ਵਿਸਰਾਮ-ਚਿੰਨ੍ਹ
ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ, ਸਪਸ਼ਟ ਅਤੇ ਠੀਕ ਢੰਗ ਨਾਲ਼ ਲਿਖਣ ਲਈ ਵਿਸਰਾਮ-ਚਿੰਨ੍ਹ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਇਹਨਾਂ ਦੀ ਥਾਂ ਬਦਲ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਆ ਜਾਂਦੀ ਹੈ।
ਉਦਾਹਰਨ :
ਰੋਕੋ ਨਾ, ਜਾਣ ਦਿਉ – ਜਾਣ ਦੇਣ ਦਾ ਭਾਵ ਹੈ।
ਰੋਕੋ, ਨਾ ਜਾਣ ਦਿਉ – ਰੋਕਣ ਦਾ ਭਾਵ ਹੈ।
- ਡੰਡੀ (।) ਇਹ ਪੂਰਨ ਵਿਸਰਾਮ ਦਾ ਚਿੰਨ੍ਹ ਹੈ। ਇਹ ਸਧਾਰਨ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਹੈ, ਜਿਵੇਂ:- ਹਰਜੀਤ ਸਕੂਲ ਜਾ ਰਿਹਾ ਹੈ।
- ਕਾਮਾ (,) ਕਾਮੇ ਦੀ ਵਰਤੋਂ ਵਾਕ ਵਿੱਚ ਥੋੜ੍ਹਾ ਜਿਹਾ ਠਹਿਰਾਅ ਪੈਦਾ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ: ਅਮਿਤ, ਰਾਮ ਅਤੇ ਸ਼ਾਮ ਖੇਡਣ ਗਏ ।
- ਪ੍ਰਸ਼ਨ-ਚਿੰਨ੍ਹ (?) ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ-ਚਿੰਨ੍ਹ ਲਾਇਆ ਜਾਂਦਾ ਹੈ, ਜਿਵੇਂ: – ਤੇਰਾ ਨਾਂ ਕੀ ਹੈ?
- ਬਿੰਦੀ-ਕਾਮਾ (;) ਇਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ। ਇੱਕੋ ਵਾਕ ਵਿੱਚ ਜਦੋਂ ਕਾਮਾ (,) ਨਾਲ਼ੋਂ ਵੱਧ ਅਤੇ ਡੰਡੀ (।) ਨਾਲ਼ੋਂ ਘੱਟ ਵਿਸਰਾਮ ਦੇਣਾ ਹੋਵੇ ਤਾਂ ਬਿੰਦੀ-ਕਾਮੇ (;) ਦੀ ਵਰਤੋਂ ਹੁੰਦੀ ਹੈ, ਜਿਵੇਂ: – ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ; ਤਾਂ ਹੀ ਤੁਸੀਂ ਪਾਸ ਹੋ ਸਕੋਗੇ ।
- ਦੁਬਿੰਦੀ (:) ਜਦੋਂ ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਲਈ ਦੁਬਿੰਦੀ ਦੀ ਵਰਤੋਂ ਹੁੰਦੀ ਹੈ, ਜਿਵੇਂ: – ਮੇਰੀ ਮਨਪਸੰਦ ਖੇਡ ਹੈ: ਹਾਕੀ, ਕਬੱਡੀ ਅਤੇ ਕ੍ਰਿਕੇਟ ।
- ਵਿਸਮਕ-ਚਿੰਨ੍ਹ (!) ਇਹ ਚਿੰਨ੍ਹ ਉਹਨਾਂ ਵਾਕਾਂ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ, ਜਿਹੜੇ ਮਨ ਦੇ ਕਿਸੇ ਭਾਵ ਖ਼ੁਸ਼ੀ, ਗ਼ਮੀ ਜਾਂ ਹੈਰਾਨੀ ਆਦਿ ਪ੍ਰਗਟ ਕਰਦੇ ਹੋਣ, ਜਿਵੇਂ: – ਵਾਹ! ਕਿੰਨਾ ਸੋਹਣਾ ਫੁੱਲ ਹੈ !
