ਲੰਦਨ ਅਤੇ ਲੰਦਨ ਦੇ ਲੋਕ (ਲਾਲ ਸਿੰਘ ਕਮਲਾ ਅਕਾਲੀ)
ਵਸਤੂਨਿਸ਼ਠ (ਸੰਖੇਪਾਤਮਿਕ) ਪ੍ਰਸ਼ਨ
ਪ੍ਰਸ਼ਨ 1. ਲੇਖਕ ਅਨੁਸਾਰ ਇੱਕ ਦੋ ਜਨਮਾਂ ਵਿੱਚ ਕਿਸ ਦਾ ਅੰਤ ਪਾਉਣਾ ਅਸੰਭਵ ਹੈ?
ਉੱਤਰ- ਲੰਦਨ ਦਾ।
ਪ੍ਰਸ਼ਨ 2. ਲੇਖਕ ਲੰਦਨ ਨੂੰ ਕਿਹੋ–ਜਿਹਾ ਲਿਫ਼ਾਫ਼ਾ ਆਖਦਾ ਹੈ?
ਉੱਤਰ- ਧੂੰਏਂਦਾਰ।
ਪ੍ਰਸ਼ਨ 3. ਲੇਖਕ ਨੂੰ ਕਿਹੜਾ ਫਲ਼ ਲੰਦਨ ਵਿੱਚ ਪੰਜਾਬ ਨਾਲ਼ੋਂ ਸਸਤਾ ਲੱਗਿਆ?
ਉੱਤਰ- ਸੇਬ।
ਪ੍ਰਸ਼ਨ 4. ਲੇਖਕ ਨੇ ਦੋ ਗਲਾਸ ਦੁੱਧ ਦੇ ਅਤੇ ਉਸ ਦੇ ਸਾਥੀ ਨੇ ਦੋ ਕੱਪ ਚਾਹ ਦੇ ਕਿੰਨੇ ਪੈਸੇ ਅਦਾ ਕੀਤੇ?
ਉੱਤਰ- ਲੇਖਕ ਨੇ ਚਾਰ ਪੈਨੀਆਂ ’ਤੇ ਉਸ ਦੇ ਸਾਥੀ ਨੇ ਛੇ ਪੈਨੀਆਂ ਅਦਾ ਕੀਤੀਆਂ।
ਪ੍ਰਸ਼ਨ 5. ਲੇਖਕ ਲੰਦਨ ਦੇ ਫੁੱਲਾਂ ਬਾਰੇ ਚਰਚਾ ਕਰਦਿਆਂ ਕਿਸ ਗੱਲ ਉੱਤੇ ਅਫ਼ਸੋਸ ਪ੍ਰਗਟ ਕਰਦਾ ਹੈ?
ਉੱਤਰ- ਇਹਨਾਂ ਫੁੱਲਾਂ ਦੇ ਸੁਗੰਧੀ-ਰਹਿਤ ਹੋਣ ਉੱਤੇ।
ਪ੍ਰਸ਼ਨ 6. ਲੇਖਕ ਨੇ ਅੰਗਰੇਜ਼ਾਂ ਦੇ ਕਿਹੜੇ ਗੁਣ ਨੂੰ ‘ਉਪਮਾ ਯੋਗ ਚਿੰਨ੍ਹ‘ ਕਿਹਾ ਹੈ?
ਉੱਤਰ-ਅੰਗਰੇਜ਼ਾਂ ਦਾ ਖੇਡਾਂ ਤਮਾਸ਼ਿਆਂ ਦੇ ਸ਼ੁਕੀਨ ਹੋਣਾ।
ਪ੍ਰਸ਼ਨ 7. ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ, ਉਹਨਾਂ ਨੂੰ ਕੀ ਸਜ਼ਾ ਮਿਲ਼ਦੀ ਹੈ?
ਉੱਤਰ- ਉਹਨਾਂ ਨੂੰ ਅਦਾਲਤ ਵੱਲ਼ੋਂ ਜੁਰਮਾਨਾ ਹੁੰਦਾ ਹੈ।
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. “ਜੋ ਮੌਜਾਂ ਬੁੱਲੇ ਲੰਦਨ ਵਿੱਚ ਹਨ, ਉਹ ਨਾ ਛੱਜੂ ਦੇ ਚੁਬਾਰੇ ਵਿੱਚ ਨਾ ਲਾਹੌਰ ਸ਼ਹਿਰ ਵਿੱਚ ਹਨ।” ਇਸ ਕਥਨ ਨਾਲ਼ ਲੇਖਕ ਕਿਹੜੀ ਗੱਲ ਉੱਤੇ ਬਲ ਦੇਣਾ ਚਾਹੁੰਦਾ ਹੈ?
ਉੱਤਰ-ਇਸ ਕਥਨ ਨਾਲ਼ ਲੇਖਕ ਇਸ ਗੱਲ ਉੱਤੇ ਬਲ ਦੇਣਾ ਚਾਹੁੰਦਾ ਹੈ ਕਿ ਲੰਦਨ ਸ਼ਹਿਰ ਵਿੱਚ ਮਨੁੱਖ ਨੂੰ ਜੋ ਖ਼ੁਸ਼ੀਆਂ, ਹਾਸੇ, ਤਮਾਸ਼ੇ, ਰੰਗ-ਰਲੀਆਂ ‘ਤੇ ਦਿਲਬਰੀਆਂ ਅਰਥਾਤ ਐਸ਼ ਦਾ ਸਮਾਨ ਮਿਲ਼ ਸਕਦਾ ਹੈ, ਉਹ ਹੋਰ ਕਿੱਧਰੇ ਵੀ ਨਹੀਂ ਮਿਲ਼ ਸਕਦਾ।
ਪ੍ਰਸ਼ਨ 2. ‘ਲੰਦਨ ਕੀ ਹੈ?’ ਸਿਰਲੇਖ ਹੇਠ ਲੇਖਕ ਨੇ ਲੰਦਨ ਬਾਰੇ ਕਿਹੜੇ ਪ੍ਰਭਾਵ ਪ੍ਰਗਟ ਕੀ’ਤੇ ਹਨ ?
