ਅਧਿਆਇ 2 ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸ਼ਬਦਾਵਲੀ

ਪਾਠ–2 ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸ਼ਬਦਾਵਲੀ

ਅਭਿਆਸ

ਪ੍ਰਸ਼ਨ 1. ਉਪਭਾਸ਼ਾ ਕੀ ਹੁੰਦੀ ਹੈ? ਪੰਜਾਬੀ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ?

ਉੱਤਰ: ਉਪਭਾਸ਼ਾ ਅੰਗਰੇਜ਼ੀ ਸ਼ਬਦ ‘ਡਾਇਲੈਕਟ’ ਦਾ ਸਿੱਧਾ ਪੰਜਾਬੀ ਅਨੁਵਾਦ ਹੈ। ਉਪਭਾਸ਼ਾ ਬਾਰੇ ਚੇਤਨਾ ਕੋਈ ਬਹੁਤੀ ਪੁਰਾਣੀ ਨਹੀਂ ਹੈ। ਉੱਨੀਵੀਂ ਸਦੀ ਦੇ ਅਖੀਰ ‘ਤੇ ਜਦੋਂ ਵੱਖ-ਵੱਖ ਦੇਸਾਂ ਵਿੱਚ ਉਪਭਾਸ਼ਾ ਦੀ ਖੋਜ ਵੱਲ ਵਿਦਵਾਨਾਂ ਦਾ ਧਿਆਨ ਕੇਂਦਰਿਤ ਹੋਇਆ ਤਾਂ ਉਸ ਵੇਲ਼ੇ ‘ਉਪਭਾਸ਼ਾ’ ਦਾ ਸੰਕਲਪ ਪੈਦਾ ਹੋਇਆ।

ਉਪਭਾਸ਼ਾ ਕੀ ਹੈ?

ਉਪਭਾਸ਼ਾ ਕਿਸੇ ਭਾਸ਼ਾ ਦਾ ਇਲਾਕਾਈ ਜਾਂ ਸਮਾਜਿਕ ਤੌਰ ’ਤੇ ਨਿਖੜਵੀਂ ਇੱਕ ਵੰਨਗੀ ਹੈ, ਜਿਸ ਦੀ ਪਛਾਣ ਖ਼ਾਸ ਕਿਸਮ ਦੀ ਸ਼ਬਦਾਵਲੀ ਤੇ ਵਾਕ-ਬਣਤਰ ਤੋਂ ਕੀਤੀ ਜਾ ਸਕਦੀ ਹੈ। ਜਿਸ ਭਾਸ਼ਾ ਦਾ ਖੇਤਰ ਵਿਸ਼ਾਲ ਹੋਵੇ, ਜਿਸ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੋਕ ਬੋਲਦੇ ਹੋਣ, ਅਕਸਰ ਉਸ ਭਾਸ਼ਾ ਵਿੱਚ ਉਪਭਾਸ਼ਾਵਾਂ ਵਿਕਾਸ ਕਰ ਹੀ ਜਾਂਦੀਆਂ ਹਨ, ਖ਼ਾਸ ਕਰਕੇ ਅਜੇਹੀਆਂ ਹਾਲਤਾਂ ਵਿੱਚ ਜਦੋਂ ਲੋਕਾਂ ਨੂੰ ਦਰਿਆ, ਪਹਾੜ ਆਦਿ ਭੂਗੋਲਿਕ ਵਿੱਥਾਂ ਕਰਕੇ ਮੇਲ਼-ਮਿਲ਼ਾਪ ਦੇ ਮੌਕੇ ਘੱਟ ਮਿਲ਼ਦੇ ਹੋਣ।

ਜੇ. ਐੱਲ. ਬਰੁੱਕ ਨੇ ਲਿਖਿਆ ਹੈ ਕਿ ਆਮ ਤੌਰ ’ਤੇ ‘ਉਪਭਾਸ਼ਾ’ ਬੋਲਣ ਵਾਲ਼ੇ ਲੋਕ ਥੋੜ੍ਹੇ ਹੁੰਦੇ ਹਨ ਜਦ ਕਿ ‘ਭਾਸ਼ਾ’ ਬੋਲਣ ਵਾਲ਼ਿਆਂ ਲੋਕਾਂ ਦੀ ਗਿਣਤੀ ਵੱਡੀ ਹੁੰਦੀ ਹੈ। ਇਸ ਤਰ੍ਹਾਂ ਉਪਭਾਸ਼ਾ ਜਨ-ਗਿਣਤੀ ਦੇ ਤੌਰ ’ਤੇ ਛੋਟੀ ਹੁੰਦੀ ਹੈ।

ਡਾ. ਭੋਲਾਨਾਥ ਤਿਵਾਰੀ ਦਾ ਕਥਨ ਹੈ ਕਿ ‘ਉਪਭਾਸ਼ਾ’ ਕਿਸੇ ਭਾਸ਼ਾ ਦੇ ਇੱਕ ਅਜਿਹੇ ਸੀਮਿਤ ਖੇਤਰੀ ਰੂਪ ਨੂੰ ਆਖਦੇ ਹਨ ਜਿਹੜਾ ਟਕਸਾਲੀ ਭਾਸ਼ਾ ਤੋਂ ਕਿਤੇ-ਕਿਤੇ ਭਿੰਨ ਹੁੰਦਾ ਹੈ ਪਰ ਏਨਾ ਭਿੰਨ ਨਹੀਂ ਕਿ ਉਸੇ ਭਾਸ਼ਾ ਦੀਆਂ ਹੋਰ ਉਪਭਾਸ਼ਾਵਾਂ ਵਾਲ਼ੇ ਲੋਕ ਉਸ ਨੂੰ ਨਾ ਸਮਝ ਸਕਦੇ ਹੋਣ।

