3. ਗੁਰੂ ਅਮਰਦਾਸ ਜੀ
ਅਭਿਆਸ
ਪ੍ਰਸ਼ਨ 1. ਹੇਠਾਂ ਲਿਖੀਆਂ ਕਾਵਿ-ਤੁਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:
(ੳ) ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ।।
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ।।
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ‘ਹਮ ਭੀਖਕ ਭੇਖਾਰੀ ਤੇਰੇ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਮਨੁੱਖ ਨੂੰ ਸੱਚੇ ਪਰਮ ਪਿਤਾ ਕੋਲ਼ੋਂ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰੇ ਲਈ ਬੇਨਤੀ ਕਰਨ ਲਈ ਕਹਿੰਦੇ ਹਨ।
ਵਿਆਖਿਆ: ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਮੂਰਖਤਾ ਵੱਸ ਪੈ ਕੇ ਕੰਜੂਸ ਮਨੁੱਖੀ ਜੀਵ ਨੂੰ ਜਨਮ-ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ। ਮਨੁੱਖੀ ਜੀਵ ਵਾਰ-ਵਾਰ ਜੂਨਾਂ ਦੇ ਚੱਕਰ ਵਿੱਚ ਫਸਿਆ ਰਿਹਾ ਹਾਂ, ਮੇਰੇ ’ਤੇ ਕਿਰਪਾ ਕਰਕੇ ਮੈਨੂੰ ਆਪਣੀ ਮਿਹਰ ਦੀ ਬਖ਼ਸ਼ਿਸ਼ ਦਿਓ। ਮੇਰੇ ’ਤੇ ਦਯਾ ਕਰਕੇ ਮੈਨੂੰ ਦਰਸ਼ਨ ਦਿਦਾਰ ਬਖ਼ਸ਼ੋ।
(ਅ) ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।
ਇਸੁ ਗਰਬੁ ਤੇ ਚਲਹਿ ਬਹੁਤੁ ਵਿਕਾਰਾ ॥
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਮਨੁੱਖ ਨੂੰ ਉੱਚੀ ਜਾਤ ਦਾ ਹੰਕਾਰ ਨਾ ਕਰਨ ਦਾ ਸਬਕ ਦਿੰਦੇ ਹਨ।
ਵਿਆਖਿਆ: ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਮੂਰਖ ਜੀਵ ! ਅਗਿਆਨੀ ਨਾ ਬਣ, ਅਗਿਆਨ ਵੱਸ ਪੈ ਕੇ ਉੱਚੀ ਜਾਤੀ ਦਾ ਹੰਕਾਰ ਆਪਣੇ ਅੰਦਰ ਪੈਦਾ ਨਾ ਕਰ। ਇਸ ਜਾਤ ਦੇ ਹੰਕਾਰ ਕਰਕੇ ਮਨੁੱਖੀ ਜੀਵਨ ਵਿੱਚ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ।
(ੲ) ਸੰਡਾ ਮਰਕਾ ਸਭਿ ਜਾਇ ਪੁਕਾਰੇ ॥
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ।।