ਉੱਤਰ-ਲੇਖਕ ਦੱਸਦਾ ਹੈ ਕਿ ਲੰਦਨ ਇੱਕ ਧੂੰਏਂਦਾਰ ਲਿਫ਼ਾਫ਼ਾ ਹੈ। ਧੂੰਏਂ ਦੀ ਧੁੰਦ ਸਾਫ਼ ਹੋਣ ’ਤੇ ਇੱਕ ਤਮਾਸ਼ਾ ਜਿਹਾ ਨਜ਼ਰ ਆਉਂਦਾ ਹੈ। ਸਾਫ਼, ਲੰਮੀ, ਤਿਲਕਦੀ ਸੜਕ ਦੇ ਕਿਨਾਰੇ-ਕਿਨਾਰੇ ਆਦਮੀ-ਤੀਵੀਆਂ ਅਤੇ ਵਿੱਚਕਾਰ ਭਿੰਨ-ਭਿੰਨ ਪ੍ਰਕਾਰ ਦੀਆਂ ਮੋਟਰਾਂ ’ਤੇ ਘੋੜਾ–ਗੱਡੀਆਂ ਬਿਨਾਂ ਰੌਲ਼ੇ ਤੋਂ ਵਿਓਂਤ ਨਾਲ਼ ਤੁਰਦੀਆਂ ਦਿਖਾਈ ਦਿੰਦੀਆਂ ਹਨ। ਸੜਕ ਦੇ ਵਿੱਚਕਾਰ ਖੜ੍ਹੇ ਸਿਪਾਹੀ ਦੇ ਇਸ਼ਾਰੇ ਨਾਲ਼ ਇੱਕ ਪਾਸੇ ਦੀ ਪਾਲ਼ ਰੁਕ ਜਾਂਦੀ ਹੈ ’ਤੇ ਦੂਜੇ ਪਾਸੇ ਦੀ ਚਲ ਪੈਂਦੀ ਹੈ। ਸੜਕ ਦੇ ਕਿਨਾਰਿਆਂ ਉੱਪਰ ਕੱਚੀਆਂ ਜਾਂ ਪੱਕੀਆਂ ਜੋੜੀਆਂ ਦੇ ਰੂਪ ਵਿੱਚ ਮਰਦ-ਇਸਤਰੀਆਂ ਤੁਰੇ ਜਾਂਦੇ ਹਨ। ਦਰਿਆ ਵਿੱਚ ਸਮੁੰਦਰੀ ਜਹਾਜ਼ ਪਰਾਏ ਦੇਸਾਂ ਦਾ ਮਾਲ ਲਿਆਉਂਦੇ ’ਤੇ ਚਲੇ ਜਾਂਦੇ ਹਨ। ਇਸ ਪ੍ਰਕਾਰ ਲੰਦਨ ਦਾ ਜੀਵਨ ਆਵਾਗੌਣ ਹੈ। ਸਵੇਰ ਹੋਣ ’ਤੇ ਰਾਤੀਂ ਨਾਚ ’ਤੇ ਸ਼ਰਾਬ ਦੇ ਥੱਕੇ ਲੋਕ ਅੱਖਾਂ ਮਲ਼ਦੇ ਉੱਠਦੇ ਹਨ ’ਤੇ ਪੇਟ-ਪੂਜਾ ਕਰ ਕੇ ਆਪੋ–ਆਪਣੇ ਕੰਮਾਂ ਉੱਤੇ ਜਾ ਹਾਜ਼ਰ ਹੁੰਦੇ ਹਨ।
ਪ੍ਰਸ਼ਨ 3. ‘ਮੌਜੀ ਲੰਦਨ ਦੇ ਕੰਮ ਨੂੰ ਮੀਂਹ, ਬੱਦਲ਼, ਧੁੰਦ, ਠੰਢ ’ਤੇ ਬਰਫ਼ ਆਦਿ ਕੁੱਝ ਨਹੀਂ ਕਰ ਸਕਦੇ” ਲੇਖਕ ਦੇ ਇਸ ਕਥਨ ਤੋਂ ਕੀ ਭਾਵ ਹੈ? ਉੱਤਰ- ਲੇਖਕ ਦੇ ਇਸ ਕਥਨ ਤੋਂ ਭਾਵ ਹੈ ਕਿ ਲੰਦਨ ਦੇ ਲੋਕ ਮੀਂਹ, ਬੱਦਲ਼, ਧੁੰਦ, ਠੰਢ ਜਾਂ ਬਰਫ਼ ਦੇਖ ਕੇ ਕੰਮ ਕਰਨ ਤੋਂ ਰੁਕ ਨਹੀਂ ਜਾਂਦੇ, ਸਗੋਂ ਉਹ ਮੌਸਮ ਦੀਆਂ ਇਹਨਾਂ ਸਥਿਤੀਆਂ ਸਾਮ੍ਹਣੇ ਆਪਣੇ–ਆਪ ਨੂੰ ਬੇਵੱਸ ਸਮਝਦੇ ਹੋਏ ਆਪਣੇ-ਆਪਣੇ ਕੰਮਾਂ ਵਿੱਚ ਜੁੱਟ ਜਾਂਦੇ ਹਨ।
ਪ੍ਰਸ਼ਨ 4. ਲੇਖਕ ਦੇ ਅਨੁਸਾਰ ਲੰਦਨ ਦੇ ਲੋਕਾਂ ਦਾ ਵਿਹਾਰ ਕਿਹੋ–ਜਿਹਾ ਹੈ?
ਉੱਤਰ- ਖਾਣਾ-ਪੀਣਾ ’ਤੇ ਖੁਸ਼ ਰਹਿਣਾ ਇਹਨਾਂ ਲੋਕਾਂ ਦਾ ਧਰਮ ਹੈ। ਸ਼ਕਲ ਨੂੰ ਸੁਆਰ ਕੇ ਰੱਖਣਾ, ਬਿਨਾਂ ਲੋੜ ਨਾ ਬੋਲਣਾ, ਕਿਸੇ ਨਾਲ਼ ਪੱਲਾ ਛੋਹ ਜਾਣਾ ’ਤੇ ਖਿਮਾ ਮੰਗਣਾ, ਚੀਜ਼ ਦਾ ਮੁੱਲ ਵਧਾ ਕੇ ਨਾ ਦੱਸਣਾ, ਕੋਲ਼ ਹੋਏ ਤਾਂ ਖ਼ਰਚ ਕਰ ਲੈਣਾ ਨਹੀਂ ਤਾਂ ਮੰਗ ਲੈਣਾ, ਬਿਨਾਂ ਲੋੜ ਝੂਠ ਨਾ ਬੋਲਣਾ, ਹੱਸਣ-ਖੇਡਣ, ਵਕਤ ਲੰਘਾਉਣ ਜਾਂ ਗੁਣ-ਗ੍ਰਹਿਣ ਕਰਨ ਲਈ ਦੋਸਤੀ ਗੰਢਣੀ ਇਹਨਾਂ ਦੇ ਨਿਯਮ ਹਨ। ਸਿਨੇਮਾ, ਥਿਏਟਰ, ਚਿੱਤਰਸ਼ਾਲਾਵਾਂ ’ਤੇ ਪੁਸਤਕਾਲ਼ੇ ਇਹਨਾਂ ਦੇ ਮੰਦਰ ਹਨ ਅਤੇ ਅਖ਼ਬਾਰ ਪੜ੍ਹਨਾ ਇਹਨਾਂ ਦਾ ਨਿੱਤਨੇਮ ਹੈ।
ਪ੍ਰਸਨ 5. ਲੇਖਕ ਨੇ ਲੰਦਨ ਅਤੇ ਭਾਰਤ ਦੇ ਅੰਮ੍ਰਿਤ ਵੇਲ਼ੇ ਦਾ ਟਾਕਰਾ ਕਿਵੇਂ ਕੀਤਾ ਹੈ?
