਸਿਨਮਾ-ਘਰਾਂ ਵਿੱਚ ਸੈਕੜੇ ਲੋਕ ਕੰਮ ਕਰ ਕੇ ਆਪਣਾ ਪੇਟ ਪਾਲ ਰਹੇ ਹਨ। ਇਸ ਤੋਂ ਇਲਾਵਾ ਸਿਨਮੇ ਰਾਂਹੀ ਦੇਸ਼ ਦੇ ਮਹਾਨ ਕਲਾਕਾਰਾਂ ਦਾ ਵੀ ਸਨਮਾਨ ਹੁੰਦਾ ਹੈ। ਇਹ ਉਹਨਾਂ ਨੂੰ ਧਨ ਨਾਲ਼ ਮਾਲਾਮਾਲ ਕਰ ਦਿੰਦੇ ਹਨ।

ਹਾਨੀਆਂ :

  ਆਚਰਨ ਉੱਤੇ ਬੁਰਾ ਪ੍ਰਭਾਵ : ਕਈ ਵਾਰ ਫਿਲਮਾਂ ਉਸਾਰੁ ਕਹਾਣੀਆਂ ਤੇ ਦ੍ਰਿਸ਼ ਪੇਸ਼ ਨਹੀਂ ਕਰਦੀਆਂ, ਸਗੋਂ ਮਨਚਲੇ ਮੁੰਡੇ-ਕੁੜੀਆਂ ਦੇ ਇਸ਼ਕ ਦੀਆਂ ਕਹਾਣੀਆਂ ਨੂੰ ਪੇਸ਼ ਕਰ ਕੇ ਨੌਜਵਾਨ ਮੁੰਡੇ-ਕੁੜੀਆਂ ਦੇ ਆਚਰਨ ਨੂੰ ਵਿਗਾੜਦੀਆਂ ਹਨ। ਇਹ ਦੇਖ ਕੇ ਉਹ ਫੈਸ਼ਨਪ੍ਰਸਤੀ ਵੱਲ ਪੈ ਜਾਂਦੇ ਹਨ। ਕਈ ਵਿਦਿਆਰਥੀਆਂ ਨੂੰ ਫਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ, ਉਹ ਘਰੋਂ ਪੈਸੇ ਨਾ ਮਿਲਣ ਤੇ ਚੋਰੀ ਆਦਿ ਕਰ ਕੇ ਸਿਨਮਾ ਦੇਖਣ ਦੀ ਕੋਸ਼ਿਸ਼ ਕਰਦੇ ਹਨ।

  ਅੱਖਾਂ ਉੱਤੇ ਬੁਰਾ ਅਸਰ- ਬਹੁਤ ਸਿਨਮਾ ਦੇਖਣ ਨਾਲ਼ ਸਿਨਮੇ ਦੇ ਪਰਦੇ ਉੱਪਰ ਪੈ ਰਹੀ ਤੇਜ਼ ਰੋਸ਼ਨੀ ਦਾ ਮਨੁੱਖੀ ਨਜ਼ਰ ਉੱਪਰ ਵੀ ਬੁਰਾ ਅਸਰ ਪੈਂਦਾ ਹੈ।

  ਸਮੇਂ ਦੀ ਬਰਬਾਦੀ : ਸਿਨਮਾ ਸਮਾਂ ਵੀ ਨਸ਼ਟ ਕਰਦਾ ਹੈ। ਜਿਨ੍ਹਾਂ ਨੂੰ ਬਹੁਤੀਆਂ ਫ਼ਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ, ਉਹ ਆਪਣੇ ਕੰਮਾਂ ਵਲੋਂ ਕਈ ਵਾਰ ਲਾਪ੍ਰਵਾਹ ਹੋ ਜਾਂਦੇ ਹਨ ਤੇ ਸਿਨਮਾ ਵੇਖਣ, ਸਿਨਮਾ ਦੀਆਂ ਕਹਾਣੀਆਂ ਸੁਣਨ ਤੇ ਸੁਣਾਉਣ ਵਿੱਚ ਸਮਾਂ ਨਸ਼ਟ ਕਰ ਦਿੰਦੇ ਹਨ।

  ਸਾਰ ਅੰਸ਼ : ਸਿਨਮਾ ਦੇ ਲਾਭ ਹਾਨੀਆਂ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਿਨਮਾ ਦਿਲ ਪ੍ਰਚਾਵੇ ਦਾ ਵਧੀਆ ਸਾਧਨ ਹੈ। ਫੁੱਲਾਂ ਨਾਲ਼ ਕੰਢੇ ਤਾਂ ਹੁੰਦੇ ਹੀ ਹਨ। ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਅਸ਼ਲੀਲ ਦ੍ਰਿਸ਼ ਘੱਟ ਤੋਂ ਘੱਟ ਪੇਸ਼ ਕਰਨ ਤੇ ਆਪਣੀਆਂ ਫ਼ਿਲਮਾਂ ਰਾਂਹੀ ਨੌਜਵਾਨਾ ਨੂੰ ਦੇਸ਼ ਦੀ ਉਸਾਰੀ ਦਾ ਤੇ ਆਪਣਾ ਭਵਿੱਖ ਬਣਾਉਣ ਦਾ ਸੁਨੇਹਾ ਦੇਣ। ਸਰਕਾਰ ਨੂੰ ਵੀ ਇਹਨਾਂ ਉੱਪਰ ਪਾਬੰਧੀ ਲਾਉਣੀ ਚਾਹੀਦੀ ਹੈ।

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *