ਅਧਿਆਪਕ/ਰਿਸ਼ਤੇਦਾਰ ਤੋਂ ਦਸਵੀਂ ਉਪਰੰਤ ਅਗਲਰੀ ਪੜਾਈ ਸੰਬੰਧੀ ਸਲਾਹ ਲਈ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ…………।
25 ਜੁਲਾਈ, 2024.
ਸਤਿਕਾਰਯੋਗ ਅਧਿਆਪਕ ਡਾ. ਨਰਿੰਦਰ ਕੁਮਾਰ ਜੀ,
ਸਤਿ ਸ੍ਰੀ ਅਕਾਲ।
ਦਸਵੀਂ ਦੇ ਇਮਤਿਹਾਨ ਹੋ ਚੁੱਕੇ ਹਨ। ਉਮੀਦ ਹੈ ਮੇਰਾ ਨਤੀਜਾ ਵਧੀਆ ਹੀ ਆਵੇਗਾ। ਸ਼੍ਰੇਣੀ ਵਿੱਚ ਆਪ ਵੱਲੋਂ ਕਰਵਾਈ ਮਿਹਨਤ ਅਤੇ ਸੂਝ ਭਰੀ ਅਗਵਾਈ ਸਦਕਾ ਮੈਨੂੰ ਮੈਰਿਟ ਸੂਚੀ ਵਿੱਚ ਆਉਣ ਦੀ ਪੂਰੀ ਉਮੀਦ ਹੈ। ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਆਪ ਸਾਨੂੰ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਰਹਿੰਦੇ ਸੀ। ਹੁਣ ਮੈਂ ਇੱਕ ਵਾਰ ਫਿਰ ਆਪ ਤੋਂ ਉਚੇਰੀ ਵਿੱਦਿਆ ਸੰਬੰਧੀ ਸਲਾਹ ਲੈਣੀ ਚਾਹੁੰਦਾ ਹਾਂ।
ਸ਼ਾਇਦ ਆਪ ਨੂੰ ਸਾਡੇ ਘਰ ਦੀ ਆਰਥਿਕ ਹਾਲਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਅਸੀਂ ਤਿੰਨ ਭੈਣ-ਭਰਾ ਹਾਂ। ਮੇਰੇ ਪਿਤਾ ਜੀ ਦੀ ਮਾਸਿਕ ਆਮਦਨ ਲਗ-ਪਗ ਦਸ ਹਜ਼ਾਰ ਰੁਪਏ ਹੈ। ਸਾਰੇ ਪਰਿਵਾਰ ਦਾ ਗੁਜ਼ਾਰਾ ਕੇਵਲ ਉਹਨਾਂ ਦੀ ਤਨਖ਼ਾਹ ‘ ਤ ਹੀ ਚੱਲਦਾ ਹੈ। ਜੇ ਮੈਂ ਕਾਲਜ ਵਿੱਚ ਦਾਖ਼ਲ ਹੋ ਜਾਵਾਂ ਤਾਂ ਉਹ ਮੇਰੀ ਕਾਲਜ ਦੀ ਪੜ੍ਹਾਈ ਦਾ ਖ਼ਰਚ ਨਹੀਂ ਦੇ ਸਕਣਗੇ। ਉਹਨਾਂ ਦੀ ਇੱਛਾ ਹੈ ਕਿ ਮੈਂ ਕੋਈ ਛੋਟੀ-ਮੋਟੀ ਨੌਕਰੀ ਕਰ ਲਵਾਂ ਅਤੇ ਘਰ ਦਾ ਖ਼ਰਚਾ ਚਲਾਉਣ ਵਿੱਚ ਉਹਨਾਂ ਦੀ ਸਹਾਇਤਾ ਕਰਾਂ।
ਮੈਂ ਉੱਚ-ਵਿੱਦਿਆ ਪ੍ਰਾਪਤ ਕਰਕੇ ਅਧਿਆਪਕ ਬਣਨਾ ਚਾਹੁੰਦਾ ਹਾਂ। ਸੋ, ਮੈਂ ਸੋਚਿਆ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਜਾਂ ਜਿੱਥੇ ਵੀ ਮਿਲ਼ੇ, ਕੋਈ ਨੌਕਰੀ ਕਰ ਲਵਾਂ। ਇਸ ਦੇ ਨਾਲ ਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਕਿਸੇ ਲਰਨਿੰਗ ਸੈਂਟਰ ਤੋਂ ਛੇ ਮਹੀਨੇ ਦਾ ਕੰਪਿਊਟਰ ਪ੍ਰੋਗ੍ਰਾਮਿੰਗ ਅਸਿਸਟੈਂਟ ਦਾ ਕੋਰਸ ਕਰਕੇ ਅਗਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਈ ਜਾ ਰਹੀ ਓਪਨ ਸਕੂਲ ਪ੍ਰਨਾਲ਼ੀ ਰਾਹੀਂ ਕਿਸੇ ਸਕੂਲ ਵਿੱਚ ਦਾਖ਼ਲ ਹੋ ਕੇ ਪੱਤਰ-ਵਿਹਾਰ ਰਾਹੀਂ 10 + 2 ਕਰ ਲਵਾਂ। ਇਸ ਤੋਂ ਬਾਅਦ ਮੈਂ ਕਿਸੇ ਯੂਨੀਵਰਸਿਟੀ ਤੋਂ ਪੱਤਰ-ਵਿਹਾਰ ਰਾਹੀਂ ਡਿਗਰੀ ਸ਼ੁਰੂ ਕਰ ਲਵਾਂਗਾ। ਇਸ ਤਰ੍ਹਾਂ ਕਰਨ ਨਾਲ਼ ਮੈਂ ਘਰ ਦੇ ਖ਼ਰਚ ਲਈ ਸਹਾਇਤਾ ਵੀ ਕਰ ਸਕਾਂਗਾ ਅਤੇ ਆਪਣੀ ਪੜ੍ਹਾਈ ਦਾ ਖ਼ਰਚਾ ਵੀ ਕੱਢ ਸਕਾਂਗਾ।
ਮੈਨੂੰ ਉਮੀਦ ਹੈ ਕਿ ਆਪ ਮੇਰੇ ਇਸ ਪ੍ਰੋਗ੍ਰਾਮ ਬਾਰੇ ਆਪਣੇ ਵਿਚਾਰ, ਸਲਾਹ ਅਤੇ ਅਗਵਾਈ ਦੇਣ ਦੀ ਕਿਰਪਾਲਤਾ ਕਰੋਗੇ। ਮੈਂ ਆਪ ਦੇ ਪੱਤਰ ਦੀ ਉਡੀਕ ਕਰਾਂਗਾ।
ਧੰਨਵਾਦ ਸਹਿਤ
ਆਪ ਦਾ ਵਿਦਿਆਰਥੀ,
ਨਾਮ…………………..।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037