ਉੱਤਰ-ਲੇਖਕ ਕਹਿੰਦਾ ਹੈ ਕਿ ਭਾਰਤ ਦੇ ਸ਼ਹਿਰਾਂ ’ਤੇ ਪਿੰਡਾਂ ਵਿੱਚ ਕੋਈ ਅਜਿਹੀ ਥਾਂ ਨਹੀਂ ਹੋਵੇਗੀ, ਜਿੱਥੇ ਥੋੜ੍ਹੇ-ਬਹੁਤੇ ਬੰਦੇ ਅਜਿਹੇ ਨਹੀਂ ਹੋਣਗੇ, ਜੋ ਸਵੇਰੇ ਉੱਠ ਕੇ ਇਸ਼ਨਾਨ ਕਰਨ ’ਤੇ ਪੂਜਾ–ਪਾਠ ਵਿੱਚ ਕੁਝ ਸਮਾਂ ਨਾ ਬਿਤਾਉਣ। ਹਿੰਦੁਸਤਾਨੀਆਂ ਦੀ ਰੋਜ਼ ਦੀ ਜ਼ਿੰਦਗੀ ਦਾ ਇਹ ਵਿਸ਼ੇਸ਼ ਚਿੰਨ੍ਹ ਹੈ ਕਿ ਛੋਟੇ ਪਿੰਡ ਵਿੱਚ ਵੀ ਦੋ-ਚਾਰ ਬੰਦੇ ਅਜਿਹੇ ਹੋਣਗੇ। ਜਿਹੜੇ ਸੂਰਜ ਚੜ੍ਹਨ ਤੋਂ ਪਹਿਲਾਂ ਨੀਂਦ ਦਾ ਤਿਆਗ ਕਰ ਕੇ ਹੱਥ-ਮੂੰਹ ਧੋ ਕੇ ਰੱਬ ਦੀ ਉਪਾਸਨਾ ਕਰਦੇ ਹਨ, ਪਰੰਤੂ ਲੰਦਨ ਵਿੱਚ ਇਹ ਗੱਲ ਉੱਕੀ ਨਹੀਂ। ਇੱਕ ਤਾਂ ਇਹਨਾਂ ਲੋਕਾਂ ਲਈ ਸਵੇਰੇ ਉੱਠਣਾ ਔਖਾ ਹੁੰਦਾ ਹੈ, ਕਿਉਂਕਿ ਉਹ ਰਾਤ ਨੂੰ ਦੇਰ ਨਾਲ਼ ਸੌਂਦੇ ਹਨ। ਦੂਸਰੇ ਅੰਮ੍ਰਿਤ ਵੇਲ਼ੇ ਦੇ ਇਸ਼ਨਾਨ ਦਾ ਉਹ ਆਤਮਿਕ ਅਰਥ ਇਹਨਾਂ ਨੂੰ ਪ੍ਰਤੀਤ ਨਹੀਂ ਹੋਇਆ, ਜਿਹੜਾ ਹਿੰਦੁਸਤਾਨੀਆਂ ਨੂੰ ਹੈ ‘ਤੇ ਨਾ ਹੀ ਇਹ ਲੋਕ ਇਸ ਸਮੇਂ ਨੂੰ ਨਾਮ ਜਪਣ ਜਾਂ ਧਿਆਨ ਲਾਉਣ ਲਈ ਜ਼ਰੂਰੀ ਸਮਝਦੇ ਹਨ। ਜਿਹੜੇ ਲੋਕ ਉੱਠਦੇ ਵੀ ਹਨ, ਉਹ ਕੇਵਲ ਕੰਮ–ਧੰਦਿਆਂ ਲਈ ਜਾਂ ਅਰੋਗਤਾ ਦੇ ਨੇਮਾਂ ਦੀ ਪਾਲਣਾ ਕਰਦੇ ਹੋਏ ਕਸਰਤ ਆਦਿ ਕਰਨ ਲਈ।
ਪ੍ਰਸ਼ਨ 6. ਲੇਖਕ ਨੇ ਲੰਦਨ-ਵਾਸੀਆਂ ਦੇ ਆਚਰਨ ਬਾਰੇ ਕੀ ਦੱਸਿਆ ਹੈ?
ਉੱਤਰ-ਲੰਦਨ-ਵਾਸੀਆਂ ਨੂੰ ਖੇਡਾਂ-ਤਮਾਸ਼ਿਆਂ ’ਤੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਦਾ ਬੁਹਤ ਸ਼ੌਕ ਹੈ। ਇਸ ਤੋਂ ਬਿਨਾਂ ਉਹ ਤਮਾਸ਼ੇ ਘਰਾਂ ਅੱਗੇ ਟਿਕਟਾਂ ਲੈਣ, ਬੱਸਾਂ ’ਤੇ ਗੱਡੀਆਂ ਆਦਿ ਵਿੱਚ ਚੜ੍ਹਨ ਸਮੇਂ ਕਤਾਰ ਬਣਾ ਕੇ ਆਪਣੀ ਵਾਰੀ ਦੀ ਉਡੀਕ ਵਿੱਚ ਖੜ੍ਹੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਹ ਹਰ ਰੋਜ਼ ਦੇ ਮੇਲ਼-ਜੋਲ਼ ਵਿੱਚ ਮਲੀਨ ਭਾਸ਼ਾ ਦੀ ਵਰਤੋਂ ਬਿਲਕੁਲ ਨਹੀਂ ਕਰਦੇ। ਉਹ ਲੋਕ ਗਾਲ਼ਾਂ ਕੱਢਣ ਰਾਹ-ਜਾਂਦਿਆਂ ਨੂੰ ਟਿਚਕਰਾਂ ਕਰਨ ਜਾਂ ਖੰਘੂਰੇ ਮਾਰਨ ਤੋਂ ਵੀ ਪਰਹੇਜ਼ ਕਰਦੇ ਹਨ।
ਪ੍ਰਸ਼ਨ 7. ਲੰਦਨ ਦੇ ਲੋਕ ਮਲੀਨ ਭਾਸ਼ਾ ਵਰਤਣ ਤੋਂ ਕਿਉਂ ਸੰਕੋਚ ਕਰਦੇ ਹਨ?
ਉੱਤਰ-ਲੰਦਨ ਦੇ ਲੋਕ ਮਲੀਨ ਭਾਸ਼ਾ ਵਰਤਣ ਤੋਂ ਇਸ ਕਰਕੇ ਸੰਕੋਚ ਕਰਦੇ ਹਨ ਕਿਉਂਕਿ ਉੱਥੇ ਤੀਵੀਆਂ ਆਦਮੀ ਰਲ਼-ਮਿਲ਼ ਕੇ ਰਹਿੰਦੇ ’ਤੇ ਗੱਲ-ਬਾਤ ਕਰਦੇ ਹਨ। ਆਦਮੀਆਂ ਨੂੰ ਇਸਤਰੀਆਂ ਦੀ ’ਤੇ ਇਸਤਰੀਆਂ ਨੂੰ ਆਦਮੀਆਂ ਦੀ ਸ਼ਰਮ ਰਹਿੰਦੀ ਹੈ ’ਤੇ ਇੱਕ–ਦੂਜੇ ਦੀ ਹਓਮੈਂ ਸਦਾ ਚੰਗੇ ਬਣੇ ਰਹਿਣ ’ਤੇ ਵਧੀਆ ਕੰਮ ਕਰਕੇ ਵਿਖਾਉਣ ਦਾ ਜਤਨ ਕਰਦੀ ਰਹਿੰਦੀ ਹੈ। ਇਸ ਸਥਿਤੀ ਵਿੱਚ ਉਹਨਾਂ ਦੇ ਮੂੰਹੋਂ ਮਲੀਨ ਭਾਸ਼ਾ ਨਿਕਲ਼ਦੀ ਹੀ ਨਹੀਂ।
ਪ੍ਰਸ਼ਨ 8. ਲੰਦਨ ਦੇ ਲੋਕਾਂ ਦਾ ਪੁੱਤਾਂ ਅਤੇ ਧੀਆਂ ਦੇ ਪਾਲਣ-ਪੋਸ਼ਣ ਵੱਲ ਕੀ ਰਵੱਈਆ ਹੈ?
