ਲੇਖ – ਦੀਵਾਲ਼ੀ
ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਕਿਹਾ ਜਾਂਦਾ ਹੈ। ਇਹਨਾਂ ਦਾ ਸੰਬੰਧ ਸਾਡੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਿਕ ਪਹਿਲੂ ਨਾਲ ਹੈ। ਇਹਨਾਂ ਵਿੱਚੋਂ ਦੀਵਾਲੀ ਭਾਰਤ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਸਾਰੇ ਭਾਰਤ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਾ ਸੰਬੰਧ ਸਾਡੇ ਧਾਰਮਿਕ ਅਤੇ ਸਮਾਜਿਕ ਪੱਖ ਨਾਲ਼ ਹੈ। ਵਿਦੇਸ਼ਾਂ ਵਿੱਚ ਵਸਦੇ ਭਾਰਤੀ ਵੀ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਦੁਸਹਿਰੇ ਤੋਂ ਵੀਹ ਦਿਨ ਬਾਅਦ ਦੇਸੀ ਮਹੀਨੇ ਕੱਤਕ ਦੀ ਮੱਸਿਆ (ਅਕਤੂਬਰ ਨਵੰਬਰ) ਨੂੰ ਮਨਾਇਆ ਜਾਂਦਾ ਹੈ।
ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਅਤੇ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ। ਅਯੁੱਧਿਆ ਵਾਸੀਆਂ ਨੇ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਸੀ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਹਾਂਗੀਰ ਦੀ ਨਜ਼ਰਬੰਦੀ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ। ਉਨ੍ਹਾਂ ਦੇ ਹਰਿਮੰਦਰ ਸਾਹਿਬ ਵਾਪਸ ਪਹੁੰਚਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਜੀ ਨੂੰ ਵੀ ਦੀਵਾਲੀ ਵਾਲੇ ਦਿਨ ਨਿਰਵਾਣ ਪ੍ਰਾਪਤ ਹੋਇਆ ਸੀ। ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲ਼ੀ ਵੇਖਣ ਵਾਲੀ ਹੁੰਦੀ ਹੈ। ਇਸ ਬਾਰੇ ਇੱਕ ਅਖਾਣ ਵੀ ਹੈ :- “ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।”
ਲੋਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਆਪਣੇ ਘਰਾਂ ਤੇ ਦੁਕਾਨਾਂ ਨੂੰ ਸਾਫ਼ ਕਰਦੇ ਹਨ, ਸਫ਼ੇਦੀਆਂ ਕਰਵਾਉਂਦੇ ਹਨ। ਜ਼ਿਆਦਾਤਰ ਲੋਕ ਇਸ ਦਿਨ ਲਕਸ਼ਮੀ ਦੀ ਪੂਜਾ ਕਰਦੇ ਹਨ, ਹਵਨ ਤੇ ਪਾਠ ਵੀ ਕਰਵਾਉਂਦੇ ਹਨ। ਆਪਣੇ ਘਰਾਂ ਦੀ ਸਜਾਵਟ ਵੀ ਕਰਦੇ ਹਨ। ਲੋਕ ਰੰਗ-ਬਰੰਗੇ ਕੱਪੜੇ ਪਾਉਂਦੇ ਹਨ, ਮਠਿਆਈਆਂ ਤੇ ਸੁੱਕੇ ਮੇਵੇ ਆਦਿ ਖਰੀਦਦੇ ਹਨ। ਰਾਤ ਨੂੰ ਘਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ। ਲੋਕ ਇਕ-ਦੂਜੇ ਨੂੰ ਦੀਵਾਲ਼ੀ ਦੀਆਂ ਵਧਾਈਆਂ ਦਿੰਦੇ ਹਨ ਅਤੇ ਮਠਿਆਈਆਂ ਤੇ ਸੁਗਾਤਾਂ ਦਾ ਵਟਾਂਦਰਾ ਕਰਦੇ ਹਨ।
ਹਰ ਪਿੰਡ ਅਤੇ ਸ਼ਹਿਰ ਰਾਤ ਵੇਲ਼ੇ ਰੌਸ਼ਨੀ ਨਾਲ ਜਗਮਗਾ ਰਿਹਾ ਹੁੰਦਾ ਹੈ। ਬੱਚੇ ਤੇ ਵੱਡੇ ਰਲ਼-ਮਿਲ਼ ਕੇ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਂਦੇ ਹਨ। ਖ਼ਾਸ ਤੌਰ ਤੇ ਦੀਵਾਲ਼ੀ ਵਾਲ਼ੇ ਦਿਨ ਦਰਬਾਰ ਸਾਹਿਬ ਵਿਖੇ ਰੌਸ਼ਨੀ ਅਤੇ ਸਜਾਵਟ ਦਾ ਖੂਬਸੂਰਤ ਦ੍ਰਿਸ਼ ਵੇਖਣ ਨੂੰ ਮਿਲਦਾ ਹੈ। ਰਾਤ ਨੂੰ ਤਰ੍ਹਾਂ-ਤਰ੍ਹਾਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ।
ਇਸ ਵਾਰ ਅਸੀਂ ਵੀ ਆਪਣੇ ਘਰ ਨੂੰ ਅੰਦਰੋਂ-ਬਾਹਰੋਂ ਸਾਫ਼ ਕੀਤਾ ਅਤੇ ਰੰਗ-ਰੋਗਨ ਕਰਵਾਇਆ। ਰੰਗ ਰੋਗਨ ਹੋਣ ਤੋਂ ਬਾਅਦ ਘਰ ਬਹੁਤ ਸੁੰਦਰ ਦਿੱਖਣ ਲੱਗਾ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੇ ਪਿਤਾ ਜੀ ਨਾਲ ਬਜ਼ਾਰ ਗਿਆ ਅਤੇ ਉੱਥੋਂ ਕੁਝ ਕਹਾਣੀਆਂ ਵਾਲੀਆਂ ਅਤੇ ਕੁਝ ਬੱਚਿਆਂ ਦੇ ਪੜ੍ਹਨ ਵਾਲੀਆਂ ਕਿਤਾਬਾਂ ਖਰੀਦੀਆਂ। ਇਸ ਤੋਂ ਬਾਅਦ ਮੈਂ ਆਪਣੇ ਸਕੂਲ ਵਿੱਚ ਨਿੰਮ, ਟਾਹਲੀ ਅਤੇ ਗੁਲਮੋਹਰ ਦੇ ਕੁਝ ਪੌਦੇ ਲਗਾਏ। ਇਹ ਕੰਮ ਮੈਂ ਦੀਵਾਈ ਤੋਂ ਇੱਕ ਦਿਨ ਪਹਿਲਾਂ ਹੀ ਨਿਬੇੜ ਲਏ ਸਨ। ਇਸ ਵਾਰ ਮੈਂ ਗਰੀਨ ਦੀਵਾਲੀ ਮਨਾਉਣ ਅਤੇ ਪਟਾਕੇ ਨਾ ਖ਼ਰੀਦਣ ਦਾ ਫ਼ੈਸਲਾ ਕੀਤਾ।
ਹੁਣ ਦੀਵਾਲੀ ਵਾਲਾ ਦਿਨ ਆ ਗਿਆ। ਮੇਰੇ ਪਿਤਾ ਜੀ ਨੇ ਮੈਨੂੰ ਸਵੇਰੇ ਉਠਦੇ ਸਾਰ ਹੀ ਇਸ਼ਨਾਨ ਕਰਨ ਲਈ ਕਿਹਾ। ਫਿਰ ਮੈਂ ਅਤੇ ਪਿਤਾ ਜੀ ਬਜ਼ਾਰ ਗਏ ਅਤੇ ਦੀਵੇ ਖਰੀਦ ਕੇ ਲਿਆਏ। ਉਹਨਾਂ ਨੇ ਸਾਰੇ ਦੀਵੇ ਚੰਗੀ ਤਰ੍ਹਾਂ ਧੋ ਕੇ ਸੁੱਕਣ ਲਈ ਰੱਖ ਦਿੱਤੇ। ਮਾਤਾ ਜੀ ਨੇ ਘਰ ਵਿੱਚ ਹੀ ਕੁਝ ਮਿੱਠੇ ਪਕਵਾਨ ਤਿਆਰ ਕਰ ਲਏ।
ਸ਼ਾਮ ਵੇਲੇ ਅਸੀਂ ਸਾਰਾ ਪਰਿਵਾਰ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ। ਉੱਥੋਂ ਵਾਪਸ ਆ ਕੇ ਮੇਰੀ ਭੈਣ ਨੇ ਹਟੜੀ ਜਗਾਈ। ਇਸ ਵਿੱਚ ਮੈਂ ਆਪਣੀ ਭੈਣ ਦੀ ਮਦਦ ਕੀਤੀ ਅਤੇ ਅਸੀਂ ਸਾਰਿਆਂ ਨੇ ਵਾਰੋ-ਵਾਰੀ ਹਟੜੀ ਨੂੰ ਮੱਥਾ ਟੇਕਿਆ। ਫਿਰ ਸਭ ਨੇ ਮਿਲਜੁਲ ਕੇ ਮਠਿਆਈਆਂ ਅਤੇ ਮਿੱਠੇ ਪਕਵਾਨਾਂ ਦਾ ਅਨੰਦ ਮਾਣਿਆ। ਇਸ ਤੋਂ ਬਾਅਦ ਅਸੀਂ ਘਰ ਦੀ ਦੀਪਮਾਲਾ ਕੀਤੀ। ਘਰ ਦਾ ਹਰ ਖੂੰਜਾ ਰੁਸ਼ਨਾਇਆ ਹੋਇਆ ਨਜ਼ਰ ਆ ਰਿਹਾ ਸੀ। ਕਿਸੇ ਪਾਸੇ ਵੀ ਜ਼ਰਾ ਜਿੰਨਾ ਵੀ ਹਨੇਰਾ ਨਹੀਂ ਸੀ। ਹਰ ਪਾਸੇ ਦੀਵਿਆਂ, ਮੋਮਬੱਤੀਆਂ, ਬਿਜਲੀ ਦੇ ਬਲਬਾਂ ਦੀਆਂ ਰੰਗ-ਬਰੰਗੀਆਂ ਲੜੀਆਂ ਨਾਲ ਜਗਮਗ- ਜਗਮਗ ਹੋ ਰਹੀ ਸੀ। ਆਲੇ ਦੁਆਲੇ ਪਟਾਕੇ ਕੇ ਚੱਲਣ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਅਤੇ ਇਧਰੋਂ-ਓਧਰੋਂ ਆਤਿਸ਼ਬਾਜ਼ੀ ਅਤੇ ਹਵਾਈਆਂ ਹਨ੍ਹੇਰੇ ਨੂੰ ਚੀਰਦੀਆਂ ਹੋਈਆਂ ਅਸਮਾਨ ਵਿੱਚ ਸਿਤਾਰਿਆਂ ਦੀ ਵਰਖਾ ਕਰ ਰਹੀਆਂ ਸਨ। ਕੋਈ ਦੋ ਘੰਟੇ ਮਗਰੋਂ ਪਟਾਕਿਆਂ ਦੀ ਆਵਾਜ਼ ਕੁਝ ਮੱਧਮ ਪਈ। ਰਾਤ ਵੇਲੇ ਕਰੀਬ ਦਸ ਵਜੇ ਬਾਹਰੋਂ ਕਿਸੇ ਦੀ ਲੜਾਈ-ਝਗੜੇ ਦਾ ਰੌਲਾ-ਰੱਪਾ ਸੁਣਾਈ ਦਿੱਤਾ। ਕੁਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਜੋ ਕਿ ਆਪਸ ਵਿੱਚ ਲੜ ਪਏ ਸਨ।
ਇਸ ਦਿਨ ਜਿੱਥੇ ਇੰਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਉੱਥੇ ਕੁਝ ਲੋਕਾਂ ਦੀਆਂ ਭੈੜੀਆਂ ਆਦਤਾਂ ਕਰਕੇ ਰੰਗ ਵਿੱਚ ਭੰਗ ਹੀ ਪੈਂਦਾ ਹੈ। ਕਈ ਲੋਕ ਇਸ ਦਿਨ ਜੂਆ ਖੇਡਦੇ ਹਨ, ਸ਼ਰਾਬ ਪੀ ਕੇ ਲੜਾਈਆਂ ਝਗੜੇ ਵੀ ਕਰਦੇ ਹਨ। ਇਹ ਇੱਕ ਵੱਡੀ ਸਮਾਜਿਕ ਬੁਰਾਈ ਹੈ। ਇਸ ਦਿਨ ਸਾਨੂੰ ਹਰ ਬੁਰਾ ਕੰਮ ਤਿਆਗ ਕੇ ਚੰਗੇ ਬਣਨ ਦਾ ਪ੍ਰਣ ਲੈਣਾ ਚਾਹੀਦਾ ਹੈ। ਤਿਉਹਾਰ ਨੂੰ ਅਜਿਹੇ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ ਜਿਸ ਨਾਲ਼ ਖੁਸ਼ੀਆਂ ਵਿੱਚ ਵਾਧਾ ਹੋਵੇ ਦੀਵਾਲ਼ੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਇੰਤਜ਼ਾਰ ਸਾਰੇ ਛੋਟੇ-ਵੱਡੇ ਕਰਦੇ ਹਨ।