ਪੰਜਾਬੀ ਉਪਭਾਸ਼ਾਵਾਂ ਦੀ ਗਿਣਤੀ

ਪੰਜਾਬੀ ਉਪਭਾਸ਼ਾਵਾਂ ਕਿੰਨੀਆਂ ਤੇ ਕਿਹੜੀਆਂ ਹਨ, ਇਸ ਵਿਸ਼ੇ ਦਾ ਉਲੇਖ ਸਭ ਤੋਂ ਪਹਿਲਾਂ ਡਾ. ਜਾਰਜ ਗ੍ਰੀਅਰਸਨ ਨੇ ਇੱਕ ਨੇਮ-ਬੱਧ ਤਰੀਕੇ ਨਾਲ਼ ਕੀਤਾ ਹੈ।

(ੳ) ਲਹਿੰਦੀ (ਪੱਛਮੀ ਪੰਜਾਬੀ, ਪਾਕਿਸਤਾਨ) ਦੀਆਂ ਉਪਭਾਸ਼ਾਵਾਂ

1. ਦੱਖਣੀ ਲਹਿੰਦੀ-ਮੁਲਤਾਨੀ, ਸਿਰਾਇਕੀ, ਥਲ਼ੀ (ਜਟਕੀ)

2. ਉੱਤਰ-ਪੱਛਮੀ ਲਹਿੰਦੀ-ਧੰਨੀ, ਹਿੰਦਕੋ, ਤਿਨਾਉਲੀ

3. ਉੱਤਰ-ਪੂਰਬੀ ਲਹਿੰਦੀ-ਪੋਠੋਹਾਰੀ, ਅਵਾਣਕਾਰੀ, ਪੁਣਛੀ, ਘੇਬੀ, ਪਹਾੜੀ।

(ਅ) ਪੂਰਬੀ ਪੰਜਾਬੀ (ਭਾਰਤੀ ਪੰਜਾਬੀ) ਦੀਆਂ ਉਪਭਾਸ਼ਾਵਾਂ

ਮਾਝੀ, ਮਲਵਈ, ਦੁਆਬੀ, ਪੁਆਧੀ ਰਾਠੀ, ਭਟਿਆਣੀ, ਡੋਗਰੀ, ਕਾਂਗੜੀ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ-ਵਿਗਿਆਨ ਵਿਭਾਗ ਨੇ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਜਿਹੜਾ ਵੇਰਵਾ ਤੇ ਨਕਸ਼ਾ ਤਿਆਰ ਕੀਤਾ ਹੈ, ਉਸ ਅਨੁਸਾਰ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗਿਣਤੀ 28 (ਅਠਾਈ) ਦੱਸੀ ਗਈ ਹੈ।

ਪ੍ਰਸ਼ਨ 2. ਉਪਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਲਿਖਦੇ ਹੋਏ, ਪੰਜਾਬੀ ਉਪਭਾਸ਼ਾ ਦੇ ਵਿਕਾਸ ਬਾਰੇ ਲਿਖੋ।

ਉੱਤਰ: ਉਪਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:

ਉਪਭਾਸ਼ਾ ਭੂਗੋਲਿਕ ਜਾਂ ਸਮਾਜਿਕ ਤੌਰ ਤੇ ਇੱਕ ਸੀਮਿਤ ਦਾਇਰੇ ਦੀ ਬੋਲਚਾਲ ਦੀ ਬੋਲੀ ਹੁੰਦੀ ਹੈ। ਇਕੋ ਹੀ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿੱਚ ਕੁਝ-ਕੁਝ ਫ਼ਰਕ ਹੁੰਦੇ ਹਨ ਪਰ ਅਜਿਹੀਆਂ ਉਪਭਾਸ਼ਾਵਾਂ ਨੂੰ ਬੋਲਣ ਵਾਲ਼ੇ ਸਾਰੇ ਲੋਕ ਆਪੋ ਵਿੱਚ ਇੱਕ-ਦੂਜੇ ਨੂੰ ਸਮਝਦੇ ਹਨ।

ਉਪਭਾਸ਼ਾ, ਭਾਸ਼ਾ ਵਿੱਚੋਂ ਨਿਕਲ਼ੀ ਨਹੀਂ ਹੁੰਦੀ ਸਗੋਂ ਉਪਭਾਸ਼ਾ ਤੇ ਭਾਸ਼ਾ ਦੋਵੇਂ ਇੱਕੋ ਸਮੇਂ ਵੱਖ-ਵੱਖ ਇਲਾਕਿਆਂ ਵਿੱਚ ਪ੍ਰਫੁਲਿਤ ਹੋਈਆਂ ਹੁੰਦੀਆਂ ਹਨ। ਉਪਭਾਸ਼ਾ ਸੰਬੰਧਿਤ ਟਕਸਾਲੀ ਭਾਸ਼ਾ ਦੀ ਉੱਨਤੀ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ ਅਤੇ ਕਈ ਠੇਠ ਸ਼ਬਦਾਂ ਦਾ ਯੋਗਦਾਨ ਪਾ ਸਕਦੀ ਹੈ। ਉਪਭਾਸ਼ਾ ਵਿੱਚ ਪੁਰਾਤਨ ਸ਼ਬਦ-ਰੂਪਾਂ ਅਤੇ ਭਾਸ਼ਾਈ ਤੱਤਾਂ ਨੂੰ ਸੰਭਾਲਿਆ ਹੁੰਦਾ ਹੈ। ਉਪਭਾਸ਼ਾ ਵਿੱਚ ਉਸ ਇਲਾਕੇ ਦੇ ਪੁਰਾਤਨ ਇਤਿਹਾਸ, ਲੋਕ-ਸਾਹਿਤ ਤੇ ਸੱਭਿਆਚਾਰ ਦੀ ਜਾਣਕਾਰੀ ਮਿਲ਼ਦੀ ਹੈ।