ਉੱਤਰ-ਲੰਦਨ ਦੇ ਲੋਕ ਧੀਆਂ-ਪੁੱਤਾਂ ਨੂੰ ਬਰਾਬਰ ਸਮਝ ਕੇ ਉਹਨਾਂ ਦਾ ਪਾਲਣ-ਪੋਸਣ ਕਰਦੇ ਹਨ। ਉਹ ਧੀਆਂ ਦੇ ਜੰਮਣ ’ਤੇ ਸੋਗੀ ਨਹੀਂ ਹੁੰਦੇ, ਸਗੋਂ ਪੁੱਤਰ ਦੇ ਜਨਮ ਜਿੰਨੀ ਹੀ ਖ਼ੁਸ਼ੀ ਮਨਾਈ ਜਾਂਦੀ ਹੈ। ਉਹ ਉਹਨਾਂ ਨੂੰ ਸਕੂਲ ਭੇਜਦੇ ਹਨ ’ਤੇ ਉਹਨਾਂ ਦੀ ਪੜ੍ਹਾਈ ਉੱਪਰ ਭਾਰਤ ਦੇ ਕਿਸੇ ਚੰਗੇ ਅਮੀਰ ਜਿੰਨਾ ਖ਼ਰਚ ਕਰਦੇ ਹਨ। ਉਹ ਉਹਨਾਂ ਨੂੰ ਪੜ੍ਹਾਈ ਦੇ ਨਾਲ਼ ਹੀ ਖੇਡਾਂ ਦਾ ਸਮਾਨ, ਕੱਪੜੇ ’ਤੇ ਨੁਮਾਇਸ਼ ਜਾਂ ਅਜਾਇਬ ਘਰ ਜਾਣ, ਛੁੱਟੀਆਂ ਵਿੱਚ ਕਿਸੇ ਦੂਜੇ ਸ਼ਹਿਰ ਜਾਂ ਦੇਸ ਜਾਣ ਦਾ ਖ਼ਰਚ ਦਿੰਦੇ ਹਨ। ਉਹ ਬੱਚੇ-ਬੱਚੀਆਂ ਨੂੰ ਘਰਾਂ ਵਿੱਚ ਵੱਖ-ਵੱਖ ਕਮਰੇ, ਮੰਜੇ, ਪੀੜ੍ਹੀਆਂ, ਖਿਡੌਣੇ, ਦਰਾਜ, ਬਾਈਸਾਈਕਲ ’ਤੇ ਗੁੱਡੀਆਂ ਆਦਿ ਲੈ ਕੇ ਦਿੰਦੇ ਹਨ। ਰਾਤ ਨੂੰ ਸਭ ਬੱਚਿਆਂ ਨੂੰ ਸੌਣ ਦੇ ਕੱਪੜੇ ਪਾ ਕੇ ਸੁਲਾਇਆ ਜਾਂਦਾ ਹੈ। ਸਕੂਲਾਂ ਵਿੱਚ ਖੇਲ-ਕੁੱਦ, ਰਾਗ, ਨਾਚ ਆਦਿ ਤੋਂ ਬਿਨਾਂ ਇੱਕ ਯੂਰਪੀ ਭਾਸ਼ਾ ’ਤੇ ਦਸਤਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਪ੍ਰਸ਼ਨ: ‘ਲੰਦਨ ਅਤੇ ਲੰਦਨ ਦੇ ਲੋਕ‘ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ।
ਉੱਤਰ- ‘ਲੰਦਨ ਅਤੇ ਲੰਦਨ ਦੇ ਲੋਕ’ ਸਫ਼ਰਨਾਮਾ-ਅੰਸ਼ ਲਾਲ ਸਿੰਘ ਕਮਲਾ ਅਕਾਲ਼ੀ ਦੀ ਰਚਨਾ ਹੈ। ਇਸ ਵਿੱਚ ਲੇਖਕ ਨੇ ਲੰਦਨ ਦੀ ਵਿਸ਼ਾਲਤਾ ’ਤੇ ਲੰਦਨ ਦੇ ਲੋਕਾਂ ਦੇ ਰੁਝੇਵਿਆਂ, ਸਭਾ, ਰੁਚੀਆਂ ’ਤੇ ਦਿਲ–ਪ੍ਰਚਾਵਿਆਂ ਬਾਰੇ ਜਾਣਕਾਰੀ ਦਿੱਤੀ ਹੈ।
ਲੰਦਨ ਦੇ ਭੇਤ-ਲੰਦਨ ਦਾ ਅੰਤ ਇਸ ਸੰਬੰਧੀ ਲਿਖੀਆਂ ਪੁਸਤਕਾਂ ਪੜ੍ਹ ਕੇ ਜਾਂ ਕੁੱਝ ਸਮਾਂ ਇਸ ਵਿੱਚ ਘੁੰਮ-ਫਿਰ ਕੇ ਨਹੀਂ ਪਾਇਆ ਜਾ ਸਕਦਾ। ਲੇਖਕ ਨੇ ਅਨੁਭਵ ਕੀਤਾ ਹੈ ਕਿ ਲੰਦਨ ਦੁਨੀਆ ਦੇ ਤਖ਼ਤ ਉੱਤੇ ਗਿਣਤੀ ਦੀਆਂ ਥਾਂਵਾਂ ਵਿਚੋਂ ਹੈ, ਜਿੱਥੇ ਆਦਮੀ ਕਦੇ ਉਦਾਸ ਜਾਂ ਵਿਹਲਾ ਨਹੀਂ ਰਹਿ ਸਕਦਾ। ਇੱਥੋਂ ਦੀਆਂ ਮੌਜਾਂ, ਖ਼ੁਸ਼ੀਆਂ, ਹਾਸਿਆਂ, ਤਮਾਸ਼ਿਆਂ ’ਤੇ ਦਿਲਬਰੀਆਂ ਦਾ ਕੋਈ ਅੰਤ ਨਹੀਂ। ਇੱਥੇ ਮਨੁੱਖ ਨੂੰ ਦਿਲ ਦੀ ਉੱਚੀ ਤੋਂ ਉੱਚੀ ’ਤੇ ਨੀਵੀਂ ਤੋਂ ਨੀਵੀਂ ਖ਼ੁਰਾਕ ਮਿਲ਼ ਸਕਦੀ ਹੈ।
ਲੰਦਨ ਧੂੰਏਂ ਨਾਲ਼ ਭਰਿਆ ਹੋਇਆ ਸ਼ਹਿਰ ਹੈ। ਇਸ ਦੀਆ ਸਾਫ਼ ਲੰਮੀਆਂ ਸੜਕਾਂ ਉੱਤੇ ਕਿਨਾਰੇ-ਕਿਨਾਰੇ ਆਦਮੀ-ਤੀਵੀਆਂ ’ਤੇ ਵਿੱਚਕਾਰ ਭਿੰਨ-ਭਿੰਨ ਪ੍ਰਕਾਰ ਦੀਆਂ ਮੋਟਰਾਂ ’ਤੇ ਗੱਡੀਆਂ ਖਿੱਚਦੇ ਵੱਡੇ-ਵੱਡੇ ਘੋੜੇ ਬਿਨਾਂ ਹਾਰਨ ਵਜਾਏ ਵਿਓਂਤ ਨਾਲ਼ ਚੱਲਦੇ ਦਿਖਾਈ ਦਿੰਦੇ ਹਨ। ਸੜਕ ਦੇ ਵਿੱਚਕਾਰ ਖੜ੍ਹੇ ਪੁਲਿਸ ਦੇ ਸਿਪਾਹੀ ਦੇ ਇਸ਼ਾਰੇ ਨਾਲ਼ ਇੱਕ ਪਾਸੇ ਗੱਡੀਆਂ ਦੀ ਕਤਾਰ ਰੁਕ ਜਾਂਦੀ ਹੈ ’ਤੇ ਦੂਜੇ ਪਾਸੇ ਦੀ ਚੱਲ ਪੈਂਦੀ ਹੈ। ਸੜਕਾਂ ਦੇ ਕਿਨਾਰੇ ਕੱਚੀਆਂ-ਪੱਕੀਆਂ ਮਨੁੱਖਾਂ ਦੀਆਂ ਜੋੜੀਆਂ ਤੁਰੀਆਂ ਜਾਂਦੀਆਂ ਹਨ ’ਤੇ ਦਰਿਆ ਵਿੱਚ ਵੱਡੇ-ਵੱਡੇ ਜਹਾਜ਼ ਪਰਾਏ ਮਾਲ ਨਾਲ਼ ਲੱਦੇ ਹੋਏ ਆਉਂਦੇ ਹਨ। ਲੰਦਨ ਇੱਕ ਤਰ੍ਹਾਂ ਦਾ ਆਵਾਗੌਣ ਹੈ। ਸਵੇਰ ਹੁੰਦਿਆਂ ਲੋਕ ਨਾਚ ’ਤੇ ਸ਼ਰਾਬ ਨਾਲ਼ ਥੱਕੇ ਹੋਏ ਉੱਠਦੇ ’ਤੇ ਪੇਟ-ਪੂਜਾ ਕਰਕੇ ਆਪਣੇ ਕੰਮਾਂ ਉੱਤੇ ਜਾ ਹਾਜ਼ਰ ਹੁੰਦੇ ਹਨ। ਦੁਕਾਨਾਂ, ਬੈਂਕ, ਸਕੂਲ, ਕਾਲਜ ’ਤੇ ਹੋਟਲ ਮਸ਼ੀਨਾਂ ਵਾਂਗ ਖੁੱਲ੍ਹਦੇ ਹਨ ’ਤੇ ਮਸ਼ੀਨਾਂ ਵਰਗੇ ਮਰਦ-ਤੀਵੀਆਂ ਕੰਮੀ ਜੁੱਟ ਜਾਂਦੇ ਹਨ। ਜ਼ਮੀਨ ਦੇ ਉੱਪਰ ’ਤੇ ਅੰਦਰ ਦੀਆਂ ਸੁਰੰਗਾਂ ਰਾਹੀਂ ਲੱਖਾਂ ਤੀਵੀਆਂ–ਮਰਦ ਸ਼ਹਿਰ ਨੂੰ ਢੋਏ ਜਾਂਦੇ ਹਨ ’ਤੇ ਲੰਦਨ ਦਾ ਧੰਦਾ ਅਰੰਭ ਹੋ ਜਾਂਦਾ ਹੈ।
ਖਾਣਾ-ਪੀਣਾ ’ਤੇ ਖ਼ੁਸ਼ ਰਹਿਣਾ ਇੱਥੋਂ ਦੇ ਲੋਕਾਂ ਦਾ ਧਰਮ ਹੈ। ਸ਼ਕਲ ਨੂੰ ਸੁਆਰ ਕੇ ਰੱਖਣਾ, ਬਿਨਾਂ ਲੋੜ ਤੋਂ ਨਾ ਬੋਲਣਾ, ਕਿਸੇ ਨਾਲ਼ ਪੱਲਾ ਛੋਹ ਜਾਣਾ ’ਤੇ ਖ਼ਿਮਾ ਮੰਗਣੀ ’ਤੇ ਚੀਜ਼ ਦਾ ਮੁੱਲ ਵਧਾ ਕੇ ਨਾ ਦੱਸਣਾ, ਕੋਲ਼ ਹੋਵੇ ਤਾਂ ਖ਼ਰਚ ਲੈਣਾ ’ਤੇ ਨਾ ਹੋਣ ’ਤੇ ਮੰਗ ਲੈਣਾ, ਝੂਠ ਨਾ ਬੋਲਣਾ, ਮਿੱਤਰਤਾ ਗੰਢਣੀ, ਵਕਤ ਲੰਘਾਉਣ ਜਾਂ ਗੁਣ-ਗ੍ਰਹਿਣ ਕਰਨ ਲਈ ਹੱਸਣਾ-ਖੇਡਣਾ ਆਦਿ ਇਹਨਾਂ ਦੇ ਨਿਯਮ ਹਨ। ਸਿਨੇਮਾ, ਥਿਏਟਰ, ਚਿੱਤਰਸ਼ਾਲਾਵਾਂ ’ਤੇ ਪੁਸਤਕਾਲ਼ੇ ਇਹਨਾਂ ਦੇ ਮੰਦਰ ਹਨ ਅਤੇ ਨਿੱਤਨੇਮ ਅਖ਼ਬਾਰ।
ਇੱਥੇ ਸਬਜ਼ੀ, ਦੁੱਧ ’ਤੇ ਫਲ਼ ਆਦਿ ਸਸਤੇ ’ਤੇ ਵਧੀਆ ਮਿਲ਼ਦੇ ਹਨ। ਲੇਖਕ ਨੂੰ ਅੰਗੂਰ ਬਹੁਤ ਸਸਤੇ ਜਾਪੇ। ਬਦਾਨਾ ਪੰਜਾਬ ਦੇ ਭਾਅ ਹੀ ਵਿਕਦਾ ਸੀ। ਇਸੇ ਤਰ੍ਹਾਂ ਨਾਖਾਂ, ਕੇਲੇ, ਆਲੂ-ਬੁਖ਼ਾਰਾ ’ਤੇ ਜੰਗਲ਼ੀ ਬੇਰ ਵੀ ਮਹਿੰਗੇ ਨਹੀਂ ਸਨ। ਇਟਲੀ ’ਤੇ ਸਪੇਨ ਆਦਿ ਤੋਂ ਆਉਣ ਵਾਲ਼ੇ ਆੜੂ ’ਤੇ ਖ਼ਰਬੂਜ਼ੇ ਜ਼ਰਾ ਮਹਿੰਗੇ ਸਨ। ਠੰਢਾ ਮੁਲਕ ਹੋਣ ਕਰਕੇ ਇੱਥੇ ਫਲ਼ ਛੇਤੀ ਖ਼ਰਾਬ ਨਹੀਂ ਹੁੰਦੇ। ਸਬਜ਼ੀ ਲਈ ਗੋਭੀ, ਸ਼ਕਰਕੰਦੀ, ਅਰਬੀ ‘ਤੇ ਆਲੂ ਆਦਿ ਆਮ ਮਿਲ਼ਦੇ ਹਨ। ਲੇਖਕ ਨੂੰ ਉੱਥੇ ਦਾ ਦੁੱਧ ਬਹੁਤ ਸੁਆਦ ਲੱਗਾ, ਜੋ ਸਾਫ਼ ਬੋਤਲਾਂ ਵਿੱਚ ਬੰਦ ਡੇਰੀ ਵਾਲ਼ੇ ਆਪ ਬੂਹੇ ਅੱਗੇ ਛੱਡ ਜਾਂਦੇ ਸਨ। ਲੇਖਕ ਕਹਿੰਦਾ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਇਹੋ–ਜਿਹਾ ਖ਼ਾਲਸ ਦੁੱਧ ਨਹੀਂ ਮਿਲ਼ਦਾ। ਉੱਥੇ ਚਾਹ ਮਹਿੰਗੀ ਸੀ ਪਰ ਦੁੱਧ ਸਸਤਾ। ਲੰਦਨ ਵਿੱਚ ਬਹੁਤੀਆਂ ਚੀਜ਼ਾਂ ਮਹਿੰਗੀਆਂ ਮਿਲ਼ਦੀਆਂ ਹਨ। ਪਰ ਸਭ ਤੋਂ ਵੱਧ ਮਹਿੰਗੇ ਫੁੱਲ ਹਨ। ਇੱਥੇ ਫੁੱਲਾਂ ਦੀ ਮੰਗ ਬਹੁਤ ਹੈ। ਇੱਥੇ ਫੁੱਲਾਂ ਦੀਆਂ ਦੁਕਾਨਾਂ ਵੀ ਆਮ ਹਨ। ਬੇ-ਮੌਸਮੇ ਫੁੱਲ ਪੈਦਾ ਕਰਨਾ ਲਾਭਦਾਇੱਕ ਧੰਦਾ ਹੈ। ਦੋ-ਤਿੰਨ ਦੁਕਾਨਾਂ ਹਰ ਰੋਜ਼ ਹਵਾਈ ਜਹਾਜ਼ਾਂ ਰਾਹੀਂ ਫਰਾਂਸ ਤੋਂ ਤਾਜ਼ੇ ਫਲ਼ ਮੰਗਵਾ ਕੇ ਵੇਚਦੀਆਂ ਹਨ। ਇੱਥੇ ਰੋਟੀ ਖਾਣ ਦੀ ਮੇਜ਼ ਉੱਪਰ ਫੁੱਲਾਂ ਦਾ ਗੁਲਦਸਤਾ ਜ਼ਰੂਰ ਰੱਖਿਆ ਜਾਂਦਾ ਹੈ। ਖ਼ੁਸ਼ੀ ਦੇ ਮੌਕਿਆਂ ਉੱਤੇ ਸ਼ੁਭ–ਕਾਮਨਾਵਾਂ ਦੇਣ ਲਈ ’ਤੇ ਪ੍ਰੇਮ-ਭਾਵ ਪ੍ਰਗਟ ਕਰਨ ਲਈ ਫੁੱਲਾਂ ਦੇ ਗ਼ੁਲਦਸਤੇ ਭੇਜੇ ਜਾਂਦੇ ਹਨ।
ਲੰਦਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ। ਪੂਰਬੀ ਦੇਸਾਂ ਵਿੱਚ ਸਵੇਰ ਦੇ ਸਮੇਂ ਨੂੰ ਬੜਾ ਦੈਵੀ ਸਮਝ ਕੇ ਇਸ ਨੂੰ ਰੱਬ ਦੀ ਹਿੰਦੁਸਤਾਨ ਦੇ ਛੋਟੇ ਤੋਂ ਛੋਟੇ ਪਿੰਡ ਵਿੱਚ ਵੀ ਦੋ-ਚਾਰ ਬੰਦੇ ਅਜਿਹੇ ਮਿਲ਼ ਜਾਣਗੇ, ਜਿਹੜੇ ਸਵੇਰੇ ਉੱਠ ਕੇ ਇਸ਼ਨਾਨ ਕਰਦੇ ‘ਤੇ ਪਾਠ ਪੂਜਾ ਵਿੱਚ ਕੁਝ ਸਮਾਂ ਲਾਉਂਦੇ ਹਨ ਪਰ ਲੰਦਨ ਵਿੱਚ ਇਹ ਗੱਲ ਉੱਕੀ ਨਹੀਂ। ਇਸ ਦਾ ਕਾਰਨ ਇੱਕ ਤਾਂ ਇਹ ਹੈ ਕਿ ਇਹ ਲੋਕ ਰਾਤ ਨੂੰ ਬਹੁਤ ਦੇਰ ਨਾਲ਼ ਸੌਂਦੇ ਹਨ ’ਤੇ ਇਹਨਾਂ ਲਈ ਸਵੇਰੇ ਉੱਠਣਾ ਬਹੁਤ ਔਖਾ ਹੁੰਦਾ ਹੈ ਅਤੇ ਦੂਜਾ ਇਹ ਅੰਮ੍ਰਿਤ ਵੇਲ਼ੇ ਦੇ ਇਸ਼ਨਾਨ ਜਾਂ ਪਾਠ ਪੂਜਾ ਦੀ ਕੋਈ ਮਹਾਨਤਾ ਅਨੁਭਵ ਨਹੀਂ ਕਰਦੇ। ਲੰਦਨ ਵਿੱਚ ਸਵੇਰੇ ਉੱਠਣ ਵਾਲ਼ੇ ਲੋਕ ਕੇਵਲ ਉਹ ਹਨ, ਜੋ ਅਰੋਗਤਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਪਰ ਉਹ ਵੀ ਸੂਰਜ ਨਿਕਲ਼ਨ ਤੋਂ ਪਹਿਲਾਂ ਉੱਕਾ ਨਹੀਂ ਉੱਠਦੇ। ਹਿੰਦੁਸਤਾਨ ਵਿੱਚ ਅੰਮ੍ਰਿਤ ਵੇਲੇ ਖੂਹਾਂ, ਮੰਦਰਾਂ ‘ਤੇ ਮਸੀਤਾਂ ਵਿੱਚ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਲੰਦਨ ਵਿੱਚ ਸੂਰਜ ਚੜ੍ਹਨ ਤੋਂ ਅੱਧਾ ਘੰਟਾ ਪਿੱਛੋਂ ਤਕ ਵੀ ਸ਼ਮਸ਼ਾਨ ਭੂਮੀ ਵਰਗੀ ਚੁੱਪ ਹੁੰਦੀ ਹੈ ਪਰ ਪਲੋ-ਪਲੀ ਚਾਰੇ ਪਾਸੇ ਹਿਲ-ਜੁਲ ਦਿਖਾਈ ਦੇਣ ਲੱਗਦੀ ਹੈ।
ਲੰਦਨ ਵਿੱਚ ਸਵੇਰ ਦੇ ਦੋ-ਤਿੰਨ ਘੰਟੇ ਬੜੀ ਆਵਾਜਾਈ ’ਤੇ ਰੁਝੇਵੇਂ ਨਾਲ਼ ਭਰਪੂਰ ਹੁੰਦੇ ਹਨ। ਹਰ ਕੋਈ ਕਾਹਲ਼ੀ-ਕਾਹਲ਼ੀ ਕੰਮ ’ਤੇ ਪਹੁੰਚਣ ਲਈ ਚੱਲ ਪੈਂਦਾ ਹੈ, ਕਿਸੇ ਵਿਰਲੇ ਨੂੰ ਹੀ ਇਸ਼ਨਾਨ ਕਰ ਕੇ ’ਤੇ ਅਰਾਮ ਨਾਲ਼ ਰੋਟੀ ਖਾ ਕੇ ਕੰਮ ’ਤੇ ਜਾਣਾ ਨਸੀਬ ਹੁੰਦਾ ਹੈ। ਪੱਛਮੀ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਕੇਵਲ ਦੋ ਹੀ ਗੱਲਾਂ ਹਨ, ਕੰਮ ਜਾਂ ਵਿਹਲ। ਉਹ ਭਾਰਤੀ ਲੋਕਾਂ ਵਾਂਗ ਆਪਣਾ ਸਮਾਂ ਗੱਪਾਂ, ਹੌਲ਼ੀ-ਹੌਲ਼ੀ ਤੁਰਨ ਜਾਂ ਹੱਥ ਵਿੱਚ ਕੰਮ ਲੈ ਕੇ ਧਿਆਨ ਰਾਹ ਜਾਂਦਿਆਂ ਵੱਲ ਲਾਈ ਰੱਖਣ ਵਿੱਚ ਨਹੀਂ ਗੁਜ਼ਾਰਦੇ। ਇੱਥੋਂ ਦੀਆਂ ਤੀਵੀਆਂ ਵੀ ਕੰਮ ਕਰਦੀਆਂ ਹਨ ’ਤੇ ਜਿਹੜੀਆਂ ਘਰਾਂ ਵਿੱਚ ਰਹਿ ਜਾਂਦੀਆਂ ਹਨ, ਉਹ ਘਰ ਦੀ ਸਫ਼ਾਈ ਆਦਿ ਦਾ ਕੰਮ ਬਹੁਤ ਮਿਹਨਤ ਨਾਲ਼ ਕਰਦੀਆਂ ਹਨ।
ਜਿਸ ਤਰ੍ਹਾਂ ਲੰਦਨ ਦੀ ਸਵੇਰ ਕੰਮਾਂ ਧੰਦਿਆਂ ਲਈ ਹੈ, ਉਸੇ ਪ੍ਰਕਾਰ ਹੀ ਸ਼ਾਮ ਕੰਮਾਂ ਤੋਂ ਵਿਹਲੇ ਹੋ ਕੇ ਅਨੰਦ ਲੁੱਟਣ ਲਈ। ਸ਼ਾਮ ਨੂੰ ਕੋਈ ਫੁਟਬਾਲ ਦਾ ਮੈਚ ਦੇਖਦਾ ਹੈ, ਕੋਈ ਘੋੜ-ਦੌੜ ਜਾਂ ਕੁੱਤਿਆਂ ਦੀ ਦੌੜ, ਕੋਈ ਸਰਕਸ ’ਤੇ ਕੋਈ ਥਿਏਟਰ। ਕਦੀ-ਕਦੀ ਤਮਾਸ਼ਿਆਂ ਦੇ ਬਾਹਰ ਦੋ-ਦੋ, ਤਿੰਨ-ਤਿੰਨ ਘੰਟੇ ਪਹਿਲਾਂ ਹੀ ਲੋਕ ਕਤਾਰ ਬਣਾ ਕੇ ਖੜ੍ਹੇ ਹੋ ਜਾਂਦੇ ਹਨ। ਤਮਾਸ਼ਿਆਂ ਦੀਆਂ ਥਾਂਵਾਂ ਉੱਤੇ ਅੱਧੀ ਰਾਤ ਤੱਕ ਜਾਂ ਇਸ ਤੋਂ ਮਗਰੋਂ ਤੱਕ ਰੌਣਕ ਰਹਿੰਦੀ ਹੈ। ਅੰਗਰੇਜ਼ ਲੋਕ ਖੇਡਾਂ–ਤਮਾਸ਼ਿਆਂ ਦੇ ਸ਼ੁਕੀਨ ਹਨ। ਮੈਚ ਦੇਖਣ ਲਈ ਹਰ ਗ਼ਰੀਬ ਤੋਂ ਗ਼ਰੀਬ ਅੰਗਰੇਜ਼ ਪਹੁੰਚਦਾ ਹੈ। ਇਸੇ ਕਾਰਨ ਉਹਨਾਂ ਵਿੱਚ ਸਰੀਰ ਨੂੰ ਤਕੜਾ ਰੱਖਣ ਦੀ ਰੁਚੀ ਬਹੁਤ ਹੈ। ਕਈ ਵਾਰ ਕੱਲ੍ਹ ਨੂੰ ਹੋਣ ਵਾਲ਼ੇ ਫੁਟਬਾਲ ਮੈਚ ਦੀਆਂ ਟਿਕਟਾਂ ਲੈਣ ਵਾਲ਼ੇ ਅੱਜ ਰਾਤ ਨੂੰ ਫਾਟਕ ਅੱਗੇ ਇੱਕਠੇ ਹੋਣ ਲੱਗ ਪੈਂਦੇ ਹਨ ਤਾਂ ਜੋ ਵਾਰੀ ਅਨੁਸਾਰ ਪਹਿਲਾਂ ਜਾ ਕੇ ਚੰਗੀ ਥਾਂ ਮੱਲ ਸਕਣ। ਇਸ ਪ੍ਰਕਾਰ ਅੰਗਰੇਜ਼ ਚੰਗੇ ਸਪੋਰਟ ਹਨ ’ਤੇ ਹਰ ਇੱਕ ਅੰਗਰੇਜ਼ ਸਪੋਰਟ ਬਣਨਾ ਚਾਹੁੰਦਾ ਹੈ।
ਅੰਗਰੇਜ਼ਾਂ ਦੇ ਆਚਾਰ ਵਿੱਚ ਦੋ ਹੋਰ ਗੱਲਾਂ ਵੀ ਡੂੰਘੀ ਤਰ੍ਹਾਂ ਧੱਸੀਆਂ ਹੋਈਆਂ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਸ੍ਵੈ-ਸ਼ਾਸਨ ਦੀ ਰੁਚੀ ਦਾ ਪਤਾ ਲੱਗਦਾ ਹੈ। ਇੱਕ ਤਾਂ ਸ਼ਾਮ ਨੂੰ ਲੰਦਨ ਦੇ ਤਮਾਸ਼ੇ-ਘਰਾਂ ਅੱਗੇ ਭੀੜ ਦੀ ਬਜਾਏ ਇੱਕ ਲੰਮੀ ਪਾਲ਼ ਹੁੰਦੀ ਹੈ, ਜਿਸ ਨੂੰ ਕਿਉ (ਪੂਛ) ਕਿਹਾ ਜਾਂਦਾ ਹੈ। ਇੱਥੇ ਭੀੜ ਦਾ ਪ੍ਰਬੰਧ ਕਰਨ ਲਈ ਕੋਈ ਪੁਲਿਸ ਵਾਲ਼ਾ ਨਹੀਂ ਹੁੰਦਾ, ਸਗੋਂ ਜਿਹੜਾ ਆਉਂਦਾ ਹੈ, ਲੰਮੀ ਲਾਈਨ ਦੇ ਪਿੱਛੇ ਖੜ੍ਹਾ ਹੋ ਜਾਂਦਾ ਹੈ, ਕੋਈ ਮੋਹਰੇ ਹੋ ਕੇ ਟਿਕਟ ਲੈਣ ਦਾ ਜਤਨ ਨਹੀਂ ਕਰਦਾ, ਸਗੋਂ ਆਪਣੀ ਵਾਰੀ ’ਤੇ ਲੈਂਦਾ ਹੈ। ਇਹ ਨਿਯਮ ਸਟੇਸ਼ਨਾਂ, ਜਲਸਿਆਂ ’ਤੇ ਬੱਸੇ ਚੜ੍ਹਦਿਆਂ ਹਰ ਥਾਂ ’ਤੇ ਅਪਣਾਇਆ ਜਾਂਦਾ ਹੈ।
