- ਵਿਦੇਸ਼ ਰਹਿੰਦੇ ਰਿਸ਼ਤੇਦਾਰ ਨੂੰ ਪਿੰਡ ਵਿੱਚ ਆਈਆਂ ਤਬਦੀਲੀਆਂ ਬਾਰੇ ਪੱਤਰ।
ਪਰੀਖਿਆ ਭਵਨ,
ਸਕੂਲ……………..।
28 ਅਪ੍ਰੈਲ, 2024.
ਸਤਿਕਾਰਯੋਗ ਚਾਚਾ ਜੀ,
ਸਤਿ ਸ੍ਰੀ ਅਕਾਲ!
ਤੁਹਾਡੀ ਚਿੱਠੀ ਪਿਛਲੇ ਹਫ਼ਤੇ ਮਿਲ਼ ਗਈ ਸੀ। ਸਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹੋਣ ਕਾਰਨ ਚਿੱਠੀ ਦਾ ਉੱਤਰ ਛੇਤੀ ਨਹੀਂ ਦੇ ਸਕਿਆ। ਕਨੇਡਾ ਬਾਰੇ ਲਿਖੀਆਂ ਤੁਹਾਡੀਆਂ ਗੱਲਾਂ ਸਾਰਿਆਂ ਨੇ ਬਹੁਤ ਦਿਲਚਸਪੀ ਨਾਲ਼ ਪੜ੍ਹੀਆਂ ਹਨ। ਤੁਸੀਂ ਆਪਣੇ ਜਾਣ ਪਿੱਛੋਂ ਪਿੰਡ ਵਿੱਚ ਆਈਆਂ ਤਬਦੀਲੀਆਂ ਬਾਰੇ ਜਾਣਨਾ ਚਾਹਿਆ ਹੈ। ਭਾਵੇਂ ਤੁਹਾਨੂੰ ਇਸ ਸੰਬੰਧੀ ਟੈਲੀਫ਼ੋਨ ’ਤੇ ਜਾਣਕਾਰੀ ਮਿਲ਼ਦੀ ਹੀ ਰਹਿੰਦੀ ਹੈ, ਫਿਰ ਵੀ ਮੈਂ ਇਸ ਚਿੱਠੀ ਰਾਹੀਂ ਪਿੰਡ ਬਾਰੇ ਕੁਝ ਮੋਟੀਆਂ-ਮੋਟੀਆਂ ਗੱਲਾਂ ਸੰਖੇਪ ਵਿੱਚ ਦੱਸਣ ਦਾ ਜਤਨ ਕਰਦਾ ਹਾਂ। ਆਪਣੇ ਪਿੰਡ ਦਾ ਸਕੂਲ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਹੋ ਗਿਆ ਹੈ। ਮੈਂ ਅਤੇ ਮੇਰੀ ਛੋਟੀ ਭੈਣ ਸਰਬਜੀਤ ਇੱਥੇ ਹੀ ਪੜ੍ਹਦੇ ਹਾਂ। ਪਿੰਡ ਵਿੱਚ ਮੁਢਲਾ ਸਿਹਤ-ਕੇਂਦਰ ਅਤੇ ਬੈਂਕ ਵੀ ਖੁੱਲ੍ਹ ਚੁੱਕਾ ਹੈ। ਤੁਹਾਡੇ ਇੱਥੇ ਹੁੰਦਿਆਂ ਹੀ ਪਿੰਡ ਵਿੱਚ ਬਿਜਲੀ ਤਾਂ ਘਰ-ਘਰ ਆ ਗਈ ਸੀ ਪਰੰਤੂ ਹੁਣ ਪਿੰਡ ਵਿੱਚ ਚੌਵੀ ਘੰਟੇ ਬਿਜਲੀ ਦੀ ਸਹੂਲਤ ਵੀ ਮਿਲ਼ ਰਹੀ ਹੈ। ਪਾਣੀ ਦੀ ਸਤ੍ਹਾ ਲਗਾਤਾਰ ਹੇਠਾਂ ਜਾਣ ਕਾਰਨ ਹੁਣ ਘਰਾਂ ਅਤੇ ਖੇਤਾਂ ਵਿੱਚ ਸਬਮਰਸੀਬਲ ਮੋਟਰਾਂ ਲੱਗ ਚੁੱਕੀਆਂ ਹਨ।ਪਿੰਡ ਵਿੱਚ ਸਰਕਾਰ ਵੱਲੋਂ ਡੂੰਘੇ ਬੋਰ ਰਾਹੀਂ ਲੋੜਵੰਦਾਂ ਨੂੰ ਸ਼ੁੱਧ ਪਾਣੀ ਪ੍ਰਦਾਨ ਕੀਤਾ ਜਾ ਰਿਹਾ ਹੈ। ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਤੁਹਾਡੇ ਇੱਥੋਂ ਜਾਣ ਵਕਤ ਕਿਸੇ ਵਿਰਲੇ ਘਰ ਵਿੱਚ ਹੀ ਟੈਲੀਫ਼ੋਨ ਹੁੰਦਾ ਸੀ ਪਰੰਤੂ ਹੁਣ ਤਾਂ ਹਰ ਕੋਈ ਮੋਬਾਈਲ ਫ਼ੋਨ ਕੰਨ ਨਾਲ਼ ਲਾਈ ਫਿਰਦਾ ਹੈ। ਕਈਆਂ ਨੇ ਤਾਂ ਇੰਟਰਨੈੱਟ ਦੇ ਕੁਨੈਕਸ਼ਨ ਵੀ ਲੈ ਰੱਖੇ ਹਨ। ਖੇਤੀ ਘਾਟੇ ਵਾਲ਼ਾ ਧੰਦਾ ਬਣ ਜਾਣ ਕਾਰਨ ਕਈ ਲੋਕਾਂ ਨੇ ਸਹਾਇਕ ਧੰਦੇ ਸ਼ੁਰੂ ਕਰ ਰੱਖੇ ਹਨ ਇਸ ਲਈ ਬੈਂਕਾਂ ਨੇ ਕਰਜ਼ੇ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਹੋਈ ਹੈ। ਅੱਗੇ ਵਾਂਗ ਹੁਣ ਪਿੰਡ ਵਿੱਚ ਕੋਈ ਬੰਦਾ ਵਿਹਲਾ ਨਹੀਂ ਰਹਿੰਦਾ। ਪਿੰਡ ਦੇ ਕਿੰਨੇ ਹੀ ਲੋਕ ਸ਼ਹਿਰ ਵਿੱਚ ਨੌਕਰੀ ਕਰਨ ਜਾਂਦੇ ਹਨ। ਪਿੰਡ ਦੇ ਕਈ ਕਾਰੀਗਰਾਂ ਨੇ ਸ਼ਹਿਰ ਵਿੱਚ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ, ਜਿਹਨਾਂ ‘ਤੇ ਆਪਣੇ ਪਿੰਡ ਦੇ ਨਾਂ ਦੇ ਬੋਰਡ ਲੱਗੇ ਹੋਏ ਹਨ। ਸਰਪੰਚ ਦਾ ਵੱਡਾ ਲੜਕਾ ਐੱਮ.ਏ. ਕਰ ਕੇ ਨਵੇਂ ਆਰਗੈਨਿਕ ਢੰਗ ਦੀ ਖੇਤੀ ਕਰ ਰਿਹਾ ਹੈ ਅਤੇ ਨਾਲ਼ ਹੀ ਪਿੰਡ ਦੀ ਰਾਜਨੀਤੀ ਵਿੱਚ ਵੀ ਉਸਾਰੂ ਹਿੱਸਾ ਲੈਂਦਾ ਹੈ। ਪਿੰਡ ਦੀਆਂ ਤਿੰਨ-ਚਾਰ ਕੁੜੀਆਂ ਅਧਿਆਪਕਾਵਾਂ ਅਤੇ ਨਰਸਾਂ ਲੱਗ ਗਈਆਂ ਹਨ। ਚਾਰ ਕੁੜੀਆਂ ਐੱਮ.ਬੀ.ਬੀ.ਐੱਸ. ਅਤੇ ਤਿੰਨ ਕੁੜੀਆਂ ਬੀ.ਐੱਡ. ਕਰ ਰਹੀਆਂ ਹਨ। ਇਸ ਤਰ੍ਹਾਂ ਸਮੁੱਚੇ ਤੌਰ ‘ਤੇ ਪਿੰਡ ਦੀ ਨੁਹਾਰ ਹੀ ਬਦਲ ਗਈ ਹੈ। ਜਦੋਂ ਤੁਸੀਂ ਵਾਪਸ ਆਓਗੇ ਤਾਂ ਪਿੰਡ ਦੀ ਤਰੱਕੀ ਦੇਖ ਕੇ ਹੈਰਾਨ ਰਹਿ ਜਾਓਗੇ। ਤੁਸੀਂ ਜਲਦੀ ਆ ਕੇ ਮਿਲ਼ ਜਾਵੋ। ਇੱਥੇ ਸਾਰੇ ਹੀ ਤੁਹਾਨੂੰ ਬਹੁਤ ਯਾਦ ਕਰਦੇ ਹਨ।
ਤੁਹਾਡੀ ਉਡੀਕ ਵਿੱਚ,
ਤੁਹਾਡਾ ਪਿਆਰਾ ਭਤੀਜਾ,
ਨਾਮ…………।
ਟਿਕਟ ਨਾਮ………………….. ਪਿੰਡ………………….. ਜ਼ਿਲ੍ਹਾ…………………… |