ਸਹਿ-ਉਪਭਾਸ਼ਾਵਾਂ ਦੇ ਤਾਣੇ-ਬਾਣੇ ਵਿੱਚ ਸੱਭਿਆਚਾਰਿਕ ਸ਼ਬਦਾਂ ਦੇ ਵੱਖ-ਵੱਖ ਰੂਪਾਂ ਨੂੰ ਵੇਖਿਆ ਜਾ ਸਕਦਾ ਹੈ। ਪੰਜਾਬੀ ਉਪਭਾਸ਼ਾਵਾਂ ਵਿੱਚ ਬੱਚੇ ਲਈ, ‘ਮੁੰਡਾ, ਛੋਹਰਾ, ਬਾਲ, ਜਾਤਕ, ਨੱਢਾ, ਲੜਕਾ, ਛੋਕਰਾ, ਬੂਜਾ, ਕਾਕਾ’, ਆਦਿ ਕਿੰਨੇ ਹੀ ਸ਼ਬਦ ਰੂਪ ਹਨ। ਅੱਜ ਦੇ ਯੁੱਗ ਵਿੱਚ ਭਾਸ਼ਾ ਦੇ ਨਾਲ਼-ਨਾਲ਼ ਉਪਭਾਸ਼ਾਵਾਂ ਦਾ ਅਧਿਐਨ ਵੀ ਜ਼ਰੂਰੀ ਹੋ ਗਿਆ ਹੈ।

ਪੰਜਾਬੀ ਉਪਭਾਸ਼ਾਵਾਂ ਦਾ ਵਿਕਾਸ

ਪੰਜਾਬੀ ਸਾਂਝੇ ਪੰਜਾਬ ਦੀ ਜੱਦੀ ਲੋਕ-ਭਾਸ਼ਾ ਹੈ ਜਿਸ ਨੂੰ ਬੋਲਣ ਵਾਲ਼ੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਹਨ। ਪੰਜਾਬੀ ਬੋਲਦਾ ਭੂਗੋਲਿਕ ਖੇਤਰ ਵੀ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੋਹਾਂ ਖਿੱਤਿਆਂ ਵਿੱਚ ਫੈਲਿਆ ਹੋਇਆ ਹੈ। ਬੁਲਾਰਿਆਂ ਦੀ ਵੱਡੀ ਗਿਣਤੀ ਹੋਣ ਕਰਕੇ ਅਤੇ ਵੱਡੇ ਸਾਰੇ ਭੂ-ਖੰਡ ਵਿੱਚ ਫੈਲੀ ਹੋਣ ਕਰ ਕੇ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਵਿਕਸਿਤ ਹੋਈਆਂ ਹਨ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦੇ ਆਲ਼ੇ-ਦੁਆਲ਼ੇ ਉਪਭਾਸ਼ਾਵਾਂ ਨੇ ਇੱਕ ਝੁਰਮਟ ਪਾਇਆ ਹੋਇਆ ਹੈ।

ਪ੍ਰਸ਼ਨ 3. ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਦੱਸੋ ਕਿ ਉਹ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ?

ਉੱਤਰ: ਉਪਭਾਸ਼ਾ ਕਿਸੇ ਭਾਸ਼ਾ ਦਾ ਇਲਾਕਾਈ ਜਾਂ ਸਮਾਜਿਕ ਤੌਰ ’ਤੇ ਨਿਖੜਵੀਂ ਇੱਕ ਵੰਨਗੀ ਹੈ, ਜਿਸ ਦੀ ਪਛਾਣ ਖ਼ਾਸ ਕਿਸਮ ਦੀ ਸ਼ਬਦਾਵਲੀ ਤੇ ਵਾਕ-ਬਣਤਰ ਤੋਂ ਕੀਤੀ ਜਾ ਸਕਦੀ ਹੈ। ਜਿਸ ਭਾਸ਼ਾ ਦਾ ਖੇਤਰ ਵਿਸ਼ਾਲ ਹੋਵੇ, ਜਿਸ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੋਕ ਬੋਲਦੇ ਹੋਣ, ਅਕਸਰ ਉਸ ਭਾਸ਼ਾ ਵਿੱਚ ਉਪਭਾਸ਼ਾਵਾਂ ਵਿਕਾਸ ਕਰ ਹੀ ਜਾਂਦੀਆਂ ਹਨ, ਖ਼ਾਸ ਕਰਕੇ ਅਜਿਹੀਆਂ ਹਾਲਤਾਂ ਵਿੱਚ ਜਦੋਂ ਲੋਕਾਂ ਨੂੰ ਦਰਿਆ, ਪਹਾੜ ਆਦਿ ਭੂਗੋਲਿਕ ਵਿੱਥਾਂ ਕਰਕੇ ਮੇਲ਼-ਮਿਲ਼ਾਪ ਦੇ ਮੌਕੇ ਘੱਟ ਮਿਲ਼ਦੇ ਹੋਣ।

ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਅਤੇ ਉਹਨਾਂ ਦੇ ਇਲਾਕਿਆਂ ਦਾ ਵਿਵਰਣ ਹੇਠ ਲਿਖੇ ਅਨੁਸਾਰ ਹੈ:

ਪੋਠੋਹਾਰੀ ਉਪਭਾਸ਼ਾ:

ਪੋਠੋਹਾਰੀ ਪਾਕਿਸਤਾਨੀ ਪੰਜਾਬੀ ਦੇ ਰਾਵਲਪਿੰਡੀ, ਜਿਹਲਮ ਅਤੇ ਕੈਮਲਪੁਰ ਇਲਾਕੇ ਦੀ ਬੋਲੀ ਹੈ। ਇਸ ਇਲਾਕੇ ਦੇ ਵਸਨੀਕ ਕਬੀਲਿਆਂ ਅਤੇ ਜਾਤ-ਬਰਾਦਰੀ ਦੇ ਨਾਂਵਾਂ ਕਰ ਕੇ ਹੋਰ ਸਥਾਨਿਕ ਨਾਂ ਵੀ ਪ੍ਰਚਲਿਤ ਹੋਏ ਹਨ ਜਿਵੇਂ ਧੰਨੀ, ਅਵਾਣਕਾਰੀ, ਘੇਬੀ। ਇਹਨਾਂ ਵਿੱਚ ਥੋੜ੍ਹਾ-ਥੋੜ੍ਹਾ ਫ਼ਰਕ ਹੈ ਪਰ ਇਹਨਾਂ ਨੂੰ ਸਾਂਝੇ ਤੌਰ ‘ਤੇ ਪੋਠੋਹਾਰੀ ਕਿਹਾ ਜਾ ਸਕਦਾ ਹੈ।

ਮੁਲਤਾਨੀ ਉਪਭਾਸ਼ਾ:

ਮੁਲਤਾਨੀ ਜਾਂ ਲਹਿੰਦੀ ਜਾਂ ਸਰਾਇਕੀ ਦੇ ਭਾਸ਼ਾਈ ਖੇਤਰ ਮੂਲ ਰੂਪ ਵਿੱਚ ਪਾਕਿਸਤਾਨ ਵਿੱਚ ਹਨ। ਮੁਲਤਾਨ, ਡੇਰਾ ਗਾਜ਼ੀ ਖਾਂ, ਮੁਜੱਫ਼ਰਗੜ੍ਹ, ਲੈਯਾ, ਨਵਾਂ ਕੋਟ, ਡੇਰਾ ਇਸਮਾਇਲ ਖਾਂ, ਬਹਾਵਲਪੁਰ, ਅਲੀਪੁਰ, ਜਤੋਈ, ਖੈਰਪੁਰ, ਮਿਯਾਂਵਲੀ ਝੰਗ, ਬੰਨੂ, ਕੋਹਾਟ, ਬਕਖਰ, ਕੋਟ ਅਛੂ ਅਤੇ ਇਹਨਾਂ ਦੇ ਨਿਕਟਵਰਤੀ ਇਲਾਕੇ ਹਨ। ਇੱਥੇ ਦੇ ਹਿੰਦੂ ਤੇ ਸਿੱਖ ਹੁਣ ਪਾਕਿ ਨੂੰ ਛੱਡ ਸੰਨ 1947 ਦੇ ਬਾਅਦ ਦੇ ਭਿੰਨ-ਭਿੰਨ ਪ੍ਰਦੇਸਾਂ ਵਿੱਚ ਵੱਸ ਗਏ ਹਨ।

ਮਾਝੀ ਉਪਭਾਸ਼ਾ:

ਮਾਝੀ ਉਪਭਾਸ਼ਾ ਸਾਂਝੇ ਪੰਜਾਬ ਦੇ ਮਾਝੇ ਇਲਾਕੇ ਦੀ ਬੋਲੀ ਹੈ। ਮਾਝੀ ਜ਼ਿਲ੍ਹਾ ਅੰਮ੍ਰਿਤਸਰ, ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਜ਼ਿਲ੍ਹਾ ਤਰਨਤਾਰਨ ਅਤੇ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਬਿਨਾਂ ਗੁੱਜਰਾਂਵਾਲਾ ਜ਼ਿਲ੍ਹਾ ਸਿਆਲਕੋਟ ਅਤੇ ਨਾਰੋਵਾਲ ਦੀ ਬੋਲੀ ਵੀ ਮਾਝੀ ਨਾਲ਼ ਮਿਲ਼ਦੀ ਹੈ। ਮਾਝੀ ਵਿੱਚ ਪੰਜਾਬੀ ਦੀਆਂ ਉੱਚੀ, ਸਾਂਵੀਂ, ਨੀਵੀਂ, ਤਿੰਨੋਂ, ਸੁਰਾਂ ਉਚਾਰੀਆਂ ਜਾਂਦੀਆਂ ਹਨ, ਹੁਣ ਮਾਝੀ ਵਿੱਚ ਸੁਰਾਂ ਦੀ ਵਰਤੋਂ ਹੋਰ ਵੀ ਵਧਦੀ ਜਾ ਰਹੀ ਹੈ। ਮਾਝੀ ਵਿੱਚ ਸ਼ਬਦਾਂ ਦੇ ਦਰਮਿਆਨ ਤੇ ਅਖ਼ੀਰ ’ਤੇ ਹ-ਧੁਨੀ ਨਹੀਂ ਬੋਲੀ ਜਾਂਦੀ, ਇਸ ਲਈ ਸੁਹਾਗਾ, ਪਹਾੜ ਦਾ ਮਾਝੀ ਉਚਾਰਨ ਸੁਆਗਾ, ਪਆੜ ਹੀ ਹੈ।

ਮਲਵਈ ਉਪਭਾਸ਼ਾ:

ਪੰਜਾਬ ਦੇ ਮਾਲਵਾ ਇਲਾਕੇ ਦੀ ਬੋਲੀ ਨੂੰ ਮਲਵਈ ਕਿਹਾ ਜਾਂਦਾ ਹੈ। ਮਲਵਈ ਉਪਭਾਸ਼ਾ ਦੇ ਖੇਤਰ ਵਿੱਚ ਬਠਿੰਡਾ, ਮਾਨਸਾ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਫ਼ਿਰੋਜ਼ਪੁਰ, ਸੰਗਰੂਰ ਤੇ ਲੁਧਿਆਣਾ ਦੇ ਸਾਲਮ ਜ਼ਿਲ੍ਹੇ ਅਤੇ ਪਟਿਆਲ਼ਾ ਜ਼ਿਲ੍ਹੇ ਦਾ ਦੱਖਣ-ਪੱਛਮੀ ਭਾਗ ਸ਼ਾਮਲ ਹਨ। ਸੋ, ਮਲਵਈ ਬਹੁਤ ਵੱਡੇ ਰਕਬੇ ਦੀ ਬੋਲੀ ਹੈ। ਮਲਵਈ ਵਿੱਚ ਧੁਨੀ-ਸੰਗੋੜ ਦੀ ਬਹੁਤ ਵਰਤੋਂ ਹੈ, ਬੋਲਣ ਵੇਲ਼ੇ ਮਲਵਈ ਧੁਨੀਆਂ ਨੂੰ ਐਵੇਂ ਹੀ ਸੰਗੋੜ ਦਿੰਦੇ ਹਨ, ਜਿਵੇਂ ਅਨਾਜ ਨੂੰ ਨਾਜ, ਅਖੰਡ-ਪਾਠ ਨੂੰ ਖੰਡ ਪਾਠ, ਇਨਾਮ ਨੂੰ ਨਾਮ। ਮਲਵਈ ਵਿੱਚ ਸ਼-ਛ-ਸ ਦਾ ਆਮ ਅੰਤਰ-ਵਟਾਂਦਰਾ ਹੈ, ਜਿਵੇਂ ਛਾਤੀ ਨੂੰ ਸ਼ਾਤੀ, ਸੜਕ ਨੂੰ ਛੜਕ, ਸ਼ੁਰੂ ਨੂੰ ਛੁਰੂ, ਆਮ ਉਚਾਰੇ ਜਾਂਦੇ ਹਨ।

ਦੁਆਬੀ ਉਪਭਾਸ਼ਾ:

ਦੁਆਬੀ ਪੰਜਾਬ ਦੇ ਦੁਆਬਾ ਇਲਾਕੇ ਦੀ ਬੋਲੀ ਹੈ । ਦੁਆਬੀ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਦੁਆਬੀ ਦੇ ਇੱਕ ਪਾਸੇ ਮਾਝੀ ਤੇ ਦੂਜੇ ਪਾਸੇ ਮਲਵਈ ਉਪਭਾਸ਼ਾ ਹੈ ਇਸ ਲਈ ਦੁਆਬੀ ਉਪਭਾਸ਼ਾ ਉੱਤੇ ਦੋਂਹਾਂ ਦਾ ਚੋਖਾ ਪ੍ਰਭਾਵ ਹੈ। ਡਾ. ਐੱਸ. ਐੱਸ. ਜੋਸ਼ੀ ਨੇ ਦੁਆਬੀ ਬੋਲੀ ਬਾਰੇ ਡੂੰਘੀ ਖੋਜ ਕਰਕੇ ਇਸ ਦੀਆਂ ਨਵੇਕਲੀਆਂ ਖੋਜ ਕੱਢੀਆਂ ਹਨ। ਵਾਵੇ ਨੂੰ ਬੱਬਾ ਬੋਲਣਾ ਦੁਆਬੀਆਂ ਦਾ ਆਮ ਸੁਭਾਅ ਹੈ, ਜਿਵੇਂ ‘ਬੋਲ ਬਰਿਆਮ ਸਿੰਹਾਂ ਬਾਗਰੂ’ ਜਾਂ ‘ਬਹਿੜਕੇ ਦੀ ਬੱਖੀ ਬਿੱਚ ਬੱਟਾ ਮਾਰਿਆ।’

ਪੁਆਧੀ ਉਪਭਾਸ਼ਾ :

ਪੰਜਾਬ ਦੇ ਪੁਆਧ ਇਲਾਕੇ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ। ਪੁਆਧੀ ਦਾ ਖੇਤਰ ਜ਼ਿਲ੍ਹਾ ਰੋਪੜ, ਜ਼ਿਲ੍ਹਾ ਫ਼ਤਿਹਗੜ੍ਹ, ਜ਼ਿਲ੍ਹਾ ਪਟਿਆਲ਼ੇ ਦਾ ਪੂਰਬੀ ਭਾਗ, ਮਾਲੇਰਕੋਟਲਾ ਦਾ ਇਲਾਕਾ, ਨਾਲਾਗੜ੍ਹ ਦਾ ਪਿਛਲਾ ਪਾਸਾ, ਸਤਲੁਜ ਦਰਿਆ ਨਾਲ਼ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ-ਸਦਰ ਵਾਲ਼ਾ ਪਾਸਾ ਅਤੇ ਜੀਂਦ ਦੇ ਕੁਝ ਪਿੰਡ ਸ਼ਾਮਲ ਹਨ। ਜ਼ਿਲ੍ਹਾ ਲੁਧਿਆਣੇ ਵੱਲ ਵਹਿੰਦੇ ਸਤਲੁਜ ਦਰਿਆ ਤੋਂ ਲੈ ਕੇ ਧੁਰ ਘੱਗਰ ਦਰਿਆ ਤੱਕ ਪੁਆਧੀ ਉਪਭਾਸ਼ਾ ਦਾ ਵਿਸਤਾਰ ਹੈ।