ਦੂਜੀ ਵੱਡੀ ਗੱਲ, ਜੋ ਇਹਨਾਂ ਵਿੱਚ ਦੇਖਣ ਨੂੰ ਮਿਲ਼ਦੀ ਹੈ, ਉਹ ਇਹ ਹੈ ਕਿ ਇਹ ਲੋਕ ਆਪਣੇ ਹਰ ਰੋਜ਼ ਦੇ ਮੇਲ਼-ਜੋਲ਼ ਵਿੱਚ ਮਲੀਨ ਭਾਸ਼ਾ ਦੀ ਬਹੁਤ ਘੱਟ ਵਰਤੋਂ ਕਰਦੇ ਹਨ। ਸਾਡੇ ਦੇਸ ਵਿੱਚ ਦੁਕਾਨਾਂ ’ਤੇ ਹੋਟਲਾਂ ਵਿੱਚ ਬੈਠੇ ਜਾਂ ਤੁਰੇ ਜਾਂਦੇ ਲੋਕ ਕਈ ਵਾਰ ਅਜਿਹੇ ਗੰਦੇ ਸ਼ਬਦ ਉਚਾਰਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਘਰ ਦੀਆਂ ਇਸਤਰੀਆਂ ਸਾਮ੍ਹਣੇ ਕਦੇ ਵੀ ਨਾ ਬੋਲਣ। ਇਹਨਾਂ ਦਾ ਆਪਣੀ ਜ਼ਬਾਨ ਨੂੰ ਵਰਜ ਕੇ ਰੱਖਣ ਦਾ ਕਾਰਨ ਇੱਥੋਂ ਦੇ ਆਦਮੀਆਂ ‘ਤੇ ਤੀਵੀਆਂ ਵਿੱਚ ਰਲ਼ੇ–ਮਿਲ਼ੇ ਹੋਣਾ। ਹੈ। ਕੋਈ ਥਾਂ ਅਜਿਹੀ ਨਹੀਂ, ਜਿੱਥੇ ਆਦਮੀ-ਤੀਵੀਆਂ ਇਕੱਠੇ ਗੱਲ-ਬਾਤ ਨਹੀਂ ਕਰਦੇ ਜਿਸ ਕਰਕੇ ਦੋਵੇਂ ਧਿਰਾਂ ਇੱਕ-ਦੂਜੇ ਦੇ ਸਾਮ੍ਹਣੇ ਚੰਗਾ ਬਣਨ ਦੇ ਯਤਨ ਵਿੱਚ ਰਹਿੰਦੀਆਂ ਹਨ।
ਲੰਦਨ ਵਿੱਚ ਕੁੜੀ ਬਣ ਕੇ ਜਨਮ ਧਾਰਨਾ ਖ਼ੁਸ਼ਕਿਸਮਤੀ ਦੀ ਗੱਲ ਹੈ। ਘਰ ਵਿੱਚ ਕੁੜੀ ਦੇ ਜਨਮ ਉੱਤੇ ਮੁੰਡੇ ਜਿੰਨੀ ਹੀ ਖ਼ੁਸ਼ੀ ਹੁੰਦੀ ਹੈ ’ਤੇ ਉਹਨਾਂ ਦੀ ਪਾਲਣਾ ਵੀ ਮੁੰਡਿਆਂ ਵਾਂਗ ਹੀ ਕੀਤੀ ਜਾਂਦੀ ਹੈ। ਇੰਗਲੈਂਡ ਦੇ ਕਨੂੰਨ ਅਨੁਸਾਰ ਮਾਪਿਆਂ ਨੂੰ ਬੱਚਿਆਂ ਦੇ ਸਕੂਲ ਜਾਣ ਦੀ ਉਮਰ ਦੇ ਹੋਣ ’ਤੇ ਨੇੜੇ ਦੇ ਸਰਕਾਰੀ ਸਕੂਲ ਵਿੱਚ ਭੇਜਿਆ ਜਾਂਦਾ ਹੈ, ਨਹੀਂ ਤਾਂ ਉਹਨਾਂ ਵਿਰੁੱਧ ਅਦਾਲਤੀ ਕਾਰਵਾਈ ਹੁੰਦੀ ਹੈ। ਕੁੜੀਆਂ ਨੂੰ ਵਿੱਦਿਆ ਮੁੰਡਿਆਂ ਵਾਂਗ ਹੀ ਦਿੱਤੀ ਜਾਂਦੀ ਹੈ। ਆਮ ਅੰਗਰੇਜ਼ ਮਾਂ-ਬਾਪ ਬੱਚਿਆਂ ਦੀ ਪੜ੍ਹਾਈ ਉੱਪਰ ਭਾਰਤ ਦੇ ਕਿਸੇ ਤਕੜੇ ਅਮੀਰ ਜਿੰਨਾ ਖ਼ਰਚ ਕਰਦੇ ਹਨ। ਇੱਥੇ ਪੜ੍ਹਾਈ ਦਾ ਅਰਥ ਕੇਵਲ ਇਮਤਿਹਾਨ ਪਾਸ ਕਰਨਾ ਨਹੀਂ, ਸਗੋਂ ਸਕੂਲ ਜਾਂਦੀ ਕੁੜੀ ਨੂੰ ਸੀਓਂਣ–ਪ੍ਰੋਣ ਦਾ ਸਮਾਨ, ਖੇਡਾਂ ਦਾ ਸਮਾਨ, ਖੇਡਣ ਦੇ ਕੱਪੜੇ ’ਤੇ ਬੂਟ, ਡਾਕਟਰ ਦੀ ਰਾਇ ਅਨੁਸਾਰ ਐਨਕ ‘ਤੇ ਨੇੜੇ-ਤੇੜੇ ਦੀ ਨੁੰਮਾਇਸ਼ ਜਾਂ ਅਜਾਇਬ ਘਰ ਜਾਣ ਦਾ ਖ਼ਰਚਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਛੁੱਟੀਆਂ ਵਿੱਚ ਕਿਸੇ ਦੂਜੇ ਸ਼ਹਿਰ ਜਾਂ ਮੁਲਕ ਜਾਣ ’ਤੇ ਰਾਗ ਆਦਿ ਸਿੱਖਣ ਦਾ ਖ਼ਰਚਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਯੂਰਪ ਦੇ ਲੋਕ ਬੱਚਿਆਂ ਨੂੰ ਮੁੱਢ ਤੋਂ ਹੀ ਟੱਬਰ ਦਾ ਪੂਰਾ ਅਧਿਕਾਰੀ ਜੀਵ ਸਮਝ ਕੇ ਉਸ ਦੀ ਪਾਲਣਾ ਕਰਦੇ ਹਨ। ਬੱਚੇ-ਬੱਚੀਆਂ ਲਈ ਘਰਾਂ ਵਿੱਚ ਵੱਖਰੇ ਕਮਰੇ ਮੰਜੇ, ਪੀੜ੍ਹੀਆਂ, ਖਿਡੌਣੇ, ਦਰਾਜ, ਬਾਈਸਾਈਕਲ ’ਤੇ ਗੁੱਡੀਆਂ ਆਦਿ ਹੁੰਦੇ ਹਨ।
ਤਿਆਰ ਕਰਤਾ:
ਅਜੈ ਕੁਮਾਰ ਖਟਕੜ, ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ ਸ਼.ਭ.ਸ. ਨਗਰ 9878583784