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ‘ਮੇਰੀ ਪਟੀਆ ਲਿਖਹੁ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਦੱਸਦੇ ਹਨ ਕਿ ਕਿਵੇਂ ਸੰਡਾ ਅਤੇ ਮਰਕਾ ਨੇ ਜਾ ਕੇ ਪ੍ਰਹਿਲਾਦ ਦੀ ਸ਼ਿਕਾਇਤ ਹਰਨਾਖ਼ਸ਼ ਕੋਲ਼ ਕੀਤੀ।
ਵਿਆਖਿਆ: ਸੰਡਾ, ਮਰਕਾ ਅਤੇ ਹੋਰ ਸਭ ਨੇ ਜਾ ਕੇ ਰਾਜੇ ਹਰਨਾਖ਼ਸ਼ ਕੋਲ਼ ਜਾ ਕੇ ਸ਼ਿਕਾਇਤ ਕੀਤੀ ਕਿ ਪ੍ਰਹਿਲਾਦ ਆਪ ਤਾਂ ਵਿਗੜਿਆ ਹੋਇਆ ਹੈ ਭਾਵ ਹਰਨਾਖ਼ਸ਼ ਦੀ ਪੂਜਾ ਨਹੀਂ ਕਰਦਾ ਅਤੇ ਉਸਨੇ ਸਾਡੇ ਬੱਚਿਆਂ ਨੂੰ ਵੀ ਵਿਗਾੜ ਦਿੱਤਾ ਹੈ।
(ਸ) ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ।।
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ‘ਅਨਦੁ ਸੁਣਹੁ ਵਡਭਾਗੀਹੋ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਦੱਸਦੇ ਹਨ ਕਿ ਉਸ ਅਕਾਲ ਪੁਰਖ ਦੀ ਸਿਫ਼ਤ ਸਲਾਹ ਨਾਲ਼ ਸਾਰੇ ਦੱਖ ਦੂਰ ਹੋ ਜਾਂਦੇ ਹਨ।
ਵਿਆਖਿਆ: ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਸੱਚੇ ਪਰਮਾਤਮਾ ਅਕਾਲ-ਪੁਰਖ ਦੀ ਸਿਫ਼ਤ ਸਲਾਹ ਅਤੇ ਉਸਦੀ ਬਾਣੀ ਨਾਲ਼ ਸਾਂਝ ਪਾਉਣ ਵਾਲ਼ੇ ਜੀਵ ਦੇ ਸਾਰੇ ਦੁੱਖ-ਕਸ਼ਟ ਦੂਰ ਹੋ ਜਾਂਦੇ ਹਨ। ਜਿਹੜੇ ਗੁਰਮੁਖ ਗੁਰੂ ਤੋਂ ਪੂਰੀ ਰਸ ਭਰਪੂਰ ਬਾਣੀ ਦੀ ਸਾਂਝ ਪਾਉਣੀ ਸਿੱਖ ਲੈਂਦੇ ਹਨ, ਉਹਨਾਂ ਦਾ ਮਨ ਖਿੜ ਜਾਂਦਾ ਹੈ।
ਪ੍ਰਸ਼ਨ 2. ਹੇਠਾਂ ਲਿਖੇ ਸਲੋਕਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਿਖੋ:-
(ੳ) ਸਤੀਆ ਏਹਿ ਨ ਆਖੀਅਨ (ਕੇਂਦਰੀ ਭਾਵ)
ਉੱਤਰ: ਗੁਰੂ ਜੀ ਅਨੁਸਾਰ ਉਹ ਔਰਤਾਂ ਅਸਲ ਸਤੀਆਂ ਨਹੀਂ ਹਨ ਜੋ ਪਤੀ ਦੀ ਲਾਸ਼ ਨਾਲ਼ ਚਿਖਾ ਵਿੱਚ ਸੜ ਕੇ ਮਰਦੀਆਂ ਹਨ ਸਗੋਂ ਉਹ ਔਰਤਾਂ ਹੀ ਅਸਲ ਸਤੀ ਹਨ ਜੋ ਪਤੀ ਦੀ ਮੌਤ ਪਿੱਛੋਂ ਵਿਛੋੜੇ ਦੀ ਅੱਗ ਵਿੱਚ ਉਮਰ ਭਰ ਸੜਦੀਆਂ ਰਹਿੰਦੀਆਂ ਹਨ ਅਤੇ ਜੋ ਸੰਤੋਖ ਰੂਪੀ ਆਚਰਣ ਧਾਰਨ ਕਰਦੀਆਂ ਹਨ ਅਤੇ ਪਤੀ ਧਰਮ ਵਿੱਚ ਪੱਕੀਆਂ ਰਹਿੰਦੀਆਂ ਹਨ ਅਤੇ ਪਤੀ ਦੇ ਜਿਉਂਦੇ ਜੀ ਪਤੀ ਧਰਮ ਵਿੱਚ ਰਹਿੰਦਿਆਂ ਦੁੱਖ ਸੁੱਖ ਸਹਿ ਕੇ ਉਸਦੀ ਸੇਵਾ ਕਰਦੀਆਂ ਹਨ।