ਪ੍ਰਸ਼ਨ 4. ਟਕਸਾਲੀ ਪੰਜਾਬੀ ਤੋਂ ਕੀ ਭਾਵ ਹੈ? ਸੰਖੇਪ ਨੋਟ ਲਿਖੋ।

ਉੱਤਰ: ਪੰਜਾਬੀ ਦਾ ਜਿਹੜਾ ਭਾਸ਼ਾ-ਰੂਪ ਆਮ ਕਰਕੇ ਲਿਖਣ ਵਿੱਚ ਆਉਂਦਾ ਹੈ ਅਤੇ ਜਿਸ ਨੂੰ ਭਾਰਤੀ ਪੰਜਾਬੀ ਵਿੱਚ ਸਿੱਖਿਆ, ਪਰੀਖਿਆ, ਉਚੇਰੀ-ਵਿੱਦਿਆ, ਸਾਹਿਤ, ਗਿਆਨ-ਵਿਗਿਆਨ, ਰਾਜ ਪ੍ਰਬੰਧ ਅਤੇ ਹੋਰ ਸਰਕਾਰੀ ਕਾਰ-ਵਿਹਾਰ ਦਾ ਮਾਧਿਅਮ ਸਵਿਕਾਰ ਕੀਤਾ ਗਿਆ ਹੈ, ਉਹ ਭਾਸ਼ਾ-ਰੂਪ ਹੈ—ਟਕਸਾਲੀ ਪੰਜਾਬੀ। ਇਸ ਨੂੰ ਕੇਂਦਰੀ ਪੰਜਾਬੀ ਤੇ ਸਾਹਿਤਿਕ ਪੰਜਾਬੀ ਵੀ ਕਿਹਾ ਜਾਂਦਾ ਹੈ। ਟਕਸਾਲੀ ਪੰਜਾਬੀ, ਸਾਰੀਆਂ ਉਪਭਾਸ਼ਾਵਾਂ ਦੇ ਕੇਂਦਰ ਵਿੱਚ ਖੜ੍ਹੀ ਹੈ ਅਤੇ ਇਹ ਸਾਰੀਆਂ ਉਪਭਾਸ਼ਾਵਾਂ ਨਾਲ਼ ਗੂੜ੍ਹਾ ਸੰਬੰਧ ਰੱਖਦੀ ਹੈ।

ਦੇਸ ਵੰਡ ਤੋਂ ਪਹਿਲਾਂ: ਟਕਸਾਲੀ ਪੰਜਾਬੀ ਦਾ ਆਧਾਰ ਭਾਵੇਂ ਮਾਝੀ ਉਪਭਾਸ਼ਾ ਰਿਹਾ ਹੈ ਪਰ ਹੁਣ ਇਹ ਸਾਰੀਆਂ ਹੋਰ ਪੰਜਾਬੀ ਉਪਭਾਸ਼ਾਵਾਂ ਦੀ ਵੀ ਪ੍ਰਤੀਨਿਧਤਾ ਕਰਦੀ ਹੈ ਕਿਉਂਕਿ ਇਹ ਟਕਸਾਲੀ ਪੰਜਾਬੀ ਸਾਰੀਆਂ ਵਿੱਚੋਂ ਇੱਕ ਮਿਆਰੀ ਤੇ ਮੁੱਖ ਭਾਸ਼ਾ ਵਜੋਂ ਉੱਭਰੀ ਹੈ। ਵੰਡ ਤੋਂ ਪਹਿਲਾਂ ਟਕਸਾਲੀ ਪੰਜਾਬੀ ਦੀ ਆਧਾਰ-ਉਪਭਾਸ਼ਾ ਭਾਵੇਂ ਮਾਝੀ ਬੋਲੀ ਸੀ, ਪਰ ਹੁਣ ਇਸ ਵਿੱਚ ਮਲਵਈ, ਦੁਆਬੀ ਤੇ ਪੁਆਧੀ ਦਾ ਵੀ ਅਸਰ ਆ ਜਾਂਦਾ ਹੈ। ਮਾਝੀ ਵਿੱਚ ‘ਉਸ ਕਿਹਾ, ਉਨ ਕਿਹਾ’ ਆਦਿ ਵਾਕ-ਜੁਗਤਾਂ ਹਨ ਪਰ ਮਲਵਈ ਦੇ ਅਸਰ ਹੇਠ ਟਕਸਾਲੀ ਵਿੱਚ ‘ਉਸ ਨੇ ਕਿਹਾ’, ‘ਉਹਨਾਂ ਨੇ ਕਿਹਾ’ ਵਾਕ-ਬਣਤਰਾਂ ਵੀ ਪ੍ਰਚਲਿਤ ਹਨ।

ਟਕਸਾਲੀ ਜਾਂ ਮਿਆਰੀ ਪੰਜਾਬੀ ਕਹਿਣ ਤੋਂ ਕਦੀ ਵੀ ਇਹ ਅਰਥ ਨਹੀਂ ਲੈਣਾ ਚਾਹੀਦਾ ਕਿ ਟਕਸਾਲੀ ਦੇ ਮੁਕਾਬਲੇ ਵਿੱਚ ਉਪਭਾਸ਼ਾਵਾਂ ਨੀਵੀਂਆਂ ਹੁੰਦੀਆਂ ਹਨ। ਇਹ ਭੁਲੇਖਾ ਹੈ ਕਿਉਂਕਿ ਉਪਭਾਸ਼ਾਵਾਂ ਦੇ ਸਹਿਯੋਗ ਨਾਲ਼ ਹੀ ਭਾਸ਼ਾ ਦਾ ਟਕਸਾਲੀ ਰੂਪ ਨਿੱਖਰਦਾ ਹੈ। ਬਾਬੂ ਰਾਮ ਸਕਸੇਨਾ ਨੇ ਵੀ ਦੱਸਿਆ ਹੈ ਕਿ ਭਾਸ਼ਾ ਤੇ ਉਪਭਾਸ਼ਾ ਦੋਵੇਂ ਮਨੁੱਖੀ ਬਾਣੀ ਦੇ ਚਿੰਨ੍ਹ ਹਨ, ਇੱਕ ਦਾ ਖੇਤਰ ਮੋਕਲਾ ਤੇ ਦੂਜੀ ਦਾ ਸੌੜਾ ਹੈ। ਇਸ ਲਈ ਉਪਭਾਸ਼ਾ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਕਿ ਟਕਸਾਲੀ ਭਾਸ਼ਾ।