- ਪੁੱਠੇ ਕਾਮੇ (“ ”) ਜਦੋਂ ਕਿਸੇ ਦੇ ਕਹੇ ਹੋਏ ਜਾਂ ਲਿਖੇ ਹੋਏ ਸ਼ਬਦਾਂ ਨੂੰ ਉਸੇ ਤਰ੍ਹਾਂ ਉਸੇ ਕਾਲ ਵਿੱਚ ਲਿਖਣਾ ਹੋਵੇ ਤਾਂ ਉਹਨਾਂ ਨੂੰ ਦੋ ਪੁੱਠੇ ਕਾਮੇ ਅਤੇ ਦੋ ਸਿੱਧੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ, ਜਿਵੇਂ:- ਪ੍ਰੀਤ ਨੇ ਅਧਿਆਪਕ ਨੂੰ ਕਿਹਾ, “ਮੈਨੂੰ ਅੱਜ ਛੁੱਟੀ ਚਾਹੀਦੀ ਹੈ।”
- ਬ੍ਰੈਕਟ ( ) ਕਿਸੇ ਵਾਕ ਜਾਂ ਸ਼ਬਦ ਦੇ ਅਰਥ ਹੋਰ ਸਪਸ਼ਟ ਕਰਨ ਲਈ ਬ੍ਰੈਕਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ:- ਸਿਆਣਪ (ਅਕਲ) ਤੋਂ ਕੰਮ ਲਉ।
- ਬਿੰਦੀ (.) ਇਸ ਦੀ ਵਰਤੋਂ ਸੰਖੇਪ ਵਿੱਚ ਲਿਖੀਆਂ ਡਿਗਰੀਆਂ ਪਿੱਛੇ ਹੁੰਦੀ ਹੈ, ਜਿਵੇਂ: – ਬੀ.ਏ., ਐੱਮ.ਏ. ਆਦਿ। ਅੱਜ-ਕੱਲ੍ਹ ਸਾਰੇ ਅੱਖਰ ਨਾ ਲਿਖੇ ਜਾਣ ‘ਤੇ ਬਿੰਦੀ ਦੀ ਵਰਤੋਂ ਕੀਤੀ ਜਾਣ ਲੱਗੀ ਹੈ, ਜਿਵੇ:- ਸ.ਮਿ.ਸ. (ਸਰਕਾਰੀ ਮਿਡਲ ਸਕੂਲ)।
- ਛੁੱਟ-ਮਰੋੜੀ (‘) ਬੋਲ-ਚਾਲ ਦੀ ਭਾਸ਼ਾ ਨੂੰ ਲਿਖਣ ਵੇਲ਼ੇ ਕੋਈ ਅੱਖਰ ਛੱਡਿਆ ਜਾਵੇ ਤਾਂ ਛੁੱਟ-ਮਰੋੜੀ ਪਾਈ ਜਾਂਦੀ ਹੈ, ਜਿਵੇਂ: – ਚਿੜੀ ਕੋਠੇ ’ਤੇ ਬੈਠੀ ਹੈ।
- ਡੈਸ਼ (-) ਇਹ ਚਿੰਨ੍ਹ ਕਿਸੇ ਗੱਲ ਨੂੰ ਸਪਸ਼ਟ ਕਰਨ ਲਈ ਵਾਧੂ ਗੱਲ ਕਹਿਣ ਲਈ ਵਰਤਿਆ ਜਾਂਦਾ ਹੈ, ਜਿਵੇਂ: – ਫੁੱਲ-ਜੋ ਬੀਜਿਆ ਜਾਵੇ-ਬਹੁਤ ਵਧੀਆਂ ਹੁੰਦਾ ਹੈ।
- ਦੁਬਿੰਦੀ-ਡੈਸ਼ (:- ) ਕਿਸੇ ਸ਼ਬਦ, ਵਾਕ ਦੀ ਵਿਆਖਿਆ ਜਾਂ ਉਦਾਹਰਨ ਦੇਣ ਤੋਂ ਪਹਿਲਾਂ ਇਸ ਚਿੰਨ੍ਹ ਦੀ ਵਰਤੋਂ ਕੁਤੀ ਜਾਂਦੀ ਹੈ, ਜਿਵੇ:-
- ਜੋੜਨੀ (-) ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ। ਹਮ-ਉਮਰ, ਚਾਹ-ਪਾਣੀ।
ਤਿਆਰ ਕਰਤਾ
ਗੁਰਪ੍ਰੀਤ ਸਿੰਘ ਰੂਪਰਾ
(ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com