(ਅ) ਜਾਤਿ ਕਾ ਗਰਬੁ ਨ ਕਰੀਅਹੁ ਕੋਈ (ਕੇਂਦਰੀ ਭਾਵ)
ਉੱਤਰ: ਮਨੁੱਖ ਨੂੰ ਉੱਚੀ ਜਾਤ ਦਾ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਕੋਈ ਜੀਵ ਪਰਮਾਤਮਾ ਨਾਲ਼ ਸਾਂਝ ਪਾਏ ਬਿਨਾਂ ਬ੍ਰਾਹਮਣ ਨਹੀਂ ਅਖਵਾ ਸਕਦਾ। ਦੂਜਾ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਜੋਤ ਰੂਪ ਤੋਂ ਪੈਦਾ ਹੋਈ ਹੈ ਇਸ ਕਰਕੇ ਸਾਰੇ ਮਨੁੱਖ ਬਰਾਬਰ ਹਨ ਉਹਨਾਂ ਵਿੱਚ ਜਾਤ ਅਧਾਰਿਤ ਭਿੰਨ ਭੇਦ ਕਰਨਾ ਮੂਰਖਤਾ ਹੈ ਤੇ ਇਹ ਆਪਸੀ ਭਾਈਚਾਰਕ ਜੀਵਨ ਲਈ ਬਹੁਤ ਹਾਨੀਕਾਰਕ ਹੈ।
(ੲ) ਹਉਮੈ ਮਾਇਆ ਮੋਹਿ ਖੁਆਇਆ (ਕੇਂਦਰੀ ਭਾਵ)
ਉੱਤਰ: ਇਸ ਵਿੱਚ ਗੁਰੂ ਸਾਹਿਬ ਨੇ ਮਨਮੁਖ ਦੀ ਹਉਮੈ ਤੇ ਹੰਕਾਰ ਨੂੰ ਜੀਵਨ ਦੀ ਭਟਕਣ ਦਾ ਕਾਰਨ ਦੱਸਿਆ ਹੈ। ਕਿ ਜੇਕਰ ਪ੍ਰਭੂ ਦੀ ਕਿਰਪਾ ਨਾਲ਼ ਹੀ ਉਸਨੂੰ ਪੂਰਾ ਗੁਰੂ ਮਿਲ਼ਨ ’ਤੇ ਹੀ ਉਸ ਦੀ ਭਟਕਣ ਖ਼ਤਮ ਹੋ ਸਕਦੀ ਹੈ ਤੇ ਉਹ ਰਾਮ ਨਾਮ ਵਿੱਚ ਲੀਨ ਹੋ ਸਕਦਾ ਹੈ।
ਪ੍ਰਸ਼ਨ 3. ‘ਅਨਦੁ ਸੁਣਹੁ ਵਡਭਾਗੀ ਹੋ’ ਸ਼ਬਦ ਦਾ ਕੇਂਦਰੀ ਭਾਵ ਲਿਖੋ।
ਉੱਤਰ: ਕੇਂਦਰੀ ਭਾਵ: ਗੁਰੂ ਦੀ ਕਿਰਪਾ ਨਾਲ਼ ਪ੍ਰਭੂ ਦੀ ਸਿਫ਼ਤ–ਸਲਾਹ ਅਤੇ ਗੁਰੂ ਦੀ ਬਾਣੀ ਨਾਲ਼ ਸਾਂਝ ਪਾ ਕੇ ਹੀ ਜੀਵ ਨੂੰ ਪੂਰਨ ਆਨੰਦ ਅਵਸਥਾ ਪ੍ਰਾਪਤ ਹੁੰਦੀ ਹੈ, ਜਿਸ ਉਪਰੰਤ ਉਸਦੇ ਅੰਦਰ ਖੁਸ਼ੀ ਦੇ ਵਾਜੇ ਵੱਜਦੇ ਹਨ ਅਤੇ ਉਸ ਦੇ ਮਨ ਦੇ ਸਾਰੇ ਕਲੇਸ਼ ਖ਼ਤਮ ਹੋ ਜਾਂਦੇ ਹਨ। ਸਿਰਫ਼ ਬਾਣੀ ਨਾਲ਼ ਸਾਂਝ ਪਾ ਕੇ ਹੀ ਉਸਦੀ ਭਟਕਣ ਮੁੱਕ ਸਕਦੀ ਹੈ।
4. ਵਸਤੂਨਿਸ਼ਠ ਪ੍ਰਸ਼ਨ:
(ੳ) ਗੁਰੂ ਅਮਰਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਦੱਸੋ।
ਉੱਤਰ: ਸਤੀਆ ਏਹਿ ਨ ਆਖੀਅਨ।
(ਅ) ‘ਹਉਮੈ ਮਾਇਆ ਮੋਹਿ ਖੁਆਇਆ‘ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?
(i) ਗੁਰੂ ਨਾਨਕ ਦੇਵ ਜੀ (ii) ਗੁਰੂ ਅੰਗਦ ਦੇਵ ਜੀ (iii) ਗੁਰੂ ਅਮਰਦਾਸ ਜੀ।
ਉੱਤਰ: (iii) ਗੁਰੂ ਅਮਰਦਾਸ ਜੀ।
(ੲ) ਗੁਰੂ ਅਮਰਦਾਸ ਜੀ ਨੇ ‘ਹਮ ਭੀਖਕ ਭੇਖਾਰੀ‘ ਸ਼ਬਦ ਕਿਸ ਲਈ ਵਰਤੇ ਹਨ?
ਉੱਤਰ: ਮਨੁੱਖੀ ਜੀਵ ਲਈ।
(ਸ) ਗੁਰੂ ਅਮਰਦਾਸ ਜੀ ਨੇ ਸਤੀਆਂ ਕਿਨ੍ਹਾਂ ਨੂੰ ਕਿਹਾ ਹੈ?
(i) ਜੋ ਪਤੀ ਦੀ ਲੋਥ ਨਾਲ਼ ਸੜ ਮਰਦੀਆਂ ਹਨ (ii) ਜੋ ਜਿਊਂਦੇ-ਜੀਅ ਆਪਣੇ ਪਤੀ ਦੇ ਦੁੱਖ-ਸੁੱਖ ਵਿੱਚ ਸਾਥ ਦਿੰਦੀਆਂ ਹਨ।
ਉੱਤਰ: (ii) ਜੋ ਜਿਊਂਦੇ-ਜੀਅ ਆਪਣੇ ਪਤੀ ਦੇ ਦੁੱਖ-ਸੁੱਖ ਵਿੱਚ ਸਾਥ ਦਿੰਦੀਆਂ ਹਨ।
(ਹ) ‘ਦੁੱਖ ਰੋਗ ਸੰਤਾਪ ਉਤਰੇ ਸੁਣੀ …………….।’ ਸਤਰ ਨੂੰ ਪੂਰਾ ਕਰੋ।
ਉੱਤਰ: ਸੱਚੀ ਬਾਣੀ।
(ਕ) ਗੁਰੂ ਅਮਰਦਾਸ ਜੀ ਦੇ ਸਲੋਕ ‘ਜਾਤਿ ਦਾ ਗਰਬੁ ਨ ਕਰੀਅਹੁ ਕੋਈ’ ਅਨੁਸਾਰ ਕਿੰਨੇ ਤੱਤ ਮਿਲੁ ਕੇ ਸਰੀਰ ਦਾ ਆਕਾਰ ਬਣਾਉਂਦੇ ਹਨ?
ਉੱਤਰ: ਪੰਜ ਤੱਤ।
(ਖ) ‘ਮੇਰੀ ਪਟੀਆ ਲਿਖਹੁ‘ ਸਲੋਕ ਵਿੱਚ ਪ੍ਰਹਿਲਾਦ ਦੀ ਮਾਂ ਕਿਸ ਦਾ ਨਾਂ ਛੱਡ ਕੇ ਉਸਨੂੰ ਆਪਣੀ ਜਾਨ ਬਚਾਉਣ ਲਈ ਕਹਿੰਦੀ ਹੈ?
ਉੱਤਰ: ਰਾਮ ਦਾ।
(ਗ) ‘ਮੇਰੀ ਪਟੀਆ ਲਿਖਹੁ’ ਸਲੋਕ ਵਿੱਚ ਕੌਣ ਹਰਨਾਖਸ਼ ਕੋਲ ਜਾ ਕੇ ਪ੍ਰਹਿਲਾਦ ਦੀ ਸ਼ਿਕਾਇਤ ਕਰਦੇ ਹਨ?
ਉੱਤਰ: ਸੰਡ ਮਰਕ ਅਤੇ ਹੋਰ ਸਭ।
(ਘ) ‘ਮੇਰੀ ਪਟੀਆ ਲਿਖਹੁ’ ਸਲੋਕ ਵਿੱਚ ਪ੍ਰਹਿਲਾਦ ਨੂੰ ਕੌਣ ਬਚਾਉਂਦਾ ਹੈ?
(i) ਪ੍ਰਹਿਲਾਦ ਦੀ ਮਾਂ (ii) ਪ੍ਰਹਿਲਾਦ ਦੇ ਸਾਥੀ (iii) ਨਰਸਿੰਘ ਦੇ ਰੂਪ ਵਿੱਚ ਪਰਮਾਤਮਾ
ਉੱਤਰ: (iii) ਨਰਸਿੰਘ ਦੇ ਰੂਪ ਵਿੱਚ ਪਰਮਾਤਮਾ।
ਤਿਆਰ ਕਰਤਾ:
ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784