ਪ੍ਰਸ਼ਨ 5. ਹੇਠ ਲਿਖੇ ਸ਼ਬਦਾਂ ਦਾ ਟਕਸਾਲੀ ਰੂਪ ਲਿਖੋ :

(ੳ) ਪੋਠੋਹਾਰੀ ਰੂਪ ਟਕਸਾਲੀ ਰੂਪ

ਸਰਘੀ ਵੇਲ਼ੇ ਸਵੇਰੇ

ਹਿੱਕ ਇੱਕ

ਬਹੂੰ ਬਹੁਤ

ਚੋਲ ਚੌਲ਼

ਗੱਛਸੀ ਜਾਵਾਂਗਾ

ਕੀਤੋਈ ਤੂੰ ਕੀਤਾ

ਤੁਸਾੜ੍ਹਾ ਤੁਹਾਡਾ

ਮਿੱਘੀ ਮੈਂਨੂੰ

ਤੈਂਡਾ ਤੈਂਨੂੰ

ਤੇਂਤਰੀ ਤੇਤੀ

(ਅ) ਮੁਲਤਾਨੀ ਰੂਪ ਟਕਸਾਲੀ ਰੂਪ

ਕਾਵਰ ਨਰਾਜ਼ਗ਼ੀ/ਗ਼ੁੱਸਾ

ਘਿਨਣੀ ਲੈਣੀ

ਅਲੇਦਾ ਬੋਲਦਾ

ਜ਼ਾਲ ਪਤਨੀ/ਤੀਵੀਂ

ਦੀਗਰ ਸ਼ਾਮ ਵੇਲ਼ਾ/ਤਕਾਲਾਂ

ਕੁਆਰ ਵਹੁਟੀ

ਹਕੱਲ ਅਵਾਜ਼ ਮਾਰਨਾ

ਹੁਨਾਲੇ ਗਰਮੀਆਂ ਵਿੱਚ

ਡਾਖਣੀ ਦੁਖੜਾ

ਬੰਨਾ ਲਾੜਾ

(ੲ) ਮਾਝੀ ਰੂਪ ਟਕਸਾਲੀ ਰੂਪ

ਗਾੜੀ ਅੱਗੇ

ਭਾਊ ਭਾਈ

ਬੁੱਢੀ ਘਰਵਾਲ਼ੀ/ਵਹੁਟੀ

ਝਾਈ ਮਾਂ

ਸਲੂਣਾ ਸਬਜ਼ੀ-ਭਾਜੀ

ਬਊਤਾ ਬਹੁਤਾ

ਆਪੂੰ ਆਪੇ

ਪੈਹਾ ਪੈਸਾ

ਗੁੱਧਾ ਗੁੰਨ੍ਹਿਆ

ਖੜਨਾ ਲੈ ਜਾਣਾ

(ਸ) ਮਲਵਈ ਰੂਪ ਟਕਸਾਲੀ ਰੂਪ

ਸਾਝਰੇ ਤੜਕੇ

ਛਈ ਦੇਣੇ ਛੇਤੀ ਨਾਲ਼

ਜਰਾਂਦ ਜੇਰਾ/ਧੀਰਜ

ਘਚਾਨੀ ਚਲਾਕੀ

ਜਮਾਂ ਈ ਉੱਕਾ ਈ

ਥੋਡਾ ਤੁਹਾਡਾ

ਜੰਨ ਜੰਝ,ਜੰਞ

ਬਾਈ ਵੱਡਾ ਭਾਈ

ਜਭਲੀ ਊਲ-ਜਲੂਲ

ਡੂਢ ਡੇਢ

(ਹ) ਦੁਆਬੀ ਰੂਪ ਟਕਸਾਲੀ ਰੂਪ

ਘੇ ਘਿਓ

ਪੱਛੋਂ ਪੱਛਮ

ਜਿੱਦਣ ਜਦੋਂ

ਲੱਝਣਾ ਲੱਭਣਾ

ਸੀਗਾ ਸੀ

ਜੰਮਣ ਜਾਗ (ਦਹੀਂ ਲਈ)

ਭਾਬੀ ਮਾਂ

ਪੱਛੀ ਪੀੜੇ ਕਮਾਦ ਦਾ ਸੁੱਕਾ ਫੋਕ

ਇਮੇਂ ਇਵੇਂ

ਧੰਮੋੜੀ ਭੂੰਡੀ

(ਕ) ਪੁਆਧੀ ਰੂਪ ਟਕਸਾਲੀ ਰੂਪ

ਬਿੱਚ ਮਾਂ ਵਿੱਚ

ਥਮੇਂ ਤੁਸੀਂ

ਇਬ ਹੁਣ

ਸਾਤੇ ਸਾਥੋਂ

ਸਾਨੇ ਅਸਾਂ ਨੇ

ਕਿੱਕਾ ਕਿਸ ਦਾ

ਬੂਜਾ ਬੱਚਾ

ਔੜ ਸੋਕਾ

ਗੈਂ ਗਾਂ

ਛੋਕਰੀ ਲੜਕੀ/ਕੁੜੀ

ਪ੍ਰਸ਼ਨ 6. ਹੇਠ ਲਿਖੇ ਸ਼ਬਦਾਂ ਦਾ ਉਪਭਾਸ਼ਾਈ ਰੂਪ ਲਿਖੋ:

(ੳ) ਟਕਸਾਲੀ ਸਬਦ ਪੋਠੋਹਾਰੀ (ਉਪਭਾਸ਼ਾਈ ਰੂਪ)

ਇਸ ਹਿੱਸ

ਇੱਥੇ ਹਿੱਥੇ

ਉਸ ਹੁੱਸ

ਪਿੰਡ ਗਰਾਂ

ਬੱਚਾ ਜਾਤਕ

ਕੌਲੀ ਕੋਲੀ

ਆਵਾਂਗਾ ਅੱਛਸੀ

ਸਾਡਾ ਸਾੜ੍ਹਾ

ਮੇਰਾ ਮੈਂਡਾ

ਮੱਝ ਨੂੰ ਗੁਤਾਵਾ ਮੱਝੀ ਕੀ ਗੁਤਾਵਾ

(ਅ) ਟਕਸਾਲੀ ਸ਼ਬਦ ਮੁਲਤਾਨੀ (ਉਪਭਾਸ਼ਾਈ ਰੂਪ)

ਦੇਵੇਗਾ ਡੇਸੀ

ਦੱਸਣਾ ਡਸਣਾ

ਬੁਰੇ ਕੁਵੰਨ

ਹੋਵੇਗੀ ਥੀਸੀ

ਦਿਹਾੜਾ ਡੀਂਹ

ਕਿੱਥੇ ਕਿਥਾਈਂ

ਕਮੀ ਤਰੋਟਾ

ਗੁਆਵੇ ਵੰਜਾਵੇ

ਸੇਰ ਦਾ ਚੌਥਾ ਹਿੱਸਾ ਪੜੋਪੀ

ਬੁਲਾਵੇ ਅਲਾਵੇ

(ੲ) ਟਕਸਾਲੀ ਸ਼ਬਦ ਮਾਝੀ (ਉਪਭਾਸ਼ਾਈ ਰੂਪ)

ਵੇਖਿਆ ਡਿੱਠਾ

ਰਿੰਨ੍ਹਿਆ ਰਿੱਧਾ

ਆਖਦਾ ਆਂਹਦਾ

ਨਿਓਂਦਰਾ ਨੇਂਦਰਾ

ਕੱਲ੍ਹ ਭਲ਼ਕੇ

ਉਸ ਨੇ ਓਨ

ਗਿਆਰਾਂ ਯਾਰਾਂ

ਆਰਾਮ ਰੁਮਾਨ

ਵਾੜਾ (ਪਸੂਆਂ ਦਾ) ਵ੍ਹੇਲੀ

ਲਾਗੇ ਨੇੜੇ

(ਸ) ਟਕਸਾਲੀ ਸ਼ਬਦ ਮਲਵਈ (ਉਪਭਾਸ਼ਾਈ ਰੂਪ)

ਸਵੇਰੇ ਸਦੇਂਹਾਂ

ਸ਼ਰਾਰਤ ਮਾਖੋਚੌੜ

ਚੁਗ਼ਲੀ ਭਾਨੀ

ਝਟਕਾ ਹੁਝਕਾ

ਮੱਝ ਮ੍ਹੈਸ

ਪੰਝੀ ਪੱਚੀ

ਤੁਹਾਡਾ ਥੋਡਾ

ਛੇ ਛੀ

ਪੁਰਾਣਾ ਬੋਦਾ

ਸੁਸਤੀ ਘੌਲ਼

(ਹ) ਟਕਸਾਲੀ ਸ਼ਬਦ ਦੁਆਬੀ (ਉਪਭਾਸ਼ਾਈ ਰੂਪ)

ਲਵੇਂਗਾ ਲਮੇਂਗਾ

ਮਝਲਾ ਗੱਭਲਾ

ਉਧਾਰ ਹੁਧਾਰ

ਭਿਓਂ ਕੇ ਭੈਂ ਕੇ

ਉਸ ਦਿਨ ਓਦਣ

ਭੋਰਾ-ਭਰ ਰੀਣ ਕੁ

ਪਿਓ ਪੇ

ਜਿਵੇਂ ਜਿੱਦਾਂ

ਦਰਮਿਆਨ ਗੱਭੇ

ਤੁਹਾਡਾ ਥੁਆਡਾ

(ਕ) ਟਕਸਾਲੀ ਸ਼ਬਦ ਪੁਆਧੀ (ਉਪਭਾਸ਼ਾਈ ਰੂਪ)

ਕਿਸ ਵਿੱਚ ਕਾਸ ਮਾਂ

ਤੁਸੀਂ ਥਮੇਂ

ਨਾਲ਼-ਨਾਲ਼ ਗੈਲ-ਗੈਲ

ਵੀਹ ਬੀਹ

ਐਤਕੀਂ ਇਬਕੇ

ਕਦੋਂ ਕੋਗਲ

ਕਿੰਨਵਾਂ ਕੈਮਾਂ

ਮੈਨੂੰ ਮ੍ਹਾਨੂੰ

ਤੁਹਾਡੇ ਥਾਰੇ

ਅਧਰਿੜਕਾ ਘਰੜ

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ ਜ਼ਿਲ੍ਹਾ (ਸ਼.ਭ.ਸ.ਨਗਰ) 9878583784

 

TAGGED:
Share This Article
Leave a Comment

Leave a Reply

Your email address will not be published. Required fields are marked *